ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 355


ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥੫॥੧੯॥

ਨਾਨਕ ਆਖਦਾ ਹੈ- ਪਰਮਾਤਮਾ ਜ਼ਿੰਦਗੀ ਦੇਣ ਵਾਲਾ ਹੈ (ਉਸੇ ਦੀ ਹਜ਼ੂਰੀ ਵਿਚ ਅਰਦਾਸ ਕਰਨੀ ਚਾਹੀਦੀ ਹੈ ਕਿ) ਹੇ ਪ੍ਰਭੂ! ਜਿਥੇ ਤੇਰੀ ਰਜ਼ਾ ਹੈ ਉਥੇ ਸਾਨੂੰ ਰੱਖ (ਭਾਵ, ਆਪਣੀ ਰਜ਼ਾ ਵਿਚ ਰੱਖ ਤੇ ਸਿਮਰਨ ਦੀ ਦਾਤਿ ਬਖ਼ਸ਼ ॥੫॥੧੯॥

ਆਸਾ ਮਹਲਾ ੧ ॥

ਕਾਇਆ ਬ੍ਰਹਮਾ ਮਨੁ ਹੈ ਧੋਤੀ ॥

(ਨਾਮ ਦੀ ਬਰਕਤਿ ਨਾਲ ਵਿਕਾਰਾਂ ਤੋਂ ਬਚਿਆ ਹੋਇਆ) ਮਨੁੱਖਾ ਸਰੀਰ ਹੀ (ਉੱਚ-ਜਾਤੀਆ) ਬ੍ਰਾਹਮਣ ਹੈ, (ਪਵਿਤ੍ਰ ਹੋਇਆ) ਮਨ (ਬ੍ਰਾਹਮਣ ਦੀ) ਧੋਤੀ ਹੈ।

ਗਿਆਨੁ ਜਨੇਊ ਧਿਆਨੁ ਕੁਸਪਾਤੀ ॥

ਪਰਮਾਤਮਾ ਨਾਲ ਡੂੰਘੀ ਜਾਣ-ਪਛਾਣ ਜਨੇਊ ਹੈ ਤੇ ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੱਭ ਦਾ ਛੱਲਾ।

ਹਰਿ ਨਾਮਾ ਜਸੁ ਜਾਚਉ ਨਾਉ ॥

ਮੈਂ ਤਾਂ (ਹੇ ਪਾਂਡੇ!) ਪਰਮਾਤਮਾ ਦਾ ਨਾਮ ਹੀ (ਦੱਛਣਾ) ਮੰਗਦਾ ਹਾਂ, ਸਿਫ਼ਤਿ-ਸਾਲਾਹ ਹੀ ਮੰਗਦਾ ਹਾਂ,

ਗੁਰਪਰਸਾਦੀ ਬ੍ਰਹਮਿ ਸਮਾਉ ॥੧॥

ਤਾਕਿ ਗੁਰੂ ਦੀ ਕਿਰਪਾ ਨਾਲ (ਨਾਮ ਸਿਮਰ ਕੇ) ਪਰਮਾਤਮਾ ਵਿਚ ਲੀਨ ਰਹਾਂ ॥੧॥

ਪਾਂਡੇ ਐਸਾ ਬ੍ਰਹਮ ਬੀਚਾਰੁ ॥

ਹੇ ਪਾਂਡੇ! ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ।

ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥੧॥ ਰਹਾਉ ॥

ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੈ, ਮੈਂ ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਪੜ੍ਹਦਾ ਹਾਂ, ਪ੍ਰਭੂ ਦੇ ਨਾਮ ਵਿਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ ॥੧॥ ਰਹਾਉ ॥

ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥

(ਹੇ ਪਾਂਡੇ!) ਬਾਹਰਲਾ ਜਨੇਊ ਉਤਨਾ ਚਿਰ ਹੀ ਹੈ, ਜਿਤਨਾ ਚਿਰ ਜੋਤਿ ਸਰੀਰ ਵਿਚ ਮੌਜੂਦ ਹੈ (ਫਿਰ ਇਹ ਕਿਸ ਕੰਮ?)।

ਧੋਤੀ ਟਿਕਾ ਨਾਮੁ ਸਮਾਲਿ ॥

ਪ੍ਰਭੂ ਦਾ ਨਾਮ ਹਿਰਦੇ ਵਿਚ ਸਾਂਭ-ਇਹੀ ਹੈ ਧੋਤੀ ਇਹੀ ਹੈ ਟਿੱਕਾ।

ਐਥੈ ਓਥੈ ਨਿਬਹੀ ਨਾਲਿ ॥

ਇਹ ਨਾਮ ਹੀ ਲੋਕ ਪਰਲੋਕ ਵਿਚ ਸਾਥ ਨਿਭਾਹੁੰਦਾ ਹੈ।

ਵਿਣੁ ਨਾਵੈ ਹੋਰਿ ਕਰਮ ਨ ਭਾਲਿ ॥੨॥

(ਹੇ ਪਾਂਡੇ!) ਨਾਮ ਵਿਸਾਰ ਕੇ ਹੋਰ ਹੋਰ ਧਾਰਮਿਕ ਰਸਮਾਂ ਨਾਹ ਭਾਲਦਾ ਫਿਰ ॥੨॥

ਪੂਜਾ ਪ੍ਰੇਮ ਮਾਇਆ ਪਰਜਾਲਿ ॥

(ਨਾਮ ਵਿਚ ਜੁੜ ਕੇ) ਮਾਇਆ ਦਾ ਮੋਹ (ਆਪਣੇ ਅੰਦਰੋਂ) ਚੰਗੀ ਤਰ੍ਹਾਂ ਸਾੜ ਦੇ-ਇਹੀ ਹੈ ਦੇਵ-ਪੂਜਾ।

ਏਕੋ ਵੇਖਹੁ ਅਵਰੁ ਨ ਭਾਲਿ ॥

ਹਰ ਥਾਂ ਇਕ ਪਰਮਾਤਮਾ ਨੂੰ ਵੇਖ, (ਹੇ ਪਾਂਡੇ!) ਉਸ ਤੋਂ ਬਿਨਾ ਕਿਸੇ ਹੋਰ ਦੇਵਤੇ ਨੂੰ ਨਾਹ ਲੱਭਦਾ ਰਹੁ।

ਚੀਨੑੈ ਤਤੁ ਗਗਨ ਦਸ ਦੁਆਰ ॥

ਜੇਹੜਾ ਮਨੁੱਖ ਹਰ ਥਾਂ ਵਿਆਪਕ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਸ ਨੇ ਮਾਨੋ ਦਸਵੇਂ ਦੁਆਰ ਵਿਚ ਸਮਾਧੀ ਲਾਈ ਹੋਈ ਹੈ।

ਹਰਿ ਮੁਖਿ ਪਾਠ ਪੜੈ ਬੀਚਾਰ ॥੩॥

ਜੋ ਮਨੁੱਖ ਪ੍ਰਭੂ ਦੇ ਨਾਮ ਨੂੰ ਸਦਾ ਆਪਣੇ ਮੂੰਹ ਵਿਚ ਰੱਖਦਾ ਹੈ (ਉਚਾਰਦਾ), ਉਹ (ਵੇਦ ਆਦਿਕ ਪੁਸਤਕਾਂ ਦੇ) ਵਿਚਾਰ ਪੜ੍ਹ ਰਿਹਾ ਹੈ ॥੩॥

ਭੋਜਨੁ ਭਾਉ ਭਰਮੁ ਭਉ ਭਾਗੈ ॥

(ਹੇ ਪਾਂਡੇ! ਪ੍ਰਭੂ-ਚਰਨਾਂ ਨਾਲ) ਪ੍ਰੀਤ (ਜੋੜ, ਇਹ) ਹੈ (ਮੂਰਤੀ ਨੂੰ) ਭੋਗ, (ਇਸ ਦੀ ਬਰਕਤਿ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਡਰ ਲਹਿ ਜਾਂਦਾ ਹੈ।

ਪਾਹਰੂਅਰਾ ਛਬਿ ਚੋਰੁ ਨ ਲਾਗੈ ॥

ਪ੍ਰਭੂ-ਰਾਖੇ ਦਾ ਤੇਜ (ਆਪਣੇ ਅੰਦਰ ਪ੍ਰਕਾਸ਼ ਕਰ) ਕੋਈ ਕਾਮਾਦਿਕ ਚੋਰ ਨੇੜੇ ਨਹੀਂ ਢੁਕਦਾ।

ਤਿਲਕੁ ਲਿਲਾਟਿ ਜਾਣੈ ਪ੍ਰਭੁ ਏਕੁ ॥

ਜੋ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ ਉਸ ਨੇ, ਮਾਨੋ, ਮੱਥੇ ਉਤੇ ਤਿਲਕ ਲਾਇਆ ਹੋਇਆ ਹੈ।

ਬੂਝੈ ਬ੍ਰਹਮੁ ਅੰਤਰਿ ਬਿਬੇਕੁ ॥੪॥

ਜੋ ਆਪਣੇ ਅੰਦਰ-ਵੱਸਦੇ ਪ੍ਰਭੂ ਨੂੰ ਪਛਾਣਦਾ ਹੈ ਉਹ ਚੰਗੇ ਮੰਦੇ ਕੰਮ ਦੀ ਪਰਖ ਸਿੱਖ ਲੈਂਦਾ ਹੈ (ਇਹੀ ਹੈ ਅਸਲ ਬਿਬੇਕ) ॥੪॥

ਆਚਾਰੀ ਨਹੀ ਜੀਤਿਆ ਜਾਇ ॥

(ਹੇ ਪਾਂਡੇ!) ਪਰਮਾਤਮਾ ਨਿਰੀਆਂ ਧਾਰਮਿਕ ਰਸਮਾਂ ਨਾਲ ਵੱਸ ਵਿਚ ਨਹੀਂ ਕੀਤਾ ਜਾ ਸਕਦਾ,

ਪਾਠ ਪੜੈ ਨਹੀ ਕੀਮਤਿ ਪਾਇ ॥

ਵੇਦ ਆਦਿਕ ਪੁਸਤਕਾਂ ਦੇ ਪਾਠ ਪੜ੍ਹਿਆਂ ਭੀ ਉਸ ਦੀ ਕਦਰ ਨਹੀਂ ਪੈ ਸਕਦੀ।

ਅਸਟ ਦਸੀ ਚਹੁ ਭੇਦੁ ਨ ਪਾਇਆ ॥

ਜਿਸ ਪਰਮਾਤਮਾ ਦਾ ਭੇਦ ਅਠਾਰਾਂ ਪੁਰਾਣਾਂ ਤੇ ਚਾਰ ਵੇਦਾਂ ਨੇ ਨਾਹ ਲੱਭਾ,

ਨਾਨਕ ਸਤਿਗੁਰਿ ਬ੍ਰਹਮੁ ਦਿਖਾਇਆ ॥੫॥੨੦॥

ਹੇ ਨਾਨਕ! ਸਤਿਗੁਰੂ ਨੇ (ਸਾਨੂੰ) ਉਹ (ਅੰਦਰ ਬਾਹਰ ਹਰ ਥਾਂ) ਵਿਖਾ ਦਿੱਤਾ ਹੈ ॥੫॥੨੦॥

ਆਸਾ ਮਹਲਾ ੧ ॥

ਸੇਵਕੁ ਦਾਸੁ ਭਗਤੁ ਜਨੁ ਸੋਈ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਹੀ ਪਰਮਾਤਮਾ ਦਾ ਦਾਸ ਬਣਦਾ ਹੈ,

ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥

ਉਹੀ ਮਨੁੱਖ (ਅਸਲ) ਸੇਵਕ ਹੈ ਦਾਸ ਹੈ ਭਗਤ ਹੈ।

ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥

(ਉਸ ਨੂੰ ਇਹ ਸਦਾ ਯਕੀਨ ਰਹਿੰਦਾ ਹੈ ਕਿ) ਜਿਸ ਪ੍ਰਭੂ ਨੇ ਇਹ ਸ੍ਰਿਸ਼ਟੀ ਰਚੀ ਹੈ ਉਹੀ ਇਸ ਨੂੰ ਮੁੜ ਨਾਸ ਕਰਦਾ ਹੈ,

ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥੧॥

ਉਸ ਤੋਂ ਬਿਨਾ ਕੋਈ ਦੂਜਾ ਉਸ ਵਰਗਾ ਨਹੀਂ ਹੈ ॥੧॥

ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਸਦਾ-ਥਿਰ ਨਾਮ ਵਿਚਾਰ ਕੇ-

ਗੁਰਮੁਖਿ ਸਾਚੇ ਸਾਚੈ ਦਰਬਾਰਿ ॥੧॥ ਰਹਾਉ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਸਦਾ-ਅਟੱਲ ਪ੍ਰਭੂ ਦੇ ਦਰਬਾਰ ਵਿਚ ਸੁਰਖ਼ਰੂ ਹੁੰਦੇ ਹਨ ॥੧॥ ਰਹਾਉ ॥

ਸਚਾ ਅਰਜੁ ਸਚੀ ਅਰਦਾਸਿ ॥

ਗੁਰੂ ਦੇ ਸਨਮੁਖ ਰਹਿ ਕੇ ਕੀਤੀ ਹੋਈ ਅਰਜ਼ੋਈ ਤੇ ਅਰਦਾਸ ਹੀ ਅਸਲ (ਅਰਜ਼ੋਈ ਅਰਦਾਸ) ਹੈ,

ਮਹਲੀ ਖਸਮੁ ਸੁਣੇ ਸਾਬਾਸਿ ॥

ਮਹਲ ਦਾ ਮਾਲਕ ਖਸਮ-ਪ੍ਰਭੂ ਉਸ ਅਰਦਾਸ ਨੂੰ ਸੁਣਦਾ ਹੈ ਤੇ ਆਦਰ ਦੇਂਦਾ ਹੈ (ਸ਼ਾਬਾਸ਼ ਆਖਦਾ ਹੈ),

ਸਚੈ ਤਖਤਿ ਬੁਲਾਵੈ ਸੋਇ ॥

ਆਪਣੇ ਸਦਾ-ਅਟੱਲ ਤਖ਼ਤ ਉਤੇ (ਬੈਠਾ ਹੋਇਆ ਪ੍ਰਭੂ) ਉਸ ਸੇਵਕ ਨੂੰ ਸੱਦਦਾ ਹੈ,

ਦੇ ਵਡਿਆਈ ਕਰੇ ਸੁ ਹੋਇ ॥੨॥

ਤੇ ਉਹ ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਉਸ ਨੂੰ ਮਾਣ-ਆਦਰ ਦੇਂਦਾ ਹੈ ॥੨॥

ਤੇਰਾ ਤਾਣੁ ਤੂਹੈ ਦੀਬਾਣੁ ॥

(ਹੇ ਪ੍ਰਭੂ!) ਗੁਰਮੁਖਿ ਨੂੰ ਤੇਰਾ ਹੀ ਤਾਣ ਹੈ ਤੇਰਾ ਹੀ ਆਸਰਾ ਹੈ,

ਗੁਰ ਕਾ ਸਬਦੁ ਸਚੁ ਨੀਸਾਣੁ ॥

ਗੁਰੂ ਦਾ ਸ਼ਬਦ ਹੀ ਉਸ ਦੇ ਪਾਸ ਸਦਾ-ਥਿਰ ਰਹਿਣ ਵਾਲਾ ਪਰਵਾਨਾ ਹੈ,

ਮੰਨੇ ਹੁਕਮੁ ਸੁ ਪਰਗਟੁ ਜਾਇ ॥

ਗੁਰਮੁਖਿ ਪਰਮਾਤਮਾ ਦੀ ਰਜ਼ਾ ਨੂੰ (ਸਿਰ ਮੱਥੇ ਤੇ) ਮੰਨਦਾ ਹੈ, ਜਗਤ ਵਿਚ ਸੋਭਾ ਖੱਟ ਕੇ ਜਾਂਦਾ ਹੈ,

ਸਚੁ ਨੀਸਾਣੈ ਠਾਕ ਨ ਪਾਇ ॥੩॥

ਗੁਰ-ਸ਼ਬਦ ਦੀ ਸੱਚੀ ਰਾਹਦਾਰੀ ਦੇ ਕਾਰਨ ਉਸ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਵਿਕਾਰ ਰੋਕ ਨਹੀਂ ਪਾਂਦਾ ॥੩॥

ਪੰਡਿਤ ਪੜਹਿ ਵਖਾਣਹਿ ਵੇਦੁ ॥

ਪੰਡਿਤ ਲੋਕ ਵੇਦ ਪੜ੍ਹਦੇ ਹਨ ਤੇ ਹੋਰਨਾਂ ਨੂੰ ਵਿਆਖਿਆ ਕਰ ਕੇ ਸੁਣਾਂਦੇ ਹਨ,

ਅੰਤਰਿ ਵਸਤੁ ਨ ਜਾਣਹਿ ਭੇਦੁ ॥

ਪਰ (ਨਿਰੀ ਵਿੱਦਿਆ ਦੇ ਮਾਣ ਵਿਚ ਰਹਿ ਕੇ) ਇਹ ਭੇਦ ਨਹੀਂ ਜਾਣਦੇ ਕਿ ਪਰਮਾਤਮਾ ਦਾ ਨਾਮ-ਪਦਾਰਥ ਅੰਦਰ ਹੀ ਮੌਜੂਦ ਹੈ।

ਗੁਰ ਬਿਨੁ ਸੋਝੀ ਬੂਝ ਨ ਹੋਇ ॥

ਪਰ ਇਹ ਸਮਝ ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਆਉਂਦੀ,

ਸਾਚਾ ਰਵਿ ਰਹਿਆ ਪ੍ਰਭੁ ਸੋਇ ॥੪॥

ਕਿ ਸਦਾ-ਥਿਰ ਪ੍ਰਭੂ ਹਰੇਕ ਦੇ ਅੰਦਰ ਵਿਆਪਕ ਹੈ ॥੪॥

ਕਿਆ ਹਉ ਆਖਾ ਆਖਿ ਵਖਾਣੀ ॥

ਹੇ ਚੋਜੀ ਪ੍ਰਭੂ! ਗੁਰੂ ਦੇ ਸਨਖੁਖ ਰਹਿਣ ਦਾ ਮੈਂ ਕੀਹ ਜ਼ਿਕਰ ਕਰਾਂ? ਕੀਹ ਆਖ ਕੇ ਸੁਣਾਵਾਂ?

ਤੂੰ ਆਪੇ ਜਾਣਹਿ ਸਰਬ ਵਿਡਾਣੀ ॥

ਤੂੰ (ਇਸ ਭੇਦ ਨੂੰ) ਆਪ ਹੀ ਜਾਣਦਾ ਹੈਂ।

ਨਾਨਕ ਏਕੋ ਦਰੁ ਦੀਬਾਣੁ ॥

ਹੇ ਨਾਨਕ! ਗੁਰਮੁਖਿ ਵਾਸਤੇ ਪ੍ਰਭੂ ਦਾ ਹੀ ਇਕ ਦਰਵਾਜ਼ਾ ਹੈ ਆਸਰਾ ਹੈ,

ਗੁਰਮੁਖਿ ਸਾਚੁ ਤਹਾ ਗੁਦਰਾਣੁ ॥੫॥੨੧॥

ਜਿਥੇ ਗੁਰੂ ਦੇ ਸਨਮੁਖ ਰਹਿ ਕੇ ਸਿਮਰਨ ਕਰਨਾ ਉਸ ਦੀ ਜ਼ਿੰਦਗੀ ਦਾ ਸਹਾਰਾ ਬਣਿਆ ਰਹਿੰਦਾ ਹੈ ॥੫॥੨੧॥

ਆਸਾ ਮਹਲਾ ੧ ॥

ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥

(ਨਿੱਤ ਵਿਕਾਰਾਂ ਵਿਚ ਖਚਿਤ ਰਹਿਣ ਕਰਕੇ) ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ (ਵਿਕਾਰਾਂ ਦੇ ਅਸਰ ਹੇਠੋਂ ਨਹੀਂ ਨਿਕਲਦਾ) ਤੇ ਕੱਚੇ ਘੜੇ ਸਮਾਨ ਹੈ (ਜੋ ਤੁਰਤ ਪਾਣੀ ਵਿਚ ਗਲ ਜਾਂਦਾ ਹੈ), ਪੈਦਾ ਹੁੰਦਾ ਹੈ, (ਸਾਰੀ ਉਮਰ) ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ।

ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥੧॥

(ਇਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ, ਦੂਜੇ ਪਾਸੇ) ਇਹ ਜਗਤ ਇਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਇਸ ਵਿਕਾਰ-ਭਰੇ ਸਰੀਰ ਦਾ ਆਸਰਾ ਲੈ ਕੈ) ਇਸ ਵਿਚੋਂ ਤਰਿਆ ਨਹੀਂ ਜਾ ਸਕਦਾ, ਗੁਰੂ ਪਰਮਾਤਮਾ ਦਾ ਆਸਰਾ ਲੈਣ ਤੋਂ ਬਿਨਾ ਪਾਰ ਨਹੀਂ ਲੰਘ ਸਕੀਦਾ ॥੧॥

ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥

ਹੇ ਮੇਰੇ ਪਿਆਰੇ ਹਰੀ! ਮੇਰਾ ਤੈਥੋਂ ਬਿਨਾ ਹੋਰ ਕੋਈ (ਆਸਰਾ) ਨਹੀਂ, ਤੈਥੋਂ ਬਿਨਾ ਮੇਰਾ ਕੋਈ ਨਹੀਂ।

ਸਰਬੀ ਰੰਗੀ ਰੂਪੀ ਤੂੰਹੈ ਤਿਸੁ ਬਖਸੇ ਜਿਸੁ ਨਦਰਿ ਕਰੇ ॥੧॥ ਰਹਾਉ ॥

ਤੂੰ ਸਾਰੇ ਰੰਗਾਂ ਵਿਚ ਸਾਰੇ ਰੂਪਾਂ ਵਿਚ ਮੌਜੂਦ ਹੈਂ। (ਹੇ ਭਾਈ!) ਜਿਸ ਜੀਵ ਉਤੇ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਬਖ਼ਸ਼ ਲੈਂਦਾ ਹੈ ॥੧॥ ਰਹਾਉ ॥

ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥

(ਮੇਰਾ ਪ੍ਰਭੂ-ਪਤੀ ਮੇਰੇ ਹਿਰਦੇ-ਘਰ ਵਿਚ ਹੀ ਵੱਸਦਾ ਹੈ, ਪਰ) ਇਹ ਭੈੜੀ ਸੱਸ (ਮਾਇਆ) ਮੈਨੂੰ ਹਿਰਦੇ-ਘਰ ਵਿਚ ਟਿਕਣ ਹੀ ਨਹੀਂ ਦੇਂਦੀ (ਭਾਵ, ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ) ਇਹ ਚੰਦਰੀ ਮੈਨੂੰ ਪਤੀ ਨਾਲ ਮਿਲਣ ਨਹੀਂ ਦੇਂਦੀ।

ਸਖੀ ਸਾਜਨੀ ਕੇ ਹਉ ਚਰਨ ਸਰੇਵਉ ਹਰਿ ਗੁਰ ਕਿਰਪਾ ਤੇ ਨਦਰਿ ਧਰੀ ॥੨॥

(ਇਸ ਚੰਦਰੀ ਤੋਂ ਬਚਣ ਲਈ) ਮੈਂ ਸਤਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ (ਸਤਸੰਗ ਵਿਚ ਗੁਰੂ ਮਿਲਦਾ ਹੈ), ਗੁਰੂ ਦੀ ਕਿਰਪਾ ਨਾਲ ਪਤੀ-ਪ੍ਰਭੂ ਮੇਰੇ ਤੇ ਮੇਹਰ ਦੀ ਨਜ਼ਰ ਕਰਦਾ ਹੈ ॥੨॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430