ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ।
ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ।
ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।
ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥
ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ।
ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ।
ਹੇ ਨਾਨਕ! ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ, ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ॥੧॥
ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ।
ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ।
ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
ਫਿਰ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।
(ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ ॥੨॥
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ,
ਉਹਨਾਂ ਦਾ ਸਾਰਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)।
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।
ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ।
ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ॥੬॥
ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ।
ਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।
ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ।
ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ।
(ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ॥੧॥
ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ।
ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ।
ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ॥੨॥
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ।
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ)।
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।
ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ।