ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1143


ਸਭ ਮਹਿ ਏਕੁ ਰਹਿਆ ਭਰਪੂਰਾ ॥

ਸਭ ਜੀਵਾਂ ਵਿਚ ਉਹ ਪਰਮਾਤਮਾ ਹੀ ਪੂਰਨ ਤੌਰ ਤੇ ਵੱਸ ਰਿਹਾ ਹੈ।

ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥

(ਪਰ ਉਸ ਦਾ ਨਾਮ) ਉਹ ਮਨੁੱਖ (ਹੀ) ਜਪਦਾ ਹੈ, ਜਿਸ ਨੂੰ ਪੂਰਾ ਗੁਰੂ (ਪ੍ਰੇਰਨਾ ਕਰਦਾ ਹੈ)।

ਹਰਿ ਕੀਰਤਨੁ ਤਾ ਕੋ ਆਧਾਰੁ ॥

ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਆਸਰਾ ਬਣ ਜਾਂਦੀ ਹੈ,

ਕਹੁ ਨਾਨਕ ਜਿਸੁ ਆਪਿ ਦਇਆਰੁ ॥੪॥੧੩॥੨੬॥

ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ ॥੪॥੧੩॥੨੬॥

ਭੈਰਉ ਮਹਲਾ ੫ ॥

ਮੋਹਿ ਦੁਹਾਗਨਿ ਆਪਿ ਸੀਗਾਰੀ ॥

ਹੇ ਸਹੇਲੀਓ! (ਮੈਂ) ਮੰਦੇ ਭਾਗਾਂ ਵਾਲੀ (ਸਾਂ) ਮੈਨੂੰ (ਖਸਮ-ਪ੍ਰਭੂ ਨੇ) ਆਪ (ਆਤਮਕ ਜੀਵਨ ਦੇ ਗਹਿਣਿਆਂ ਨਾਲ) ਸਜਾ ਲਿਆ,

ਰੂਪ ਰੰਗ ਦੇ ਨਾਮਿ ਸਵਾਰੀ ॥

(ਮੈਨੂੰ ਸੋਹਣਾ ਆਤਮਕ) ਰੂਪ ਦੇ ਕੇ (ਸੋਹਣਾ) ਪ੍ਰੇਮ ਬਖ਼ਸ਼ ਕੇ (ਆਪਣੇ) ਨਾਮ ਵਿਚ (ਜੋੜ ਕੇ ਉਸ ਨੇ ਮੈਨੂੰ) ਸੋਹਣੇ ਆਤਮਕ ਜੀਵਨ ਵਾਲੀ ਬਣਾ ਲਿਆ।

ਮਿਟਿਓ ਦੁਖੁ ਅਰੁ ਸਗਲ ਸੰਤਾਪ ॥

ਹੇ ਸਹੇਲੀਓ! (ਮੇਰੇ ਅੰਦਰੋਂ) ਦੁੱਖ ਮਿਟ ਗਿਆ ਹੈ ਸਾਰੇ ਕਲੇਸ਼ ਮਿਟ ਗਏ ਹਨ।

ਗੁਰ ਹੋਏ ਮੇਰੇ ਮਾਈ ਬਾਪ ॥੧॥

(ਇਹ ਸਾਰੀ ਮਿਹਰ ਗੁਰੂ ਨੇ ਕਰਾਈ ਹੈ, ਗੁਰੂ ਨੇ ਹੀ ਕੰਤ-ਪ੍ਰਭੂ ਨਾਲ ਮਿਲਾਇਆ ਹੈ) ਸਤਿਗੁਰੂ ਹੀ (ਮੇਰੇ ਵਾਸਤੇ) ਮੇਰੀ ਮਾਂ ਮੇਰਾ ਪਿਉ ਬਣਿਆ ਹੈ ॥੧॥

ਸਖੀ ਸਹੇਰੀ ਮੇਰੈ ਗ੍ਰਸਤਿ ਅਨੰਦ ॥

ਹੇ ਮੇਰੀ ਸਖੀਓ! ਹੇ ਮੇਰੀ ਸਹੇਲੀਓ! ਮੇਰੇ (ਹਿਰਦੇ-) ਘਰ ਵਿਚ ਆਤਮਕ ਆਨੰਦ ਬਣ ਗਿਆ ਹੈ,

ਕਰਿ ਕਿਰਪਾ ਭੇਟੇ ਮੋਹਿ ਕੰਤ ॥੧॥ ਰਹਾਉ ॥

(ਕਿਉਂਕਿ) ਮੇਰੇ ਖਸਮ (-ਪ੍ਰਭੂ) ਜੀ ਮਿਹਰ ਕਰ ਕੇ ਮੈਨੂੰ ਮਿਲ ਪਏ ਹਨ ॥੧॥ ਰਹਾਉ ॥

ਤਪਤਿ ਬੁਝੀ ਪੂਰਨ ਸਭ ਆਸਾ ॥

ਹੇ ਸਹੇਲੀਓ! (ਹੁਣ ਮੇਰੇ ਅੰਦਰੋਂ ਤ੍ਰਿਸ਼ਨਾ-ਅੱਗ ਦੀ) ਸੜਨ ਬੁੱਝ ਗਈ ਹੈ, ਮੇਰੀ ਹਰੇਕ ਆਸ ਪੂਰੀ ਹੋ ਗਈ ਹੈ,

ਮਿਟੇ ਅੰਧੇਰ ਭਏ ਪਰਗਾਸਾ ॥

(ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ) ਹਨੇਰੇ ਮਿਟ ਗਏ ਹਨ, (ਮੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਗਿਆ ਹੈ।

ਅਨਹਦ ਸਬਦ ਅਚਰਜ ਬਿਸਮਾਦ ॥

(ਹੁਣ ਇਉਂ ਹੋ ਗਿਆ ਹੈ ਜਿਵੇਂ) ਇਕ-ਰਸ ਸਾਰੇ ਸਾਜ਼ਾਂ ਦਾ ਰਾਗ (ਮੇਰੇ ਅੰਦਰ ਹੋ ਰਿਹਾ ਹੈ) (ਮੇਰੇ ਅੰਦਰ) ਅਚਰਜ ਤੇ ਹੈਰਾਨ ਕਰਨ ਵਾਲੀ (ਉੱਚੀ ਆਤਮਕ ਅਵਸਥਾ ਬਣ ਗਈ ਹੈ)।

ਗੁਰੁ ਪੂਰਾ ਪੂਰਾ ਪਰਸਾਦ ॥੨॥

(ਹੇ ਸਹੇਲੀਓ! ਇਹ ਸਭ ਕੁਝ) ਪੂਰਾ ਗੁਰੂ ਹੀ (ਕਰਨ ਵਾਲਾ ਹੈ, ਇਹ) ਪੂਰੇ (ਗੁਰੂ ਦੀ ਹੀ) ਮਿਹਰ ਹੋਈ ਹੈ ॥੨॥

ਜਾ ਕਉ ਪ੍ਰਗਟ ਭਏ ਗੋਪਾਲ ॥

ਹੇ ਸਹੇਲੀਓ! ਜਿਸ (ਸੁਭਾਗੀ) ਦੇ ਅੰਦਰ ਗੋਪਾਲ-ਪ੍ਰਭੂ ਪਰਗਟ ਹੋ ਜਾਂਦਾ ਹੈ,

ਤਾ ਕੈ ਦਰਸਨਿ ਸਦਾ ਨਿਹਾਲ ॥

ਉਸ ਦੇ ਦਰਸਨ ਦੀ ਬਰਕਤਿ ਨਾਲ ਸਦਾ ਨਿਹਾਲ ਹੋ ਜਾਈਦਾ ਹੈ।

ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥

ਹੇ ਸਹੇਲੀਓ! ਉਸ ਦੇ ਹਿਰਦੇ ਵਿਚ ਸਾਰੇ (ਆਤਮਕ) ਗੁਣ ਪੈਦਾ ਹੋ ਜਾਂਦੇ ਹਨ ਉਸ ਦੇ ਅੰਦਰ (ਮਾਨੋ) ਭਾਰਾ ਖ਼ਜ਼ਾਨਾ ਇਕੱਠਾ ਹੋ ਜਾਂਦਾ ਹੈ,

ਜਾ ਕਉ ਸਤਿਗੁਰਿ ਦੀਓ ਨਾਮੁ ॥੩॥

ਜਿਸ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ (-ਖ਼ਜ਼ਾਨਾ) ਦੇ ਦਿੱਤਾ ॥੩॥

ਜਾ ਕਉ ਭੇਟਿਓ ਠਾਕੁਰੁ ਅਪਨਾ ॥

ਹੇ ਸਹੇਲੀਓ! ਜਿਸ ਮਨੁੱਖ ਨੂੰ ਆਪਣਾ ਮਾਲਕ-ਪ੍ਰਭੂ ਮਿਲ ਪੈਂਦਾ ਹੈ,

ਮਨੁ ਤਨੁ ਸੀਤਲੁ ਹਰਿ ਹਰਿ ਜਪਨਾ ॥

ਪਰਮਾਤਮਾ ਦਾ ਨਾਮ ਹਰ ਵੇਲੇ ਜਪਦਿਆਂ ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਜਾਂਦਾ ਹੈ।

ਕਹੁ ਨਾਨਕ ਜੋ ਜਨ ਪ੍ਰਭ ਭਾਏ ॥

ਨਾਨਕ ਆਖਦਾ ਹੈ- ਜਿਹੜੇ ਮਨੁੱਖ ਪਰਮਾਤਮਾ ਨੂੰ ਪਿਆਰੇ ਲੱਗਣ ਲੱਗ ਪੈਂਦੇ ਹਨ,

ਤਾ ਕੀ ਰੇਨੁ ਬਿਰਲਾ ਕੋ ਪਾਏ ॥੪॥੧੪॥੨੭॥

ਕੋਈ ਵਿਰਲਾ (ਵਡਭਾਗੀ) ਮਨੁੱਖ ਉਹਨਾਂ ਦੇ ਚਰਨਾਂ ਦੀ ਧੂੜ ਹਾਸਲ ਕਰਦਾ ਹੈ ॥੪॥੧੪॥੨੭॥

ਭੈਰਉ ਮਹਲਾ ੫ ॥

ਚਿਤਵਤ ਪਾਪ ਨ ਆਲਕੁ ਆਵੈ ॥

(ਕੁਰਾਹੇ ਪਿਆ ਹੋਇਆ ਮਨੁੱਖ) ਪਾਪ ਸੋਚਦਿਆਂ (ਰਤਾ ਭੀ) ਢਿੱਲ ਨਹੀਂ ਕਰਦਾ,

ਬੇਸੁਆ ਭਜਤ ਕਿਛੁ ਨਹ ਸਰਮਾਵੈ ॥

ਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ।

ਸਾਰੋ ਦਿਨਸੁ ਮਜੂਰੀ ਕਰੈ ॥

(ਮਾਇਆ ਦੀ ਖ਼ਾਤਰ) ਸਾਰਾ ਹੀ ਦਿਨ ਮਜੂਰੀ ਕਰ ਸਕਦਾ ਹੈ,

ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥

ਪਰ ਜਦੋਂ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ (ਤਦੋਂ ਇਉਂ ਹੁੰਦਾ ਹੈ ਜਿਵੇਂ ਇਸ ਦੇ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ॥੧॥

ਮਾਇਆ ਲਗਿ ਭੂਲੋ ਸੰਸਾਰੁ ॥

ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।

ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥

(ਪਰ ਜਗਤ ਦੇ ਭੀ ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ ॥੧॥ ਰਹਾਉ ॥

ਪੇਖਤ ਮਾਇਆ ਰੰਗ ਬਿਹਾਇ ॥

ਮਾਇਆ ਦੇ ਚੋਜ-ਤਮਾਸ਼ੇ ਵੇਖਦਿਆਂ ਹੀ (ਕੁਰਾਹੇ ਪਏ ਮਨੁੱਖ ਦੀ ਉਮਰ) ਬੀਤ ਜਾਂਦੀ ਹੈ,

ਗੜਬੜ ਕਰੈ ਕਉਡੀ ਰੰਗੁ ਲਾਇ ॥

ਤੁੱਛ ਜਿਹੀ ਮਾਇਆ ਵਿਚ ਪਿਆਰ ਪਾ ਕੇ (ਰੋਜ਼ਾਨਾ ਕਾਰ-ਵਿਹਾਰ ਵਿਚ ਭੀ) ਹੇਰਾ-ਵੇਰੀ ਕਰਦਾ ਰਹਿੰਦਾ ਹੈ।

ਅੰਧ ਬਿਉਹਾਰ ਬੰਧ ਮਨੁ ਧਾਵੈ ॥

ਮਾਇਆ ਦੇ ਮੋਹ ਵਿਚ ਅੰਨ੍ਹਾ ਕਰ ਦੇਣ ਵਾਲੇ ਕਾਰ-ਵਿਹਾਰ ਦੇ ਬੰਧਨਾਂ ਵਲ (ਕੁਰਾਹੇ ਪਏ ਮਨੁੱਖ ਦਾ) ਮਨ ਦੌੜਦਾ ਰਹਿੰਦਾ ਹੈ,

ਕਰਣੈਹਾਰੁ ਨ ਜੀਅ ਮਹਿ ਆਵੈ ॥੨॥

ਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿਚ ਨਹੀਂ ਯਾਦ ਆਉਂਦਾ ॥੨॥

ਕਰਤ ਕਰਤ ਇਵ ਹੀ ਦੁਖੁ ਪਾਇਆ ॥

(ਕੁਰਾਹੇ ਪਿਆ ਮਨੁੱਖ) ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦੁੱਖ ਭੋਗਦਾ ਹੈ,

ਪੂਰਨ ਹੋਤ ਨ ਕਾਰਜ ਮਾਇਆ ॥

ਮਾਇਆ ਵਾਲੇ (ਇਸ ਦੇ) ਕੰਮ ਕਦੇ ਮੁੱਕਦੇ ਹੀ ਨਹੀਂ।

ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥

ਕਾਮ-ਵਾਸਨਾ ਵਿਚ, ਕ੍ਰੋਧ ਵਿਚ, ਲੋਭ ਵਿਚ (ਇਸ ਦਾ) ਮਨ ਡੁੱਬਾ ਰਹਿੰਦਾ ਹੈ;

ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥

ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ, ਤਿਵੇਂ ਨਾਮ ਤੋਂ ਬਿਨਾ ਵਿਕਾਰਾਂ ਵਿਚ ਲੁਛ ਲੁਛ ਕੇ ਇਹ ਆਤਮਕ ਮੌਤ ਸਹੇੜ ਲੈਂਦਾ ਹੈ ॥੩॥

ਜਿਸ ਕੇ ਰਾਖੇ ਹੋਇ ਹਰਿ ਆਪਿ ॥

ਪਰ, ਪ੍ਰਭੂ ਜੀ ਆਪ ਜਿਸ ਮਨੁੱਖ ਦੇ ਰਖਵਾਲੇ ਬਣ ਗਏ,

ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥

ਉਹ ਮਨੁੱਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ।

ਸਾਧਸੰਗਿ ਹਰਿ ਕੇ ਗੁਣ ਗਾਇਆ ॥

ਉਹ ਮਨੁੱਖ ਸਾਧ ਸੰਗਤ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,

ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥

ਹੇ ਨਾਨਕ! ਜਿਸ ਨੂੰ (ਪ੍ਰਭੂ ਦੀ ਕਿਰਪਾ ਨਾਲ) ਪੂਰਾ ਗੁਰੂ ਮਿਲ ਪੈਂਦਾ ਹੈ ॥੪॥੧੫॥੨੮॥

ਭੈਰਉ ਮਹਲਾ ੫ ॥

ਅਪਣੀ ਦਇਆ ਕਰੇ ਸੋ ਪਾਏ ॥

(ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਮਿਹਰ ਕਰਦਾ ਹੈ, ਉਹ ਮਨੁੱਖ (ਹਰਿ-ਨਾਮ ਦਾ ਸਿਮਰਨ) ਪ੍ਰਾਪਤ ਕਰ ਲੈਂਦਾ ਹੈ,

ਹਰਿ ਕਾ ਨਾਮੁ ਮੰਨਿ ਵਸਾਏ ॥

ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ,

ਸਾਚ ਸਬਦੁ ਹਿਰਦੇ ਮਨ ਮਾਹਿ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾਈ ਰੱਖਦਾ ਹੈ,

ਜਨਮ ਜਨਮ ਕੇ ਕਿਲਵਿਖ ਜਾਹਿ ॥੧॥

(ਜਿਸ ਦੀ ਬਰਕਤਿ ਨਾਲ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੧॥

ਰਾਮ ਨਾਮੁ ਜੀਅ ਕੋ ਆਧਾਰੁ ॥

ਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੀ) ਜਿੰਦ ਦਾ ਆਸਰਾ ਹੈ।

ਗੁਰਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥

(ਇਸ ਵਾਸਤੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਸਦਾ ਜਪਿਆ ਕਰੋ, (ਪ੍ਰਭੂ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥

ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥

ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ-ਖ਼ਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ,

ਸੇ ਜਨ ਦਰਗਹ ਪਾਵਹਿ ਮਾਨੁ ॥

ਉਹ ਮਨੁੱਖ (ਨਾਮ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ।

ਸੂਖ ਸਹਜ ਆਨੰਦ ਗੁਣ ਗਾਉ ॥

ਪਰਮਾਤਮਾ ਦੇ ਗੁਣ ਗਾਇਆ ਕਰੋ,

ਆਗੈ ਮਿਲੈ ਨਿਥਾਵੇ ਥਾਉ ॥੨॥

(ਗੁਣ ਗਾਵਣ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ (ਪ੍ਰਾਪਤ ਹੁੰਦੇ ਹਨ), (ਜਿਸ ਮਨੁੱਖ ਨੂੰ ਜਗਤ ਵਿਚ) ਕੋਈ ਜੀਵ ਭੀ ਸਹਾਰਾ ਨਹੀਂ ਦੇਂਦਾ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੨॥

ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥

(ਜੁਗ ਕੋਈ ਭੀ ਹੋਵੇ) ਹਰੇਕ ਜੁਗ ਵਿਚ (ਨਾਮ-ਸਿਮਰਨ ਹੀ ਜੀਵਨ-ਜੁਗਤਿ ਦਾ) ਤੱਤ ਹੈ ਨਿਚੋੜ ਹੈ।

ਹਰਿ ਸਿਮਰਣੁ ਸਾਚਾ ਬੀਚਾਰੁ ॥

ਪਰਮਾਤਮਾ ਦਾ ਸਿਮਰਨ ਹੀ (ਆਤਮਕ ਜੀਵਨ ਜੀਊਣ ਦੀ) ਸਹੀ ਵਿਚਾਰ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter