(ਹੇ ਮਨ!) ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ।
ਹੇ ਨਾਨਕ! (ਆਖ-) ਉਂਞ, ਇਹ ਸਾਰਾ ਸੁਪਨੇ ਵਾਂਗ ਹੀ ਹੈ। (ਇਸ ਵਾਸਤੇ ਜਦ ਤਕ ਜੀਊਂਦਾ ਹੈਂ) ਪਰਮਾਤਮਾ ਦੇ ਗੁਣ ਗਾਂਦਾ ਰਹੁ ॥੨॥੨॥
ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ।
ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥
ਹੇ ਮਨ! ਮਨੁੱਖ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ।
ਪਰ ਜਦੋਂ ਮੌਤ ਦੀ ਫਾਹੀ (ਉਸ ਦੇ) ਗਲ ਵਿਚ ਪੈਂਦੀ ਹੈ, ਹਰੇਕ ਚੀਜ਼ ਬਿਗਾਨੀ ਹੋ ਜਾਂਦੀ ਹੈ ॥੧॥
ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ।
ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ (ਇਸ ਧਨ-ਪਦਾਰਥ ਦਾ) ਮਾਣ ਭੀ ਦੂਰ ਨਹੀਂ ਕਰਦਾ ॥੨॥
ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ।
ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥
ਰਾਗ ਤਿਲੰਗ ਵਿੱਚ ਭਗਤਾਂ ਦੀ ਬਾਣੀ; ਕਬੀਰ ਜੀ ਦੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ।
(ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ॥੧॥
ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ।
ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥
ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ।
(ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ॥੨॥
(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ।
ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ॥੩॥
ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ।
ਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥
ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ;
ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥
ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ,
ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ (ਫਿਰ, ਮੈਨੂੰ ਕਿਸੇ ਹੋਰ ਦੀ ਕੀਹ ਮੁਥਾਜੀ?) ॥੧॥
ਤੂੰ (ਰਹਿਮਤ ਦਾ) ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ;
ਇੱਕ ਤੂੰ ਹੀ (ਜੀਵਾਂ ਨੂੰ ਪਦਾਰਥ) ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ (ਜੋ ਇਹ ਸਮਰੱਥਾ ਰੱਖਦਾ ਹੋਵੇ) ॥੨॥
(ਹੇ ਮਾਲਕ!) ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥
ਹੇ ਸੱਜਣ! ਹੇ ਪਿਆਰੇ! ਤੇਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);
ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ। (ਹੇ ਮਿੱਤਰ!) ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ, (ਇਸ ਨਾਮ ਦੀ ਬਰਕਤ ਨਾਲ ਹੀ, ਦੁਨੀਆ ਦੀ ਕਿਰਤ ਵਾਲੀ) ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)
ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,
ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ (ਭਾਵ, ਤੂੰ ਹਰ ਥਾਂ ਹੈਂ) ॥੨॥
(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।
ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥
ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,
ਹੇ ਨਾਮਦੇਵ ਦੇ ਖਸਮ ਪ੍ਰਭੂ! ਤੂੰ ਆਪ ਹੀ ਮੀਰ ਹੈਂ ਤੂੰ ਆਪ ਹੀ ਕ੍ਰਿਸ਼ਨ ਹੈਂ ॥੪॥੨॥੩॥