ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ।
(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ॥੪॥
(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤ ਨਹੀਂ ਜੁੜਦੀ।
ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ।
(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ॥੫॥
(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ? (ਮਾਇਆ ਦਾ ਕੀਹ ਸਰੂਪ ਹੈ? ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ?
(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ 'ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ' ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ।
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ॥੬॥
ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ॥੭॥
ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ। (ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ॥੮॥੪॥੨੧॥{66-67}
ਮੇਰੇ ਪ੍ਰਭੂ ਨੇ (ਆਪ ਹੀ) ਮਾਇਆ ਦਾ ਮੋਹ ਪੈਦਾ ਕੀਤਾ ਹੈ, ਉਹ ਆਪ ਹੀ (ਜੀਵਾਂ ਨੂੰ ਮਾਇਆ ਦੀ) ਭਟਕਣਾ ਵਿਚ ਪਾ ਕੇ ਕੁਰਾਹੇ ਪਾ ਦੇਂਦਾ ਹੈ।
(ਉਸ ਭਟਕਣਾ ਵਿਚ ਪਏ ਹੋਏ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਿੱਥੇ ਹੋਏ ਧਾਰਮਿਕ) ਕੰਮ ਕਰਦੇ ਰਹਿੰਦੇ ਹਨ, ਤੇ (ਇਹ) ਨਹੀਂ ਸਮਝਦੇ (ਕਿ ਅਸੀਂ ਕੁਰਾਹੇ ਪਏ ਹੋਏ ਹਾਂ)। (ਜੇਹੜਾ ਭੀ ਮਨੁੱਖ ਆਪਣੇ ਮਨ ਦੇ ਪਿੱਛੇ ਤੁਰ ਕੇ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਹ ਆਪਣਾ) ਜਨਮ ਵਿਅਰਥ ਗਵਾਂਦਾ ਹੈ।
ਸਤਿਗੁਰੂ ਦੀ ਬਾਣੀ ਇਸ ਜਗਤ ਵਿਚ (ਜੀਵਨ ਦੇ ਰਸਤੇ ਵਿਚ) ਚਾਨਣ (ਕਰਦੀ) ਹੈ। ਇਹ ਬਾਣੀ (ਪਰਮਾਤਮਾ ਦੀ) ਮਿਹਰ ਨਾਲ (ਹੀ) ਮਨੁੱਖ ਦੇ ਮਨ ਵਿਚ ਆ ਵੱਸਦੀ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, (ਨਾਮ ਜਪਣ ਨਾਲ ਹੀ) ਆਤਮਕ ਆਨੰਦ ਮਿਲਦਾ ਹੈ।
(ਸਿਮਰਨ ਦੀ ਦਾਤ ਗੁਰੂ ਤੋਂ ਮਿਲਦੀ ਹੈ, ਇਸ ਵਾਸਤੇ) ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਪਿਆਂ ਮਨੁੱਖ ਆਤਮਕ ਅਡੋਲਤਾ ਵਿਚ (ਟਿਕਦਾ ਹੈ, ਤੇ ਮਨੁੱਖ ਨੂੰ) ਉਹ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥
(ਗੁਰੂ ਦੀ ਰਾਹੀਂ) ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜ ਕੇ (ਮਨ ਦੀ) ਭਟਕਣਾ ਦੂਰ ਹੋ ਜਾਂਦੀ ਹੈ, (ਹਰੇਕ ਕਿਸਮ ਦਾ) ਡਰ ਨੱਸ ਜਾਂਦਾ ਹੈ।
ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ ਭਾਵ, ਸ਼ਬਦ ਅਨੁਸਾਰ ਜੀਵਨ ਬਿਤਾਣਾ ਚਾਹੀਦਾ ਹੈ, ਇਸ ਤਰ੍ਹਾਂ) ਪਰਮਾਤਮਾ ਮਨ ਵਿਚ ਆ ਵੱਸਦਾ ਹੈ,
ਅੰਤਰ ਆਤਮੇ ਟਿਕ ਜਾਈਦਾ ਹੈ, ਪ੍ਰਭੂ-ਚਰਨਾਂ ਵਿਚ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿ ਸਕੀਦਾ ਹੈ, ਤੇ ਆਤਮਕ ਮੌਤ (ਸੁਚੱਜੇ ਜੀਵਨ ਨੂੰ) ਖਾ ਨਹੀਂ ਸਕਦੀ ॥੨॥
(ਵੇਖੋ) ਨਾਮ ਦੇਵ (ਜਾਤਿ ਦਾ) ਛੀਂਬਾ (ਸੀ) ਕਬੀਰ ਜੁਲਾਹਾ (ਸੀ, ਉਹਨਾਂ ਨੇ) ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ,
ਉਹ ਪਰਮਾਤਮਾ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਹਨਾਂ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, (ਤੇ ਇਸ ਤਰ੍ਹਾਂ ਉਹਨਾਂ ਆਪਣੇ ਅੰਦਰੋਂ) ਹਉਮੈ ਦਾ ਬੀ ਨਾਸ ਕਰ ਦਿੱਤਾ।
ਹੇ ਭਾਈ! (ਹੁਣ) ਦੇਵਤੇ ਤੇ ਮਨੁੱਖ ਉਹਨਾਂ ਦੀ (ਉਚਾਰੀ ਹੋਈ) ਬਾਣੀ ਗਾਂਦੇ ਹਨ, ਕੋਈ ਬੰਦਾ (ਉਹਨਾਂ ਨੂੰ ਮਿਲੀ ਹੋਈ ਇਸ ਇੱਜ਼ਤ ਨੂੰ) ਮਿਟਾ ਨਹੀਂ ਸਕਦਾ ॥੩॥
(ਹਰਨਾਖਸ਼) ਦੈਂਤ ਦਾ ਪੁੱਤਰ (ਭਗਤ ਪ੍ਰਹਿਲਾਦ ਮਿੱਥੇ ਹੋਏ) ਧਾਰਮਿਕ ਕਰਮਾਂ ਤੇ ਇੰਦ੍ਰੀਆਂ ਨੂੰ ਵੱਸ ਕਰਨ ਦੀਆਂ ਜੁਗਤੀਆਂ ਦੱਸਣ ਵਾਲੀਆਂ ਕੋਈ ਪੁਸਤਕਾਂ ਨਹੀਂ ਸੀ ਪੜ੍ਹਦਾ, ਉਹ ਪ੍ਰਭੂ ਬਿਨਾ ਕਿਸੇ ਹੋਰ (ਦੇਵਤੇ ਆਦਿਕ) ਨਾਲ ਪਿਆਰ (ਕਰਨਾ) ਨਹੀਂ ਸੀ ਜਾਣਦਾ।
ਪੂਰਾ ਗੁਰੂ ਮਿਲਣ (ਦੀ ਬਰਕਤਿ) ਨਾਲ ਉਹ ਪਵਿੱਤ੍ਰ (ਜੀਵਨ ਵਾਲਾ) ਹੋ ਗਿਆ, ਹਰ ਵੇਲੇ ਪਰਮਾਤਮਾ ਦਾ ਨਾਮ ਜਪਣ ਲੱਗ ਪਿਆ।
ਉਹ ਇਕ (ਪਰਮਾਤਮਾ) ਦੀ ਸਿਫ਼ਤ-ਸਾਲਾਹ ਪੜ੍ਹਦਾ ਸੀ, ਇਕ ਪਰਮਾਤਮਾ ਦਾ ਨਾਮ ਹੀ ਸਮਝਦਾ ਸੀ, ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ (ਪ੍ਰਭੂ ਵਰਗਾ) ਨਹੀਂ ਸੀ ਜਾਣਦਾ ॥੪॥
ਜੋਗੀ (ਹੋਣ) ਸੰਨਿਆਸੀ (ਹੋਣ, ਇਹ ਸਾਰੇ ਹੀ) ਛੇ ਭੇਖਾਂ ਦੇ ਸਾਧ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
ਜਦੋਂ (ਇਹ) ਗੁਰੂ ਦੀ ਸਰਨ ਪੈਂਦੇ ਹਨ, ਤਦੋਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਕੇ ਉੱਚੀ ਆਤਮਕ ਅਵਸਥਾ ਤੇ (ਸਹੀ) ਜੀਵਨ-ਜੁਗਤਿ ਪ੍ਰਾਪਤ ਕਰਦੇ ਹਨ।
ਜਿਸ ਮਨੁੱਖ ਦਾ ਚਿੱਤ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਪਰਚਦਾ ਹੈ, ਉਹ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੫॥
ਪੰਡਿਤ (ਲੋਕ ਸ਼ਾਸਤ੍ਰ ਆਦਿਕ) ਪੜ੍ਹ ਪੜ੍ਹ ਕੇ (ਨਿਰੀ) ਚਰਚਾ (ਹੀ) ਕਰਦੇ ਸੁਣਦੇ ਹਨ, (ਉਹ ਭੀ) ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ।
(ਕੋਈ ਭੀ ਮਨੁੱਖ) ਗੁਰੂ ਦੇ ਸ਼ਬਦ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਖ਼ਲਾਸੀ ਹਾਸਲ ਨਹੀਂ ਕਰ ਸਕਦਾ, (ਗੁਰੂ ਦੀ ਸਰਨ ਤੋਂ ਬਿਨਾ) ਚੌਰਾਸੀ ਲੱਖ ਜੂਨਾਂ ਦਾ ਗੇੜ ਬਣਿਆ ਰਹਿੰਦਾ ਹੈ।
ਜਦੋਂ ਗੁਰੂ (ਮਨੁੱਖ ਨੂੰ) ਪ੍ਰਭੂ ਦੇ ਚਰਨਾਂ ਵਿਚ ਜੋੜਦਾ ਹੈ, ਜਦੋਂ ਉਹ ਪ੍ਰਭੂ ਦਾ ਨਾਮ ਸਿਮਰਦਾ ਹੈ, ਤਦੋਂ ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ॥੬॥
ਜਦੋਂ (ਮਨੁੱਖ ਨੂੰ) ਪਿਆਰ ਨਾਲ ਗੁਰੂ ਮਿਲਦਾ ਹੈ (ਗੁਰੂ ਦੀ ਕਿਰਪਾ ਨਾਲ) ਸਤਸੰਗ ਵਿਚ ਰਹਿ ਕੇ ਮਨੁੱਖ ਦੇ ਅੰਦਰ ਪਰਮਾਤਮਾ ਦਾ ਨਾਮ ਪਰਗਟ ਹੁੰਦਾ ਹੈ।