(ਪਰ ਜਿਸ ਨੇ ਭੀ) ਪਰਮਾਤਮਾ ਦਾ ਨਾਮ (ਜਪਿਆ ਹੈ) ਗੁਰੂ ਦੀ ਕਿਰਪਾ ਨਾਲ ਹੀ ਜਪਿਆ ਹੈ। (ਇਸ ਵਾਸਤੇ) ਮੈਂ ਭੀ ਸਤਿਗੁਰੂ ਦੇ ਚਰਨ ਹੀ ਧੋਂਦਾ ਹਾਂ (ਗੁਰੂ ਦੀ ਸਰਨ ਹੀ ਪਿਆ ਹਾਂ) ॥੧॥ ਰਹਾਉ ॥
ਹੇ ਸਭ ਤੋਂ ਸ੍ਰੇਸ਼ਟ! ਹੇ ਜਗਤ ਦੇ ਨਾਥ! ਹੇ ਜਗਤ ਈਸ਼੍ਵਰ! ਮੈਂ ਪਾਪੀ ਹਾਂ, ਪਰ ਤੇਰੀ ਸਰਨ ਆ ਪਿਆ ਹਾਂ, ਮੇਰੀ ਰੱਖਿਆ ਕਰ।
ਤੂੰ ਵੱਡਾ ਪੁਰਖ ਹੈਂ, ਤੂੰ ਦੀਨਾਂ ਦੇ ਦੁੱਖ ਨਾਸ ਕਰਨ ਵਾਲਾ ਹੈਂ। ਹੇ ਹਰੀ! (ਜਿਸ ਉਤੇ ਤੂੰ ਮਿਹਰ ਕਰਦਾ ਹੈਂ, ਉਸ ਦੇ) ਮੂੰਹ ਵਿਚ ਤੂੰ ਆਪਣਾ ਨਾਮ ਦੇਂਦਾ ਹੈਂ ॥੧॥
ਪਰਮਾਤਮਾ ਦੇ ਗੁਣ ਬਹੁਤ ਉੱਚੇ ਹਨ, ਅਸੀਂ ਜੀਵ ਨੀਵੇਂ ਹਾਂ। ਪਰ ਗੁਰੂ ਸਤਿਗੁਰ ਮਿੱਤਰ ਦੀ ਸੰਗਤ ਵਿਚ ਮੈਂ ਪ੍ਰਭੂ ਦੇ ਗੁਣ ਗਾਂਦਾ ਹਾਂ।
ਜਿਵੇਂ (ਜੇ) ਚੰਦਨ ਦੇ ਨਾਲ ਨਿੰਮ (ਦਾ) ਰੁੱਖ ਉਗਿਆ ਹੋਇਆ ਹੋਵੇ, ਤਾਂ ਉਸ ਵਿਚ ਚੰਦਨ ਦੇ ਗੁਣ ਆ ਵੱਸਦੇ ਹਨ (ਤਿਵੇਂ ਮੇਰਾ ਹਾਲ ਹੋਇਆ ਹੈ) ॥੨॥
ਅਸੀਂ ਜੀਵ ਮਾਇਆ ਦੇ ਵਿਸ਼ਿਆਂ ਦੇ ਵਿਕਾਰ ਅਨੇਕਾਂ ਵਾਰੀ ਘੜੀ ਮੁੜੀ ਕਰਦੇ ਰਹਿੰਦੇ ਹਾਂ।
ਅਸੀਂ ਔਗੁਣਾਂ ਨਾਲ ਇਤਨੇ ਭਰ ਜਾਂਦੇ ਹਾਂ ਕਿ (ਮਾਨੋ) ਪੱਥਰ ਬਣ ਜਾਂਦੇ ਹਾਂ। ਪਰ ਪਰਮਾਤਮਾ ਆਪਣੇ ਸੰਤ ਜਨਾਂ ਦੀ ਸੰਗਤ ਵਿਚ (ਮਹਾਂ ਪਾਪੀਆਂ ਨੂੰ ਭੀ) ਤਾਰ ਲੈਂਦਾ ਹੈ ॥੩॥
ਹੇ ਹਰੀ! ਹੇ ਸੁਆਮੀ! ਜਿਨ੍ਹਾਂ ਦੀ ਤੂੰ ਰੱਖਿਆ ਕਰਦਾ ਹੈਂ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਹੇ ਦਇਆ ਦੇ ਸੋਮੇ ਪ੍ਰਭੂ! ਹੇ ਦਾਸ ਨਾਨਕ ਦੇ ਸੁਆਮੀ! ਤੂੰ ਹਰਣਾਖਸ਼ ਵਰਗੇ ਦੁਸ਼ਟਾਂ ਨੂੰ ਭੀ ਤਾਰ ਦੇਂਦਾ ਹੈਂ ॥੪॥੩॥
ਹੇ ਮੇਰੇ ਮਨ! ਪਿਆਰ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ।
ਹੇ ਮਨ! ਜਿਸ ਮਨੁੱਖ ਉਤੇ ਜਗਤ ਦੇ ਮਾਲਕ ਪ੍ਰਭੂ ਨੇ ਕਿਰਪਾ ਕੀਤੀ, ਉਸ ਨੇ ਸੰਤ ਜਨਾਂ ਦੀ ਚਰਨੀਂ ਲੱਗ ਕੇ ਉਸ ਪ੍ਰਭੂ ਦਾ ਸਿਮਰਨ ਕੀਤਾ ਹੈ ॥੧॥ ਰਹਾਉ ॥
ਹੇ ਪ੍ਰਭੂ! ਅਸੀਂ ਅਨੇਕਾਂ ਜਨਮਾਂ ਤੋਂ ਗ਼ਲਤੀਆਂ ਕਰਦੇ ਆ ਰਹੇ ਹਾਂ, ਹੁਣ ਅਸੀਂ ਤੇਰੀ ਸਰਨ ਆਏ ਹਾਂ।
ਹੇ ਸੁਆਮੀ! ਤੂੰ ਸਰਨ ਪਿਆਂ ਦੀ ਪਾਲਣਾ ਕਰਨ ਵਾਲਾ ਹੈਂ, ਅਸਾਡੀ ਪਾਪੀਆਂ ਦੀ ਭੀ ਰੱਖਿਆ ਕਰ ॥੧॥
ਹੇ ਪ੍ਰਭੂ! ਜਿਹੜਾ ਭੀ ਤੇਰੀ ਸੰਗਤ ਵਿਚ ਆਇਆ, ਉਹੀ (ਪਾਪਾਂ ਵਿਕਾਰਾਂ ਤੋਂ) ਬਚ ਨਿਕਲਿਆ, ਤੂੰ ਪਾਪਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈਂ।
ਪ੍ਰਭੂ ਦੇ ਗੁਣ ਗਾ ਰਹੇ (ਨਾਮਦੇਵ) ਛੀਂਬੇ ਨੂੰ (ਬ੍ਰਾਹਮਣਾਂ ਨੇ) ਦੁਸ਼ਟ ਦੁਸ਼ਟ ਆਖ ਕੇ ਦੁਰਕਾਰਿਆ, ਪਰ ਪ੍ਰਭੂ ਨੇ ਆਪਣੇ ਸੇਵਕ ਦੀ ਇੱਜ਼ਤ ਰੱਖ ਲਈ ॥੨॥
ਹੇ ਸੁਆਮੀ! ਜਿਹੜੇ ਭੀ ਮਨੁੱਖ ਤੇਰੇ ਗੁਣ ਗਾਂਦੇ ਹਨ, ਮੈਂ ਉਹਨਾਂ ਤੋਂ ਸਦਕੇ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ।
ਹੇ ਪ੍ਰਭੂ! ਜਿੱਥੇ ਜਿੱਥੇ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਲੱਗ ਗਈ, ਤੂੰ ਉਹ ਸਾਰੇ ਥਾਂ ਪਵਿੱਤਰ ਕਰ ਦਿੱਤੇ ॥੩॥
ਹੇ ਪ੍ਰਭੂ! ਤੂੰ ਵੱਡਾ ਹੈਂ, ਤੂੰ ਬਹੁਤ ਵੱਡਾ ਅਕਾਲ ਪੁਰਖ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
ਹੇ ਪ੍ਰਭੂ! ਆਪਣੇ ਸੇਵਕ ਨਾਨਕ ਉਤੇ ਮਿਹਰ ਕਰ, ਤਾਂ ਕਿ ਮੈਂ ਭੀ ਤੇਰੇ ਸੇਵਕਾਂ ਦੇ ਚਰਨਾਂ ਦੀ ਸੇਵਾ ਕਰ ਸਕਾਂ ॥੪॥੪॥
ਹੇ ਮੇਰੇ ਮਨ! ਆਪਣੇ ਅੰਦਰ (ਇਕਾਗ੍ਰ ਹੋ ਕੇ) ਪਰਮਾਤਮਾ ਦਾ ਨਾਮ ਜਪਿਆ ਕਰ।
ਜਗਤ ਦੇ ਨਾਥ ਪ੍ਰਭੂ ਨੇ ਜਿਸ ਜੀਵ ਉਤੇ ਮਿਹਰ ਕੀਤੀ, ਗੁਰੂ ਦੀ ਸਿੱਖਿਆ ਲੈ ਕੇ ਉਸ ਦੀ ਮੱਤ ਨਾਮ ਜਪਣ ਵਾਲੀ ਬਣ ਗਈ ॥੧॥ ਰਹਾਉ ॥
ਹੇ ਮੇਰੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ, ਗੁਰੂ (ਦਾ ਉਪਦੇਸ਼) ਸੁਣ ਕੇ, ਜਿਨ੍ਹਾਂ ਜਨਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕੀਤਾ,
ਪਰਮਾਤਮਾ ਦੇ ਨਾਮ ਨੇ ਉਹਨਾਂ ਦੇ ਸਾਰੇ ਪਾਪ ਵਿਕਾਰ (ਇਉਂ) ਕੱਟ ਦਿੱਤੇ, ਜਿਵੇਂ ਕਿਸਾਨ ਨੇ ਆਪਣੇ ਖੇਤ ਕੱਟੇ ਹੁੰਦੇ ਹਨ ॥੧॥
ਹੇ ਪ੍ਰਭੂ! ਹੇ ਹਰੀ! ਤੇਰੀ ਵਡਿਆਈ ਤੂੰ ਆਪ ਹੀ ਜਾਣਦਾ ਹੈਂ, ਅਸੀਂ ਜੀਵ ਤੇਰੇ ਗੁਣ ਬਿਆਨ ਨਹੀਂ ਕਰ ਸਕਦੇ।
ਹੇ ਪ੍ਰਭੂ! ਜਿਹੋ ਜਿਹਾ ਤੂੰ ਹੈਂ ਇਹੋ ਜਿਹਾ ਤੂੰ ਆਪ ਹੀ ਹੈਂ; ਆਪਣੇ ਗੁਣ ਤੂੰ ਆਪ ਹੀ ਜਾਣਦਾ ਹੈਂ ॥੨॥
ਹੇ ਮੇਰੇ ਮਨ! ਜੀਵ ਮਾਇਆ ਦੇ ਮੋਹ ਦੀਆਂ ਫਾਹੀਆਂ, ਮਾਇਆ ਦੇ ਮੋਹ ਦੇ ਬੰਧਨਾਂ ਵਿਚ ਬਹੁਤ ਬੱਝੇ ਰਹਿੰਦੇ ਹਨ। ਹੇ ਮਨ! ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦੇ ਬੰਧਨਾਂ ਖੁਲ੍ਹ ਗਏ;
ਜਿਵੇਂ ਤੰਦੂਏ ਨੇ ਹਾਥੀ ਨੂੰ ਪਾਣੀ ਵਿਚ (ਆਪਣੀਆਂ ਤਾਰਾਂ ਨਾਲ) ਬੰਨ੍ਹ ਲਿਆ ਸੀ, (ਹਾਥੀ ਨੇ) ਪਰਮਾਤਮਾ ਨੂੰ ਯਾਦ ਕੀਤਾ, (ਤੰਦੂਏ ਤੋਂ) ਉਸ ਦੀ ਖ਼ਲਾਸੀ ਹੋ ਗਈ ॥੩॥
ਹੇ ਮੇਰੇ ਸੁਆਮੀ! ਹੇ ਪਾਰਬ੍ਰਹਮ! ਤੂੰ ਸਭ ਤੋਂ ਵੱਡਾ ਮਾਲਕ ਹੈਂ। ਜੁਗਾਂ ਜੁਗਾਂ ਤੋਂ ਤੇਰੀ ਭਾਲ ਹੁੰਦੀ ਆ ਰਹੀ ਹੈ।
ਪਰ, ਹੇ ਦਾਸ ਦੇ ਵੱਡੇ ਪ੍ਰਭੂ! ਕਿਸੇ ਨੇ ਭੀ ਤੇਰੇ ਗੁਣਾਂ ਦੀ ਹਾਥ ਨਹੀਂ ਲੱਭੀ, ਕਈ ਨਹੀਂ ਲੱਭ ਸਕਦਾ ॥੪॥੫॥
ਹੇ ਮੇਰੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ (ਕਰਿਆ ਕਰ), ਮਨੁੱਖਾ ਜ਼ਿੰਦਗੀ ਦਾ (ਇਹੀ ਉੱਦਮ ਪਰਮਾਤਮਾ ਦੀ ਹਜ਼ੂਰੀ ਵਿਚ) ਪਰਵਾਨ ਹੁੰਦਾ ਹੈ।
(ਪਰ, ਹੇ ਮਨ! ਜਿਸ ਮਨੁੱਖ ਉੱਤੇ) ਦਇਆਲ ਪ੍ਰਭੂ ਨੇ ਮਿਹਰ ਕੀਤੀ, ਉਸ ਨੇ ਹੀ ਗੁਰੂ ਦੀ ਚਰਨੀਂ ਲੱਗ ਕੇ ਹਰਿ-ਨਾਮ ਜਪਿਆ ਹੈ ॥੧॥ ਰਹਾਉ ॥