ਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ।
ਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ, ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ।
ਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ, ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ।
ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ।
ਜੇਹੜੇ ਮਨੁੱਖ (ਜੀਊਂਦਿਆਂ ਹੀ ਪ੍ਰਭੂ ਦੀਆਂ ਨਜ਼ਰਾਂ ਵਿਚ) ਕਬੂਲ ਹੋ ਕੇ ਮਰਦੇ ਹਨ ਉਹ ਸੂਰਮੇ ਹਨ, ਉਹਨਾਂ ਦਾ ਮਰਨਾ (ਲੋਕ ਪਰਲੋਕ ਵਿਚ) ਸਲਾਹਿਆ ਜਾਂਦਾ ਹੈ ॥੩॥
ਹੇ ਨਾਨਕ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ।
ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ।
ਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ, ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ।
ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ)।
ਜਿਸ ਪ੍ਰਭੂ ਨੇ ਇਹ ਜਗਤ-ਰਚਨਾ ਕੀਤੀ ਹੋਈ ਹੈ ਉਹੀ ਇਸ ਦੀਆਂ ਲੋੜਾਂ ਜਾਣਦਾ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ।
ਹੇ ਨਾਨਕ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ॥੪॥੨॥
ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ,
ਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ।
ਦੋਵੇਂ ਪੁੜ (ਧਰਤੀ ਤੇ ਆਕਾਸ਼) ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ। ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ।
ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾ ਕੇ ਇਹ ਦਿਨ ਤੇ ਰਾਤ ਦਾ ਜਗਤ-ਤਮਾਸ਼ਾ ਬਣਾਇਆ ਹੈ ॥੧॥
(ਹੇ ਪ੍ਰਭੂ!) ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ। ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤ ਦੇਂਦਾ ਹੈਂ। ਰਹਾਉ॥
(ਹੇ ਪ੍ਰਭੂ!) ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ।
ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ।
ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ।
(ਹੇ ਪ੍ਰਭੂ!) ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ। ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ ਹੀ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਤੂੰ ਆਪ ਹੀ ਕਰਮਾਂ ਦੇ ਲੇਖ ਭੀ ਮੁਕਾਣ ਵਾਲਾ ਹੈਂ ॥੨॥
ਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ।
(ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ।
(ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ।
ਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ ॥੩॥
ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਰੂਹ ਨੂੰ ਇਥੋਂ ਜਾਣ ਦੇ ਸੱਦੇ ਆਉਂਦੇ ਹਨ,
ਤਾਂ (ਮਰਨ ਵੇਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ ਤੇ ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ।
ਜਮ ਕਿਸੇ ਸੁੰਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਮੌਤ ਤੋਂ ਖਿਮਾ ਨਹੀਂ ਦੇਦਾ) ਕਿਉਂ ਕਿ ਉਹ ਵੀ ਪਰਮਾਤਮਾ ਦੇ ਹੁਕਮ ਵਿਚ ਬਧਾ ਹੋਇਆ ਹੈ।
ਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ, ਇੰਜ ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਟੱਟ ਜਾਂਦਾ ਹੈ ॥੪॥
ਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ ਰੂਹ ਦੇ ਜਾਣ ਦਾ ਸਦਾ ਆਉਂਦਾ ਹੈ ਤਾਂ (ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ ਤੇ ਜੀਵਾਤਮਾ (ਕਿਤੇ) ਆਕਾਸ਼ ਵਿਚ ਚਲੀ ਜਾਂਦੀ ਹੈ।
(ਜਦ ਪਤੀ ਦੀ ਜੀਵਾਤਮਾ ਚਲੀ ਜਾਂਦੀ ਹੈ ਤਾਂ) ਨਿਖਸਮੀ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟ ਕੇ ਵਿਧਵਾ ਹੋ ਗਈ ਹੈ ਤੇ ਲੋਥ ਘਰ ਦੇ ਵੇਹੜੇ ਵਿਚ ਪਈ ਹੁੰਦੀ ਹੈ।
(ਜਿਸ ਨੂੰ ਵੇਖ ਵੇਖ ਕੇ) ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ-) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ।
ਹੇ ਪ੍ਰਭੂ-ਕੰਤ ਦੀ ਜੀਵ-ਇਸਤ੍ਰੀਓ! ਤੁਸੀਂ ਸਚੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ (ਤੇ ਇੰਜ ਜੀਵਨ ਸਫਲ ਕਰੋ)! ॥੫॥
ਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ)।
(ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) "ਰਾਮ ਨਾਮ ਸਤਿ ਹੈ" ਦੇ ਬੋਲ ਸ਼ੁਰੂ ਹੋ ਜਾਂਦੇ ਹਨ ਤੇ ਨਿਕਟ ਦੇ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ।
(ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ-) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ।
ਪਰ ਜੇਹੜਾ ਜੀਉਂਦਿਆਂ ਹੋਇਆ ਮਰਦਾ ਹੈ, ਭਾਵ ਮੋਹ ਨੂੰ ਛਡਦਾ ਹੈ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੬॥
ਹੇ ਜੀਵ-ਇਸਤ੍ਰੀਓ! ਤੁਸੀਂ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ ਕਿਉਂਕਿ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ।