ਹੇ ਸੰਤ ਜਨੋ! ਹੇ ਸੱਜਣੋ! ਹੇ ਮੇਰੇ ਮਿਤਰੋ! (ਜਗਤ ਵਿਚ ਜੋ ਕੁਝ ਭੀ ਦਿੱਸ ਰਿਹਾ ਹੈ) ਪਰਮਾਤਮਾ ਤੋਂ ਬਿਨਾ ਹੋਰ ਸਭ ਕੁਝ ਨਾਸਵੰਤ ਹੈ (ਦਿੱਸਦੇ ਪਸਾਰੇ ਨਾਲ ਮੋਹ ਪਾਇਆਂ ਦੁੱਖ ਹੀ ਪ੍ਰਾਪਤ ਹੋਵੇਗਾ)।
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ, ਉਸ ਨੇ ਇਹ ਕੀਮਤੀ ਮਨੁੱਖਾ ਜਨਮ ਜਿੱਤ ਲਿਆ (ਸਫਲ ਕਰ ਲਿਆ) ॥੧॥ ਰਹਾਉ ॥
ਪਰਮਾਤਮਾ ਦੀ ਪੈਦਾ ਕੀਤੀ ਹੋਈ ਇਹ ਤ੍ਰਿ-ਗੁਣੀ ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ ਵਿਚੋਂ) ਦੱਸੋ, ਕਿਸ ਤਰ੍ਹਾਂ ਪਾਰ ਲੰਘ ਸਕੀਏ?
(ਇਸ ਵਿਚ ਅਨੇਕਾਂ ਵਿਕਾਰਾਂ ਦੀਆਂ) ਘੁੰਮਣ ਘੇਰੀਆਂ ਪੈ ਰਹੀਆਂ ਹਨ ਇਹ ਅਥਾਹ ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ। (ਹਾਂ, ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਇਸ ਵਿਚੋਂ ਪਾਰ ਲੰਘ ਸਕੀਦਾ ਹੈ ॥੨॥
ਹੇ ਨਾਨਕ! ਜਿਸ ਮਨੁੱਖ ਨੇ (ਸਾਧ ਸੰਗਤਿ ਵਿਚ ਮਿਲ ਕੇ) ਖੋਜ ਕਰਦਿਆਂ ਵਿਚਾਰ ਕੀਤੀ ਉਸ ਨੇ ਇਹ ਅਸਲੀਅਤ ਸਮਝ ਲਈ ਕਿ ਪਰਮਾਤਮਾ ਦਾ ਨਾਮ ਜੋ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ,
ਜਿਸ ਦੇ ਬਰਾਬਰ ਦੇ ਮੁੱਲ ਦੀ ਹੋਰ ਕੋਈ ਸ਼ੈ ਨਹੀਂ, ਸਿਮਰਿਆ ਮਨ ਮੋਤੀ (ਵਰਗਾ ਕੀਮਤੀ) ਬਣ ਜਾਂਦਾ ਹੈ (ਤੇ ਪਰਮਾਤਮਾ ਦੇ ਸਿਮਰਨ ਵਿਚ) ਗਿੱਝ ਜਾਂਦਾ ਹੈ ॥੩॥੧॥੧੩੦॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾਂ ਵਾਲੀ ਬਾਣੀ।
ਜਦੋਂ ਗੁਰੂ ਦੇ ਕਿਰਪਾ ਨਾਲ ਮੇਰਾ ਉਹ ਮਾਲਕ-ਪ੍ਰਭੂ ਮੇਰੇ ਮਨ ਵਿਚ ਆ ਵੱਸਿਆ ਹੈ ਤਦੋਂ ਤੋਂ ਮੈਂ (ਉਸ ਪਾਸੋਂ) ਜੋ ਕੁਝ ਮੰਗਦਾ ਹਾਂ ਉਹੀ ਪ੍ਰਾਪਤ ਕਰ ਲੈਂਦਾ ਹਾਂ।
(ਮੇਰੇ ਮਾਲਕ-ਪ੍ਰਭੂ ਦੇ) ਨਾਮ ਦੇ ਪ੍ਰੇਮ-ਰੰਗ ਨਾਲ ਮੇਰਾ ਇਹ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਚੁਕਾ ਹੈ (ਤਦੋਂ ਤੋਂ) ਮੈਂ ਮੁੜ ਕਿਸੇ ਹੋਰ ਪਾਸੇ ਭਟਕਦਾ ਨਹੀਂ ਫਿਰਦਾ ॥੧॥
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਸਭ ਨਾਲੋਂ ਉੱਚਾ ਹੈ, ਮੈਂ ਰਾਤ ਦਿਨ ਉਸ ਦੀ (ਹੀ) ਸਿਫ਼ਤ-ਸਾਲਾਹ ਕਰਦਾ ਰਹਿੰਦਾ ਹਾਂ।
ਮੇਰਾ ਉਹ ਮਾਲਕ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਭੀ ਤਾਕਤ ਰੱਖਣ ਵਾਲਾ ਹੈ। ਮੈਂ, (ਹੇ ਮਨ!) ਤੈਨੂੰ ਉਸ ਦੇ ਡਰ-ਅਦਬ ਵਿਚ ਰੱਖਣਾ ਚਾਹੁੰਦਾ ਹਾਂ ॥੧॥ ਰਹਾਉ ॥
ਜਦੋਂ ਮੈਂ ਆਪਣੇ ਖਸਮ-ਪ੍ਰਭੂ ਨੂੰ (ਆਪਣੇ ਅੰਦਰ ਵੱਸਦਾ) ਵੇਖ ਲੈਂਦਾ ਹਾਂ ਤਦੋਂ ਮੈਂ ਕਿਸੇ ਹੋਰ (ਓਟ ਆਸਰੇ) ਨੂੰ ਆਪਣੇ ਚਿੱਤ ਵਿਚ ਥਾਂ ਨਹੀਂ ਦੇਂਦਾ।
ਜਦੋਂ ਤੋਂ ਪ੍ਰਭੂ ਨੇ ਆਪਣੇ ਦਾਸ ਨਾਨਕ ਨੂੰ ਆਪ ਨਿਵਾਜਿਆ ਹੈ ਤਦੋਂ ਤੋਂ ਮੈਂ ਹੋਰ ਹਰੇਕ ਕਿਸਮ ਦਾ ਡਰ ਭਟਕਣਾ ਦੂਰ ਕਰ ਕੇ (ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਦੇ ਨਾਮ ਨੂੰ) ਉੱਕਰਦਾ ਰਹਿੰਦਾ ਹਾਂ ॥੨॥੨॥੧੩੧॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
(ਸਾਡੇ ਦੇਸ ਵਿਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ)।
ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ ॥੧॥
ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ।
ਜਗਤ ਵਿਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ ॥੧॥ ਰਹਾਉ ॥
(ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ; ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ, ਹਠ ਵਾਲੀ ਹੈ।
ਨਾਨਕ ਆਖ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿਚ ਰਹਿੰਦਾ ਹੈ ॥੨॥੩॥੧੩੨॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਜਿੰਦ ਵਾਸਤੇ ਇਹ ਸ੍ਰੇਸ਼ਟ ਤੇ ਸੋਹਣੀ ਚੀਜ਼ ਹੈ। (ਦੁਨੀਆ ਦੇ) ਹੋਰ ਸਾਰੇ ਪਰਾਰਥਾਂ ਦੇ ਸੁਆਦ (ਇਸ ਦੇ ਟਾਕਰੇ ਤੇ) ਫਿੱਕੇ ਹਨ ॥੧॥ ਰਹਾਉ ॥
ਇਹ ਹਰਿ-ਕਥਾ ਬਹੁਤ ਗੁਣਾਂ ਵਾਲੀ ਹੈ (ਜੀਵ ਦੇ ਅੰਦਰ ਗੁਣ ਪੈਦਾ ਕਰਨ ਵਾਲੀ ਹੈ) ਮਿਠਾਸ-ਭਰੀ ਹੈ, ਛੇ ਸ਼ਾਸਤਰਾਂ ਨੂੰ ਜਾਣਨ ਵਾਲੇ ਰਿਸ਼ੀ ਲੋਕ (ਹੀ ਹਰਿ-ਕਥਾ ਤੋਂ ਬਿਨਾ) ਕਿਸੇ ਹੋਰ ਉੱਦਮ ਨੂੰ (ਜਿੰਦ ਵਾਸਤੇ) ਲਾਭਦਾਇਕ ਨਹੀਂ ਮੰਨਦੇ ॥੧॥
ਇਹ ਹਰਿ-ਕਥਾ (ਮਾਨੋ, ਅੰਮ੍ਰਿਤ ਦੀ ਧਾਰ ਹੈ ਜੋ) ਵਿਸ਼ਿਆਂ ਦੇ ਜ਼ਹਰ ਦੇ ਅਸਰ ਨੂੰ ਨਾਸ ਕਰਦੀ ਹੈ, ਅਨੋਖੇ ਸੁਆਦ ਵਾਲੀ ਹੈ, ਅਕੱਥ ਹੈ, ਆਤਮਕ ਅਡੋਲਤਾ ਪੈਦਾ ਕਰਦੀ ਹੈ। ਹੇ ਨਾਨਕ! (ਇਹ ਹਰਿ-ਕਥਾ, ਇਹ ਅੰਮ੍ਰਿਤ ਦੀ ਧਾਰ) ਸਾਧ ਸੰਗਤਿ ਵਿਚ (ਟਿਕ ਕੇ ਹੀ) ਪੀਤੀ ਜਾ ਸਕਦੀ ਹੈ ॥੨॥੪॥੧੩੩॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਗੁਰੂ ਨੇ (ਕਿਰਪਾ ਕਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਆਪਣੀ ਬਾਣੀ) ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਕਦੇ ਮੇਰੇ ਮਨ ਤੋਂ ਭੁੱਲਣ ਨਹੀਂ ਦਿੱਤੀ, ਇਹ ਬਾਣੀ ਮੈਨੂੰ ਮਿੱਠੀ ਲੱਗਦੀ ਹੈ, ਇਹ ਬਾਣੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੀ ਧਾਰ ਮੇਰੇ ਅੰਦਰ ਜਾਰੀ ਰੱਖਦੀ ਹੈ ॥੧॥ ਰਹਾਉ ॥
ਇਹ ਬਾਣੀ ਕਰਤਾਰ ਦੇ ਪ੍ਰੇਮ ਵਿਚ ਰੰਗਣ ਵਾਲੀ ਹੈ, ਇਸ ਦੀ ਬਰਕਤਿ ਨਾਲ ਕਰਤਾਰ ਦਾ ਦਰਸਨ ਹੁੰਦਾ ਹੈ ਕਰਤਾਰ ਦੇ ਚਰਨਾਂ ਦੀ ਛੋਹ ਮਿਲਦੀ ਹੈ ਮਨ ਵਿਚ ਆਨੰਦ ਤੇ ਖਿੜਾਉ ਪੈਦਾ ਹੁੰਦਾ ਹੈ ॥੧॥
ਇਸ ਬਾਣੀ ਨੂੰ ਇਕ ਖਿਨ ਵਾਸਤੇ ਭੀ ਹਿਰਦੇ ਵਿਚ ਵਸਾਇਆਂ ਗੁਰੂ ਦੇ ਚਰਨਾਂ ਤਕ ਪਹੁੰਚ ਬਣ ਜਾਂਦੀ ਹੈ, ਇਸ ਨੂੰ ਸੁਆਸ ਸੁਆਸ ਹਿਰਦੇ ਵਿਚ ਵਸਾਇਆਂ ਜਮਾਂ ਦਾ ਡਰ ਨਹੀਂ ਪੋਹ ਸਕਦਾ। ਹੇ ਨਾਨਕ! ਇਸ ਹਰਿ-ਕਥਾ ਨੂੰ ਆਪਣੇ ਗਲੇ ਵਿਚ ਪ੍ਰੋ ਰੱਖ ਇਸ ਨੂੰ ਆਪਣੇ ਹਿਰਦੇ ਵਿਚ ਹਾਰ (ਬਣਾ ਕੇ) ਰੱਖ ॥੨॥੫॥੧੩੪॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਸਾਧ ਸੰਗਤਿ (ਮਨੁੱਖ ਵਾਸਤੇ ਇਕ) ਸੋਹਣੀ ਬਰਕਤਿ ਹੈ। ਰਹਾਉ॥
(ਸਾਧ ਸੰਗਤਿ ਵਿਚ) ਅੱਠੇ ਪਹਰ, ਪਲ ਪਲ, ਘੜੀ ਘੜੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਏ ਜਾਂਦੇ ਹਨ, ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੁੰਦੀਆਂ ਹਨ ॥੧॥
(ਸਾਧ ਸੰਗਤਿ ਦੀ ਬਰਕਤਿ ਨਾਲ) ਤੁਰਦਿਆਂ ਬੈਠਿਆਂ ਸੁੱਤਿਆਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਨ ਦਾ ਸੁਭਾਉ ਬਣ ਜਾਂਦਾ ਹੈ) ਮਨ ਵਿਚ ਪਰਮਾਤਮਾ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਹਰ ਵੇਲੇ ਮੇਲ ਬਣਿਆ ਰਹਿੰਦਾ ਹੈ ॥੨॥
ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਗੁਣ-ਹੀਨ ਹਾਂ, ਤੂੰ ਮੇਰਾ ਮਾਲਕ ਗੁਣਾਂ ਨਾਲ ਭਰਪੂਰ ਹੈਂ (ਸਾਧ ਸੰਗਤਿ ਦਾ ਸਦਕਾ) ਮੈਨੂੰ ਤੇਰੀ ਸਰਨ ਪੈਣ ਦੀ ਸੂਝ ਆਈ ਹੈ ॥੩॥੬॥੧੩੫॥