ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਤਿਗੁਰੂ ਜਿਹੋ ਜਿਹਾ ਸੁਣੀਦਾ ਸੀ, ਉਹੋ ਜਿਹਾ ਜਿਹਾ ਹੀ ਮੈਂ (ਅੱਖੀਂ) ਵੇਖ ਲਿਆ ਹੈ।
ਗੁਰੂ ਪ੍ਰਭੂ ਦੀ ਹਜ਼ੂਰੀ ਦਾ ਵਿਚੋਲਾ ਹੈ, ਪ੍ਰਭੂ ਤੋਂ ਵਿੱਛੁੜਿਆਂ ਨੂੰ (ਮੁੜ) ਪ੍ਰਭੂ ਨਾਲ ਮਿਲਾ ਦੇਂਦਾ ਹੈ।
ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ (ਜੀਵ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ ਉਸ ਦਾ) ਹਉਮੈ ਦਾ ਰੋਗ ਦੂਰ ਕਰ ਦੇਂਦਾ ਹੈ।
ਪਰ, ਹੇ ਨਾਨਕ! ਪ੍ਰਭੂ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ ਇਹ ਮੇਲ ਲਿਖਿਆ ਹੁੰਦਾ ਹੈ ॥੧॥
ਜੇ ਇਕ ਪ੍ਰਭੂ ਮਿਤ੍ਰ ਬਣ ਜਾਏ ਤਾਂ ਸਾਰੇ ਜੀਵ ਮਿੱਤ੍ਰ ਬਣ ਜਾਂਦੇ ਹਨ; ਪਰ ਜੇ ਇਕ ਅਕਾਲ ਪੁਰਖ ਵੈਰੀ ਹੋ ਜਾਏ ਤਾਂ ਸਾਰੇ ਜੀਵ ਵੈਰੀ ਬਣ ਜਾਂਦੇ ਹਨ (ਭਾਵ, ਇਕ ਪ੍ਰਭੂ ਨੂੰ ਮਿੱਤ੍ਰ ਬਣਾਇਆਂ ਸਾਰੇ ਜੀਵ ਪਿਆਰੇ ਲੱਗਦੇ ਹਨ, ਤੇ ਪ੍ਰਭੂ ਤੋਂ ਵਿੱਛੁੜਿਆਂ ਜਗਤ ਦੇ ਸਾਰੇ ਜੀਵਾਂ ਨਾਲੋਂ ਵਿੱਥ ਪੈ ਜਾਂਦੀ ਹੈ)।
ਇਹ ਗੱਲ ਪੂਰੇ ਗੁਰੂ ਨੇ ਵਿਖਾ ਦਿੱਤੀ ਹੈ ਕਿ ਨਾਮ ਸਿਮਰਨ ਤੋਂ ਬਿਨਾ (ਪ੍ਰਭੂ ਨੂੰ ਸੱਜਣ ਬਣਾਉਣ ਤੋਂ ਬਿਨਾ) ਹੋਰ ਹਰੇਕ ਕਾਰ ਵਿਅਰਥ ਹੈ।
(ਕਿਉਂਕਿ) ਰੱਬ ਤੋਂ ਟੁੱਟੇ ਹੋਏ ਵਿਕਾਰੀ ਬੰਦੇ ਜੋ ਮਾਇਆ ਦੇ ਸੁਆਦ ਵਿਚ ਮਸਤ ਰਹਿੰਦੇ ਹਨ ਉਹ ਭਟਕਦੇ ਫਿਰਦੇ ਹਨ।
ਦਾਸ ਨਾਨਕ ਨੇ ਸਤਿਗੁਰੂ ਦੀ ਮੇਹਰ ਦਾ ਸਦਕਾ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ ਹੈ ॥੨॥
ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ।
(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ।
ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ।
ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ।
ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ।
ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ।
ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ।
ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥
ਹੇ ਪ੍ਰਭੂ! ਮੇਰੇ ਹਿਰਦੇ ਵਿਚ ਤੈਨੂੰ ਮਿਲਣ ਦੀ ਤਾਂਘ ਹੈ, ਕਿਵੇਂ ਤੈਨੂੰ ਮਿਲਾਂ?
ਮੈਨੂੰ ਕੋਈ ਅਜੇਹਾ ਮਿੱਤਰ ਲੱਭ ਦਿਉ ਜੋ ਮੈਨੂੰ ਪਿਆਰਾ ਪ੍ਰਭੂ ਮਿਲਾ ਦੇਵੇ।
(ਮੇਰੀ ਅਰਜ਼ੋਈ ਸੁਣ ਕੇ) ਪੂਰੇ ਗੁਰੂ ਨੇ ਮੈਨੂੰ ਪ੍ਰਭੂ ਮਿਲਾ ਦਿੱਤਾ ਹੈ, (ਹੁਣ) ਮੈਂ ਜਿਧਰ ਤੱਕਦਾ ਹਾਂ ਓਧਰ ਉਹ ਪ੍ਰਭੂ ਹੀ ਦਿੱਸਦਾ ਹੈ।
ਹੇ ਦਾਸ ਨਾਨਕ! ਮੈਂ ਹੁਣ ਉਸ ਪ੍ਰਭੂ ਨੂੰ ਸਿਮਰਦਾ ਹਾਂ, ਉਸ ਪ੍ਰਭੂ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥੨॥
(ਸਭ ਜੀਵਾਂ ਨੂੰ ਰਿਜ਼ਕ) ਦੇਣ ਵਾਲੇ ਦਾਤੇ ਪ੍ਰਭੂ ਨੂੰ ਕਿਸੇ ਮੂੰਹ ਨਾਲ ਭੀ ਸਲਾਹਿਆ ਨਹੀਂ ਜਾ ਸਕਦਾ (ਕੋਈ ਭੀ ਜੀਵ ਉਸ ਦੀ ਸਿਫ਼ਤ ਪੂਰੀ ਤਰ੍ਹਾਂ ਨਹੀਂ ਕਰ ਸਕਦਾ)।
ਪ੍ਰਭੂ ਮੇਹਰ ਕਰ ਕੇ ਜਿਸ ਜੀਵ ਦੀ ਰਾਖੀ ਕਰਦਾ ਹੈ ਉਸ ਨੂੰ ਰਿਜ਼ਕ ਅਪੜਾਂਦਾ ਹੈ।
(ਅਸਲ ਵਿਚ) ਕੋਈ ਜੀਵ ਕਿਸੇ (ਹੋਰ ਜੀਵ) ਦੇ ਆਸਰੇ ਨਹੀਂ ਹੈ, ਸਭਨਾਂ ਜੀਵਾਂ ਦਾ ਆਸਰਾ ਇਕ ਪਰਮਾਤਮਾ ਹੀ ਹੈ।
ਉਹ ਆਪ ਹੀ (ਆਪਣੇ) ਹੱਥ ਦੇ ਕੇ ਬਾਲਕ ਵਾਂਗ ਪਾਲਦਾ ਹੈ।
ਪ੍ਰਭੂ ਆਪ ਹੀ ਚੋਜ-ਤਮਾਸ਼ੇ ਕਰ ਰਿਹਾ ਹੈ, (ਉਸ ਦੇ ਇਹਨਾਂ ਚੋਜ-ਤਮਾਸ਼ਿਆਂ ਦੀ) ਕੋਈ ਸਮਝ ਨਹੀਂ ਪੈ ਸਕਦੀ।
ਮੈਂ ਸਦਕੇ ਹਾਂ ਉਸ ਪ੍ਰਭੂ ਤੋਂ ਜੋ ਸਭ ਜੀਵਾਂ ਦਾ ਆਸਰਾ ਹੈ ਤੇ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ।
ਰਾਤ ਦਿਨੇ ਪ੍ਰਭੂ ਦੀਆਂ ਸਿਫ਼ਤਾਂ ਕਰਨੀਆਂ ਚਾਹੀਦੀਆਂ ਹਨ। ਪਰਮਾਤਮਾ ਹੀ ਇਕ ਐਸੀ ਹਸਤੀ ਹੈ ਜਿਸ ਦੇ ਗੁਣ ਗਾਣੇ ਚਾਹੀਦੇ ਹਨ।
(ਪਰ) ਉਹਨਾਂ ਬੰਦਿਆਂ ਨੇ ਪ੍ਰਭੂ (ਦੇ ਗੁਣ ਗਾਵਣ) ਦਾ ਆਨੰਦ ਮਾਣਿਆ ਹੈ ਜੋ ਸਤਿਗੁਰੂ ਦੇ ਚਰਨਾਂ ਤੇ ਪੈਂਦੇ ਹਨ ॥੨॥
(ਹੇ ਮਨ! ਜਿਹੜਾ ਪ੍ਰਭੂ) ਤੈਨੂੰ ਦੁੱਖਾਂ ਤੋਂ ਖ਼ਲਾਸੀ ਦੇਂਦਾ ਹੈ ਤੇ ਤੇਰੇ ਸਾਰੇ ਪਰਵਾਰ ਸਮੇਤ ਤੇਰੀ ਰੱਖਿਆ ਕਰਦਾ ਹੈ,
ਉਸ ਪ੍ਰਭੂ ਨੂੰ ਸਦਾ ਯਾਦ ਕਰ ਜੋ ਤੇਰੇ ਸਾਰੇ ਕੰਮ ਆਪ ਸੰਵਾਰਦਾ ਹੈ।
ਮਾਪਿਆਂ ਵਾਂਗ ਅੰਞਾਣੇ ਬਾਲਾਂ ਨੂੰ ਪਾਲ ਕੇ ਪ੍ਰਭੂ (ਜੀਵਾਂ ਨੂੰ) ਗਲ ਲਾਉਂਦਾ ਹੈ।
ਹੇ ਨਾਨਕ! ਜਿਸ ਮਨੁੱਖ ਵਲ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਉਸ ਉਤੇ ਸਭ ਜੀਵ ਦਿਆਲ ਹੋ ਜਾਂਦੇ ਹਨ ॥੧॥