ਜਿਵੇਂ ਮਾਂ ਪੁੱਤਰ ਨੂੰ ਜਨਮ ਦੇ ਕੇ (ਉਸ ਨੂੰ) ਆਪਣੀ ਨਜ਼ਰ ਹੇਠ ਰੱਖਦੀ ਹੈ ਤੇ ਪਾਲਦੀ ਹੈ।
(ਘਰ ਵਿਚ) ਅੰਦਰ ਬਾਹਰ (ਕੰਮ ਕਰਦੀ ਹੋਈ ਭੀ) ਖਿਨ ਖਿਨ ਪਿਆਰ ਕਰ ਕੇ (ਉਸ ਪੁੱਤਰ ਦੇ) ਮੂੰਹ ਵਿਚ ਗਿਰਾਹੀ ਦੇਂਦੀ ਰਹਿੰਦੀ ਹੈ।
ਇਸੇ ਤਰ੍ਹਾਂ ਗੁਰੂ ਸਤਿਗੁਰੂ ਸਿੱਖਾਂ ਨੂੰ ਪਰਮਾਤਮਾ ਦੀ ਪ੍ਰੀਤਿ (ਦੀ ਆਤਮਕ ਖ਼ੁਰਾਕ) ਦੇ ਕੇ ਪਿਆਰ ਨਾਲ ਸੰਭਾਲਦਾ ਹੈ ॥੧॥
ਹੇ ਮੇਰੇ ਰਾਮ! ਹੇ ਹਰੀ! ਹੇ ਪ੍ਰਭੂ! ਅਸੀਂ ਤੇਰੇ ਅੰਞਾਣ ਬੱਚੇ ਹਾਂ।
ਸ਼ਾਬਾਸ਼ੇ ਉਪਦੇਸ਼-ਦਾਤੇ ਗੁਰੂ ਸਤਿਗੁਰੂ ਨੂੰ, ਜਿਸ ਨੇ ਹਰਿ-ਨਾਮ ਦਾ ਉਪਦੇਸ਼ ਦੇ ਕੇ ਸਾਨੂੰ ਸਿਆਣੇ ਬਣਾ ਦਿੱਤਾ ਹੈ ॥੧॥ ਰਹਾਉ ॥
ਜਿਵੇਂ ਚਿੱਟੇ ਖੰਭਾਂ ਵਾਲੀ (ਕੂੰਜ) ਆਸਮਾਨ ਵਿਚ ਉੱਡਦੀ ਫਿਰਦੀ ਹੈ,
ਪਰ ਉਹ ਪਿੱਛੇ (ਰਹੇ ਹੋਏ ਆਪਣੇ) ਨਿੱਕੇ ਨਿੱਕੇ ਬੱਚਿਆਂ ਵਿਚ ਆਪਣਾ ਚਿੱਤ ਰੱਖਦੀ ਹੈ, ਸਦਾ ਉਹਨਾਂ ਨੂੰ ਆਪਣੇ ਹਿਰਦੇ ਵਿਚ ਸਾਂਭਦੀ ਹੈ ਸੰਭਾਲਦੀ ਹੈ।
ਇਸੇ ਤਰ੍ਹਾਂ ਗੁਰੂ ਤੇ ਸਿੱਖ ਦੀ ਪ੍ਰੀਤਿ ਹੈ, ਗੁਰੂ ਆਪਣੇ ਸਿੱਖਾਂ ਨੂੰ ਹਰੀ ਦੀ ਪ੍ਰੀਤਿ ਦੇ ਕੇ ਉਹਨਾਂ ਨੂੰ ਆਪਣੀ ਜਿੰਦ ਦੇ ਨਾਲ ਰੱਖਦਾ ਹੈ ॥੨॥
ਜਿਵੇਂ ਤੀਹਾਂ ਬੱਤੀਆਂ (ਦੰਦਾਂ) ਦੀ ਕੈਂਚੀ ਹੈ (ਉਸ ਕੈਂਚੀ) ਵਿਚ (ਪਰਮਾਤਮਾ) ਮਾਸ ਤੇ ਲਹੂ ਦੀ ਬਣੀ ਹੋਈ ਜੀਭ ਨੂੰ (ਬਚਾ ਕੇ) ਰੱਖਦਾ ਹੈ।
ਕੋਈ ਮਨੁੱਖ ਪਿਆ ਸਮਝੇ ਕਿ (ਬਚ ਕੇ ਰਹਿਣਾ ਜਾਂ ਬਚਾ ਕੇ ਰੱਖਣਾ) ਮਾਸ ਦੀ ਜੀਭ ਦੇ ਹੱਥ ਵਿਚ ਹੈ ਜਾਂ (ਦੰਦਾਂ ਦੀ) ਕੈਂਚੀ ਦੇ ਵੱਸ ਵਿਚ ਹੈ, ਇਹ ਤਾਂ ਪਰਮਾਤਮਾ ਦੇ ਵੱਸ ਵਿਚ ਹੀ ਹੈ।
ਇਸੇ ਤਰ੍ਹਾਂ ਲੋਕ ਤਾਂ ਸੰਤ ਜਨਾਂ ਦੀ ਨਿੰਦਾ ਕਰਦੇ ਹਨ, ਪਰ ਪਰਮਾਤਮਾ ਆਪਣੇ ਸੇਵਕਾਂ ਦੀ ਲਾਜ (ਹੀ) ਰੱਖਦਾ ਹੈ ॥੩॥
(ਹੇ ਭਾਈ!) ਮਤਾਂ ਕੋਈ ਸਮਝੋ ਕਿ ਕਿਸੇ ਮਨੁੱਖ ਦੇ ਕੁਝ ਵੱਸ ਵਿਚ ਹੈ। ਇਹ ਤਾਂ ਸਭ ਕੁਝ ਪਰਮਾਤਮਾ ਆਪ ਹੀ ਕਰਦਾ ਹੈ ਆਪ ਹੀ ਕਰਾਂਦਾ ਹੈ।
ਬੁਢੇਪਾ, ਮੌਤ, ਸਿਰ-ਪੀੜ, ਤਾਪ ਆਦਿਕ ਹਰੇਕ (ਦੁਖ-ਕਲੇਸ਼) ਪਰਮਾਤਮਾ ਦੇ ਵੱਸ ਵਿਚ ਹੈ। ਪਰਮਾਤਮਾ ਦੇ ਲਾਣ ਤੋਂ ਬਿਨਾ ਕੋਈ ਰੋਗ (ਕਿਸੇ ਜੀਵ ਨੂੰ) ਲੱਗ ਨਹੀਂ ਸਕਦਾ।
ਹੇ ਦਾਸ ਨਾਨਕ! ਜੇਹੜਾ ਹਰਿ-ਨਾਮ ਅਖ਼ੀਰਲੇ ਸਮੇ (ਜਮ ਆਦਿਕਾਂ ਤੋਂ) ਛੁਡਾ ਲੈਂਦਾ ਹੈ ਉਸ ਨੂੰ ਆਪਣੇ ਮਨ ਵਿਚ ਚਿੱਤ ਵਿਚ ਸਦਾ ਸਿਮਰਦੇ ਰਹੋ ॥੪॥੭॥੧੩॥੫੧॥
ਜਿਸ ਦੇ ਮਿਲਿਆਂ ਮਨ ਵਿਚ ਆਨੰਦ ਪੈਦਾ ਹੋ ਜਾਏ, ਉਸ ਨੂੰ ਹੀ ਗੁਰੂ ਕਿਹਾ ਜਾ ਸਕਦਾ ਹੈ।
(ਜਿਸ ਦੇ ਮਿਲਾਪ ਨਾਲ) ਮਨ ਦੀ ਡਾਵਾਂ ਡੋਲ ਹਾਲਤ ਮੁੱਕ ਜਾਏ, ਪਰਮਾਤਮਾ ਦੇ ਮਿਲਾਪ ਦੀ ਸਭ ਤੋਂ ਉੱਚੀ ਆਤਮਕ ਅਵਸਥਾ ਪੈਦਾ ਹੋ ਜਾਏ, ਉਹੋ ਹੀ ਗੁਰੂ ਹੈ ॥੧॥
(ਹੇ ਭਾਈ! ਦੱਸ) ਮੇਰਾ ਪਿਆਰਾ ਗੁਰੂ (ਮੈਨੂੰ) ਕਿਸ ਤਰੀਕੇ ਨਾਲ ਮਿਲ ਸਕਦਾ ਹੈ?
(ਜੇਹੜਾ ਮਨੁੱਖ ਮੈਨੂੰ ਇਹ ਦੱਸੇ ਕਿ) ਮੇਰਾ ਗੁਰੂ ਮੈਨੂੰ ਕਿਵੇਂ ਮਿਲ ਸਕਦਾ ਹੈ (ਉਸ ਦੇ ਅੱਗੇ) ਮੈਂ ਹਰ ਖਿਨ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
ਪਰਮਾਤਮਾ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਮੇਰਾ ਪੂਰਾ ਗੁਰੂ ਮਿਲਾ ਦਿੱਤਾ,
ਗੁਰੂ ਦੇ ਚਰਨਾਂ ਦੀ ਧੂੜ ਹਾਸਲ ਕਰ ਕੇ ਉਸ ਮਨੁੱਖ ਦੀ (ਹਰੇਕ ਕਿਸਮ ਦੀ) ਇੱਛਾ ਪੂਰੀ ਹੋ ਜਾਂਦੀ ਹੈ ॥੨॥
(ਹੇ ਭਾਈ!) ਉਸ ਗੁਰੂ ਨੂੰ ਮਿਲਣਾ ਚਾਹੀਦਾ ਹੈ ਜੇਹੜਾ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਪੱਕੀ ਬਿਠਾ ਦੇਂਦਾ ਹੈ (ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ (ਸ਼ੌਕ ਨਾਲ) ਸੁਣਦਾ ਹੈ,
(ਜਿਸ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਨਾਮ-ਧਨ ਦੀ ਖੱਟੀ ਸਦਾ ਖੱਟਦਾ ਹੈ (ਤੇ ਇਸ ਖੱਟੀ ਵਿਚ) ਕਦੇ ਘਾਟਾ ਨਹੀਂ ਪੈਂਦਾ ॥੩॥
ਹੇ ਨਾਨਕ! ਜਿਸ ਗੁਰੂ ਨੂੰ (ਧੁਰੋਂ ਪ੍ਰਭੂ ਵਲੋਂ) ਹਿਰਦੇ ਦਾ ਖਿੜਾਉ ਮਿਲਿਆ ਹੋਇਆ ਹੈ (ਜਿਸ ਦੇ ਅੰਦਰ) ਪਰਮਾਤਮਾ ਤੋਂ ਬਿਨਾ ਕੋਈ ਹੋਰ ਮੋਹ ਨਹੀਂ,
ਉਸ ਗੁਰੂ ਨੂੰ ਮਿਲ ਕੇ ਮਨੁੱਖ (ਵਿਕਾਰਾਂ ਤੋਂ) ਬਚ ਨਿਕਲਦਾ ਹੈ (ਉਸ ਗੁਰੂ ਨੂੰ ਮਿਲ ਕੇ ਮਨੁੱਖ) ਪਰਮਾਤਮਾ ਦੇ ਗੁਣ ਗਾਂਦੇ ਹਨ ॥੪॥੮॥੧੪॥੫੨॥
ਦਇਆਲ ਹਰਿ-ਪ੍ਰਭੂ ਨੇ ਮੇਰੇ ਉਤੇ ਮਿਹਰ ਕੀਤੀ ਤੇ ਉਸ ਮੇਰੇ ਮਨ ਵਿਚ ਤਨ ਵਿਚ ਮੇਰੇ ਮੂੰਹ ਵਿਚ ਆਪਣੀ ਸਿਫ਼ਤ-ਸਾਲਾਹ ਦੀ ਬਾਣੀ ਰੱਖ ਦਿੱਤੀ।
ਮੇਰੇ ਹਿਰਦੇ ਦੀ ਚੋਲੀ (ਭਾਵ, ਮੇਰਾ ਹਿਰਦਾ) ਪ੍ਰਭੂ-ਨਾਮ ਦੇ ਰੰਗ ਵਿਚ ਭਿੱਜ ਗਈ, ਗੁਰੂ ਦੀ ਸਰਨ ਪੈ ਕੇ ਉਹ ਰੰਗ ਬਹੁਤ ਗੂੜ੍ਹਾ ਹੋ ਗਿਆ ॥੧॥
ਮੈਂ ਆਪਣੇ ਹਰੀ ਦੀ ਪ੍ਰਭੂ ਦੀ ਦਾਸੀ (ਬਣ ਗਈ) ਹਾਂ।
ਜਦੋਂ ਮੇਰਾ ਮਨ ਪਰਮਾਤਮਾ (ਦੀ ਯਾਦ ਦੇ) ਨਾਲ ਗਿੱਝ ਗਿਆ, ਪਰਮਾਤਮਾ ਨੇ ਸਾਰੇ ਜਗਤ ਨੂੰ ਮੇਰਾ ਬੇ-ਮੁੱਲਾ ਦਾਸ ਬਣਾ ਦਿੱਤਾ ॥੧॥ ਰਹਾਉ ॥
ਹੇ ਸੰਤ ਜਨ ਭਰਾਵੋ! ਤੁਸੀ ਆਪਣੇ ਹਿਰਦੇ ਵਿਚ ਖੋਜ-ਭਾਲ ਕਰ ਕੇ ਵੇਖ ਕੇ ਵਿਚਾਰ ਕਰੋ (ਤੁਹਾਨੂੰ ਇਹ ਗੱਲ ਪਰਤੱਖ ਦਿੱਸ ਪਏਗੀ.
ਕਿ ਇਹ ਸਾਰਾ ਜਗਤ) ਪਰਮਾਤਮਾ ਦਾ ਹੀ ਰੂਪ ਹੈ, ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਦੀ ਹੀ ਜੋਤਿ ਵੱਸ ਰਹੀ ਹੈ। ਪਰਮਾਤਮਾ ਹਰੇਕ ਜੀਵ ਦੇ ਨੇੜੇ ਵੱਸਦਾ ਹੈ ਕੋਲ ਵੱਸਦਾ ਹੈ ॥੨॥