ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮੇਰਾ ਹਰੀ-ਪ੍ਰਭੂ ਆ ਵੱਸਿਆ ਹੈ ਮੈਂ ਉਹਨਾਂ ਤੋਂ ਸਦਕੇ-ਕੁਰਬਾਨ ਜਾਂਦਾ ਹਾਂ ॥੩॥
ਜੇਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ, ਉਹੀ (ਅਸਲ) ਸੇਵਕ ਅਖਵਾਂਦੇ ਹਨ।
ਹੇ ਨਾਨਕ! ਸੱਚ ਜਾਣ, ਮਾਲਕ-ਪ੍ਰਭੂ ਸੰਤਾਂ ਨਾਲੋਂ ਵੱਖਰਾ ਨਹੀਂ ਹੈ ॥੧॥
ਛੰਤ।
(ਜਿਵੇਂ) ਪਾਣੀ ਪਾਣੀ ਵਿਚ ਮਿਲ ਕੇ ਇਕ-ਰੂਪ ਹੋ ਜਾਂਦਾ ਹੈ,
(ਤਿਵੇਂ ਸੇਵਕ ਦੀ) ਆਤਮਾ ਪਰਮਾਤਮਾ ਦੇ ਨਾਲ ਮਿਲੀ ਰਹਿੰਦੀ ਹੈ।
ਪੂਰਨ ਸਰਬ-ਵਿਆਪਕ ਕਰਤਾਰ ਨੇ ਜਿਸ ਸੇਵਕ ਨੂੰ ਆਪਣੇ ਵਿਚ ਲੀਨ ਕਰ ਲਿਆ, ਉਸ ਦੇ ਅੰਦਰ ਇਹ ਸੂਝ ਪੈਦਾ ਹੋ ਜਾਂਦੀ ਹੈ ਕਿ (ਹਰ ਥਾਂ) ਪਰਮਾਤਮਾ ਆਪ ਹੀ ਆਪ ਹੈ,
ਉਸ ਦੇ ਹਿਰਦੇ ਵਿਚ (ਵਿਕਾਰਾਂ ਵਲੋਂ) ਸੁੰਞ ਹੋ ਜਾਂਦੀ ਹੈ, ਆਤਮਕ ਅਡੋਲਤਾ ਵਿਚ ਉਸ ਦੀ ਸਮਾਧੀ ਲੱਗੀ ਰਹਿੰਦੀ ਹੈ, ਉਸ ਦੇ ਹਿਰਦੇ ਵਿਚ ਇਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਹੁੰਦੀ ਰਹਿੰਦੀ ਹੈ।
ਪਰਮਾਤਮਾ ਸਾਰੇ ਸੰਸਾਰ ਵਿਚ ਆਪ ਹੀ ਲੁਕਿਆ ਹੋਇਆ ਹੈ, ਫਿਰ ਭੀ ਉਹ ਆਪ ਮਾਇਆ ਦੇ ਮੋਹ ਤੋਂ ਰਹਿਤ ਹੈ (ਹਰ ਥਾਂ ਵਿਆਪਕ ਹੋਣ ਕਰਕੇ) ਉਹ ਆਪ ਹੀ ਆਪਣੇ ਆਪ ਨੂੰ ਸਿਮਰ ਰਿਹਾ ਹੈ।
ਹੇ ਨਾਨਕ! (ਸੇਵਕ ਦੇ) ਅੰਦਰੋਂ ਭਰਮ ਡਰ ਤੇ ਮਾਇਆ ਦੇ ਤਿੰਨ ਗੁਣ ਨਾਸ ਹੋ ਜਾਂਦੇ ਹਨ, (ਉਹ ਇਉਂ ਪਰਮਾਤਮਾ ਨਾਲ ਇਕ-ਰੂਪ ਹੋਇਆ ਰਹਿੰਦਾ ਹੈ, ਜਿਵੇਂ) ਪਾਣੀ ਪਾਣੀ ਵਿੱਚ ਮਿਲ ਕੇ ਇਕ ਰੂਪ ਹੋ ਜਾਂਦਾ ਹੈ ॥੪॥੨॥
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ!
(ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ।
ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ!
ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ।
ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥
ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ,
ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ।
ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ।
ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ।
ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥
ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ,
(ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ।
ਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ।
ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ।
ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ।
ਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥
ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ,
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ।
ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ।
ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ।
ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ।
ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥
ਰਾਗ ਵਡਹੰਸ, ਘਰ ੫ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਅਲਾਹਣੀਆਂ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਸਿਰਜਣਹਾਰ ਪਾਤਿਸ਼ਾਹ ਸਦਾ ਕਾਇਮ ਰਹਿਣ ਵਾਲਾ ਹੈ, ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ।
ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਤੇ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ।