(ਉਹਨਾਂ ਦੇ ਮਤ ਅਨੁਸਾਰ ਜਿਸ ਦਾ ਉਹ ਸਮਾਧੀ ਵਿਚ ਧਿਆਨ ਧਰਦੇ ਹਨ ਉਹ) ਸੂਖਮ ਸਰੂਪ ਵਾਲਾ ਹੈ, ਉਸ ਉਤੇ ਮਾਇਆ ਦਾ ਪਰਭਾਵ ਨਹੀਂ ਪੈ ਸਕਦਾ ਅਤੇ ਇਹ ਸਾਰਾ (ਜਗਤ ਰੂਪ) ਆਕਾਰ (ਉਸੇ ਦੀ ਹੀ) ਕਾਇਆਂ (ਸਰੀਰ) ਦਾ ਹੈ।
ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ, ਜਦੋਂ (ਉਹ ਕਿਸੇ ਲੋੜਵੰਦੇ ਨੂੰ) ਕੁਝ ਦੇਣ ਦੀ ਵਿਚਾਰ ਕਰਦੇ ਹਨ;
(ਪਰ ਲੋੜਵੰਦਿਆਂ ਨੂੰ) ਦੇ ਦੇ ਕੇ (ਉਹ ਅੰਦਰੇ ਅੰਦਰ ਕਰਤਾਰ ਪਾਸੋਂ ਉਸ ਤੋਂ) ਹਜ਼ਾਰਾਂ ਗੁਣਾ ਵਧੀਕ ਮੰਗਦੇ ਹਨ ਅਤੇ (ਬਾਹਰ) ਜਗਤ (ਉਨ੍ਹਾਂ ਦੇ ਦਾਨ ਦੀ) ਵਡਿਆਈ ਕਰਦਾ ਹੈ।
(ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,
ਜੋ (ਵਿਕਾਰ ਕਰ ਕਰ ਕੇ) ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ (ਪਰ ਇਹ ਕਰਤਾਰ ਦੇ ਰੰਗ ਹਨ) ਉਹਨਾਂ ਨੂੰ ਭੀ (ਉਸੇ ਨੇ ਹੀ) ਕੋਈ ਇਹੋ ਜਿਹੀ ਕਾਰ ਸੌਂਪੀ ਹੋਈ ਹੈ।
ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-
ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।
ਹੇ ਨਾਨਕ! ਭਗਤ ਜਨਾਂ ਨੂੰ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਦੀ ਤਾਂਘ ਲੱਗੀ ਹੋਈ ਹੈ, ਹਰੀ ਦਾ ਸਦਾ ਅਟੱਲ ਰਹਿਣ ਵਾਲਾ ਨਾਮ ਹੀ ਉਹਨਾਂ ਦਾ ਆਸਰਾ ਹੈ।
ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ ॥੧॥
(ਮੁਸਲਮਾਨ ਇਹ ਖ਼ਿਆਲ ਕਰਦੇ ਹਨ ਕਿ ਮਰਨ ਤੋਂ ਪਿਛੋਂ ਜਿਨ੍ਹਾਂ ਦਾ ਸਰੀਰ ਸਾੜਿਆ ਜਾਂਦਾ ਹੈ, ਉਹ ਦੋਜ਼ਕ ਦੀ ਅੱਗ ਵਿਚ ਸੜਦੇ ਹਨ, ਪਰ) ਉਸ ਥਾਂ ਦੀ ਮਿੱਟੀ ਭੀ ਜਿੱਥੇ ਮੁਸਲਮਾਨ ਮੁਰਦੇ ਦੱਬਦੇ ਹਨ (ਕਈ ਵਾਰੀ) ਕੁਮ੍ਹਿਆਰ ਦੇ ਵੱਸ ਪੈ ਜਾਂਦੀ ਹੈ (ਭਾਵ, ਉਹ ਮਿੱਟੀ ਚੀਕਣੀ ਹੋਣ ਕਰਕੇ ਕੁਮ੍ਹਿਆਰ ਲੋਕ ਕਈ ਵਾਰੀ ਉਹ ਮਿੱਟੀ ਭਾਂਡੇ ਬਣਾਣ ਲਈ ਲੈ ਆਉਂਦੇ ਹਨ);
(ਕੁਮ੍ਹਿਆਰ ਉਸ ਮਿੱਟੀ ਨੂੰ) ਘੜ ਕੇ (ਉਸ ਦੇ) ਭਾਂਡੇ ਤੇ ਇੱਟਾਂ ਬਣਾਉਂਦਾ ਹੈ, (ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਮਾਨੋ) ਸੜਦੀ ਹੋਈ ਪੁਕਾਰ ਕਰਦੀ ਹੈ,
ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,
(ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ), ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ (ਅਸਲ ਭੇਦ ਨੂੰ) ਜਾਣਦਾ ਹੈ ॥੨॥
ਕਿਸੇ ਮਨੁੱਖ ਨੂੰ ('ਜਗ ਜੀਵਨੁ ਦਾਤਾ') ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ ('ਜਗ ਜੀਵਨ ਦਾਤਾ') ਨਹੀਂ ਮਿਲਿਆ।
(ਕਿਉਂਕਿ ਪ੍ਰਭੂ ਨੇ) ਆਪਣੇ ਆਪ ਨੂੰ ਰੱਖਿਆ ਹੀ ਸਤਿਗੁਰੂ ਦੇ ਅੰਦਰ ਹੈ, (ਭਾਵ, ਪ੍ਰਭੂ ਗੁਰੂ ਦੇ ਅੰਦਰ ਸਾਖਿਆਤ ਹੋਇਆ ਹੈ) (ਅਸਾਂ ਹੁਣ ਇਹ ਗੱਲ ਸਭ ਨੂੰ) ਖੁਲ੍ਹਮ-ਖੁਲ੍ਹਾ ਆਖ ਕੇ ਸੁਣਾ ਦਿੱਤੀ ਹੈ।
ਜੇ (ਇਹੋ ਜਿਹਾ) ਗੁਰੂ, ਜਿਸ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਮਨੁੱਖ ਨੂੰ ਮਿਲ ਪਏ ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ।
(ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,
ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ ॥੬॥
(ਜਦ ਤਾਈਂ ਜੀਵ) 'ਹਉ' ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,
ਕਦੇ ਜੰਮਦਾ ਹੈ, ਕਦੇ ਮਰਦਾ ਹੈ।
ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
ਇਸੇ 'ਮੈਂ, ਮੈਂ' ਦੇ ਖ਼ਿਆਲ ਵਿਚ (ਕਿ ਇਹ ਕੰਮ 'ਮੈਂ' ਕਰਦਾ ਹਾਂ, 'ਮੈਂ' ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।
ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।
(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,
(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।
ਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।
ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥
'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ)।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ।
ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ) ਦੁੱਖ ਦੂਰ ਹੋ ਜਾਂਦੇ ਹਨ ॥੨॥