ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 440


ਪਿਰੁ ਸੰਗਿ ਕਾਮਣਿ ਜਾਣਿਆ ਗੁਰਿ ਮੇਲਿ ਮਿਲਾਈ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਗੁਰੂ ਨੇ ਪ੍ਰਭੂ ਚਰਨਾਂ ਵਿਚ ਜੋੜ ਦਿੱਤਾ ਉਸ ਨੇ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਵੱਸਦਾ ਪਛਾਣ ਲਿਆ,

ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥

ਉਹ ਅੰਤਰ-ਆਤਮੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਇਕ-ਮਿਕ ਹੋ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ (ਆਪਣੇ ਅੰਦਰੋਂ ਵਿਕਾਰਾਂ ਵਾਲੀ) ਤਪਸ਼ ਬੁਝਾ ਲਈ।

ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥

(ਹੇ ਸਖੀ! ਜਿਸ ਜੀਵ-ਇਸਤ੍ਰੀ ਨੇ) ਗੁਰ-ਸ਼ਬਦ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਵਿਕਾਰਾਂ ਵਾਲੀ ਤਪਸ਼ ਬੁਝਾ ਲਈ, ਉਸ ਦੇ ਅੰਦਰ ਠੰਡ ਪੈ ਗਈ, ਆਤਮਕ ਅਡੋਲਤਾ ਵਿਚ ਟਿਕ ਕੇ ਉਸ ਨੇ ਹਰਿ-ਨਾਮ ਦਾ ਸੁਆਦ ਚੱਖ ਲਿਆ।

ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥

ਆਪਣੇ ਪ੍ਰਭੂ ਪ੍ਰੀਤਮ ਨੂੰ ਮਿਲ ਕੇ ਉਹ ਸਦਾ ਪ੍ਰੇਮ-ਰੰਗ ਮਾਣਦੀ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਵਿਚ ਜੁੜ ਕੇ ਉਸ ਦੀ ਬੋਲੀ ਮਿੱਠੀ ਹੋ ਜਾਂਦੀ ਹੈ।

ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥

(ਹੇ ਸਖੀ!) ਪੰਡਿਤ (ਧਾਰਮਿਕ ਪੁਸਤਕ) ਪੜ੍ਹ ਪੜ੍ਹ ਕੇ, ਮੋਨ-ਧਾਰੀ (ਸਮਾਧੀਆਂ ਲਾ ਲਾ ਕੇ) (ਜੋਗੀ ਜੰਗਮ ਆਦਿਕ ਸਾਧੂ) ਭੇਖ ਧਾਰ ਧਾਰ ਕੇ ਥੱਕ ਗਏ (ਇਹਨਾਂ ਤਰੀਕਿਆਂ ਨਾਲ ਕਿਸੇ ਨੇ ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਨਾਹ ਕੀਤੀ।

ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥੩॥

ਹੇ ਨਾਨਕ! ਪਰਮਾਤਮਾ ਦੀ ਭਗਤੀ ਤੋਂ ਬਿਨਾ ਜਗਤ (ਮਾਇਆ ਦੇ ਮੋਹ ਵਿਚ) ਝੱਲਾ ਹੋਇਆ ਫਿਰਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਬਰਕਤਿ ਨਾਲ ਪ੍ਰਭੂ-ਚਰਨਾਂ ਵਿਚ ਮਿਲਾਪ ਹਾਸਲ ਕਰ ਲੈਂਦਾ ਹੈ ॥੩॥

ਸਾ ਧਨ ਮਨਿ ਅਨਦੁ ਭਇਆ ਹਰਿ ਜੀਉ ਮੇਲਿ ਪਿਆਰੇ ਰਾਮ ॥

(ਹੇ ਸਖੀ!) ਜਿਸ ਜੀਵ-ਇਸਤ੍ਰੀ ਨੂੰ ਪਿਆਰੇ ਹਰਿ-ਪ੍ਰਭੂ ਨੇ ਆਪਣੇ ਚਰਨਾਂ ਵਿਚ ਜੋੜ ਲਿਆ ਉਸ ਦੇ ਮਨ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ,

ਸਾ ਧਨ ਹਰਿ ਕੈ ਰਸਿ ਰਸੀ ਗੁਰ ਕੈ ਸਬਦਿ ਅਪਾਰੇ ਰਾਮ ॥

ਉਹ ਜੀਵ-ਇਸਤ੍ਰੀ ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਪਰਮਾਤਮਾ ਦੇ ਪ੍ਰੇਮ-ਰਸ ਵਿਚ ਭਿੱਜੀ ਰਹਿੰਦੀ ਹੈ।

ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥

ਅਪਾਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਦੀ ਬਰਕਤਿ ਨਾਲ ਉਹ ਜੀਵ-ਇਸਤ੍ਰੀ ਪਿਆਰੇ ਪ੍ਰਭੂ ਨੂੰ ਮਿਲ ਪੈਂਦੀ ਹੈ, ਸਦਾ ਉਸ ਦੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਦੀ ਹੈ,

ਸੇਜ ਸੁਹਾਵੀ ਜਾ ਪਿਰਿ ਰਾਵੀ ਮਿਲਿ ਪ੍ਰੀਤਮ ਅਵਗਣ ਨਸੇ ॥

ਪ੍ਰਭੂ ਦੇ ਗੁਣ ਉਸ ਦੇ ਮਨ ਵਿਚ ਟਿਕੇ ਰਹਿੰਦੇ ਹਨ, ਜਦੋਂ ਪ੍ਰਭੂ-ਪਤੀ ਨੇ ਉਸ ਨੂੰ ਆਪਣੇ ਚਰਨਾਂ ਵਿਚ ਜੋੜ ਲਿਆ ਉਸ (ਦੇ ਹਿਰਦੇ) ਦੀ ਸੇਜ ਸੋਹਣੀ ਬਣ ਗਈ। ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਸ ਦੇ ਅੰਦਰੋਂ ਸਾਰੇ ਔਗੁਣ ਦੂਰ ਹੋ ਗਏ।

ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥

(ਹੇ ਸਖੀ!) ਜਿਸ (ਹਿਰਦੇ-) ਘਰ ਵਿਚ ਪਰਮਾਤਮਾ ਦਾ ਨਾਮ ਸਦਾ ਸਿਮਰਿਆ ਜਾਂਦਾ ਹੈ ਉਥੇ ਸਦਾ ਹੀ (ਮਾਨੋ) ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ।

ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥੪॥੧॥੬॥

ਹੇ ਨਾਨਕ! ਜੇਹੜੇ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪ੍ਰਭੂ-ਚਰਨਾਂ ਵਿਚ ਮਿਲ ਕੇ ਉਹ ਆਪਣੇ ਸਾਰੇ ਕੰਮ ਸੰਵਾਰ ਲੈਂਦੇ ਹਨ ॥੪॥੧॥੬॥

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਸਾ ਮਹਲਾ ੩ ਛੰਤ ਘਰੁ ੩ ॥

ਰਾਗ ਆਸਾ, ਘਰ ੩ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਛੰਤ'।

ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥

ਹੇ ਮੇਰੇ (ਸਤਸੰਗੀ) ਸੱਜਣੋ ਪਿਆਰਿਓ! ਤੁਸੀ ਪ੍ਰਭੂ-ਪਤੀ ਦੀ ਭਗਤੀ ਸਦਾ ਕਰਦੇ ਰਿਹਾ ਕਰੋ,

ਗੁਰੁ ਸੇਵਹੁ ਸਦਾ ਆਪਣਾ ਨਾਮੁ ਪਦਾਰਥੁ ਲੇਹੋ ॥

ਸਦਾ ਆਪਣੇ ਗੁਰੂ ਦੀ ਸਰਨ ਪਏ ਰਹੋ (ਤੇ ਗੁਰੂ ਪਾਸੋਂ) ਸਭ ਤੋਂ ਕੀਮਤੀ ਚੀਜ਼ ਹਰਿ-ਨਾਮ ਹਾਸਲ ਕਰੋ।

ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥

(ਹੇ ਸੱਜਣੋ!) ਤੁਸੀ ਪ੍ਰਭੂ-ਪਤੀ ਦੀ ਹੀ ਭਗਤੀ ਕਰਦੇ ਰਹੋ, ਇਹ ਭਗਤੀ ਪਿਆਰੇ ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ।

ਆਪਣਾ ਭਾਣਾ ਤੁਮ ਕਰਹੁ ਤਾ ਫਿਰਿ ਸਹ ਖੁਸੀ ਨ ਆਵਏ ॥

ਜੇ (ਇਸ ਜੀਵਨ-ਸਫ਼ਰ ਵਿਚ) ਤੁਸੀ ਆਪਣੀ ਹੀ ਮਰਜ਼ੀ ਕਰਦੇ ਰਹੋਗੇ ਤਾਂ ਪ੍ਰਭੂ-ਪਤੀ ਦੀ ਪ੍ਰਸੰਨਤਾ ਤੁਹਾਨੂੰ ਨਹੀਂ ਮਿਲੇਗੀ।

ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥

(ਪਰ, ਹੇ ਪਿਆਰਿਓ!) ਭਗਤੀ ਦਾ ਤੇ ਪ੍ਰੇਮ ਦਾ ਇਹ ਰਸਤਾ ਬਹੁਤ ਔਕੜਾਂ-ਭਰਿਆ ਹੈ, ਕੋਈ ਵਿਰਲਾ ਮਨੁੱਖ ਇਹ ਰਸਤਾ ਲੱਭਦਾ ਹੈ ਜੋ ਗੁਰੂ ਦੇ ਦਰ ਤੇ ਆ ਡਿੱਗਦਾ ਹੈ।

ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥੧॥

ਨਾਨਕ ਆਖਦਾ ਹੈ-ਜਿਸ ਮਨੁੱਖ ਉਤੇ ਪ੍ਰਭੂ (ਆਪ) ਕਿਰਪਾ ਕਰਦਾ ਹੈ ਉਹ ਮਨੁੱਖ ਆਪਣਾ ਮਨ ਪ੍ਰਭੂ ਦੀ ਭਗਤੀ ਵਿਚ ਜੋੜਦਾ ਹੈ ॥੧॥

ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥

ਹੇ ਵੈਰਾਗ ਵਿਚ ਆਏ ਹੋਏ ਮੇਰੇ ਮਨ! ਤੂੰ ਵੈਰਾਗ ਕਰ ਕੇ ਕਿਸ ਨੂੰ ਵਿਖਾਂਦਾ ਹੈਂ? (ਇਸ ਉਪਰੋਂ ਉਪਰੋਂ ਵਿਖਾਏ ਹੋਏ ਵੈਰਾਗ ਨਾਲ ਤੇਰੇ ਅੰਦਰ ਆਤਮਕ ਆਨੰਦ ਨਹੀਂ ਬਣ ਸਕੇਗਾ)।

ਹਰਿ ਸੋਹਿਲਾ ਤਿਨੑ ਸਦ ਸਦਾ ਜੋ ਹਰਿ ਗੁਣ ਗਾਵਹਿ ॥

ਹੇ ਮਨ! ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੇ ਅੰਦਰ ਸਦਾ ਹੀ ਖਿੜਾਉ ਤੇ ਚਾਉ ਬਣਿਆ ਰਹਿੰਦਾ ਹੈ।

ਕਰਿ ਬੈਰਾਗੁ ਤੂੰ ਛੋਡਿ ਪਾਖੰਡੁ ਸੋ ਸਹੁ ਸਭੁ ਕਿਛੁ ਜਾਣਏ ॥

ਹੇ ਮੇਰੇ ਮਨ! (ਬਾਹਰਲੇ ਵਿਖਾਵੇ ਵਾਲੇ ਵੈਰਾਗ ਦਾ) ਪਖੰਡ ਛੱਡ ਦੇ (ਤੇ, ਆਪਣੇ ਅੰਦਰ) ਮਿਲਣ ਦੀ ਤਾਂਘ ਪੈਦਾ ਕਰ (ਕਿਉਂਕਿ) ਉਹ ਖਸਮ-ਪ੍ਰਭੂ (ਅੰਦਰ ਦੀ) ਹਰੇਕ ਗੱਲ ਜਾਣਦਾ ਹੈ,

ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥

ਉਹ ਪ੍ਰਭੂ ਆਪ ਹੀ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ ਸਮਾਇਆ ਹੋਇਆ ਹੈ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ ਉਸ ਪ੍ਰਭੂ ਦੀ ਰਜ਼ਾ ਨੂੰ ਸਮਝਦਾ ਹੈ।

ਜਿਨਿ ਹੁਕਮੁ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵਏ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਸਮਝ ਲਈ ਉਹੀ ਸਾਰੇ ਆਨੰਦ ਪ੍ਰਾਪਤ ਕਰਦਾ ਹੈ,

ਇਵ ਕਹੈ ਨਾਨਕੁ ਸੋ ਬੈਰਾਗੀ ਅਨਦਿਨੁ ਹਰਿ ਲਿਵ ਲਾਵਏ ॥੨॥

ਨਾਨਕ (ਤੈਨੂੰ) ਇਉਂ ਦੱਸਦਾ ਹੈ ਕਿ ਇਹੋ ਜਿਹਾ ਮਿਲਾਪ ਦੀ ਤਾਂਘ ਰੱਖਣ ਵਾਲਾ ਮਨੁੱਖ ਹਰ ਵੇਲੇ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦਾ ਹੈ ॥੨॥

ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥

ਹੇ ਮੇਰੇ ਮਨ! ਜਿੱਥੇ ਜਿੱਥੇ ਤੂੰ ਦੌੜਦਾ ਫਿਰਦਾ ਹੈਂ ਉਥੇ ਉਥੇ ਹੀ ਪਰਮਾਤਮਾ ਤੇਰੇ ਨਾਲ ਹੀ ਰਹਿੰਦਾ ਹੈ,

ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥

ਹੇ ਮਨ! ਆਪਣੀ ਚਤੁਰਾਈ (ਦਾ ਆਸਰਾ) ਛੱਡ ਦੇ ਤੇ, ਹੇ ਮਨ! ਗੁਰੂ ਦਾ ਸ਼ਬਦ ਆਪਣੇ ਅੰਦਰ ਸੰਭਾਲ ਕੇ ਰੱਖ!

ਸਾਥਿ ਤੇਰੈ ਸੋ ਸਹੁ ਸਦਾ ਹੈ ਇਕੁ ਖਿਨੁ ਹਰਿ ਨਾਮੁ ਸਮਾਲਹੇ ॥

(ਫਿਰ ਤੈਨੂੰ ਦਿੱਸ ਪਏਗਾ ਕਿ) ਉਹ ਖਸਮ-ਪ੍ਰਭੂ ਸਦਾ ਤੇਰੇ ਨਾਲ ਰਹਿੰਦਾ ਹੈ। (ਹੇ ਮਨ!) ਜੇ ਤੂੰ ਇਕ ਖਿਨ ਵਾਸਤੇ ਭੀ ਪਰਮਾਤਮਾ ਦਾ ਨਾਮ ਆਪਣੇ ਅੰਦਰ ਵਸਾਏਂ,

ਜਨਮ ਜਨਮ ਕੇ ਤੇਰੇ ਪਾਪ ਕਟੇ ਅੰਤਿ ਪਰਮ ਪਦੁ ਪਾਵਹੇ ॥

ਤਾਂ ਤੇਰੇ ਅਨੇਕਾਂ ਜਨਮਾਂ ਦੇ ਪਾਪ ਕੱਟੇ ਜਾਣ, ਤੇ, ਆਖ਼ਰ ਤੂੰ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਏਂ।

ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥

(ਹੇ ਮਨ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ ਪਰਮਾਤਮਾ ਨੂੰ ਆਪਣੇ ਅੰਦਰ ਵਸਾਈ ਰੱਖ, (ਇਸ ਤਰ੍ਹਾਂ ਉਸ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਤੇਰਾ ਪੱਕਾ ਪਿਆਰ ਬਣ ਜਾਏਗਾ।

ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥੩॥

ਨਾਨਕ ਤੈਨੂੰ ਇਉਂ ਦੱਸਦਾ ਹੈ ਕਿ ਹੇ ਮਨ! ਜਿੱਥੇ ਜਿੱਥੇ ਤੂੰ ਭਟਕਦਾ ਫਿਰਦਾ ਹੈਂ ਉੱਥੇ ਉੱਥੇ ਪਰਮਾਤਮਾ ਸਦਾ ਤੇਰੇ ਨਾਲ ਹੀ ਰਹਿੰਦਾ ਹੈ ॥੩॥

ਸਤਿਗੁਰ ਮਿਲਿਐ ਧਾਵਤੁ ਥੰਮਿੑਆ ਨਿਜ ਘਰਿ ਵਸਿਆ ਆਏ ॥

ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣਾ ਵਲੋਂ) ਰੁਕ ਜਾਂਦਾ ਹੈ, ਤੇ ਫਿਰ ਪ੍ਰਭੂ ਹੀ ਮਨ ਵਿੱਚ ਰਹਿੰਦਾ ਹੈ।

ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥

(ਫਿਰ ਇਹ) ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ (ਭਾਵ,) ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430