ਹੇ ਭਾਈ! ਉਸ ਪ੍ਰਭੂ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ
ਜਿਸ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ। (ਉਹ ਪ੍ਰਭੂ ਨੇ ਹੀ ਭਗਤਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤ ਬਖ਼ਸ਼ੀ ਹੈ ॥੧॥
ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ।
ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥੧੬॥੮੦॥
ਰਾਗ ਬਿਲਾਵਲੁ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਮੋਹਨ! ਇਹੋ ਜਿਹੇ (ਪਰਮਾਤਮਾ ਤੋਂ ਬੇਮੁਖ ਕਰਨ ਵਾਲੇ) ਬੋਲ ਮੇਰੀ ਕੰਨੀਂ ਨਾਹ ਪੈਣ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਜੇਹੜੇ ਗੰਦੇ) ਗੀਤਾਂ ਨਾਦਾਂ ਧੁਨੀਆਂ ਦੇ ਬੋਲ ਬੋਲਦੇ ਹਨ ਅਤੇ ਗਾਂਦੇ ਹਨ ਉਹ (ਆਤਮਕ ਜੀਵਨ ਵਾਸਤੇ) ਵਿਅਰਥ ਹਨ ॥੧॥ ਰਹਾਉ ॥
ਮੈਂ ਸਦਾ ਹੀ ਹਰ ਵੇਲੇ ਗੁਰੂ ਦੀ ਸਰਨ ਪਿਆ ਰਹਾਂ, ਮੈਂ ਸਦਾ ਇਹੀ ਕਾਰ ਕਰਦਾ ਰਹਾਂ।
ਹੇ ਸਰਬ-ਵਿਆਪਕ ਦਾਤਾਰ! ਹੇ ਹਰੀ! (ਮੇਹਰ ਕਰ) ਗੁਰੂ ਦੀ ਸੰਗਤਿ ਵਿਚ ਮਿਲ ਕੇ, ਤੇਰੇ ਗੁਣ ਗਾ ਕੇ ਮੈਂ (ਤੇਰੇ ਦਰ ਤੋਂ) ਨਿਰਭੈਤਾ ਦੀ ਦਾਤ ਪ੍ਰਾਪਤ ਕਰਾਂ ॥੧॥
ਮੇਰੀਆਂ ਅੱਖਾਂ ਤੇਰੇ ਦਰਸਨ ਦਾ ਆਨੰਦ ਮਾਣ ਮਾਣ ਕੇ ਮੇਰੀ ਜੀਭ ਤੈਂ ਅਪਹੁੰਚ ਦੇ ਗੁਣਾਂ ਵਿਚ ਰੱਤੀ ਰਹੇ।
ਹੇ ਦੀਨਾਂ ਦੇ ਦੁੱਖ ਦੂਰ ਕਰਨ ਵਾਲੇ! (ਮੇਰੇ ਉਤੇ) ਦਇਆਵਾਨ ਹੋ, ਆਪਣੇ ਚਰਨ ਮੇਰੇ ਹਿਰਦੇ ਵਿਚ ਵਸਾਈ ਰੱਖ ॥੨॥
ਹੇ ਮੋਹਨ! ਮੇਰੀ ਨਿਗਾਹ ਵਿਚ ਇਹੋ ਜਿਹੀ ਜੋਤਿ ਪੈਦਾ ਕਰ ਕਿ ਮੈਂ ਆਪਣੇ ਆਪ ਨੂੰ ਸਭ ਨਾਲੋਂ ਨੀਵਾਂ ਸਮਝਾਂ ਅਤੇ ਸਭ ਨੂੰ ਆਪਣੇ ਨਾਲੋਂ ਉੱਚਾ ਜਾਣਾਂ।
ਹੇ ਮੋਹਨ! ਮੇਰੇ ਹਿਰਦੇ ਵਿਚ ਗੁਰੂ ਦਾ ਉਪਦੇਸ਼ ਪੱਕਾ ਕਰ ਦੇ, ਤਾ ਕਿ ਮੈਂ ਸਦਾ ਲਈ ਆਪਣੇ ਅੰਦਰੋਂ ਅਹੰਕਾਰ ਦੂਰ ਕਰ ਦਿਆਂ ॥੩॥
ਹੇ ਮੋਹਨ! ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, ਤੂੰ ਅਤੁੱਲ ਹੈਂ, (ਤੇਰੇ ਵਡੱਪਣ ਨੂੰ) ਤੋਲਿਆ ਨਹੀਂ ਜਾ ਸਕਦਾ, ਤੂੰ ਭਗਤੀ ਨੂੰ ਪਿਆਰ ਕਰਨ ਵਾਲਾ ਹੈਂ, ਤੂੰ ਸਭ ਉਤੇ ਕਿਰਪਾ ਕਰਦਾ ਹੈਂ।
ਹੇ ਨਾਨਕ! (ਮੋਹਨ-ਪ੍ਰਭੂ ਦੀ ਕਿਰਪਾ ਨਾਲ) ਜੇਹੜਾ ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਨਿਰਭੈਤਾ ਦੀ ਦਾਤ ਹਾਸਲ ਕਰ ਲੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੧॥੮੧॥
ਹੇ ਪ੍ਰਭੂ! ਤੂੰ (ਹੀ) ਮੇਰੀ ਜਿੰਦ ਦਾ ਸਹਾਰਾ ਹੈਂ।
ਹੇ ਪ੍ਰਭੂ! ਮੈਂ ਤੇਰੇ ਹੀ ਅੱਗੇ ਨਮਸਕਾਰ ਕਰਦਾ ਹਾਂ, ਚੁਫਾਲ ਲੰਮਾ ਪੈ ਕੇ ਨਮਸਕਾਰ ਕਰਦਾ ਹਾਂ। ਮੈਂ ਅਨੇਕਾਂ ਵਾਰੀ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
ਹੇ ਪ੍ਰਭੂ! ਉਠਦਿਆਂ ਬਹਿੰਦਿਆਂ, ਸੁੱਤਿਆਂ, ਜਾਗਦਿਆਂ (ਹਰ ਵੇਲੇ) ਮੇਰਾ ਇਹ ਮਨ ਤੈਨੂੰ ਹੀ ਯਾਦ ਕਰਦਾ ਰਹਿੰਦਾ ਹੈ।
ਮੇਰਾ ਇਹ ਮਨ ਆਪਣੇ ਸੁਖ ਆਪਣੇ ਦੁੱਖ ਆਪਣੀ ਹਰੇਕ ਪੀੜਾ ਤੇਰੇ ਹੀ ਅੱਗੇ ਪੇਸ਼ ਕਰਦਾ ਹੈ ॥੧॥
ਹੇ ਪ੍ਰਭੂ! ਤੂੰ ਹੀ ਮੇਰਾ ਸਹਾਰਾ ਹੈਂ, ਤੂੰ ਹੀ ਮੇਰਾ ਤਾਣ ਹੈਂ, ਤੂੰ ਹੀ ਮੇਰੀ ਅਕਲ ਹੈਂ, ਤੂੰ ਹੀ ਮੇਰਾ ਧਨ ਹੈਂ, ਅਤੇ ਤੂੰ ਹੀ ਮੇਰੇ ਵਾਸਤੇ ਮੇਰਾ ਪਰਵਾਰ ਹੈਂ।
ਹੇ ਨਾਨਕ! (ਆਖ-ਹੇ ਪ੍ਰਭੂ!) ਜੋ ਕੁਝ ਤੂੰ ਕਰਦਾ ਹੈਂ, ਮੇਰੇ ਵਾਸਤੇ ਉਹੀ ਭਲਾਈ ਹੈ। ਤੇਰੇ ਚਰਨਾਂ ਦਾ ਦਰਸਨ ਕਰ ਕੇ ਮੈਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੨॥੨॥੮੨॥
ਹੇ ਪ੍ਰਭੂ! ਤੇਰੀ ਬਾਬਤ ਸੁਣੀਦਾ ਹੈ ਕਿ ਤੂੰ ਸਾਰੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈਂ,
(ਤੂੰ ਉਹਨਾਂ ਨੂੰ ਭੀ ਬਚਾ ਲੈਂਦਾ ਹੈਂ, ਜੇਹੜੇ) ਮੋਹ ਵਿਚ ਡੁੱਬੇ ਹੋਏ ਵਿਕਾਰਾਂ ਵਿਚ ਡਿੱਗੇ ਹੋਏ ਪ੍ਰਾਣੀਆਂ ਨਾਲ ਬਹਿਣ-ਖਲੋਣ ਰੱਖਦੇ ਹਨ ਅਤੇ ਬੜੀ ਬੇ-ਪਰਵਾਹੀ ਨਾਲ ਤੈਨੂੰ ਮਨ ਤੋਂ ਭੁਲਾਈ ਰੱਖਦੇ ਹਨ ॥੧॥ ਰਹਾਉ ॥
ਹੇ ਪ੍ਰਭੂ! (ਤੇਰੇ ਪੈਦਾ ਕੀਤੇ ਜੀਵ) ਮਾਇਆ ਇਕੱਠੀ ਕਰ ਕੇ ਹੀ ਇਸ ਨੂੰ ਗ੍ਰਹਿਣ ਕਰਨ-ਜੋਗ ਬਣਾਂਦੇ ਹਨ, ਪਰ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ-ਜਲ ਆਪਣੇ ਮਨ ਤੋਂ ਪਰੇ ਸੁੱਟ ਦੇਂਦੇ ਹਨ।
ਜੀਵ ਕਾਮ ਕ੍ਰੋਧ ਲੋਭ ਨਿੰਦਾ (ਆਦਿਕ ਵਿਕਾਰਾਂ) ਵਿਚ ਮਸਤ ਰਹਿੰਦੇ ਹਨ ਅਤੇ ਸੇਵਾ ਸੰਤੋਖ ਆਦਿਕ ਗੁਣਾਂ ਨੂੰ ਲੀਰ-ਲੀਰ ਕਰ ਰਹੇ ਹਨ (ਮੇਹਰ ਕਰ, ਇਹਨਾਂ ਨੂੰ ਵਿਕਾਰਾਂ ਤੋਂ ਬਚਾ ਲੈ) ॥੧॥
ਹੇ ਮੇਰੇ ਮਾਲਕ-ਪ੍ਰਭੂ! ਇਹਨਾਂ ਵਿਕਾਰਾਂ ਤੋਂ ਸਾਨੂੰ ਬਚਾ ਲੈ (ਸਾਡੀ ਇਹਨਾਂ ਦੇ ਟਾਕਰੇ ਤੇ ਪੇਸ਼ ਨਹੀਂ ਜਾਂਦੀ) ਹਾਰ ਕੇ ਤੇਰੀ ਸਰਨ ਆ ਪਏ ਹਾਂ।
ਹੇ ਪ੍ਰਭੂ! (ਤੇਰੇ ਦਰ ਦੇ ਸੇਵਕ) ਨਾਨਕ ਦੀ (ਤੇਰੇ ਅੱਗੇ) ਅਰਜ਼ੋਈ ਹੈ ਕਿ ਤੂੰ ਆਤਮਕ ਜੀਵਨ ਤੋਂ ਉੱਕੇ ਸੱਖਣੇ ਬੰਦਿਆਂ ਨੂੰ ਭੀ ਸਾਧ ਸੰਗਤਿ ਵਿਚ ਲਿਆ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈਂ ॥੨॥੩॥੮੩॥
ਹੇ ਭਾਈ! ਸਾਧ ਸੰਗਤਿ ਵਿਚ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਕਥਾ-ਵਾਰਤਾ (ਸਦਾ) ਸੁਣੀ ਜਾਂਦੀ ਹੈ।
ਉਥੇ ਦਿਨ ਰਾਤ ਹਰ ਵੇਲੇ ਪ੍ਰਭੂ ਦੀਆਂ ਕਥਾ-ਕਹਾਣੀਆਂ ਹੁੰਦੀਆਂ ਹਨ, ਕੀਰਤਨ ਹੁੰਦਾ ਹੈ, ਆਤਮਕ ਆਨੰਦ-ਹੁਲਾਰਾ ਪੈਦਾ ਕਰਨ ਵਾਲੀ ਰੌ ਸਦਾ ਚਲੀ ਰਹਿੰਦੀ ਹੈ ॥੧॥ ਰਹਾਉ ॥
ਹੇ ਭਾਈ! ਸੰਤ ਜਨਾਂ ਨੂੰ ਪ੍ਰਭੂ ਨੇ ਮੇਹਰ ਕਰ ਕੇ ਆਪਣੇ ਸੇਵਕ ਬਣਾ ਲਿਆ ਹੁੰਦਾ ਹੈ, ਉਹਨਾਂ ਨੂੰ ਆਪਣੇ ਨਾਮ ਦੀ ਦਾਤ ਬਖ਼ਸ਼ੀ ਹੁੰਦੀ ਹੈ।
ਅੱਠੇ ਪਹਿਰ ਪ੍ਰਭੂ ਦੇ ਗੁਣ ਗਾਂਦਿਆਂ ਗਾਂਦਿਆਂ (ਉਹਨਾਂ ਦੇ) ਇਸ ਸਰੀਰ ਵਿਚੋਂ ਕਾਮ ਕ੍ਰੋਧ (ਆਦਿਕ ਵਿਕਾਰ) ਦੂਰ ਹੋ ਜਾਂਦੇ ਹਨ ॥੧॥