ਜਿਸ ਮਨੁੱਖ ਨੂੰ (ਤੇਰੀ ਮੇਹਰ ਨਾਲ) ਗੁਰੂ-ਪੀਰ ਮਿਲ ਪੈਂਦਾ ਹੈ, ਉਹ (ਤੇਰੇ ਮਿਲਾਪ ਦਾ ਆਤਮਕ) ਆਨੰਦ ਮਾਣਦਾ ਹੈ।
ਤੂੰ ਆਪ ਹੀ ਆਪ ਬਾਦਸ਼ਾਹ ਹੈਂ ਤੇ ਆਪ ਹੀ ਆਪਣਾ (ਸਲਾਹਕਾਰ) ਵਜ਼ੀਰ ਹੈਂ ॥੫॥
ਹਉਮੈ ਦੀ ਕੈਦ ਵਿਚੋਂ ਆਜ਼ਾਦ ਉਹੀ ਹਨ (ਜਿਨ੍ਹਾਂ ਨੇ ਗੁਰੂ ਦੀ ਸਰਨ ਪੈ ਕੇ ਇਸ) ਹਉਮੈ ਨੂੰ ਮਾਰਿਆ ਹੈ।
ਜਗਤ ਵਿਚ ਗਿਆਨਵਾਨ ਕੋਈ ਵਿਰਲਾ ਉਹੀ ਹੈ, ਜਿਸ ਦਾ ਨਿੱਤ-ਆਚਰਨ ਉਸ ਗਿਆਨ ਦੇ ਅਨੁਸਾਰ ਹੈ,
ਜਗਤ ਵਿਚ ਪੰਡਿਤ ਭੀ ਕੋਈ ਵਿਰਲਾ ਹੀ ਹੈ ਜੇਹੜਾ (ਵਿੱਦਿਆ ਦੇ ਅਨੁਸਾਰ ਹੀ) ਵਿਚਾਰਵਾਨ ਭੀ ਹੈ,
ਗੁਰੂ ਨੂੰ ਮਿਲਣ ਤੋਂ ਬਿਨਾ ਸਾਰੀ ਸ੍ਰਿਸ਼ਟੀ ਅਹੰਕਾਰ ਵਿਚ ਭਟਕਦੀ ਫਿਰਦੀ ਹੈ ॥੬॥
ਜਗਤ ਦੁਖੀ ਹੋ ਰਿਹਾ ਹੈ, ਕੋਈ ਵਿਰਲਾ ਮਨੁੱਖ ਸੁਖੀ ਹੈ।
ਜਗਤ (ਵਿਕਾਰਾਂ ਦੇ ਕਾਰਨ ਆਤਮਕ ਤੌਰ ਤੇ) ਰੋਗੀ ਹੋ ਰਿਹਾ ਹੈ, ਭੋਗਾਂ ਵਿਚ ਪਰਵਿਰਤ ਹੈ ਤੇ ਆਤਮਕ ਗੁਣਾਂ ਲਈ ਤਰਸਦਾ ਹੈ।
(ਪ੍ਰਭੂ ਨੂੰ ਭੁਲਾ ਕੇ) ਜਗਤ ਇੱਜ਼ਤ ਗਵਾ ਕੇ ਜੰਮਦਾ ਹੈ ਮਰਦਾ ਹੈ, ਮਰਦਾ ਹੈ ਜੰਮਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ, ਉਹ ਇਸ ਭੇਦ ਨੂੰ ਸਮਝਦਾ ਹੈ ॥੭॥
ਜੇ ਕੋਈ ਮੁੱਲ ਦੇ ਕੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਉਹ ਮੁੱਲ ਬਹੁਤ ਹੀ ਵਧੀਕ ਹੈ (ਉਸ ਦਾ ਮੁਲ ਦਿੱਤਾ ਨਹੀਂ ਜਾ ਸਕਦਾ) ਜੇ ਉਸ ਦੇ ਬਰਾਬਰ ਦੀ ਕੋਈ ਚੀਜ਼ ਦੇ ਕੇ ਉਸ ਨੂੰ ਪ੍ਰਾਪਤ ਕਰਨਾ ਹੋਵੇ ਤਾਂ ਕੋਈ ਚੀਜ਼ ਉਸ ਦੇ ਬਰਾਬਰ ਦੀ ਨਹੀਂ ਹੈ।
ਗੁਰੂ ਦੀ ਮਤਿ ਲੈ ਕੇ ਉਸ ਨੂੰ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ।
ਉਹ ਪ੍ਰਭੂ ਪ੍ਰੇਮ ਦੀ ਰਾਹੀਂ (ਪ੍ਰੇਮ ਦੇ ਮੁੱਲ) ਮਿਲਦਾ ਹੈ ਤੇ ਜੀਵ ਦਾ ਉਸ ਦੇ ਡਰ-ਅਦਬ ਵਿਚ ਰਹਿਣਾ ਉਸ ਨੂੰ ਚੰਗਾ ਲੱਗਦਾ ਹੈ।
ਦਾਸ ਨਾਨਕ ਇਹ ਵਿਚਾਰ ਦਸਦਾ ਹੈ ॥੮॥੩॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਇਕ (ਪ੍ਰਾਣੀ) ਮਰਦਾ ਹੈ ਉਸ ਦੇ ਸਾਕ ਸੰਬੰਧੀ ਮਿਲ ਕੇ ਰੋਂਦੇ ਹਨ,
ਪਰ ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੋਹ ਦੀ ਮੈਲ ਨੂੰ ਆਪਣੇ ਮਨ ਤੋਂ ਧੋ ਲੈਂਦੇ ਹਨ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ,
ਉਹ ਇਹ ਸਮਝ ਵਿਚ ਕੇ (ਕਿ ਸਭ ਵਿਚ ਪ੍ਰਭੂ ਦੀ ਹੀ ਜੋਤਿ ਹੈ, ਕਿਸੇ ਸੰਬੰਧੀ ਦਾ ਸਰੀਰ ਨਾਸ ਹੋਣ ਤੇ) ਅਡੋਲ ਆਤਮਕ ਅਵਸਥਾ ਵਿਚ ਟਿਕੇ ਰਹਿੰਦੇ ਹਨ।
ਇਸ ਬੇਸਮਝੀ ਵਿਚ (ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਆਪਣਾ ਹੈ ਹੀ ਨਹੀਂ) (ਰੋਣ ਵਾਲੇ ਉਸ ਪਰਮਾਤਮਾ ਦੀ ਨਜ਼ਰ ਵਿਚ ਆਪਣੀ) ਸਾਰੀ ਇੱਜ਼ਤ ਗਵਾ ਲੈਂਦੇ ਹਨ ॥੧॥
ਕੌਣ ਮਰਦਾ ਹੈ, ਤੇ ਕੌਣ (ਮਰੇ ਨੂੰ) 'ਉਹ, ਉਹ' ਆਖ ਕੇ ਰੋਂਦਾ ਹੈ,
(ਜਿਸ ਦਾ ਸਰੀਰ ਬਿਨਸਦਾ ਹੈ ਉਹ ਭੀ ਤੂੰ ਆਪ ਹੀ ਹੈਂ ਤੇ ਰੋਣ ਵਾਲਾ ਭੀ ਤੂੰ ਆਪ ਹੀ ਹੈਂ) ਹੇ ਪ੍ਰਭੂ! ਹੇ ਸਾਰੇ ਜਗਤ ਦੇ ਕਰਤਾਰ! ਹਰੇਕ ਜੀਵ ਦੇ ਸਿਰ ਉਤੇ ਤੂੰ ਆਪ ਹੀ ਹੈਂ ॥੧॥ ਰਹਾਉ ॥
ਜੋ ਕੋਈ ਮੋਏ ਨੂੰ ਰੋਂਦਾ ਹੈ ਉਹ (ਅਸਲ ਵਿਚ ਆਪਣਾ) ਦੁੱਖ-ਔਖ ਫਰੋਲਦਾ ਹੈ,
ਉਹ ਹੀ ਰੋਂਦਾ ਹੈ ਜਿਸ ਨੂੰ (ਕਿਸੇ ਦੇ ਮਰਨ ਤੇ ਕੋਈ) ਬਿਪਤਾ ਆ ਵਾਪਰਦੀ ਹੈ।
ਪਰ ਜਿਸ ਜੀਵ ਉਤੇ (ਮੌਤ ਦੀ) ਇਹ ਘਟਨਾ ਵਰਤਦੀ ਹੈ, ਉਹ ਪ੍ਰਭੂ ਦੀ ਇਹ ਰਜ਼ਾ ਸਮਝ ਲੈਂਦਾ ਹੈ,
ਕਿ ਉਹੀ ਕੁਝ ਹੋ ਰਿਹਾ ਹੈ ਜੋ ਕਰਤਾਰ ਆਪ ਕਰਦਾ ਹੈ ॥੨॥
(ਅਸਲ ਵਿਚ ਜੀਊਣ ਦੀ ਤਾਂਘ ਮਨੁੱਖ ਨੂੰ ਸੰਸਾਰ ਦੇ ਮੋਹ ਵਿਚ ਫਸਾਂਦੀ ਹੈ) ਜੀਊਣ ਦੀ ਲਾਲਸਾ ਤੋਂ ਮਨ ਦਾ ਮਰ ਜਾਣਾ (ਮੋਹ-ਸਾਗਰ ਤੋਂ) ਤਰਨ ਲਈ, ਮਾਨੋ, ਬੇੜੀ ਹੈ।
ਇਹ ਉੱਚੀ ਆਤਮਕ ਅਵਸਥਾ ਜਗਤ ਦੇ ਮਾਲਕ-ਪ੍ਰਭੂ ਦੀ ਸਰਨ ਪਿਆਂ ਲੱਭਦੀ ਹੈ।
(ਪ੍ਰਭੂ ਦੀ ਸਰਨ ਗੁਰੂ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਮੈਂ ਗੁਰੂ ਦੇ ਚਰਨਾਂ ਤੋਂ ਸਦਕੇ ਹਾਂ।
ਗੁਰੂ ਮਾਨੋ, ਜਹਾਜ਼ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਭਵ-ਸਾਗਰ ਤੋਂ ਪਾਰ ਲੰਘ ਸਕੀਦਾ ਹੈ ॥੩॥
ਪਰਮਾਤਮਾ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਹ ਆਪ ਇਕ-ਰਸ ਹਰੇਕ ਦੇ ਅੰਦਰ ਆਪਣੀ ਜੋਤਿ ਦਾ ਪਰਕਾਸ਼ ਕਰ ਰਿਹਾ ਹੈ,
ਪਰ ਉਸ ਦੇ ਨਾਮ ਤੋਂ ਖੁੰਝਣ ਦੇ ਕਾਰਨ ਜਗਤ ਵਿਚ ਕਿਤੇ ਸੂਤਕ (ਦਾ ਭਰਮ) ਹੈ ਕਿਤੇ ਛੂਤ ਹੈ।
ਦੁਰਮਤਿ ਦੇ ਕਾਰਨ ਜਗਤ ਆਤਮਕ ਮੌਤੇ ਮਰ ਰਿਹਾ ਹੈ, (ਇਸ ਬਾਰੇ) ਕੀਹ ਆਖ ਕੇ ਕੋਈ ਰੋਵੇ?
ਪਰਮਾਤਮਾ ਦੀ ਭਗਤੀ ਤੋਂ ਬਿਨਾ, ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਨ ਤੋਂ ਬਿਨਾ, ਜੀਵ ਜਨਮ ਮਰਨ ਦੇ ਗੇੜ ਵਿਚ ਪੈ ਰਹੇ ਹਨ ॥੪॥
ਆਪਾ-ਭਾਵ ਤੋਂ ਮਰੇ ਹੋਏ ਨੂੰ ਸਚ ਮੁਚ ਉਸ ਦੇ (ਪਹਿਲੇ) ਮਿੱਤਰ ਰੋਂਦੇ ਹਨ,
ਮਾਇਆ ਦੇ ਤਿੰਨ ਗੁਣ (ਕਿ ਸਾਡਾ ਸਾਥ ਛੱਡ ਗਿਆ ਹੈ) ਵੀ ਨਿੱਤ ਰੋਂਦੇ ਹਨ,
ਕਿਉਂਕਿ ਉਹ ਦੁਖ ਸੁਖ (ਦਾ ਅਹਿਸਾਸ) ਤਿਆਗ ਕੇ ਅਡੋਲ ਅਵਸਥਾ ਵਿਚ ਸੁਚੇਤ ਹੋ ਗਿਆ ਹੈ,
ਤੇ ਉਸ ਨੇ ਆਪਣਾ ਤਨ ਤੇ ਮਨ ਪਰਮਾਤਮਾ ਦੀ ਪ੍ਰੀਤ ਤੋਂ ਭੇਟਾ ਕਰ ਦਿੱਤਾ ਹੈ ॥੫॥
ਸਭ ਦੇ ਅੰਦਰ ਇਕੋ ਪਰਮਾਤਮਾ ਵੱਸ ਰਿਹਾ ਹੈ, ਉਹ ਅਨੇਕਾਂ ਅਸੰਖਾਂ ਰੂਪਾਂ ਵਿਚ ਦਿਖਾਈ ਦੇ ਰਿਹਾ ਹੈ,
(ਪਰ ਜੀਵਾਂ ਨੇ ਉਸ ਨੂੰ ਵਿਸਾਰ ਕੇ) ਹੋਰ ਹੋਰ ਬੇਅੰਤ ਧਰਮ ਕਰਮ ਰਚ ਲਏ ਹਨ।
ਪਰਮਾਤਮਾ ਦੇ ਡਰ-ਅਦਬ ਵਿਚ ਰਹਿਣ ਤੋਂ ਬਿਨਾ, ਪ੍ਰਭੂ ਦੀ ਭਗਤੀ ਤੋਂ ਬਿਨਾ, ਜੀਵਾਂ ਦਾ ਮਨੁੱਖਾ ਜਨਮ ਵਿਅਰਥ ਜਾਂਦਾ ਹੈ।
ਜੇਹੜੇ ਮਿਲ ਕੇ ਹਰੀ ਦੇ ਗੁਣ ਗਾਂਦੇ ਹਨ, ਉਹ ਮਨੁੱਖਾ ਜਨਮ ਦਾ ਮਨੋਰਥ ਹਾਸਲ ਕਰ ਲੈਂਦੇ ਹਨ ॥੬॥
(ਜੀਵਾਂ ਦਾ ਰਚਨਹਾਰ ਕਰਤਾਰ ਸਭ ਜੀਵਾਂ ਦੇ ਅੰਦਰ ਆਪ ਮੌਜੂਦ ਹੈ, ਸੋ ਜਦੋਂ ਕੋਈ ਜੀਵ ਮਰਦਾ ਹੈ ਤਾਂ) ਪਰਮਾਤਮਾ (ਉਸ ਵਿਚ ਬੈਠਾ ਆਪ ਹੀ, ਮਾਨੋ) ਮਰਦਾ ਹੈ, ਉਸ ਜੀਵ ਨੂੰ ਮਾਰਦਾ ਭੀ ਆਪ ਹੀ ਹੈ।
ਪ੍ਰਭੂ ਆਪ ਹੀ ਪੈਦਾ ਕਰਦਾ ਹੈ, ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ।
ਹੇ ਜੋਤਿ-ਰੂਪ ਪ੍ਰਭੂ! ਤੂੰ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਤੂੰ ਆਪ ਹੀ ਅਨੇਕਾਂ ਜਾਤੀਆਂ ਪੈਦਾ ਕਰ ਦਿੱਤੀਆਂ ਹਨ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਨੂੰ ਵਿਸਾਰ ਕੇ (ਮਨ ਵਿਚ ਟਿਕਾ ਕੇ) ਜੀਵ ਦਾ ਉਸ ਨਾਲ ਮਿਲਾਪ ਹੋ ਜਾਂਦਾ ਹੈ, ਜੀਵ ਨੂੰ (ਸੂਤਕ ਛੂਤ ਆਦਿਕ ਦੀ ਕੋਈ) ਭਟਕਣਾ ਨਹੀਂ ਰਹਿੰਦੀ ॥੭॥
(ਪਰਮਾਤਮਾ ਆਪ ਹੀ ਸਭ ਜੀਵਾਂ ਵਿਚ ਵਿਆਪਕ ਹੋ ਕੇ ਜੰਮਦਾ ਮਰਦਾ ਹੈ), ਸਰਬ-ਵਿਆਪਕ ਪ੍ਰਭੂ ਤੋਂ ਵਿਛੁੜਿਆਂ ਨੂੰ ਸੂਤਕ ਦਾ ਭਰਮ ਖ਼ੁਆਰ ਕਰਦਾ ਹੈ।
(ਸੂਤਕ ਦਾ ਭਰਮ ਕਿਥੇ ਕਿਥੇ ਕੀਤਾ ਜਾਵੇਗਾ?) ਸੂਤਕ ਅੱਗ, ਸਮੁੰਦਰ ਤੇ ਧਰਤੀ ਵਿਚ ਹੈ, ਹਰ ਥਾਂ ਹੈ, ਕਿਉਂਕ,
ਹੇ ਨਾਨਕ! ਸੂਤਕ (ਦੇ ਭਰਮ) ਵਿਚ ਪੈ ਕੇ (ਪਰਮਾਤਮਾ ਦੀ ਹੋਂਦ ਤੋਂ ਖੁੰਝ ਕੇ) ਜਗਤ ਜਨਮ ਮਰਨ ਦੇ ਗੇੜ ਵਿਚ ਪੈ ਰਿਹਾ ਹੈ।
(ਸਹੀ ਰਸਤਾ ਇਹ ਹੈ ਕਿ ਗੁਰੂ ਦੀ ਸਰਨ ਪੈ ਕੇ) ਗੁਰੂ ਦੀ ਮੇਹਰ ਪ੍ਰਾਪਤ ਕਰ ਕੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ-ਰਸ ਪੀਣਾ ਚਾਹੀਦਾ ਹੈ ॥੮॥੪॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਉਹ ਮਨੁੱਖ ਆਪਣੇ ਆਪ ਨੂੰ (ਆਪਣੇ ਜੀਵਨ ਨੂੰ) ਵਿਚਾਰਦਾ ਤੇ ਪਰਮਾਤਮਾ ਦੇ ਸ੍ਰੇਸ਼ਟ ਨਾਮ ਦੀ ਕਦਰ ਪਛਾਣਦਾ ਹੈ,
ਜੋ ਪੂਰੇ ਗੁਰੂ ਇਕ (ਮੇਹਰ ਦੀ) ਨਿਗਾਹ ਨਾਲ (ਮੋਹ ਦੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ,
ਐਸਾ ਮਨੁੱਖ ਸੱਚੇ ਦਿਲੋਂ ਗੁਰੂ ਉਤੇ ਸਰਧਾ ਲਿਆਉਂਦਾ ਹੈ, ਉਸ ਦਾ ਮਨ (ਮਾਇਆ-ਮੋਹ ਵਿਚ) ਡੋਲਦਾ ਨਹੀਂ ॥੧॥
ਗੁਰੂ ਇਹੋ ਜਿਹਾ ਸ਼ਾਹ (ਸਰਾਫ਼) ਹੈ, ਤੇ ਇਹੋ ਜਿਹੀ ਸਰਾਫ਼ੀ ਕਰਦਾ ਹੈ (ਕਿ ਉਹ ਜੀਵਾਂ ਨੂੰ ਤੁਰਤ ਪਰਖ ਲੈਂਦਾ ਹੈ, ਤੇ),
ਉਸ ਦੀ ਕਦੇ ਉਕਾਈ ਨਾਹ ਖਾਣ ਵਾਲੀ ਮਿਹਰ ਦੀ ਨਿਗਾਹ ਨਾਲ ਜੀਵ ਇਕ ਪਰਮਾਤਮਾ ਵਿਚ ਸੁਰਤਿ ਜੋੜ ਕੇ (ਮੋਹ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ) ਜੇਹੜਾ ਮਨੁੱਖ ਨਿਰੰਜਨ ਪ੍ਰਭੂ ਦੇ ਸ੍ਰੇਸ਼ਟ ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਰਾਸਿ-ਪੂੰਜੀ ਬਣਾਂਦਾ ਹੈ,
ਜੋ ਸਦਾ-ਥਿਰ ਪ੍ਰਭੂ (ਦੇ ਨਾਮ-ਰੰਗ) ਵਿਚ ਰੰਗਿਆ ਰਹਿੰਦਾ ਹੈ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਉਹ ਨਿਆਰੀਏ ਵਾਂਗ ਪਾਰਖੂ ਬਣ ਜਾਂਦਾ ਹੈ,
ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਹ ਗੁਰੂ ਕਰਤਾਰ ਨੂੰ ਆਪਣੇ ਅਡੋਲ ਹਿਰਦੇ-ਘਰ ਵਿਚ ਵਸਾਂਦਾ ਹੈ ॥੨॥
ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਕ ਆਸਾ ਤੇ ਮਾਇਕ ਫੁਰਨਾ ਸਾੜ ਦੇਂਦਾ ਹੈ,
ਅਤੇ ਉਹ ਆਪ ਪਰਮਾਤਮਾ ਦਾ ਭਜਨ ਕਰਦਾ ਹੈ ਤੇ ਹੋਰਨਾਂ ਨੂੰ ਇਸ ਪਾਸੇ ਪ੍ਰੇਰਦਾ ਹੈ,
ਜੋ ਗੁਰੂ ਤੋਂ (ਜ਼ਿੰਦਗੀ ਦਾ ਸਹੀ) ਰਸਤਾ ਲੱਭ ਲੈਂਦਾ ਹੈ, ਪਰਮਾਤਮਾ ਦਾ ਮਹਲ ਘਰ ਲੱਭ ਲੈਂਦਾ ਹੈ ॥੩॥