(ਹੇ ਭਾਈ!) ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ ਵਸਾ ਲਈਏ, ਤਾਂ ਮਨ ਵਿਚ ਚਿਤਵਿਆ ਹੋਇਆ ਹਰੇਕ ਮਨੋਰਥ ਪਾ ਲਈਦਾ ਹੈ।
ਜੇ ਪਰਮਾਤਮਾ ਦਾ ਨਾਮ ਮਨ ਵਿਚ ਵਸਾ ਲਈਏ, ਤਾਂਉਹ ਹਰੀ-ਨਾਮ ਮਾਇਆ ਦੇ ਮੋਹ ਦੇ ਅੰਨ੍ਹੇ ਖੂਹ ਦੇ ਹਨੇਰੇ ਵਿਚੋਂ ਕੱਢ ਲੈਂਦਾ ਹੈ।
(ਹੇ ਮੇਰੇ ਮਨ!) ਦੇਵਤੇ, ਕਰਾਮਾਤੀ ਜੋਗੀ, ਸ਼ਿਵ ਜੀ ਦੇ ਦਾਸ-ਦੇਵਤੇ, ਦੇਵਤਿਆਂ ਦੇ ਗਵਈਏ, ਰਿਸ਼ੀ ਲੋਕ ਤੇ ਅਨੇਕਾਂ ਹੀ ਭਗਤ ਉਸੇ ਪਰਮਾਤਮਾ ਦੇ ਗੁਣ ਗਾਂਦੇ ਆ ਰਹੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ ਪਾਤਿਸ਼ਾਹ! ਮਿਹਰ ਕਰ (ਕਿ ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੨॥
ਹੇ (ਮੇਰੇ) ਮਨ! ਪਾਰਬ੍ਰਹਮ ਪਰਮੇਸਰ ਨੂੰ ਚੇਤੇ ਰੱਖ, ਜਿਸ ਨੇ ਸਭਨਾਂ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ।
ਜੋ ਤਰਸ-ਸਰੂਪ ਹੈ, ਸਭ ਤਾਕਤਾਂ ਵਾਲਾ ਹੈ, ਸਭ ਦਾ ਮਾਲਕ ਹੈ, ਤੇ ਜੋ ਹਰੇਕ ਸਰੀਰ ਦਾ ਸਭ ਦੀ ਜਿੰਦ ਦਾ ਆਸਰਾ ਹੈ,
ਜੋ ਪ੍ਰਾਣ ਮਨ ਤਨ ਤੇ ਜਿੰਦ ਦੇਣ ਵਾਲਾ ਹੈ, ਬੇਅੰਤ ਹੈ, ਅਪਹੁੰਚ ਹੈ, ਤੇ ਅਪਾਰ ਹੈ,
ਜੋ ਸਰਨ ਪਏ ਦੀ ਸਹੈਤਾ ਕਰਨ ਜੋਗਾ ਹੈ, ਜੋ ਸਭ ਤਾਕਤਾਂ ਦਾ ਮਾਲਕ ਹੈ ਸੁੰਦਰ ਹੈ ਤੇ ਸਾਰੇ ਵਿਕਾਰਾਂ ਦਾ ਨਾਸ ਕਰਨ ਵਾਲਾ ਹੈ।
ਹੇ ਮਨ! ਮੁਰਾਰੀ-ਪ੍ਰਭੂ ਦਾ ਨਾਮ ਜਪਦਿਆਂ ਸਾਰੇ ਰੋਗ ਫ਼ਿਕਰ ਸਾਰੇ ਐਬ ਨਾਸ ਹੋ ਜਾਂਦੇ ਹਨ।
ਨਾਨਕ ਬੇਨਤੀ ਕਰਦਾ ਹੈ-ਹੇ ਸਭ ਤਾਕਤਾਂ ਦੇ ਮਾਲਕ! ਹੇ ਸਭਨਾਂ ਵਿਚ ਆਪਣੀ ਸੱਤਾ ਟਿਕਾਣ ਵਾਲੇ ਪ੍ਰਭੂ! (ਮੇਰੇ ਉਤੇ) ਮਿਹਰ ਕਰ (ਮੈਂ ਭੀ ਤੇਰਾ ਨਾਮ ਸਦਾ ਸਿਮਰਦਾ ਰਹਾਂ) ॥੩॥
ਹੇ (ਮੇਰੇ) ਮਨ! ਤੂੰ ਉਸ ਪਰਮਾਤਮਾ ਦੇ ਗੁਣ ਗਾ, ਜੋ ਸਦਾ ਅਟੱਲ ਰਹਿਣ ਵਾਲਾ ਹੈ, ਜੋ ਕਦੇ ਨਾਸ ਨਹੀਂ ਹੁੰਦਾ, ਜੋ ਸਭ ਤੋਂ ਉੱਚਾ ਹੈ ਤੇ ਦਇਆ ਦਾ ਘਰ ਹੈ,
ਜੋ ਸਾਰੇ ਜਗਤ ਨੂੰ ਪਾਲਣ ਵਾਲਾ ਹੈ ਜੋ ਆਪ ਹੀ ਸਭ ਕੁਝ ਦੇਣ ਜੋਗਾ ਹੈ, ਜੋ ਸਭ ਦੀ ਪਾਲਣਾ ਕਰਦਾ ਹੈ।
(ਹੇ ਮੇਰੇ ਮਨ!) ਉਹ ਪਰਮਾਤਮਾ ਹਰੇਕ ਜੀਵ ਉਤੇ ਦਇਆ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ। ਬੜਾ ਹੀ ਦਇਆਲ ਤੇ ਪਾਲਣਾ ਕਰਨ ਵਾਲਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਉਹ ਪ੍ਰਭੂ ਆ ਵੱਸਦਾ ਹੈ, ਉਸ ਦੇ ਅੰਦਰੋਂ ਮੋਹ ਲੋਭ ਤੇ ਦੁਖਦਾਈ (ਕੰਡੇ ਵਾਂਗ ਚੁੱਭਦਾ ਰਹਿਣ ਵਾਲਾ) ਮੌਤ ਦਾ ਸਹਮ ਦੂਰ ਹੋ ਜਾਂਦਾ ਹੈ।
(ਹੇ ਮਨ!) ਜਿਸ ਮਨੁੱਖ ਉਤੇ ਪ੍ਰਭੂ-ਦੇਵ ਜੀ ਚੰਗੀ ਤਰ੍ਹਾਂ ਪ੍ਰਸੰਨ ਹੋ ਜਾਣ, ਉਸ ਦੀ ਕੀਤੀ ਸੇਵਾ ਨੂੰ ਫਲ ਲੱਗ ਪਂੈਦਾ ਹੈ, ਉਸ ਦੀ ਕੀਤੀ ਮਿਹਨਤ ਸਿਰੇ ਚੜ੍ਹ ਜਾਂਦੀ ਹੈ।
ਨਾਨਕ ਬੇਨਤੀ ਕਰਦਾ ਹੈ-ਗ਼ਰੀਬਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਦਾ ਨਾਮ ਜਪਿਆਂ ਹਰੇਕ ਇੱਛਾ ਪੂਰੀ ਹੋ ਜਾਂਦੀ ਹੈ ॥੪॥੩॥
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ ਬੇਨਤੀ) ਸੁਣ (ਆ,) ਰਲ ਕੇ ਭਜਨ ਕਰੀਏ (ਤੇ) ਕੰਤ-ਪ੍ਰਭੂ ਨੂੰ (ਆਪਣੇ ਉਤੇ) ਖ਼ੁਸ਼ ਕਰ ਲਈਏ।
ਅਹੰਕਾਰ ਦੂਰ ਕਰ ਕੇ (ਤੇ ਕੰਤ-ਪ੍ਰਭੂ ਦੀ) ਭਗਤੀ ਨੂੰ ਠਗਬੂਟੀ ਬਣਾ ਕੇ (ਇਸ ਬੂਟੀ ਨਾਲ ਉਸ ਪ੍ਰਭੂ-ਪਤੀ ਨੂੰ) ਗੁਰੂ ਦੇ ਉਪਦੇਸ਼ ਦੀ ਰਾਹੀਂ (ਗੁਰੂ ਦੇ ਉਪਦੇਸ਼ ਉਤੇ ਤੁਰ ਕੇ) ਮੋਹ ਲਈਏ।
ਹੇ ਸਹੇਲੀ! ਉਸ ਭਗਵਾਨ ਦੀ ਇਹ ਸੋਹਣੀ ਮਰਯਾਦਾ ਹੈ ਕਿ ਜੇ ਉਹ ਇਕ ਵਾਰੀ ਪ੍ਰੇਮ-ਵੱਸ ਹੋ ਜਾਵੇ ਤਾਂ ਫਿਰ ਕਦੇ ਛੱਡ ਕੇ ਨਹੀਂ ਜਾਂਦਾ।
ਹੇ ਨਾਨਕ! (ਜੇਹੜਾ ਜੀਵ ਕੰਤ-ਪ੍ਰਭੂ ਦੀ ਸਰਨ ਆਉਂਦਾ ਹੈ) ਉਸ ਜੀਵ ਨੂੰ ਉਹ ਪਵਿਤ੍ਰ (ਜੀਵਨ ਵਾਲਾ) ਬਣਾ ਦੇਂਦਾ ਹੈ (ਉਸ ਦੇ ਪਵਿਤ੍ਰ ਆਤਮਕ ਜੀਵਨ ਨੂੰ ਉਹ ਪ੍ਰਭੂ) ਬੁਢੇਪਾ ਨਹੀਂ ਆਉਣ ਦੇਂਦਾ, ਮੌਤ ਨਹੀਂ ਆਉਣ ਦੇਂਦਾ, ਉਸ ਦੇ ਸਾਰੇ ਡਰ ਤੇ ਨਰਕ (ਵੱਡੇ ਤੋਂ ਵੱਡੇ ਦੁੱਖ) ਦੂਰ ਕਰ ਦੇਂਦਾ ਹੈ ॥੧॥
ਹੇ ਸਹੇਲੀਏ! (ਹੇ ਸਤਸੰਗੀ ਸੱਜਣ! ਮੇਰੀ) ਇਹ ਭਲੀ ਬੇਨਤੀ (ਸੁਣ। ਆ) ਇਹ ਸਲਾਹ ਪੱਕੀ ਕਰੀਏ,
(ਕਿ) ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਟਿਕ ਕੇ (ਆਪਣੇ ਅੰਦਰੋਂ) ਛਲ-ਫ਼ਰੇਬ ਦੂਰ ਕਰ ਕੇ ਗੋਬਿਦ (ਦੀ ਸਿਫ਼ਤ-ਸਾਲਾਹ) ਦੇ ਗੀਤ ਗਾਵੀਏ।
(ਗੋਬਿੰਦ ਦੀ ਸਿਫ਼ਤ-ਸਾਲਾਹ ਕੀਤਿਆਂ, ਅੰਦਰੋਂ ਵਿਕਾਰਾਂ ਦੀ) ਖਹ-ਖਹ ਤੇ ਹੋਰ ਸਾਰੇ ਕਲੇਸ਼ ਮਿਟ ਜਾਂਦੇ ਹਨ (ਮਾਇਆ ਦੇ ਪਿੱਛੇ ਮਨ ਦੀਆਂ) ਦੌੜ-ਭੱਜਾਂ ਮੁੱਕ ਜਾਂਦੀਆਂ ਹਨ, ਮਨ ਵਿਚ ਚਿਤਵਿਆ ਹੋਇਆ ਫਲ ਪ੍ਰਾਪਤ ਹੋ ਜਾਂਦਾ ਹੈ।
ਹੇ ਨਾਨਕ! (ਆਖ-ਹੇ ਸਤਸੰਗੀ ਸੱਜਣ!) ਪਾਰਬ੍ਰਹਮ ਪੂਰਨ ਪਰਮੇਸਰ ਦਾ ਨਾਮ (ਸਦਾ) ਸਿਮਰਨਾ ਚਾਹੀਦਾ ਹੈ ॥੨॥
(ਹੇ ਸਹੇਲੀਏ! ਮੈਂ ਸਦਾ ਤਾਂਘ ਕਰਦੀ ਰਹਿੰਦੀ ਹਾਂ ਤੇ ਸੁੱਖਣਾ ਸੁੱਖਦੀ ਰਹਿੰਦੀ ਹਾਂ (ਕਿ) ਹੇ ਪ੍ਰਭੂ! ਮੇਰੀ ਆਸ ਪੂਰੀ ਕਰ,
ਮੈਂ ਤੇਰੇ ਦਰਸਨ ਲਈ ਉਤਾਵਲੀ ਹੋਈ ਸਾਰੇ ਥਾਂ ਵੇਖਦੀ ਫਿਰਦੀ ਹਾਂ।
(ਹੇ ਸਹੇਲੀਏ! ਪ੍ਰਭੂ ਦੀ) ਖੋਜ ਕਰ ਕਰ ਕੇ ਮੈਂ ਸੰਤ ਜਨਾਂ ਦਾ ਸਾਥ (ਜਾ) ਲੱਭਦੀ ਹਾਂ (ਸਾਧ ਸੰਗਤਿ ਹੀ ਉਸ ਪ੍ਰਭੂ ਦਾ) ਮੇਲ ਕਰਾਂਦੀ ਹੈ ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਜੋ ਸਭ ਵਿਚ ਵਿਆਪਕ ਹੈ।
ਹੇ ਨਾਨਕ! (ਆਖ)-ਹੇ ਮਾਂ! (ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲਦੇ ਹਨ) ਉਹਨਾਂ ਨੂੰ ਹੀ ਦੇਵ-ਲੋਕ ਦਾ ਮਾਲਕ ਤੇ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲਦਾ ਹੈ ਉਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ ॥੩॥
ਹੇ ਸਹੇਲੀਏ! (ਸਾਧ ਸੰਗਤਿ ਦੀ ਬਰਕਤਿ ਨਾਲ ਹੁਣ) ਮੈਂ (ਸਦਾ) ਆਪਣੇ ਖਸਮ-ਪ੍ਰਭੂ ਨਾਲ ਵੱਸਦੀ ਹਾਂ, ਮੇਰਾ ਮਨ ਉਸ ਹਰੀ ਨਾਲ ਗਿੱਝ ਗਿਆ ਹੈ, ਮੇਰਾ ਤਨ (ਹਿਰਦਾ) ਉਸ ਹਰੀ ਨਾਲ ਇਕ-ਮਿੱਕ ਹੋ ਗਿਆ ਹੈ।
ਹੇ ਸਹੇਲੀਏ! ਸੁਣ, (ਹੁਣ) ਮੈਨੂੰ ਨੀਂਦ ਭੀ ਪਿਆਰੀ ਲੱਗਦੀ ਹੈ, (ਕਿਉਂਕਿ ਸੁਪਨੇ ਵਿਚ ਭੀ) ਮੈਨੂੰ ਆਪਣਾ ਪਿਆਰਾ ਪਤੀ ਮਿਲ ਪੈਂਦਾ ਹੈ।
ਉਸ ਮਾਲਕ-ਪ੍ਰਭੂ ਨੇ ਮੇਰੀ ਭਟਕਣਾ ਦੂਰ ਕਰ ਦਿੱਤੀ ਹੈ, ਮੇਰੇ ਅੰਦਰ ਹੁਣ ਸ਼ਾਂਤੀ ਬਣੀ ਰਹਿੰਦੀ ਹੈ, ਮੈਂ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹਾਂ, (ਮੇਰੇ ਅੰਦਰ ਉਸ ਦੀ ਜੋਤਿ ਦਾ) ਚਾਨਣ ਹੋ ਗਿਆ ਹੈ (ਜਿਵੇਂ ਸੂਰਜ ਦੀਆਂ ਕਿਰਨਾਂ ਨਾਲ)) ਕੌਲ-ਫੁੱਲ ਖਿੜ ਪੈਂਦਾ ਹੈ (ਤਿਵੇਂ ਉਸ ਦੀ ਜੋਤਿ ਦੇ ਚਾਨਣ ਨਾਲ ਮੇਰਾ ਹਿਰਦਾ ਖਿੜਿਆ ਰਹਿੰਦਾ ਹੈ)।
ਹੇ ਨਾਨਕ! (ਆਖ-ਹੇ ਸਹੇਲੀਏ! ਸਾਧ ਸੰਗਤਿ ਦੀ ਬਰਕਤਿ ਨਾਲ) ਮੈਂ ਅੰਤਰਜਾਮੀ ਪ੍ਰਭੂ-ਖਸਮ ਲੱਭ ਲਿਆ ਹੈ, ਤੇ (ਮੇਰੇ ਸਿਰ ਦਾ) ਇਹ ਸੁਹਾਗ ਕਦੇ ਦੂਰ ਹੋਣ ਵਾਲਾ ਨਹੀਂ ॥੪॥੪॥੨॥੫॥੧੧॥