ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਦੇਵਗੰਧਾਰੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਜਦੋਂ ਮੈਂ ਆਪਣੇ ਗੁਰੂ ਪਾਸ ਅਰਜ਼ੋਈ ਕਰਨੀ ਸ਼ੁਰੂ ਕੀਤੀ,
ਤਾਂ ਦੁੱਖਾਂ ਦੇ ਨਾਸ ਕਰਨ ਵਾਲੇ ਪਿਆਰੇ ਪ੍ਰਭੂ ਜੀ ਮੇਰੇ ਉੱਤੇ ਦਇਆਵਾਨ ਹੋਏ (ਪ੍ਰਭੂ ਜੀ ਦੀ ਕਿਰਪਾ ਨਾਲ) ਮੇਰਾ ਸਾਰਾ ਚਿੰਤਾ-ਫ਼ਿਕਰ ਦੂਰ ਹੋ ਗਿਆ। ਰਹਾਉ॥
ਅਸੀਂ ਜੀਵ ਪਾਪੀ ਹਾਂ, ਪਖੰਡੀ ਹਾਂ, ਲੋਭੀ ਹਾਂ (ਪਰਮਾਤਮਾ ਇਤਨਾ ਦਇਆਵਾਨ ਹੈ ਕਿ ਉਹ) ਸਾਡਾ ਹਰੇਕ ਗੁਣ ਔਗੁਣ ਸਹਾਰਦਾ ਹੈ।
ਜੀਵਾਂ ਨੂੰ ਪੈਦਾ ਕਰ ਕੇ ਉਹਨਾਂ ਦੇ ਮੱਥੇ ਉਤੇ ਹੱਥ ਰੱਖ ਕੇ ਉਹਨਾਂ ਦੇ ਜੀਵਨ ਸਵਾਰਦਾ ਹੈ (ਜਿਸ ਦੀ ਬਰਕਤਿ ਨਾਲ ਕਾਮਾਦਿਕ) ਵੈਰੀ, ਜੋ ਆਤਮਕ ਜੀਵਨ ਦਾ ਨਾਸ ਕਰਨ ਵਾਲੇ ਹਨ, ਮੁੱਕ ਜਾਂਦੇ ਹਨ ॥੧॥
ਪ੍ਰਭੂ ਜੀ ਪਰ-ਉਪਕਾਰੀ ਹਨ, ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲੇ ਹਨ, ਪ੍ਰਭੂ ਦਾ ਦੀਦਾਰ ਮਨੁੱਖਾ ਜੀਵਨ ਦਾ ਫਲ ਦੇਣ ਵਾਲਾ ਹੈ, ਆਤਮਕ ਅਡੋਲਤਾ ਦੀ ਦਾਤ ਕਰਨ ਵਾਲਾ ਹੈ।
ਹੇ ਨਾਨਕ, ਆਖ! ਪ੍ਰਭੂ ਗੁਣ-ਹੀਨ ਜੀਵਾਂ ਨੂੰ ਭੀ ਦਾਤਾਂ ਦੇਣ ਵਾਲਾ ਹੈ। ਮੈਂ ਉਸ ਦੇ ਸੋਹਣੇ ਕੋਮਲ ਚਰਨ (ਗੁਰੂ ਦੀ ਕਿਰਪਾ ਨਾਲ ਆਪਣੇ) ਹਿਰਦੇ ਵਿਚ ਟਿਕਾ ਲਏ ਹਨ ॥੨॥੨੪॥
ਹੇ ਅਨਾਥਾਂ ਦੇ ਨਾਥ ਸਾਡੇ ਪ੍ਰਭੂ!
ਮੈਂ ਤੇਰੀ ਸਰਨ ਆਇਆ ਹਾਂ, ਹੇ ਮੇਰੇ ਰੱਖਣ ਹਾਰ ਪ੍ਰਭੂ! ਰਹਾਉ॥
ਹੇ ਮੁਰਾਰੀ! ਹਰ ਥਾਂ ਮੇਰੀ ਸਹਾਇਤਾ ਕਰ!
ਪਰਲੋਕ ਵਿਚ, ਇਸ ਲੋਕ ਵਿਚ ਤੇ ਅਖ਼ੀਰਲੇ ਵੇਲੇ ॥੧॥
ਹੇ ਪ੍ਰਭੂ! ਮੈਂ ਜਦੋਂ ਭੀ ਚੇਤੇ ਕਰਦਾ ਹਾਂ ਤਦੋਂ ਤੇਰੇ ਗੁਣ ਹੀ ਚੇਤੇ ਕਰਦਾ ਹਾਂ।
(ਤੇਰੇ) ਉਹਨਾਂ (ਗੁਣਾਂ) ਨੂੰ ਚੇਤੇ ਕਰ ਕੇ ਮੇਰਾ ਮਨ ਧੀਰਜ ਫੜਦਾ ਹੈ ॥੨॥
ਗੁਰੂ ਦੇ ਬਚਨ ਸੁਣ ਕੇ ਹੀ (ਹੇ ਪ੍ਰਭੂ!) ਮੈਂ (ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾਂਦਾ ਹਾਂ।
ਹੇ ਪ੍ਰਭੂ! ਮੈਂ ਗੁਰੂ ਦੇ ਦੀਦਾਰ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ॥੩॥
ਮੈਂ ਆਪਣੇ ਮਨ ਵਿਚ ਸਿਰਫ਼ ਤੇਰੀ ਹੀ ਸਹਾਇਤਾ ਦੀ ਆਸ ਰੱਖਦਾ ਹਾਂ।
ਹੇ ਨਾਨਕ! ਮੇਰਾ ਪ੍ਰਭੂ ਸਭ ਕੁਝ ਕਰਨ ਵਾਲਾ ਹੈ ॥੪॥੨੫॥
ਮੇਰੇ ਮਨ ਦੀ ਇਹੀ ਤਾਂਘ ਹੈ,
ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਆਲ ਪ੍ਰਭੂ! ਕਿ ਮੈਨੂੰ ਇਹ ਦਾਨ ਦੇਹ ਜੁ ਮੈਨੂੰ ਆਪਣੇ ਸੰਤ ਜਨਾਂ ਦਾ ਸੇਵਕ ਬਣਾਈ ਰੱਖਾਂ। ਰਹਾਉ॥
ਹੇ ਪ੍ਰਭੂ! ਸਵੇਰੇ (ਉੱਠ ਕੇ) ਮੈਂ ਤੇਰੇ ਸੰਤ ਜਨਾਂ ਦੀ ਚਰਨੀਂ ਲੱਗਾਂ, ਦਿਨ ਰਾਤ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਰਹਾਂ।
ਆਪਣਾ ਸਰੀਰ ਆਪਣਾ ਮਨ ਭੇਟਾ ਕਰ ਕੇ ਮੈਂ (ਸਦਾ) ਸੰਤ ਜਨਾਂ ਦੀ ਸੇਵਾ ਕਰਦਾ ਰਹਾਂ, ਤੇ ਆਪਣੀ ਜੀਭ ਨਾਲ ਮੈਂ ਹਰੀ-ਗੁਣ ਗਾਂਦਾ ਰਹਾਂ ॥੧॥
ਮੈਂ ਹਰੇਕ ਸਾਹ ਦੇ ਨਾਲ ਆਪਣੇ ਪ੍ਰਭੂ ਦਾ ਸਿਮਰਨ ਕਰਦਾ ਰਹਾਂ ਤੇ ਸਦਾ ਸੰਤਾਂ ਦੀ ਸੰਗਤ ਵਿਚ ਟਿਕੇ ਰਹਾਂ।
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਨਾਮ-ਧਨ ਹੀ ਮੇਰਾ ਜੀਵਨ-ਆਸਰਾ ਬਣਿਆ ਰਹੇ ਤੇ (ਨਾਮ-ਸਿਮਰਨ ਦਾ) ਇਹ ਆਨੰਦ (ਸਦਾ) ਮਿਲਦਾ ਰਹੇ ॥੨॥੨੬॥
ਰਾਗ ਦੇਵਗੰਧਾਰੀ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਨੂੰ ਅਜੇਹਾ ਮਿੱਤਰ ਪ੍ਰਭੂ ਜੀ ਲੱਭ ਗਿਆ ਹੈ,
ਜੋ ਮੈਨੂੰ ਛੱਡ ਕੇ ਨਹੀਂ ਜਾਂਦਾ, ਸਦਾ ਮੇਰੇ ਨਾਲ ਰਹਿੰਦਾ ਹੈ, ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਂਦਾ ਰਹਿੰਦਾ ਹਾਂ ॥੧॥ ਰਹਾਉ ॥
ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ, ਮੈਨੂੰ ਛੱਡ ਕੇ ਉਹ ਹੋਰ ਕਿਤੇ ਭੀ ਨਹੀਂ ਜਾਂਦਾ,
ਹੋਰ ਬਥੇਰੇ ਅਨੇਕਾਂ ਕਿਸਮਾਂ ਦੇ (ਵਿਅਕਤੀ) ਵੇਖ ਲਏ ਹਨ, ਪਰ ਕੋਈ ਭੀ ਪਿਆਰੇ ਪ੍ਰਭੂ ਦੇ ਇਕ ਵਾਲ ਦੀ ਭੀ ਬਰਾਬਰੀ ਨਹੀਂ ਕਰ ਸਕਦਾ ॥੧॥
ਉਸ ਦੇ ਹਿਰਦੇ-ਘਰ ਵਿਚ ਭਾਗ ਜਾਗ ਪੈਂਦਾ ਹੈ, ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ ਤੇ ਉਸ ਦੇ ਹਿਰਦੇ ਵਿਚ ਇਕ ਰਸ ਧੀਮਾ ਧੀਮਾ ਖ਼ੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ,
ਅਤੇ ਨਾਨਕ ਆਖਦਾ ਹੈ- ਉਹ ਸਦਾ ਆਤਮਕ ਆਨੰਦ ਮਾਣਦਾ ਹੈ, ਜਿਸ ਜੀਵ ਦੇ ਹਿਰਦੇ-ਘਰ ਵਿਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ ॥੨॥੧॥੨੭॥
ਪਰਮਾਤਮਾ ਦਾ ਦਰਸਨ ਕਰਨ ਵਾਸਤੇ ਤੇ ਨਾਮ ਜਪਣ ਵਾਸਤੇ, ਮੇਰਾ ਮਨ ਤਾਂਘਦਾ ਹੈ।
ਮੇਰਾ ਇਹ ਮਨ ਭਟਕ ਭਟਕ ਕੇ ਸਭਨੀਂ ਥਾਈਂ ਹੋ ਆਇਆ ਹੈ, ਹੁਣ ਤਾਂਘ ਕਰ ਕੇ ਸੰਤਾਂ ਦੀ ਚਰਨੀਂ ਆ ਪਿਆ ਹੈ ॥੧॥ ਰਹਾਉ ॥
(ਸੰਸਾਰ ਵਿਚ) ਜੋ ਕੁਝ ਦਿੱਸ ਰਿਹਾ ਹੈ ਉਹ ਨਾਸਵੰਤ ਹੈ, (ਇਸ ਵਾਸਤੇ) ਮੈਂ ਕਿਸ ਦੀ ਸੇਵਾ ਕਰਾਂ ਤੇ ਕਿਸ ਦਾ ਆਰਾਧਨ ਕਰਾਂ?