ਜੇਹੜਾ ਮਨੁੱਖ ਪਿਆਰੇ ਗੁਰੂ ਦੇ ਪ੍ਰੇਮ ਵਿਚ ਟਿਕਿਆ ਰਹਿੰਦਾ ਹੈ, ਉਹ ਇਹ ਗੱਲ ਸਮਝ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਸੱਚਾ ਸਾਥੀ ਹੈ।
ਉਹ ਮਨੁੱਖ ਪਰਮਾਤਮਾ ਦੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਗੁਰੂ ਪਾਸੋਂ ਪ੍ਰਾਪਤ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਲੱਗ ਪੈਂਦਾ ਹੈ।
ਕੋਈ ਵਿਰਲਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਇਹ ਵਿਚਾਰ ਕਰਦਾ ਹੈ ਕਿ ਸਾਰੀ ਸ੍ਰਿਸ਼ਟੀ ਵਿਚ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ।
(ਅਜੇਹੇ ਮਨੁੱਖ ਨੂੰ) ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜਦਾ ਹੈ, ਤਾਂ ਉਸ ਉਤੇ ਬਖ਼ਸ਼ਸ਼ ਕਰਦਾ ਹੈ, ਸਦਾ-ਥਿਰ ਰਹਿਣ ਵਾਲੀ ਆਪਣੀ ਭਗਤੀ ਦੇ ਕੇ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ ॥੭॥
ਹੇ ਭਾਈ! ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ ਸਮਝਦਾ ਹੈ ਕਿ ਹਰ ਥਾਂ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਕੰਮ ਕਰ ਰਿਹਾ ਹੈ।
ਜਗਤ ਵਿਚ ਜੰਮਣਾ ਮਰਨਾ ਭੀ ਉਸੇ ਦੇ ਹੁਕਮ ਵਿਚ ਚੱਲ ਰਿਹਾ ਹੈ। ਗੁਰੂ ਦੀ ਸਰਨ ਪੈਣ ਵਾਲਾ ਉਹ ਮਨੁੱਖ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ।
ਜਦੋਂ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰਦਾ ਹੈ ਤਾਂ ਉਹ ਗੁਰੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਫਿਰ ਉਹ ਜੇਹੜੀ ਮੁਰਾਦ ਮੰਗਦਾ ਹੈ ਉਹੀ ਹਾਸਲ ਕਰ ਲੈਂਦਾ ਹੈ।
ਹੇ ਨਾਨਕ! (ਆਖ-) ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਆਤਮਕ ਜੀਵਨ ਦਾ ਸਾਰਾ ਸਰਮਾਇਆ ਬਚਿਆ ਰਹਿੰਦਾ ਹੈ ॥੮॥੧॥
ਹੇ ਭਾਈ! (ਗੁਰੂ ਦੀ ਬਾਣੀ ਦੀ ਬਰਕਤਿ ਨਾਲ) ਜਿਸ ਕਾਂਇਆਂ ਵਿਚ ਪ੍ਰਭੂ-ਪਤੀ ਆ ਵੱਸਦਾ ਹੈ, ਉਹ ਕਾਂਇਆਂ-ਇਸਤ੍ਰੀ ਬਹੁਤ ਸੁੰਦਰ ਬਣ ਜਾਂਦੀ ਹੈ।
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹੈ, ਸਦਾ-ਥਿਰ ਪ੍ਰਭੂ-ਪਤੀ ਦੇ ਮਿਲਾਪ ਦੇ ਕਾਰਨ ਉਹ ਸਦਾ ਲਈ ਸੁਹਾਗ ਭਾਗ ਵਾਲੀ ਬਣ ਜਾਂਦੀ ਹੈ।
ਹੇ ਭਾਈ! (ਬਾਣੀ ਦੀ ਬਰਕਤਿ ਨਾਲ ਜੇਹੜਾ ਮਨੁੱਖ) ਆਪਣੇ ਅੰਦਰੋਂ ਹਉਮੈ ਸਾੜ ਲੈਂਦਾ ਹੈ, ਉਹ ਸਦਾ ਵਾਸਤੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ॥੧॥
ਹੇ ਭਾਈ! ਪੂਰੇ ਗੁਰੂ ਦੀ ਬਾਣੀ ਧੰਨ ਹੈ ਧੰਨ ਹੈ।
ਇਹ ਬਾਣੀ ਪੂਰੇ ਗੁਰੂ ਦੇ ਹਿਰਦੇ ਵਿਚੋਂ ਪੈਦਾ ਹੁੰਦੀ ਹੈ, ਅਤੇ (ਜੇਹੜਾ ਮਨੁੱਖ ਇਸ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਨੂੰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਕਰ ਦੇਂਦੀ ਹੈ ॥੧॥ ਰਹਾਉ ॥
ਹੇ ਭਾਈ! ਖੰਡਾਂ ਮੰਡਲਾਂ ਪਾਤਾਲਾਂ (ਸਾਰੇ ਜਗਤ) ਦਾ ਹਰੇਕ ਸੁਖ ਉਸ ਸਰੀਰ ਦੇ ਅੰਦਰ ਆ ਵੱਸਦਾ ਹੈ,
ਜਿਸ ਸਰੀਰ ਵਿਚ ਜਗਤ ਦਾ ਜੀਵਨ ਉਹ ਦਾਤਾਰ-ਪ੍ਰਭੂ ਪਰਗਟ ਹੋ ਜਾਂਦਾ ਹੈ ਜੋ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾਂਦਾ ਹੈ ਉਸ ਦੀ ਕਾਂਇਆਂ-ਇਸਤ੍ਰੀ ਸਦਾ ਸੁਖੀ ਰਹਿੰਦੀ ਹੈ ॥੨॥
ਹੇ ਭਾਈ! ਇਸ ਸਰੀਰ ਵਿਚ ਪ੍ਰਭੂ ਆਪ ਹੀ ਵੱਸਦਾ ਹੈ, ਪਰ ਉਹ ਅਦ੍ਰਿਸ਼ਟ ਹੈ (ਸਧਾਰਨ ਤੌਰ ਤੇ) ਵੇਖਿਆ ਨਹੀਂ ਜਾ ਸਕਦਾ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ (ਇਹ ਭੇਤ) ਨਹੀਂ ਸਮਝਦਾ, (ਉਸ ਪ੍ਰਭੂ ਨੂੰ) ਬਾਹਰ (ਜੰਗਲ ਆਦਿਕ ਵਿਚ) ਲੱਭਣ ਤੁਰ ਪੈਂਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਹੈ (ਕਿਉਂਕਿ ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਆ ਪਿਆ) ਗੁਰੂ ਨੇ (ਉਸ ਨੂੰ) ਅਦ੍ਰਿਸ਼ਟ ਪਰਮਾਤਮਾ (ਉਸ ਦੇ ਅੰਦਰ ਵੱਸਦਾ) ਵਿਖਾ ਦਿੱਤਾ ॥੩॥
ਹੇ ਭਾਈ! ਪਰਮਾਤਮਾ ਦੀ ਭਗਤੀ (ਮਾਨੋ) ਰਤਨ ਪਦਾਰਥ ਹੈ (ਇਹਨਾਂ ਰਤਨਾਂ ਪਦਾਰਥਾਂ ਦੇ) ਖ਼ਜ਼ਾਨੇ ਇਸ ਮਨੁੱਖ ਸਰੀਰ ਵਿਚ ਭਰੇ ਪਏ ਹਨ।
ਇਸ ਸਰੀਰ ਦੇ ਅੰਦਰ ਹੀ (ਮਾਨੋ) ਸਾਰੀ ਧਰਤੀ ਦੇ ਹੱਟ ਬਾਜ਼ਾਰ ਤੇ ਸ਼ਹਰ (ਵੱਸ ਰਹੇ ਹਨ। ਗੁਰੂ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਅੰਦਰ ਹੀ ਨਾਮ ਧਨ ਵਿਹਾਝਦਾ ਹੈ)।
ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਇਸ ਸਰੀਰ ਦੇ ਵਿਚੋਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਜੇਹੜਾ (ਮਾਨੋ ਧਰਤੀ ਦੇ) ਨੌ ਹੀ ਖ਼ਜ਼ਾਨੇ ਹੈ ॥੪॥
ਹੇ ਭਾਈ! ਇਸ ਮਨੁੱਖਾ ਸਰੀਰ ਵਿਚ ਨਾਮ-ਰਤਨ ਦੀ ਪਰਖ ਕਰਨ ਵਾਲਾ ਪ੍ਰਭੂ ਆਪ ਹੀ ਵੱਸਦਾ ਹੈ,
ਉਹ ਆਪ ਪਰਖ ਕਰ ਕੇ ਨਾਮ-ਰਤਨ ਦੀ ਪਰਖ ਦੀ ਜਾਚ ਸਿਖਾਂਦਾ ਹੈ, (ਜਿਸ ਮਨੁੱਖ ਨੂੰ ਜਾਚ ਦੇਂਦਾ ਹੈ, ਉਸ ਦਾ) ਇਹ ਮਨ (ਮਾਨੋ) ਰਤਨ ਜਵਾਹਰ ਮੋਤੀ (ਵਰਗਾ ਕੀਮਤੀ ਬਣ ਜਾਂਦਾ ਹੈ।
ਇਤਨਾ ਕੀਮਤੀ ਬਣ ਜਾਂਦਾ ਹੈ ਕਿ) ਉਸ ਦਾ ਮੁੱਲ ਨਹੀਂ ਪੈ ਸਕਦਾ। (ਉਸ ਮਨੁੱਖ ਨੂੰ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਦਾ) ਨਾਮ ਕਿਸੇ (ਦੁਨੀਆਵੀ) ਕੀਮਤ ਨਾਲ ਨਹੀਂ ਮਿਲ ਸਕਦਾ। ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਬਰਕਤਿ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ ॥੫॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ (ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਵਾਸਤੇ) ਆਪਣੇ ਸਰੀਰ ਨੂੰ ਹੀ ਖੋਜਦਾ ਹੈ। ਬਾਕੀ ਦੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ।
ਪਰਮਾਤਮਾ ਆਪ ਜਿਸ ਮਨੁੱਖ ਨੂੰ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ। ਕੋਈ ਭੀ ਮਨੁੱਖ (ਗੁਰੂ ਦੀ ਸਰਨ ਤੋਂ ਬਿਨਾ) ਹੋਰ ਕੋਈ ਸਿਆਣਪ ਨਹੀਂ ਕਰ ਸਕਦਾ (ਜਿਸ ਨਾਲ ਨਾਮ ਪ੍ਰਾਪਤ ਕਰ ਸਕੇ)।
ਗੁਰੂ ਦੀ ਕਿਰਪਾ ਨਾਲ ਹੀ ਨਾਮ ਪ੍ਰਾਪਤ ਹੁੰਦਾ ਹੈ। ਜਿਸ ਨੂੰ ਪ੍ਰਾਪਤ ਹੁੰਦਾ ਹੈ ਉਸ ਦੇ ਸਰੀਰ ਵਿਚ ਪਰਮਾਤਮਾ ਦਾ ਡਰ-ਅਦਬ ਅਤੇ ਪਿਆਰ ਆ ਵੱਸਦਾ ਹੈ ॥੬॥
ਹੇ ਭਾਈ! ਇਸ ਸਰੀਰ ਵਿਚ ਉਹ ਪਰਮਾਤਮਾ ਵੱਸ ਰਿਹਾ ਹੈ, ਜਿਸ ਤੋਂ ਬ੍ਰਹਮਾ, ਬਿਸ਼ਨ, ਸ਼ਿਵ ਅਤੇ ਹੋਰ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ।
ਸਦਾ-ਥਿਰ ਪ੍ਰਭੂ ਨੇ (ਇਹ ਜਗਤ) ਆਪਣਾ ਇਕ ਤਮਾਸ਼ਾ ਰਚਿਆ ਹੋਇਆ ਹੈ ਇਹ ਜੰਮਣ ਮਰਨ ਇਕ ਖਿਲਾਰਾ ਖਿਲਾਰ ਦਿੱਤਾ ਹੈ।
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ (ਇਹ ਅਸਲੀਅਤ) ਵਿਖਾ ਦਿੱਤੀ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜ ਕੇ ਉਸ ਮਨੁੱਖ ਦਾ ਪਾਰ-ਉਤਾਰਾ ਹੋ ਗਿਆ ॥੭॥
ਹੇ ਭਾਈ! ਉਹੀ ਸਰੀਰ ਸਫਲ ਹੈ ਜੇਹੜਾ ਗੁਰੂ ਦੀ ਸਰਨ ਪੈਂਦਾ ਹੈ। ਉਸ ਸਰੀਰ ਨੂੰ ਸਦਾ-ਥਿਰ ਰਹਿਣ ਵਾਲੇ ਕਰਤਾਰ ਨੇ ਆਪ ਸੋਹਣਾ ਬਣਾ ਦਿੱਤਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਪਰਮਾਤਮਾ ਦੇ ਦਰ ਤੇ ਖਲੋਣਾ ਨਹੀਂ ਮਿਲਦਾ। ਤਦੋਂ (ਅਜੇਹੇ ਮਨੁੱਖ ਨੂੰ) ਜਮਰਾਜ ਖ਼ੁਆਰ ਕਰਦਾ ਹੈ।
ਹੇ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ, ਉਸ ਨੂੰ ਆਪਣਾ ਸਦਾ-ਥਿਰ ਨਾਮ ਬਖ਼ਸ਼ਦਾ ਹੈ (ਇਹੀ ਉਸ ਵਾਸਤੇ ਸਭ ਤੋਂ ਵੱਡੀ) ਇੱਜ਼ਤ ਹੈ ॥੮॥੨॥