ਹੇ ਮਾਂ! ਮਿਹਰ ਕਰ ਕੇ (ਜਿਨ੍ਹਾਂ ਨੂੰ ਪਰਮਾਤਮਾ ਨੇ) ਆਪਣੇ ਬਣਾ ਲਿਆ, ਉਹਨਾਂ ਦੇ ਅੰਦਰ ਪ੍ਰਭੂ ਦੇ ਦਰਸਨ ਦੀ ਤਾਂਘ ਪੈਦਾ ਹੋ ਜਾਂਦੀ ਹੈ,
ਉਹ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ, (ਉਹਨਾਂ ਦੇ ਅੰਦਰੋਂ ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜੀ ਟੇਕ ਮੁੱਕ ਜਾਂਦੀ ਹੈ ॥੧॥
ਜਿਨ੍ਹਾਂ ਨੂੰ ਸੰਤ ਜਨਾਂ ਨੇ (ਸਹੀ ਜੀਵਨ-) ਰਾਹ ਦੱਸ ਦਿੱਤਾ, ਉਹਨਾਂ ਨੂੰ ਉਹਨਾਂ ਨੇ ਵੱਡੇ ਸੰਘਣੇ ਜੰਗਲ (ਵਰਗੇ ਸੰਸਾਰ-ਬਨ) ਤੋਂ ਬਾਹਰ ਕੱਢ ਲਿਆ।
(ਪਰਮਾਤਮਾ ਦਾ) ਦਰਸਨ ਕਰ ਕੇ ਉਹਨਾਂ ਮਨੁੱਖਾਂ ਦੇ ਸਾਰੇ ਹੀ ਪਾਪ ਨਾਸ ਹੋ ਗਏ, ਹੇ ਨਾਨਕ! ਉਹਨਾਂ ਨੇ ਪ੍ਰਭੂ ਦਾ ਨਾਮ-ਰਤਨ ਲੱਭ ਲਿਆ ॥੨॥੧੦੦॥੧੨੩॥
ਹੇ ਮਾਂ! (ਮੇਰਾ ਮਨ ਪ੍ਰੀਤਮ ਪ੍ਰਭੂ ਦੇ) ਪਿਆਰ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ।
ਮੇਰੇ ਮਨ ਵਿਚ ਉਸ ਦੇ ਦਰਸਨ ਦੀ ਲਗਨ ਲੱਗੀ ਰਹਿੰਦੀ ਹੈ, ਉਸ ਸੋਹਣੇ (ਦੇ ਦਰਸਨ) ਦੀ ਤਾਂਘ ਬਣੀ ਰਹਿੰਦੀ ਹੈ (ਇਹ ਲਗਨ ਇਹ ਤਾਂਘ ਐਸੀ ਹੈ ਕਿ ਇਸ ਨੂੰ) ਕੋਈ ਤੋੜ ਨਹੀਂ ਸਕਦਾ ॥੧॥ ਰਹਾਉ ॥
ਹੇ ਮਾਂ! ਹੁਣ ਮੇਰੇ ਵਾਸਤੇ ਪ੍ਰਭੂ ਪ੍ਰੀਤਮ ਹੀ ਜਿੰਦ ਹੈ, ਆਸਰਾ ਹੈ, ਇੱਜ਼ਤ ਹੈ, ਪਿਤਾ ਹੈ, ਪੁੱਤਰ ਹੈ, ਸਨਬੰਧੀ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਉਹੀ ਹੈ।
ਜਿਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਹੋਰ ਨਾਲ ਸਾਂਝ ਬਣਾਈ ਰੱਖਦਾ ਹੈ, ਉਸ ਦਾ ਸਰੀਰ ਫਿਟਕਾਰ-ਜੋਗ ਹੋ ਜਾਂਦਾ ਹੈ (ਕਿਉਂਕਿ ਫਿਰ ਇਹ ਮਨੁੱਖਾ ਸਰੀਰ ਨਿਰਾ) ਹੱਡੀਆਂ ਗੰਦ ਅਤੇ ਕਿਰਮ ਹੀ ਹੈ ॥੧॥
ਜਿਸ ਨਾਲ ਕੋਈ ਮੁੱਢ-ਕਦੀਮਾਂ ਦਾ ਜੋੜ ਹੁੰਦਾ ਹੈ, ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ,
ਹੇ ਨਾਨਕ! ਉਹ ਮਨੁੱਖ ਦਇਆ ਦੇ ਖ਼ਜ਼ਾਨੇ ਮਿਹਰ ਦੇ ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਤੇ, ਉਸ ਦੀ ਹੋਰ (ਸਾਰੀ) ਮੁਥਾਜੀ ਮੁੱਕ ਜਾਂਦੀ ਹੈ ॥੨॥੧੦੧॥੧੨੪॥
ਪਰਮਾਤਮਾ ਦੀ ਲਗਨ (ਹਿਰਦੇ ਵਿਚ ਬਣਾ), ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ-ਇਹ ਇਕ ਸੋਹਣੀ (ਕਾਰ) ਹੈ।
ਸੋਹਣੇ ਮਾਲਕ-ਪ੍ਰਭੂ ਦੇ ਸੋਹਣੇ ਚਰਨ ਜਪਦਿਆਂ ਮਨੁੱਖ ਭਲਾ ਨੇਕ ਬਣ ਜਾਂਦਾ ਹੈ ॥੧॥ ਰਹਾਉ ॥
ਜਗਤ ਦੇ ਪਾਲਣਹਾਰ ਪ੍ਰਭੂ ਦੇ ਦਰਸਨ ਦੀ ਤਾਂਘ ਮਨ ਵਿਚ ਵਸਾਂਦਾ ਹੋਇਆ (ਭਾਵ, ਵਸਾ ਕੇ) (ਆਪਣੇ ਅੰਦਰੋਂ ਸਾਰੇ) ਪਾਪ ਧੋ ਕੇ ਦੂਰ ਕਰ ਲੈ।
(ਜੇ ਤੂੰ ਹਰਿ-ਦਰਸਨ ਦੀ ਤਾਂਘ ਆਪਣੇ ਅੰਦਰ ਪੈਦਾ ਕਰੇਂਗਾ ਤਾਂ) ਪਰਮਾਤਮਾ (ਤੇਰੇ ਅੰਦਰੋਂ) ਜਨਮ ਮਰਨ ਦੇ (ਸਾਰੀ ਉਮਰ ਦੇ) ਵਿਕਾਰਾਂ ਦੇ ਫੁੱਟ ਰਹੇ ਬੀਜ ਕੱਟ ਕੇ ਨਾਸ ਕਰ ਦੇਵੇਗਾ ॥੧॥
ਇਹ ਦਾਤ ਕੋਈ ਉਹ ਵਿਰਲਾ ਮਨੁੱਖ ਹਾਸਲ ਕਰਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਸਮੇ ਤੋਂ (ਇਹ ਲੇਖ) ਲਿਖਿਆ ਹੁੰਦਾ ਹੈ।
ਹੇ ਨਾਨਕ! ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਉਸ ਕਰਤਾਰ ਗੋਪਾਲ ਦੇ ਗੁਣ ਗਾਣੇ (ਇਹ ਸੋਹਣੀ ਕਾਰ ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਹੈ) ॥੨॥੧੦੨॥੧੨੫॥
ਪਰਮਾਤਮਾ ਦਾ ਨਾਮ ਸਿਮਰਨ (ਵਲ ਪ੍ਰੇਰਨ) ਵਾਲੀ ਅਕਲ (ਹੋਰ ਹੋਰ ਕੰਮਾਂ ਵਲ ਪ੍ਰੇਰਨ ਵਾਲੀਆਂ ਅਕਲਾਂ ਨਾਲੋਂ) ਸ੍ਰੇਸ਼ਟ ਹੈ।
ਜਿਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਆਹਰਾਂ ਵਿਚ ਸਦਾ ਰੁੱਝੇ ਰਹਿੰਦੇ ਹਨ ਉਹਨਾਂ ਦੇ ਸਾਰੇ ਖਿਲਾਰੇ (ਆਖ਼ਿਰ) ਵਿਅਰਥ ਜਾਂਦੇ ਹਨ ॥੧॥ ਰਹਾਉ ॥
ਸਾਧ ਸੰਗਤ ਵਿਚ (ਟਿਕ ਕੇ) ਮਾਲਕ-ਪ੍ਰਭੂ ਦਾ ਭਜਨ ਕਰਿਆ ਕਰ (ਸਿਮਰਨ ਦੀ ਬਰਕਤਿ ਨਾਲ) ਸਾਰੇ ਪਾਪ ਨਾਸ ਹੋ ਜਾਂਦੇ ਹਨ।
ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਵਸਾਈ ਰੱਖ, ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ ॥੧॥
ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਦੀ ਪ੍ਰਭੂ ਰੱਖਿਆ ਕਰਦਾ ਹੈ, ਉਹਨਾਂ ਨੂੰ ਆਪਣੇ ਨਾਮ ਦਾ ਹੀ ਸਹਾਰਾ ਦੇਂਦਾ ਹੈ।
ਹੇ ਨਾਨਕ! ਦਿਨ ਰਾਤ ਸਦਾ ਸਿਮਰਨ ਕਰਦਿਆਂ ਉਹਨਾਂ ਦੇ ਮੂੰਹ ਪ੍ਰਭੂ ਦੇ ਦਰਬਾਰ ਵਿਚ ਉਜਲੇ ਹੋ ਜਾਂਦੇ ਹਨ ॥੨॥੧੦੩॥੧੨੬॥
(ਹੇ ਜਿੰਦੇ! ਜੇ ਤੂੰ ਪਰਮਾਤਮਾ ਦੇ ਗੁਣ ਗਾਵੇਂ, ਤਾਂ) ਤੂੰ ਪਰਮਾਤਮਾ ਦੇ ਦਰ ਤੇ ਜ਼ਰੂਰ ਸਤਕਾਰ ਹਾਸਲ ਕਰੇਂਗੀ।
(ਜਿਸ ਜੀਵ-ਇਸਤ੍ਰੀ ਨੇ) ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਦੇ ਅੰਦਰੋਂ ਹਉਮੈ ਵਾਲੀ ਮੱਤ ਸਾਰੀ ਮੁੱਕ ਗਈ ॥੧॥ ਰਹਾਉ ॥
ਹੇ ਜਿੰਦੇ! ਪ੍ਰਭੂ ਨੇ ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਆਪਣੀ ਬਣਾ ਲਿਆ, ਉਹ ਗੁਰੂ ਦੇ ਸਨਮੁਖ ਰਹਿ ਕੇ ਆਤਮਕ ਜੀਵਨ ਦੀ ਪੂਰੀ ਸੂਝ ਵਾਲੀ ਹੋ ਗਈ।
ਉਸ ਦੇ ਹਿਰਦੇ ਵਿਚ ਸਾਰੇ ਸੁਖ ਅਨੇਕਾਂ ਆਨੰਦ ਪੈਦਾ ਹੋ ਗਏ, ਉਸ ਦੀ ਸੁਰਤ ਮਾਲਕ-ਪ੍ਰਭੂ ਦੇ ਦਰਸਨ ਵਿਚ ਜੁੜਨ ਲੱਗ ਪਈ ॥੧॥
ਹੇ ਜਿੰਦੇ! ਜਿਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਚਰਨਾਂ ਵਿਚ ਟਿਕਣ ਲੱਗ ਪਈ, ਉਹ ਸਦਾ ਲਈ ਸੁਹਾਗ-ਭਾਗ ਵਾਲੀ ਹੋ ਗਈ, ਉਹੀ ਸਾਰੇ ਜਗਤ ਵਿਚ ਪਰਗਟ ਹੋ ਗਈ।
ਹੇ ਨਾਨਕ! ਮੈਂ ਉਸ ਜੀਵ-ਇਸਤ੍ਰੀ ਤੋਂ ਸਦਕੇ ਹਾਂ ਜਿਹੜੀ ਪਿਆਰੇ ਪ੍ਰਭੂ ਦੇ ਕੌਤਕਾਂ ਦੇ ਰੰਗ ਵਿਚ ਰੰਗੀ ਰਹਿੰਦੀ ਹੈ ॥੨॥੧੦੪॥੧੨੭॥
ਹੇ ਈਸ਼੍ਵਰ! (ਅਸਾਂ ਜੀਵਾਂ ਨੂੰ) ਤੇਰੇ ਚਰਨਾਂ ਦਾ (ਹੀ) ਆਸਰਾ ਹੈ।
ਤੂੰ ਹੀ (ਸਾਡਾ) ਜਾਣੂ-ਪਛਾਣੂ ਹੈਂ, ਤੇਰੇ ਨਾਲ ਹੀ ਸਾਡਾ ਮੇਲ-ਮਿਲਾਪ ਹੈ। ਹੇ ਜਗਤ ਦੇ ਈਸ਼੍ਵਰ! ਤੂੰ ਹੀ (ਸਾਡੀ) ਰੱਖਿਆ ਕਰ ਸਕਣ ਵਾਲਾ ਹੈਂ ॥ ਰਹਾਉ॥
ਹੇ ਪ੍ਰਭੂ! ਹਰੇਕ ਜੀਵ ਇਹੀ ਆਖਦਾ ਹੈ ਕਿ ਤੂੰ ਸਾਡਾ ਹੈਂ ਅਸੀਂ ਤੇਰੇ ਹਾਂ, ਤੂੰ ਹੀ ਇਸ ਲੋਕ ਤੇ ਪਰਲੋਕ ਵਿਚ ਸਾਡਾ ਰਾਖਾ ਹੈਂ।
ਹੇ ਮਾਲਕ-ਪ੍ਰਭੂ! ਤੂੰ ਹੀ ਬੇਅੰਤ ਹੈਂ, ਪਰੇ ਤੋਂ ਪਰੇ ਹੈਂ। ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਇਹ ਗੱਲ ਸਮਝੀ ਹੈ ॥੧॥
ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, ਸਾਡੇ ਬੋਲਣ ਤੋਂ ਬਿਨਾ, ਸਾਡੇ ਆਖਣ-ਅਖਾਣ ਤੋਂ ਬਿਨਾ (ਸਾਡੀ ਲੋੜ) ਜਾਣ ਲੈਂਦਾ ਹੈ।
ਨਾਨਕ (ਆਖਦਾ ਹੈ ਕਿ ਹੇ ਭਾਈ!) ਉਹ ਪ੍ਰਭੂ ਜਿਨ੍ਹਾਂ ਨੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ, ਉਹ ਮਨੁੱਖ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪ੍ਰਾਪਤ ਕਰਦੇ ਹਨ ॥੨॥੧੦੫॥੧੨੮॥