ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1168


ਰਾਗੁ ਬਸੰਤੁ ਮਹਲਾ ੧ ਘਰੁ ੧ ਚਉਪਦੇ ਦੁਤੁਕੇ ॥

ਰਾਗ ਬਸੰਤੁ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਦੋ-ਤੁਕੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮਾਹਾ ਮਾਹ ਮੁਮਾਰਖੀ ਚੜਿਆ ਸਦਾ ਬਸੰਤੁ ॥

(ਹੇ ਮਨ! ਜੇ ਤੂੰ ਹਉਮੈ ਵਾਲੀ ਬ੍ਰਿਤੀ ਭੁਲਾ ਦੇਵੇਂ ਤਾਂ ਤੇਰੇ ਅੰਦਰ) ਵਡੀਆਂ ਵਡੀਆਂ ਵਧਾਈਆਂ (ਬਣ ਜਾਣ, ਤੇਰੇ ਅੰਦਰ ਸਦਾ ਚੜ੍ਹਦੀ ਕਲਾ ਟਿਕੀ ਰਹੇ, ਕਿਉਂਕਿ ਤੇਰੇ ਅੰਦਰ) ਸਦਾ ਖਿੜੇ ਰਹਿਣ ਵਾਲਾ ਪਰਮਾਤਮਾ ਪਰਗਟ ਹੋ ਪਏ।

ਪਰਫੜੁ ਚਿਤ ਸਮਾਲਿ ਸੋਇ ਸਦਾ ਸਦਾ ਗੋਬਿੰਦੁ ॥੧॥

ਹੇ ਮੇਰੇ ਚਿੱਤ! ਸ੍ਰਿਸ਼ਟੀ ਦੀ ਸਾਰ ਲੈਣ ਵਾਲੇ ਪ੍ਰਭੂ ਨੂੰ ਤੂੰ ਸਦਾ (ਆਪਣੇ ਅੰਦਰ) ਸਾਂਭ ਰੱਖ ਤੇ (ਇਸ ਦੀ ਬਰਕਤਿ ਨਾਲ) ਖਿੜਿਆ ਰਹੁ ॥੧॥

ਭੋਲਿਆ ਹਉਮੈ ਸੁਰਤਿ ਵਿਸਾਰਿ ॥

ਹੇ ਕਮਲੇ ਮਨ! ਮੈਂ ਮੈਂ ਕਰਨ ਵਾਲੀ ਬ੍ਰਿਤੀ ਭੁਲਾ ਦੇ।

ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥੧॥ ਰਹਾਉ ॥

ਹੇ ਮਨ! ਹੋਸ਼ ਕਰ, ਹਉਮੈ ਨੂੰ (ਆਪਣੇ ਅੰਦਰੋਂ) ਮੁਕਾ ਦੇ। (ਹਉਮੈ ਨੂੰ ਮੁਕਾਣ ਵਾਲਾ ਇਹ) ਸਭ ਤੋਂ ਸ੍ਰੇਸ਼ਟ ਗੁਣ (ਆਪਣੇ ਅੰਦਰ) ਸੰਭਾਲ ਲੈ ॥੧॥ ਰਹਾਉ ॥

ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥

(ਹੇ ਮਨ! ਜੇ ਤੂੰ ਹਉਮੈ ਭੁਲਾਣ ਵਾਲੇ ਰੋਜ਼ਾਨਾ) ਕੰਮ (ਕਰਨ ਲੱਗ ਪਏਂ, ਇਹ ਤੇਰੇ ਅੰਦਰ ਇਕ ਐਸਾ) ਰੁੱਖ (ਉੱਗ ਪਏਗਾ, ਜਿਸ ਨੂੰ) ਹਰਿ-ਨਾਮ (ਸਿਮਰਨ) ਦੀਆਂ ਟਹਣੀਆਂ (ਫੁੱਟਣਗੀਆਂ, ਜਿਸ ਨੂੰ) ਧਾਰਮਿਕ ਜੀਵਨ ਫੁੱਲ (ਲੱਗੇਗਾ ਤੇ ਪ੍ਰਭੂ ਨਾਲ) ਡੂੰਘੀ ਜਾਣ-ਪਛਾਣ ਫਲ (ਲੱਗੇਗਾ)।

ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥੨॥

ਪਰਮਾਤਮਾ ਦੀ ਪਰਾਪਤੀ (ਉਸ ਰੁੱਖ ਦੇ) ਪੱਤਰ (ਹੋਣਗੇ, ਤੇ) ਨਿਰਮਾਣਤਾ (ਉਸ ਰੁੱਖ ਦੀ) ਸੰਘਣੀ ਛਾਂ ਹੋਵੇਗੀ ॥੨॥

ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥

(ਜੇਹੜਾ ਭੀ ਮਨੁੱਖ ਹਉਮੈ ਨੂੰ ਭੁਲਾਣ ਵਾਲੇ ਰੋਜ਼ਾਨਾ ਕੰਮ ਕਰੇਗਾ ਉਸ ਨੂੰ) ਕੁਦਰਤਿ ਵਿਚ ਵੱਸਦਾ ਰੱਬ ਆਪਣੀ ਅੱਖੀਂ ਦਿੱਸੇਗਾ, ਉਸ ਦੇ ਕੰਨਾਂ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸੇਗੀ, ਉਸ ਦੇ ਮੂੰਹ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ-ਨਾਮ ਹੀ ਬੋਲ ਹੋਵੇਗਾ।

ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥੩॥

ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਦਾ ਸੰਪੂਰਨ ਧਨ ਮਿਲ ਜਾਇਗਾ, ਅਡੋਲਤਾ ਵਿਚ ਸਦਾ ਉਸ ਦੀ ਸੁਰਤ ਟਿਕੀ ਰਹੇਗੀ ॥੩॥

ਮਾਹਾ ਰੁਤੀ ਆਵਣਾ ਵੇਖਹੁ ਕਰਮ ਕਮਾਇ ॥

(ਹਉਮੈ ਨੂੰ ਵਿਸਾਰਨ ਵਾਲੇ) ਕੰਮ ਕਰ ਕੇ ਵੇਖ ਲਵੋ, ਇਹ ਦੁਨੀਆ ਵਾਲੀਆਂ ਰੁੱਤਾਂ ਤੇ ਮਹੀਨੇ ਤਾਂ ਸਦਾ ਆਉਣ ਜਾਣ ਵਾਲੇ ਹਨ (ਪਰ ਉਹ ਸਦਾ ਦੇ ਖੇੜੇ ਵਾਲੀ ਆਤਮਕ ਅਵਸਥਾ ਵਾਲੀ ਰੁੱਤ ਕਦੇ ਲੋਪ ਨਹੀਂ ਹੋਵੇਗੀ)।

ਨਾਨਕ ਹਰੇ ਨ ਸੂਕਹੀ ਜਿ ਗੁਰਮੁਖਿ ਰਹੇ ਸਮਾਇ ॥੪॥੧॥

ਹੇ ਨਾਨਕ! ਜੇਹੜੇ ਬੰਦੇ ਗੁਰੂ ਦੇ ਦੱਸੇ ਰਸਤੇ ਤੁਰ ਕੇ ਪ੍ਰਭੂ-ਯਾਦ ਵਿਚ ਟਿਕੇ ਰਹਿੰਦੇ ਹਨ, ਉਹਨਾਂ ਦੀ ਆਤਮਾ ਸਦਾ ਖਿੜੀ ਰਹਿੰਦੀ ਹੈ ਤੇ ਉਹ ਖੇੜਾ ਕਦੇ ਸੁੱਕਦਾ ਨਹੀਂ ॥੪॥੧॥

ਮਹਲਾ ੧ ਬਸੰਤੁ ॥

ਰੁਤਿ ਆਈਲੇ ਸਰਸ ਬਸੰਤ ਮਾਹਿ ॥

ਹੇ ਪ੍ਰਭੂ! ਉਹਨਾਂ ਮਨੁੱਖਾਂ ਵਾਸਤੇ (ਇਹ ਮਨੁੱਖਾ ਜਨਮ, ਮਾਨੋ, ਬਸੰਤ ਦੀ) ਰੁੱਤ ਆਈ ਹੋਈ ਹੈ, ਉਹ (ਮਨੁੱਖਾ ਜਨਮ ਵਾਲੀ) ਇਸ ਰੁੱਤ ਵਿਚ ਸਦਾ ਖਿੜੇ ਰਹਿੰਦੇ ਹਨ,

ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥

ਜੇਹੜੇ ਬੰਦੇ ਤੇਰੇ ਪਿਆਰ-ਰੰਗ ਵਿਚ ਰੰਗੇ ਜਾਂਦੇ ਹਨ, ਜੇਹੜੇ ਤੈਨੂੰ ਸਿਮਰਦੇ ਹਨ, ਉਹ ਤੇਰੇ ਮਿਲਾਪ ਦੀ ਖ਼ੁਸ਼ੀ ਵਿਚ ਰਹਿੰਦੇ ਹਨ।

ਕਿਸੁ ਪੂਜ ਚੜਾਵਉ ਲਗਉ ਪਾਇ ॥੧॥

(ਲੋਕ ਬਸੰਤ ਰੁੱਤੇ ਖਿੜੇ ਹੋਏ ਫੁੱਲ ਲੈ ਕੇ ਕਈ ਦੇਵੀ ਦੇਵਤਿਆਂ ਦੀ ਭੇਟ ਚੜ੍ਹਾ ਕੇ ਪੂਜਾ ਕਰਦੇ ਹਨ। ਪਰ ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ, ਤੇਥੋਂ ਬਿਨਾ) ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ) ਭੇਟਾ ਕਰਾਂ? (ਤੈਥੋਂ ਬਿਨਾ) ਮੈਂ ਹੋਰ ਕਿਸ ਦੀ ਚਰਨੀਂ ਲੱਗਾ? ॥੧॥

ਤੇਰਾ ਦਾਸਨਿ ਦਾਸਾ ਕਹਉ ਰਾਇ ॥

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਸਿਮਰਦਾ ਹਾਂ।

ਜਗਜੀਵਨ ਜੁਗਤਿ ਨ ਮਿਲੈ ਕਾਇ ॥੧॥ ਰਹਾਉ ॥

ਹੇ ਜਗਤ ਦੇ ਜੀਵਨ ਪ੍ਰਭੂ! ਤੇਰੇ ਮਿਲਾਪ ਦੀ ਜੁਗਤੀ (ਤੇਰੇ ਦਾਸਾਂ ਤੋਂ ਬਿਨਾ) ਕਿਸੇ ਹੋਰ ਥਾਂ ਤੋਂ ਨਹੀਂ ਮਿਲ ਸਕਦੀ ॥੧॥ ਰਹਾਉ ॥

ਤੇਰੀ ਮੂਰਤਿ ਏਕਾ ਬਹੁਤੁ ਰੂਪ ॥

ਹੇ ਪ੍ਰਭੂ! ਤੇਰੀ ਹਸਤੀ ਇੱਕ ਹੈ, ਤੇਰੇ ਰੂਪ ਅਨੇਕਾਂ ਹਨ।

ਕਿਸੁ ਪੂਜ ਚੜਾਵਉ ਦੇਉ ਧੂਪ ॥

ਤੈਨੂੰ ਛੱਡ ਕੇ ਮੈਂ ਹੋਰ ਕਿਸ ਨੂੰ ਧੂਪ ਦਿਆਂ? ਤੈਨੂੰ ਛੱਡ ਕੇ ਮੈਂ ਹੋਰ ਕਿਸ ਦੀ ਪੂਜਾ ਵਾਸਤੇ (ਫੁੱਲ ਆਦਿਕ) ਭੇਟਾ ਧਰਾਂ?

ਤੇਰਾ ਅੰਤੁ ਨ ਪਾਇਆ ਕਹਾ ਪਾਇ ॥

ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।

ਤੇਰਾ ਦਾਸਨਿ ਦਾਸਾ ਕਹਉ ਰਾਇ ॥੨॥

ਹੇ ਪ੍ਰਕਾਸ਼-ਰੂਪ ਪ੍ਰਭੂ! ਮੈਂ ਤਾਂ ਤੇਰੇ ਦਾਸਾਂ ਦਾ ਦਾਸ ਬਣ ਕੇ ਤੈਨੂੰ ਹੀ ਸਿਮਰਦਾ ਹਾਂ ॥੨॥

ਤੇਰੇ ਸਠਿ ਸੰਬਤ ਸਭਿ ਤੀਰਥਾ ॥

ਤੇਰੇ ਸੱਠ ਸਾਲ (ਬ੍ਰਹਮਾ ਸ਼ਿਵ ਵਿਸ਼ਨੂੰ ਦੀਆਂ ਬੀਸੀਆਂ) ਹਨ ਤੇ ਸਾਰੇ ਤੀਰਥ-

ਤੇਰਾ ਸਚੁ ਨਾਮੁ ਪਰਮੇਸਰਾ ॥

ਹੇ ਪਰਮੇਸ਼ਰ! ਮੇਰੇ ਵਾਸਤੇ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਹੀ ਹੈ।

ਤੇਰੀ ਗਤਿ ਅਵਿਗਤਿ ਨਹੀ ਜਾਣੀਐ ॥

ਤੂੰ ਕਿਹੋ ਜਿਹਾ ਹੈਂ- ਇਹ ਗੱਲ ਸਮਝੀ ਨਹੀਂ ਜਾ ਸਕਦੀ, ਜਾਣੀ ਨਹੀਂ ਜਾ ਸਕਦੀ।

ਅਣਜਾਣਤ ਨਾਮੁ ਵਖਾਣੀਐ ॥੩॥

ਇਹ ਸਮਝਣ ਦਾ ਜਤਨ ਕਰਨ ਤੋਂ ਬਿਨਾ ਹੀ (ਤੇਰੇ ਦਾਸਾਂ ਦਾ ਦਾਸ ਬਣ ਕੇ) ਤੇਰਾ ਨਾਮ ਸਿਮਰਨਾ ਚਾਹੀਦਾ ਹੈ ॥੩॥

ਨਾਨਕੁ ਵੇਚਾਰਾ ਕਿਆ ਕਹੈ ॥

(ਨਿਰਾ ਮੈਂ ਨਾਨਕ ਹੀ ਨਹੀਂ ਆਖ ਰਿਹਾ ਕਿ ਤੂੰ ਬੇਅੰਤ ਹੈਂ) ਗ਼ਰੀਬ ਨਾਨਕ ਕੀਹ ਆਖ ਸਕਦਾ ਹੈ?

ਸਭੁ ਲੋਕੁ ਸਲਾਹੇ ਏਕਸੈ ॥

ਸਾਰਾ ਸੰਸਾਰ ਹੀ ਤੈਨੂੰ ਇੱਕ ਨੂੰ ਸਲਾਹ ਰਿਹਾ ਹੈ (ਤੇਰੀਆਂ ਸਿਫ਼ਤਾਂ ਕਰ ਰਿਹਾ ਹੈ)।

ਸਿਰੁ ਨਾਨਕ ਲੋਕਾ ਪਾਵ ਹੈ ॥

ਹੇ ਪ੍ਰਭੂ! ਜੇਹੜੇ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ, ਮੈਂ ਨਾਨਕ ਦਾ ਸਿਰ ਉਹਨਾਂ ਦੇ ਕਦਮਾਂ ਤੇ ਹੈ।

ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥੪॥੨॥

ਹੇ ਪ੍ਰਭੂ! ਜਿਤਨੇ ਭੀ ਤੇਰੇ ਨਾਮ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ (ਤੇਰੇ ਇਹ ਬੇਅੰਤ ਨਾਮ ਤੇਰੇ ਬੇਅੰਤ ਗੁਣਾਂ ਨੂੰ ਵੇਖ ਵੇਖ ਕੇ ਤੇਰੇ ਬੰਦਿਆਂ ਨੇ ਬਣਾਏ ਹਨ) ॥੪॥੨॥

ਬਸੰਤੁ ਮਹਲਾ ੧ ॥

ਸੁਇਨੇ ਕਾ ਚਉਕਾ ਕੰਚਨ ਕੁਆਰ ॥

(ਜੇ ਕੋਈ ਮਨੁੱਖ) ਸੋਨੇ ਦਾ ਚੌਂਕਾ (ਤਿਆਰ ਕਰੇ), ਸੋਨੇ ਦੇ ਹੀ (ਉਸ ਵਿਚ) ਭਾਂਡੇ (ਵਰਤੇ),

ਰੁਪੇ ਕੀਆ ਕਾਰਾ ਬਹੁਤੁ ਬਿਸਥਾਰੁ ॥

(ਚੌਂਕੇ ਨੂੰ ਸੁੱਚਾ ਰੱਖਣ ਲਈ ਉਸ ਦੇ ਦੁਆਲੇ) ਚਾਂਦੀ ਦੀਆਂ ਲਕੀਰਾਂ (ਪਾਏ) (ਤੇ ਸੁੱਚ ਵਾਸਤੇ) ਇਹੋ ਜੇਹੇ ਹੋਰ ਕਈ ਕੰਮਾਂ ਦਾ ਖਿਲਾਰਾ (ਖਿਲਾਰੇ);

ਗੰਗਾ ਕਾ ਉਦਕੁ ਕਰੰਤੇ ਕੀ ਆਗਿ ॥

(ਭੋਜਨ ਤਿਆਰ ਕਰਨ ਲਈ ਜੇ ਉਹ) ਗੰਗਾ ਦਾ (ਪਵਿੱਤ੍ਰ) ਜਲ (ਲਿਆਵੇ), ਤੇ ਅਰਣ ਦੀਆਂ ਲੱਕੜਾਂ ਦੀ ਅੱਗ (ਤਿਆਰ ਕਰੇ);

ਗਰੁੜਾ ਖਾਣਾ ਦੁਧ ਸਿਉ ਗਾਡਿ ॥੧॥

ਜੇ ਫਿਰ ਉਹ ਦੁੱਧ ਵਿਚ ਰਲਾ ਕੇ ਰਿਝੇ ਹੋਏ ਚਾਵਲਾਂ ਦਾ ਭੋਜਨ ਕਰੇ ॥੧॥

ਰੇ ਮਨ ਲੇਖੈ ਕਬਹੂ ਨ ਪਾਇ ॥

(ਤਾਂ ਭੀ) ਹੇ ਮਨ! ਅਜੇਹੀ ਸੁੱਚ ਦੇ ਕੋਈ ਭੀ ਅਡੰਬਰ ਪਰਵਾਨ ਨਹੀਂ ਹੁੰਦੇ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430