ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥
ਜਦੋਂ ਅਸਾਂ (ਭਾਵ, ਮੈਂ) ਇਹ ਸਮਝ ਲਿਆ ਹੈ ਕਿ ਸਭ ਥਾਈਂ ਇਕ ਪਰਮਾਤਮਾ ਹੀ ਵਿਆਪਕ ਹੈ,
ਤਾਂ (ਪਤਾ ਨਹੀਂ) ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹੈ ॥੧॥
ਮੈਂ ਨਿਸੰਗ ਹੋ ਗਿਆ ਹਾਂ ਤੇ ਮੈਨੂੰ ਇਹ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ।
(ਤੁਹਾਨੂੰ ਲੋਕਾਂ ਨੂੰ ਜਗਤ ਵਿਚ ਮਨ-ਵਡਿਆਈ ਦਾ ਖ਼ਿਆਲ ਹੈ, ਇਸ ਵਾਸਤੇ ਜਿਸ ਰਾਹੇ ਮੈਂ ਪਿਆ ਹਾਂ) ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥੧॥ ਰਹਾਉ ॥
ਜੇ ਮੈਂ ਭੈੜਾ ਹਾਂ ਤਾਂ ਆਪਣੇ ਹੀ ਅੰਦਰ ਭੈੜਾ ਹਾਂ ਨ, (ਕਿਸੇ ਨੂੰ ਇਸ ਗੱਲ ਨਾਲ ਕੀਹ?)
ਮੈਂ ਕਿਸੇ ਨਾਲ (ਇਸੇ ਕਰਕੇ) ਕੋਈ ਮੇਲ-ਮੁਲਾਕਾਤ ਭੀ ਨਹੀਂ ਰੱਖੀ ਹੋਈ ॥੨॥
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਹਾਣਤ ਨਹੀਂ ਸਮਝਦਾ;
ਕਿਉਂਕਿ ਤੁਹਾਨੂੰ ਭੀ ਤਦੋਂ ਹੀ ਸਮਝ ਆਵੇਗੀ (ਕਿ ਅਸਲ ਇੱਜ਼ਤ ਜਾਂ ਨਿਰਾਦਰੀ ਕਿਹੜੀ ਹੈ) ਜਦੋਂ ਤੁਹਾਡਾ ਇਹ ਜਗਤ-ਵਿਖਾਵਾ ਉੱਘੜ ਜਾਇਗਾ ॥੩॥
ਕਬੀਰ ਆਖਦਾ ਹੈ- (ਅਸਲ) ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ।
(ਤਾਂ ਤੇ, ਹੇ ਕਬੀਰ!) ਹੋਰ ਸਭ ਕੁਝ (ਭਾਵ, ਦੁਨੀਆ ਦੀ ਲੋਕ-ਲਾਜ) ਛੱਡ ਕੇ ਪਰਮਾਤਮਾ ਦਾ ਸਿਮਰਨ ਕਰ ॥੪॥੩॥
ਜੇ ਨੰਗੇ ਫਿਰਦਿਆਂ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ,
ਤਾਂ ਜੰਗਲ ਦਾ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ॥੧॥
(ਹੇ ਭਾਈ!) ਤਦ ਤਕ ਨੰਗੇ ਰਿਹਾਂ ਕੀਹ ਸੌਰ ਜਾਣਾ ਹੈ ਤੇ ਪਿੰਡੇ ਤੇ ਚੰਮ ਲਪੇਟਿਆਂ ਕੀਹ ਮਿਲ ਜਾਣਾ ਹੈ?
ਜਦ ਤਕ ਤੂੰ ਪਰਮਾਤਮਾ ਨੂੰ ਨਹੀਂ ਪਛਾਣਦਾ ॥੧॥ ਰਹਾਉ ॥
ਜੇ ਸਿਰ ਮੁਨਾਇਆਂ ਸਿੱਧੀ ਮਿਲ ਸਕਦੀ ਹੈ,
(ਤਾਂ ਇਹ ਕੀਹ ਕਾਰਨ ਹੈ ਕਿ) ਕੋਈ ਭੀ ਭੇਡ (ਹੁਣ ਤਕ ਮੁਕਤ ਨਹੀਂ ਹੋਈ?) ॥੨॥
ਹੇ ਭਾਈ! ਜੇ ਬਾਲ-ਜਤੀ ਰਿਹਾਂ (ਸੰਸਾਰ-ਸਮੁੰਦਰ ਤੋਂ) ਤਰ ਸਕੀਦਾ ਹੈ,
ਤਾਂ ਖੁਸਰੇ ਨੂੰ ਕਿਉਂ ਮੁਕਤੀ ਨਹੀਂ ਮਿਲ ਜਾਂਦੀ? ॥੩॥
ਕਬੀਰ ਆਖਦਾ ਹੈ- ਹੇ ਭਰਾਵੋ! ਸੁਣੋ!
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ॥੪॥੪॥
(ਜੋ ਮਨੁੱਖ) ਸਵੇਰੇ ਤੇ ਸ਼ਾਮ ਨੂੰ (ਭਾਵ, ਦੋਵੇਂ ਵੇਲੇ ਨਿਰਾ) ਇਸ਼ਨਾਨ ਹੀ ਕਰਦੇ ਹਨ
(ਤੇ ਸਮਝਦੇ ਹਨ ਕਿ ਅਸੀਂ ਪਵਿੱਤਰ ਹੋ ਗਏ ਹਾਂ, ਉਹ ਇਉਂ ਹਨ) ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ ॥੧॥
ਪਰ ਜੇਕਰ ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ,
ਤਾਂ ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ ॥੧॥ ਰਹਾਉ ॥
(ਕਈ ਮਨੁੱਖ) ਸਰੀਰ ਦੇ ਮੋਹ ਵਿਚ ਹੀ (ਭਾਵ, ਸਰੀਰ ਨੂੰ ਪਾਲਣ ਦੀ ਖ਼ਾਤਰ ਹੀ) ਕਈ ਭੇਖ ਬਣਾਉਂਦੇ ਹਨ;
ਉਹਨਾਂ ਨੂੰ ਕਦੇ ਸੁਪਨੇ ਵਿਚ ਭੀ ਦਇਆ ਨਹੀਂ ਆਈ (ਉਹਨਾਂ ਦਾ ਹਿਰਦਾ ਕਦੇ ਭੀ ਨਹੀਂ ਦ੍ਰਵਿਆ) ॥੨॥
ਬਹੁਤੇ ਸਿਆਣੇ ਮਨੁੱਖ ਚਾਰ ਵੇਦ (ਆਦਿਕ ਧਰਮ-ਪੁਸਤਕਾਂ ਨੂੰ) ਹੀ (ਨਿਰੇ) ਪੜ੍ਹਦੇ ਹਨ (ਪਰ ਨਿਰਾ ਪੜ੍ਹਨ ਨਾਲ ਕੀਹ ਬਣੇ?)।
ਇਸ ਸੰਸਾਰ-ਸਮੁੰਦਰ ਵਿਚ (ਸਿਰਫ਼) ਸੰਤ ਜਨ ਹੀ (ਅਸਲ) ਸੁਖ ਮਾਣਦੇ ਹਨ ॥੩॥
ਕਬੀਰ ਆਖਦਾ ਹੈ- ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ,
ਕਿ ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ॥੪॥੫॥
ਉਸ ਮਨੁੱਖ ਦਾ ਜਪ ਕਰਨਾ ਕਿਸ ਭਾ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਗੁਣ?
ਜਿਸ ਦੇ ਹਿਰਦੇ ਵਿਚ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਦਾ ਪਿਆਰ ਹੈ ॥੧॥
ਹੇ ਭਾਈ! ਮਨ ਨੂੰ ਪਰਮਾਤਮਾ ਨਾਲ ਜੋੜਨਾ ਚਾਹੀਦਾ ਹੈ।
(ਸਿਮਰਨ ਛੱਡ ਕੇ ਹੋਰ) ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ ਰਹਾਉ॥
(ਹੇ ਭਾਈ!) ਲਾਲਚ, ਵਿਖਾਵੇ ਦਾ ਤਿਆਗ ਕਰ ਦੇਹ।
ਕਾਮ, ਕ੍ਰੋਧ ਅਤੇ ਅਹੰਕਾਰ ਛੱਡ ਦੇਹ ॥੨॥
ਮਨੁੱਖ ਧਾਰਮਿਕ ਰਸਮਾਂ ਕਰਦੇ ਕਰਦੇ ਹਉਮੈ ਵਿਚ ਬੱਝੇ ਪਏ ਹਨ,
ਅਤੇ ਰਲ ਕੇ ਪੱਥਰਾਂ ਦੀ (ਹੀ) ਪੂਜਾ ਕਰ ਰਹੇ ਹਨ (ਪਰ ਇਹ ਸਭ ਕੁਝ ਵਿਅਰਥ ਹੈ) ॥੩॥
ਕਬੀਰ ਆਖਦਾ ਹੈ- ਪਰਮਾਤਮਾ ਬੰਦਗੀ ਕਰਨ ਨਾਲ (ਹੀ) ਮਿਲਦਾ ਹੈ,
ਭੋਲੇ ਸੁਭਾਉ ਨਾਲ ਮਿਲਦਾ ਹੈ ॥੪॥੬॥
ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।
ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ (ਹੋ ਰਹੀ) ਹੈ (ਭਾਵ, ਸਭ ਦਾ ਮੂਲ ਕਾਰਨ ਪਰਮਾਤਮਾ ਆਪ ਹੈ) ॥੧॥
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ?
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ (ਅਹੰਕਾਰ ਵਿਚ ਅਜਾਈਂ) ਨਾਹ ਗਵਾਓ ॥੧॥ ਰਹਾਉ ॥
ਜੇ (ਹੇ ਪੰਡਿਤ!) ਤੂੰ (ਸੱਚ-ਮੁੱਚ) ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ,
ਤਾਂ ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ॥੨॥
(ਹੇ ਪੰਡਿਤ!) ਤੁਸੀ ਕਿਵੇਂ ਬ੍ਰਾਹਮਣ (ਬਣ ਗਏ)? ਅਸੀਂ ਕਿਵੇਂ ਸ਼ੂਦਰ (ਰਹਿ ਗਏ)?
ਅਸਾਡੇ ਸਰੀਰ ਵਿਚ ਕਿਵੇਂ (ਨਿਰਾ) ਲਹੂ ਹੀ ਹੈ? ਤੁਹਾਡੇ ਸਰੀਰ ਵਿਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ? ॥੩॥
ਕਬੀਰ ਆਖਦਾ ਹੈ- ਜੋ ਪਰਮਾਤਮਾ (ਬ੍ਰਹਮ) ਨੂੰ ਸਿਮਰਦਾ ਹੈ,
ਅਸੀਂ ਤਾਂ ਉਸ ਮਨੁੱਖ ਨੂੰ ਬ੍ਰਾਹਮਣ ਸੱਦਦੇ ਹਾਂ ॥੪॥੭॥