ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 925


ਰਾਮਕਲੀ ਮਹਲਾ ੫ ॥

ਹਰਿ ਹਰਿ ਧਿਆਇ ਮਨਾ ਖਿਨੁ ਨ ਵਿਸਾਰੀਐ ॥

ਹੇ (ਮੇਰੇ) ਮਨ! ਸਦਾ ਹੀ ਪਰਮਾਤਮਾ ਦਾ ਧਿਆਨ ਧਰਨਾ ਚਾਹੀਦਾ ਹੈ, ਰਤਾ ਜਿਤਨੇ ਸਮੇ ਲਈ ਭੀ ਉਸ ਨੂੰ ਭੁਲਾਣਾ ਨਹੀਂ ਚਾਹੀਦਾ।

ਰਾਮ ਰਾਮਾ ਰਾਮ ਰਮਾ ਕੰਠਿ ਉਰ ਧਾਰੀਐ ॥

ਉਸ ਸੋਹਣੇ ਰਾਮ ਨੂੰ ਸਦਾ ਹੀ ਗਲ ਵਿਚ ਹਿਰਦੇ ਵਿਚ ਪ੍ਰੋ ਰੱਖਣਾ ਚਾਹੀਦਾ ਹੈ।

ਉਰ ਧਾਰਿ ਹਰਿ ਹਰਿ ਪੁਰਖੁ ਪੂਰਨੁ ਪਾਰਬ੍ਰਹਮੁ ਨਿਰੰਜਨੋ ॥

ਸਭ ਗੁਣਾਂ ਦੇ ਮਾਲਕ ਪਾਰਬ੍ਰਹਮ ਨਿਰਲੇਪ ਹਰੀ ਸਰਬ-ਵਿਆਪਕ ਹਰੀ ਨੂੰ ਸਦਾ ਆਪਣੇ ਹਿਰਦੇ ਵਿਚ ਪ੍ਰੋਈ ਰੱਖ।

ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥

ਉਹ ਹਰੀ ਸਾਰੇ ਡਰਾਂ ਦਾ ਦੂਰ ਕਰਨ ਵਾਲਾ ਹੈ, ਸਾਰੇ ਪਾਪ ਨਾਸ ਕਰਨ ਵਾਲਾ ਹੈ, ਜਨਮ ਮਰਨ ਦੇ ਗੇੜ ਨੂੰ ਮੁਕਾਣ ਵਾਲਾ ਹੈ, ਉਹਨਾਂ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਜੋ ਬੜੀ ਔਖਿਆਈ ਨਾਲ ਸਹਾਰੇ ਜਾ ਸਕਦੇ ਹਨ।

ਜਗਦੀਸ ਈਸ ਗੁੋਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥

ਜਗਤ ਦੇ ਮਾਲਕ, ਸਭ ਦੇ ਮਾਲਕ, ਸ੍ਰਿਸ਼ਟੀ ਦੇ ਪਾਲਣਹਾਰ, ਮਾਇਆ ਦੇ ਪਤੀ ਪ੍ਰਭੂ ਦੇ ਗੁਣਾਂ ਨੂੰ ਸਦਾ ਚਿੱਤ ਵਿਚ ਵਸਾਈ ਰੱਖਣਾ ਚਾਹੀਦਾ ਹੈ;

ਬਿਨਵੰਤਿ ਨਾਨਕ ਮਿਲਿ ਸੰਗਿ ਸਾਧੂ ਦਿਨਸੁ ਰੈਣਿ ਚਿਤਾਰੀਐ ॥੧॥

ਨਾਨਕ ਬੇਨਤੀ ਕਰਦਾ ਹੈ ਕਿ ਗੁਰੂ ਦੀ ਸੰਗਤ ਵਿਚ ਮਿਲ ਕੇ ਦਿਨ ਰਾਤ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ ॥੧॥

ਚਰਨ ਕਮਲ ਆਧਾਰੁ ਜਨ ਕਾ ਆਸਰਾ ॥

ਪਰਮਾਤਮਾ ਦੇ ਸੋਹਣੇ ਚਰਨ ਹੀ ਭਗਤ ਜਨਾਂ ਵਾਸਤੇ ਜੀਵਨ ਦਾ ਸਹਾਰਾ ਹਨ ਆਸਰਾ ਹਨ।

ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥

ਬੇਅੰਤ ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਣਾ ਹੀ ਭਗਤ ਜਨਾਂ ਵਾਸਤੇ ਧਨ-ਪਦਾਰਥ ਹੈ ਭੁਇਂ ਦੀ ਮਾਲਕੀ ਹੈ ਖ਼ਜ਼ਾਨਾ ਹੈ।

ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥

ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵੱਸ ਰਿਹਾ ਹੈ, ਉਹਨਾਂ ਵਾਸਤੇ ਨਾਰਾਇਣ ਦਾ ਨਾਮ ਜਪਣਾ ਹੀ ਦੁਨੀਆ ਦੇ ਰਸਾਂ ਭੋਗਾਂ ਦਾ ਮਾਣਨਾ ਹੈ।

ਰਸ ਰੂਪ ਰੰਗ ਅਨੰਤ ਬੀਠਲ ਸਾਸਿ ਸਾਸਿ ਧਿਆਇਣਾ ॥

ਬੇਅੰਤ ਅਤੇ ਨਿਰਲੇਪ ਪ੍ਰਭੂ ਦਾ ਨਾਮ ਹਰੇਕ ਸਾਹ ਦੇ ਨਾਲ ਜਪਦੇ ਰਹਿਣਾ ਹੀ ਉਹਨਾਂ ਵਾਸਤੇ ਦੁਨੀਆ ਦੇ ਰੂਪ ਰਸ ਅਤੇ ਰੰਗ-ਤਮਾਸ਼ੇ ਹੈ।

ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥

ਪਰਮਾਤਮਾ ਦਾ ਨਾਮ ਸਾਰੇ ਪਾਪ ਦੂਰ ਕਰਨ ਵਾਲਾ ਹੈ, ਪ੍ਰਭੂ ਦਾ ਨਾਮ ਹੀ ਭਗਤ ਜਨਾਂ ਲਈ ਪ੍ਰਾਸਚਿਤ ਕਰਮ ਹੈ, ਨਾਮ ਹੀ ਮੌਤ ਦਾ ਡਰ ਦੂਰ ਕਰਨ ਵਾਲਾ ਹੈ।

ਬਿਨਵੰਤਿ ਨਾਨਕ ਰਾਸਿ ਜਨ ਕੀ ਚਰਨ ਕਮਲਹ ਆਸਰਾ ॥੨॥

ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਸੋਹਣੇ ਚਰਨਾਂ ਦਾ ਆਸਰਾ ਹੀ ਭਗਤ ਜਨਾਂ ਵਾਸਤੇ (ਜ਼ਿੰਦਗੀ ਦਾ) ਸਰਮਾਇਆ ਹੈ ॥੨॥

ਗੁਣ ਬੇਅੰਤ ਸੁਆਮੀ ਤੇਰੇ ਕੋਇ ਨ ਜਾਨਈ ॥

ਹੇ ਮੇਰੇ ਸੁਆਮੀ! ਤੇਰੇ ਗੁਣ ਬੇਅੰਤ ਹਨ, ਕੋਈ ਭੀ ਜੀਵ (ਤੇਰੇ ਗੁਣਾਂ ਦਾ ਅੰਤ) ਨਹੀਂ ਜਾਣਦਾ।

ਦੇਖਿ ਚਲਤ ਦਇਆਲ ਸੁਣਿ ਭਗਤ ਵਖਾਨਈ ॥

(ਜਿਹੜਾ ਭੀ ਕੋਈ ਮਨੁੱਖ ਤੇਰੇ ਕੁਝ ਗੁਣਾਂ ਦਾ ਬਿਆਨ ਕਰਦਾ ਹੈ, ਉਹ) ਤੈਂ ਦਇਆਲ ਦੇ ਕੌਤਕ ਵੇਖ ਕੇ (ਜਾਂ) ਭਗਤ ਜਨਾਂ ਪਾਸੋਂ ਸੁਣ ਕੇ (ਹੀ) ਬਿਆਨ ਕਰਦਾ ਹੈ।

ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥

ਹੇ ਜੀਵਾਂ ਦੇ ਮਾਲਕ! ਹੇ ਪਰਮੇਸਰ! ਸਾਰੇ ਜੀਵ ਜੰਤ ਤੈਨੂੰ ਧਿਆਉਂਦੇ ਹਨ।

ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥

ਹੇ ਤਰਸ-ਰੂਪ ਪ੍ਰਭੂ! ਹੇ ਜਗਤ ਦੇ ਈਸ਼੍ਵਰ! ਤੂੰ ਇਕੱਲਾ ਦਾਤਾ ਹੈਂ, ਸਾਰੇ ਜੀਵ (ਤੇਰੇ ਦਰ ਦੇ) ਮੰਗਤੇ ਹਨ।

ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਨਈ ॥

ਜਿਸ ਮਨੁੱਖ ਨੂੰ ਪ੍ਰਭੂ ਆਪ ਆਦਰ ਬਖ਼ਸ਼ਦਾ ਹੈ ਉਹੀ ਸਾਧੂ ਹੈ ਉਹੀ ਸੁਜਾਨ ਸੰਤ ਹੈ।

ਬਿਨਵੰਤਿ ਨਾਨਕ ਕਰਹੁ ਕਿਰਪਾ ਸੋਇ ਤੁਝਹਿ ਪਛਾਨਈ ॥੩॥

ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਜਿਸ ਜੀਵ ਉਤੇ ਤੂੰ ਕਿਰਪਾ ਕਰਦਾ ਹੈਂ, ਉਹੀ ਤੈਨੂੰ ਪਛਾਣਦਾ ਹੈ (ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ) ॥੩॥

ਮੋਹਿ ਨਿਰਗੁਣ ਅਨਾਥੁ ਸਰਣੀ ਆਇਆ ॥

ਮੈਂ ਗੁਣ-ਹੀਨ ਸਾਂ, ਮੈਂ ਨਿਆਸਰਾ ਸਾਂ (ਗੁਰੂ ਦੀ ਕਿਰਪਾ ਨਾਲ ਮੈਂ ਪ੍ਰਭੂ ਦੀ) ਸਰਨ ਆ ਪਿਆ ਹਾਂ।

ਬਲਿ ਬਲਿ ਬਲਿ ਗੁਰਦੇਵ ਜਿਨਿ ਨਾਮੁ ਦ੍ਰਿੜਾਇਆ ॥

(ਉਸ) ਗੁਰੂ ਤੋਂ ਸਦਕੇ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ, ਜਿਸ ਨੇ (ਮੇਰੇ ਹਿਰਦੇ ਵਿਚ ਪ੍ਰਭੂ ਦਾ) ਨਾਮ ਪੱਕਾ ਕਰ ਦਿੱਤਾ ਹੈ।

ਗੁਰਿ ਨਾਮੁ ਦੀਆ ਕੁਸਲੁ ਥੀਆ ਸਰਬ ਇਛਾ ਪੁੰਨੀਆ ॥

ਗੁਰੂ ਨੇ (ਜਿਸ ਕਿਸੇ ਨੂੰ ਭੀ ਪਰਮਾਤਮਾ ਦਾ) ਨਾਮ ਦਿੱਤਾ (ਉਸ ਦੇ ਅੰਦਰ) ਆਤਮਕ ਆਨੰਦ ਬਣ ਗਿਆ, (ਉਸ ਦੀਆਂ) ਸਾਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ;

ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥

(ਗੁਰੂ ਨੇ ਉਸ ਦੇ ਅੰਦਰੋਂ) ਸਾੜਾ ਮਿਟਾ ਦਿੱਤਾ, (ਉਸ ਦੇ ਅੰਦਰ) ਠੰਢ ਪੈ ਗਈ, ਉਹ (ਪ੍ਰਭੂ ਤੋਂ) ਚਿਰਾਂ ਦਾ ਵਿਛੁੜਿਆ ਹੋਇਆ (ਮੁੜ) ਮਿਲ ਪਿਆ।

ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥

(ਜਿਸ ਨੇ ਭੀ ਗੁਰੂ ਦੀ ਸਰਨ ਪੈ ਕੇ) ਬੜਾ ਆਨੰਦ ਪੈਦਾ ਕਰਨ ਵਾਲੇ ਹਰਿ-ਗੁਣ ਗਾਣੇ ਸ਼ੁਰੂ ਕੀਤੇ, ਉਸ ਦੇ ਅੰਦਰ ਅਟੱਲ ਆਤਮਕ ਅਡੋਲਤਾ ਦੀਆਂ ਖ਼ੁਸ਼ੀਆਂ ਤੇ ਆਨੰਦ ਬਣ ਗਏ।

ਬਿਨਵੰਤਿ ਨਾਨਕ ਨਾਮੁ ਪ੍ਰਭ ਕਾ ਗੁਰ ਪੂਰੇ ਤੇ ਪਾਇਆ ॥੪॥੨॥

ਨਾਨਕ ਬੇਨਤੀ ਕਰਦਾ ਹੈ-ਪਰਮਾਤਮਾ ਦਾ (ਅਜਿਹਾ) ਨਾਮ ਪੂਰੇ ਗੁਰੂ ਪਾਸੋਂ (ਹੀ) ਮਿਲਦਾ ਹੈ ॥੪॥੨॥

ਰਾਮਕਲੀ ਮਹਲਾ ੫ ॥

ਰੁਣ ਝੁਣੋ ਸਬਦੁ ਅਨਾਹਦੁ ਨਿਤ ਉਠਿ ਗਾਈਐ ਸੰਤਨ ਕੈ ॥

ਨਿੱਤ ਆਹਰ ਨਾਲ ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਮਿਠੀ ਮਿਠੀ ਸੁਰ ਵਾਲੀ ਬਾਣੀ ਇਕ-ਰਸ ਗਾਵਣੀ ਚਾਹੀਦੀ ਹੈ।

ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥

ਪਰਮਾਤਮਾ ਦਾ ਨਾਮ ਸਾਰੇ ਪਾਪਾਂ ਤੇ ਐਬਾਂ ਦਾ ਨਾਸ ਕਰਨ ਵਾਲਾ ਹੈ, ਇਹ ਹਰਿ-ਨਾਮ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਜਪਣਾ ਚਾਹੀਦਾ ਹੈ।

ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥

ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ ਨਾਮ-ਜਲ ਪੀਣਾ ਚਾਹੀਦਾ ਹੈ, ਦਿਨ ਰਾਤ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਹੈ।

ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥

ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਕੇ (ਮਾਨੋ) ਅਨੇਕਾਂ ਜੋਗ-ਸਾਧਨਾਂ ਦਾ ਅਨੇਕਾਂ ਦਾਨ-ਪੁੰਨਾਂ ਦਾ ਅਨੇਕਾਂ ਅਜਿਹੀਆਂ ਹੋਰ ਕਿਰਿਆਵਾਂ ਦਾ ਸਾਧਨ ਹੋ ਜਾਂਦਾ ਹੈ।

ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥

ਦਇਆ ਦੇ ਸੋਮੇ ਮੋਹਨ-ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਸਾਰੇ ਦੁੱਖ ਦੂਰ ਕਰ ਦੇਂਦੀ ਹੈ।

ਬਿਨਵੰਤਿ ਨਾਨਕ ਤਰੈ ਸਾਗਰੁ ਧਿਆਇ ਸੁਆਮੀ ਨਰਹਰੈ ॥੧॥

ਨਾਨਕ ਆਖਦਾ ਹੈ ਕਿ ਮਾਲਕ-ਪ੍ਰਭੂ ਨੂੰ ਸਿਮਰ ਕੇ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥

ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥

ਹੇ ਸੁਖਾਂ ਦੇ ਸਮੁੰਦਰ ਗੋਬਿੰਦ! (ਤੇਰੇ) ਭਗਤ (ਤੇਰਾ) ਸਿਮਰਨ (ਕਰਦੇ ਹਨ), ਤੇਰੇ ਗੁਣ ਗਾਂਦੇ ਹਨ;

ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥

ਗੁਰੂ ਦੀ ਚਰਨੀਂ ਲੱਗ ਕੇ ਉਹਨਾਂ ਨੂੰ ਅਨੇਕਾਂ ਆਨੰਦ ਖ਼ੁਸ਼ੀਆਂ ਤੇ ਸੁਖ ਪ੍ਰਾਪਤ ਹੋ ਜਾਂਦੇ ਹਨ।

ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥

(ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ) ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਮਿਲ ਜਾਂਦਾ ਹੈ। ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਦੀ (ਦੁੱਖ ਆਦਿਕਾਂ ਤੋਂ) ਰੱਖਿਆ ਕੀਤੀ, ਉਸ ਦੇ ਸਾਰੇ ਦੁੱਖ ਨਿਵਿਰਤ ਹੋ ਗਏ।

ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥

ਜਿਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਜੁੜ ਗਿਆ, ਜਿਸ ਨੇ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਨਾ ਸ਼ੁਰੂ ਕਰ ਦਿੱਤਾ, ਉਸ ਦਾ ਹਰੇਕ ਕਿਸਮ ਦਾ ਭਰਮ-ਵਹਿਮ ਤੇ ਡਰ ਦੂਰ ਹੋ ਗਿਆ।

ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥

ਉਹ ਮਨੁੱਖ (ਫਿਰ) ਇਕ ਪਰਮਾਤਮਾ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਇਕ ਪਰਮਾਤਮਾ (ਦੇ ਗੁਣਾਂ) ਨੂੰ ਹੀ ਗਾਂਦਾ ਰਹਿੰਦਾ ਹੈ, ਇਕ ਪਰਮਾਤਮਾ ਹੀ ਉਸ ਨੂੰ ਹਰ ਥਾਂ ਵੱਸਦਾ ਨਜ਼ਰ ਆਉਂਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430