ਕੰਨਾਂ ਨਾਲ ਦਿਨ ਰਾਤ ਤੇਰੀ ਸਿਫ਼ਤ-ਸਾਲਾਹ ਸੁਣਦਾ ਰਹਾਂ, ਅਤੇ ਹਿਰਦੇ ਵਿਚ ਤੂੰ ਮੈਨੂੰ ਪਿਆਰਾ ਲੱਗਦਾ ਰਹੇਂ ॥੩॥
ਜਦੋਂ ਗੁਰੂ ਨੇ ਕਾਮਾਦਿਕ ਪੰਜਾਂ ਨੂੰ (ਕਿਸੇ ਵਡ-ਭਾਗੀ ਦੇ) ਵੱਸ ਵਿਚ ਕਰ ਦਿੱਤਾ, ਤਦੋਂ ਬਿਰਹੋਂ ਅਵਸਥਾ ਵਿਚ ਅੱਪੜ ਕੇ ਉਸ ਦੀ ਸੁਰਤ ਹਰਿ-ਨਾਮ ਵਿਚ ਜੁੜ ਜਾਂਦੀ ਹੈ।
ਦਾਸ ਨਾਨਕ ਆਖਦਾ ਹੈ- (ਹੇ ਭਾਈ!) ਜਿਸ ਮਨੁੱਖ ਉਤੇ ਪ੍ਰਭੂ ਨੇ ਮਿਹਰ ਕੀਤੀ, ਪ੍ਰਭੂ ਦੇ ਨਾਮ ਵਿਚ ਹੀ ਉਸ ਦੀ ਲੀਨਤਾ ਹੋ ਗਈ ॥੪॥੫॥
ਹੇ (ਮੇਰੇ) ਮਨ! ਪਰਮਾਤਮਾ ਦਾ ਨਾਮ ਜਪਿਆ ਕਰ, ਪਰਮਾਤਮਾ ਦਾ ਨਾਮ ਪੜ੍ਹਿਆ ਕਰ, (ਇਹੀ) ਸ੍ਰੇਸ਼ਟ (ਕੰਮ ਹੈ)।
ਹੇ ਮਨ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਇਥੇ) ਸਦਾ ਕਾਇਮ ਰਹਿਣ ਵਾਲਾ ਨਹੀਂ ਹੈ। ਹੋਰ ਸਾਰਾ ਖਿਲਾਰਾ ਐਸਾ ਹੈ ਜਿਸ ਤੋਂ (ਆਤਮਕ ਜੀਵਨ ਵਾਸਤੇ) ਕੋਈ ਫਲ ਨਹੀਂ ਮਿਲਦਾ ॥੧॥ ਰਹਾਉ ॥
ਹੇ ਕਮਲੇ ਮਨ! ਜੋ ਕੁਝ (ਜਗਤ ਵਿਚ) ਦਿੱਸ ਰਿਹਾ ਹੈ ਉਹ (ਸਭ) ਨਾਸਵੰਤ ਹੈ, ਇਸ ਵਿਚੋਂ ਨਾਹ ਕੁਝ ਆਪਣਾ ਬਣਾਇਆ ਜਾ ਸਕਦਾ ਹੈ ਨਾਹ ਛੱਡਿਆ ਜਾ ਸਕਦਾ ਹੈ।
ਹੇ ਕਮਲੇ! ਜਿਸ ਮਾਇਆ ਨੂੰ ਤੂੰ ਆਪਣੀ ਸਮਝੀ ਬੈਠਾ ਹੈਂ, ਉਹ ਤਾਂ ਛੱਡ ਜਾਹਿਂਗਾ, (ਉਸ ਦੀ ਖ਼ਾਤਰ ਕੀਤੇ ਪਾਪਾਂ ਦਾ) ਭਾਰ ਹੀ ਆਪਣੇ ਸਿਰ ਉੱਤੇ (ਲੈ ਜਾਹਿਂਗਾ) ॥੧॥
ਰਤਾ ਰਤਾ ਕਰ ਕੇ ਪਲ ਪਲ ਕਰ ਕੇ ਉਮਰ ਘਟਦੀ ਜਾਂਦੀ ਹੈ, ਪਰ ਮੂਰਖ ਮਨੁੱਖ (ਇਹ ਗੱਲ) ਸਮਝ ਨਹੀਂ ਸਕਦਾ।
(ਮੂਰਖ) ਉਹੀ ਕੁਝ ਕਰਦਾ ਰਹਿੰਦਾ ਹੈ ਜੋ (ਅੰਤ ਵੇਲੇ) ਇਸ ਦੇ ਨਾਲ ਨਹੀਂ ਜਾਂਦਾ। ਪਰਮਾਤਮਾ ਨਾਲੋਂ ਟੁੱਟੇ ਮਨੁੱਖ ਦਾ ਸਦਾ ਇਹੀ ਕਰਤੱਬ ਰਹਿੰਦਾ ਹੈ ॥੨॥
ਹੇ ਕਮਲੇ! ਸੰਤ ਜਨਾਂ ਨਾਲ ਮਿਲ ਬੈਠਿਆ ਕਰ, ਤਦੋਂ ਹੀ ਤੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਸਕੇਂਗਾ।
ਬੇਸ਼ੱਕ ਵੇਦ (ਆਦਿਕ ਹੋਰ ਧਰਮ-ਪੁਸਤਕਾਂ) ਦਾ ਭੀ ਵਿਚਾਰ ਜਾ ਕੇ ਪੁੱਛ ਵੇਖੋ (ਸਭ ਇਹੀ ਦੱਸਣਗੇ ਕਿ) ਸਾਧ ਸੰਗਤ ਤੋਂ ਬਿਨਾ ਕਿਸੇ ਨੇ ਭੀ ਆਤਮਕ ਆਨੰਦ ਨਹੀਂ ਲੱਭਾ ॥੩॥
ਕੋਈ ਰਾਜਾ ਹੋਵੇ ਪਾਤਿਸ਼ਾਹ ਹੋਵੇ, ਹਰ ਕੋਈ (ਇਥੋਂ ਆਖ਼ਰ) ਤੁਰ ਪੈਂਦਾ ਹੈ, ਇਸ ਨਾਸਵੰਤ ਜਗਤ-ਖਿਲਾਰੇ ਨੂੰ ਛੱਡ ਜਾਂਦਾ ਹੈ।
ਹੇ ਨਾਨਕ! ਪਰਮਾਤਮਾ ਦਾ ਨਾਮ ਜਿਨ੍ਹਾਂ ਨੇ ਆਪਣੇ ਜੀਵਨ ਦਾ ਆਸਰਾ ਬਣਾਇਆ ਹੈ ਉਹ ਸੰਤ ਜਨ (ਇਸ ਮੋਹਨੀ ਮਾਇਆ ਦੇ ਪਸਾਰੇ ਵਿਚ) ਅਡੋਲ-ਚਿੱਤ ਰਹਿੰਦੇ ਹਨ ॥੪॥੬॥
ਰਾਗ ਸਾਰੰਗ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪੁੱਤਰ! (ਦੁਨੀਆ ਦੇ ਧਨ ਦੀ ਖ਼ਾਤਰ) ਪਿਤਾ ਨਾਲ ਕਿਉਂ ਝਗੜਾ ਕਰਦੇ ਹੋ?
ਹੇ ਪੁੱਤਰ! ਜਿਨ੍ਹਾਂ ਮਾਪਿਆਂ ਨੇ ਜੰਮਿਆ ਤੇ ਪਾਲਿਆ ਹੁੰਦਾ ਹੈ, ਉਹਨਾਂ ਨਾਲ (ਧਨ ਦੀ ਖ਼ਾਤਰ) ਝਗੜਾ ਕਰਨਾ ਮਾੜਾ ਕੰਮ ਹੈ ॥੧॥ ਰਹਾਉ ॥
ਹੇ ਪੁੱਤਰ! ਜਿਸ ਧਨ ਦਾ ਤੁਸੀਂ ਮਾਣ ਕਰਦੇ ਹੋ, ਉਹ ਧਨ (ਕਦੇ ਭੀ) ਕਿਸੇ ਦਾ ਆਪਣਾ ਨਹੀਂ ਬਣਿਆ।
ਹਰੇਕ ਮਨੁੱਖ ਮਾਇਆ ਦਾ ਚਸਕਾ (ਅੰਤ ਵੇਲੇ) ਇਕ ਖਿਨ ਵਿਚ ਹੀ ਛੱਡ ਜਾਂਦਾ ਹੈ (ਜਦੋਂ ਛੱਡਦਾ ਹੈ) ਤਦੋਂ ਉਸ ਨੂੰ (ਛੱਡਣ ਦਾ) ਹਾਹੁਕਾ ਲੱਗਦਾ ਹੈ ॥੧॥
ਹੇ ਪੁੱਤਰ! ਜਿਹੜੇ ਪ੍ਰਭੂ ਜੀ ਤੁਹਾਡੇ (ਸਾਡੇ ਸਭਨਾਂ ਦੇ) ਮਾਲਕ ਹਨ, ਉਹਨਾਂ ਦੇ ਨਾਮ ਦਾ ਜਾਪ ਜਪਿਆ ਕਰੋ।
ਹੇ ਨਾਨਕ! (ਆਖ-ਹੇ ਪੁੱਤਰ!) ਪ੍ਰਭੂ ਦੇ ਦਾਸ ਜਿਹੜਾ ਉਪਦੇਸ਼ ਤੁਹਾਨੂੰ ਕਰਦੇ ਹਨ ਜੇ ਤੁਸੀਂ ਉਹ ਉਪਦੇਸ਼ (ਧਿਆਨ ਨਾਲ) ਸੁਣੋ ਤਾਂ (ਤੁਹਾਡੇ ਅੰਦਰੋਂ) ਮਾਨਸਕ ਦੁੱਖ-ਕਲੇਸ਼ ਦੂਰ ਹੋ ਜਾਏ ॥੨॥੧॥੭॥
ਰਾਗ ਸਾਰੰਗ, ਘਰ ੫ ਵਿੱਚ ਗੁਰੂ ਰਾਮਦਾਸ ਜੀ ਦੀ ਦੋ-ਬੰਦਾਂ ਵਾਲੀ ਬਾਣੀ 'ਪੜਤਾਲ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ (ਮੇਰੇ) ਮਨ! ਜਗਤ ਦੇ ਮਾਲਕ ਪਰਮਾਤਮਾ ਦਾ ਨਾਮ ਜਪਿਆ ਕਰ (ਉਸ ਦਾ ਨਾਮ ਜਪਿਆਂ ਉਸ) ਮਨ ਦੇ ਮੋਹਣ ਵਾਲੇ ਪਰਮਾਤਮਾ ਨਾਲ ਪਿਆਰ ਬਣ ਜਾਂਦਾ ਹੈ। ਮੈਨੂੰ ਤਾਂ ਸਾਰਾ ਦਿਨ ਸਾਰੀ ਰਾਤ ਉਸੇ ਪਰਮਾਤਮਾ ਦਾ ਹੀ ਸਹਾਰਾ ਹੈ ॥੧॥ ਰਹਾਉ ॥