(ਹਰੀ) ਆਪ ਹੀ ਸਾਰੇ ਜਗਤ ਨੂੰ ਆਸਰਾ ਦੇ ਰਿਹਾ ਹੈ, ਆਪਣੀ ਕੁਦਰਤਿ ਵਿਖਾਲ ਰਿਹਾ ਹੈ। ਨਾਹ (ਉਸ ਦਾ ਕੋਈ) ਰੰਗ ਹੈ ਨਾ (ਕੋਈ) ਨਿਸ਼ਾਨ, ਨਾਹ ਮੂੰਹ, ਤੇ ਨਾਹ ਦਾੜ੍ਹੀ।
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੩॥
ਹੇ ਪ੍ਰਭੂ! ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੇਰੇ ਗਿਆਨ ਦਾ ਅਤੇ (ਤੇਰੇ ਵਿਚ) ਧਿਆਨ (ਜੋੜਨ) ਦਾ ਮੁੱਲ ਨਹੀਂ (ਪੈ ਸਕਦਾ)। ਤੇਰਾ ਟਿਕਾਣਾ ਉੱਚੇ ਤੋਂ ਉੱਚਾ ਸੁਣੀਂਦਾ ਹੈ।
(ਹੇ ਪ੍ਰਭੂ!) ਮੇਰਾ ਮਨ, ਮੇਰਾ ਧਨ ਅਤੇ ਮੇਰੇ ਪ੍ਰਾਣ-ਇਹ ਸਭ ਤੇਰੇ ਹੀ (ਦਿੱਤੇ ਹੋਏ) ਹਨ। ਸਾਰਾ ਸੰਸਾਰ ਤੇਰੀ ਇਕੋ ਹੀ ਸੱਤਾ ਵਿਚ ਹੈ (ਭਾਵ, ਸੱਤਾ ਦੇ ਆਸਰੇ ਹੈ)। ਮੈਂ ਕਿਸ ਦਾ ਨਾਉਂ ਦੱਸਾਂ ਜੋ ਤੇਰੇ ਬਰਾਬਰ ਦਾ ਹੋਵੇ? ਤੂੰ ਵੱਡਿਆਂ ਤੋਂ ਵੱਡਾ ਹੈਂ।
ਹੇ ਪ੍ਰਭੂ! ਤੇਰਾ ਭੇਦ ਕੌਣ ਜਾਣ ਸਕਦਾ ਹੈ? ਹੇ ਅਲੱਖ! ਹੇ ਅਪਾਰ! ਹੇ ਪ੍ਰਕਾਸ਼ ਰੂਪ! ਤੇਰੀ ਸੱਤਾ (ਸਭ ਥਾਂ) ਇੱਕ-ਰਸ ਹੈ; ਤੂੰ ਸਾਰੇ ਜੀਆਂ ਦਾ ਆਸਰਾ ਹੈਂ।
ਹੇ ਪ੍ਰਭੂ! (ਤੇਰਾ) ਭਗਤ ਸੇਵਕ (ਗੁਰੂ ਨਾਨਕ (ਤੇਰੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ (ਹੇ ਪ੍ਰਭੂ! ਤੈਂ) ਬ੍ਰਹਮ ਦੇ ਸਮਾਨ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਕੇ ਹਾਂ ॥੪॥
ਤੂੰ ਵਰਨਾਂ ਚਿੰਨ੍ਹਾਂ ਤੋਂ ਬਾਹਰਾ ਹੈਂ, ਤੇ ਸਰੂਪ ਵਾਲਾ ਭੀ ਹੈਂ; ਤੈਨੂੰ ਕੋਈ ਛਲ ਨਹੀਂ ਸਕਦਾ, ਤੂੰ ਸਭ ਥਾਈਂ ਵਿਆਪਕ ਹੈਂ, ਤੇ ਕਦੇ ਨਾਸ ਹੋਣ ਵਾਲਾ ਨਹੀਂ ਹੈਂ,
ਤੂੰ ਸਦਾ-ਪ੍ਰਸੰਨ ਹੈਂ, ਤੇਰੇ ਬੇਅੰਤ ਸਰੂਪ ਹਨ, ਤੂੰ ਸੁੱਧ-ਸਰੂਪ ਹੈਂ ਅਤੇ ਜ਼ਾਹਰਾ-ਜ਼ਹੂਰ ਹੈਂ।
ਬੇਅੰਤ ਜੀਵ ਤੇਰੇ ਗੁਣ ਗਾਉਂਦੇ ਹਨ, ਪਰ ਤੇਰਾ ਅੰਤ ਰਤਾ ਭੀ ਨਹੀਂ ਪੈਂਦਾ।
ਹੇ ਪ੍ਰਭੂ! ਜਿਸ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਮਨੁੱਖ ਤੈਨੂੰ ਮਿਲ ਪੈਂਦਾ ਹੈ।
ਭਾਗਾਂ ਵਾਲੇ ਹਨ ਉਹ ਮਨੁੱਖ, ਜਿਨ੍ਹਾਂ ਉੱਤੇ ਹਰੀ ਦਇਆਵਾਨ ਹੋਇਆ ਹੈ।
ਜਿਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਰਹੇ ਹਨ ॥੫॥
ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਹਰੀ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ;
ਉਹ ਪੁਰਾਤਨ ਪੁਰਖ ਸੁਣੀਂਦਾ ਹੈ (ਭਾਵ, ਸਭ ਦਾ ਮੁੱਢ ਹੈ,) ਕੋਈ ਹੋਰ ਦੂਜਾ ਉਹਦੇ ਵਰਗਾ ਨਹੀਂ ਹੈ।
ਹੇ ਮਨ! ਜਿਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ, ਉਹਨਾਂ ਨੂੰ ਸਾਰੇ ਸੁਖ ਲੱਭ ਪਏ ਹਨ।
ਜਿਨ੍ਹਾਂ ਨੇ (ਨਾਮ-ਅੰਮ੍ਰਿਤ) ਜੀਭ ਨਾਲ ਚੱਖਿਆ ਹੈ, ਉਹ ਮਨੁੱਖ ਰੱਜ ਗਏ ਹਨ (ਭਾਵ, ਹੋਰ ਰਸਾਂ ਦੀ ਉਹਨਾਂ ਨੂੰ ਤਾਂਘ ਨਹੀਂ ਰਹੀ)।
ਜਿਨ੍ਹਾਂ ਮਨੁੱਖਾਂ ਉੱਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਹਨਾਂ ਦਾ ਸਾਧ ਸੰਗਤ ਵਿਚ ਪ੍ਰੇਮ (ਪੈ ਗਿਆ ਹੈ)।
(ਇਹੋ ਜਿਹੇ) ਹਰੀ-ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ ॥੬॥
(ਅਕਾਲ ਪੁਰਖ ਦੀ) ਸਭਾ ਸਦਾ ਅਟੱਲ ਰਹਿਣ ਵਾਲੀ ਹੈ, (ਉਸ ਦੀ) ਕਚਹਿਰੀ ਸਦਾ-ਥਿਰ ਹੈ; (ਅਕਾਲ ਪੁਰਖ ਨੇ ਆਪਣਾ ਆਪ) ਆਪਣੇ ਸਦਾ-ਥਿਰ-ਰੂਪ ਗੁਰੂ ਕੋਲ ਰੱਖਿਆ ਹੋਇਆ ਹੈ; (ਭਾਵ, ਹਰੀ ਗੁਰੂ ਦੀ ਰਾਹੀਂ ਮਿਲਦਾ ਹੈ),
(ਅਕਾਲ ਪੁਰਖ ਦਾ) ਟਿਕਾਣਾ ਸਦਾ ਕਾਇਮ ਰਹਿਣ ਵਾਲਾ ਆਸਣ ਹੈ ਤੇ, ਅਤੇ ਉਹ (ਸਦਾ) ਸੱਚਾ ਨਿਆਂ ਕਰਦਾ ਹੈ।
ਸਦਾ-ਥਿਰ ਸੱਚੇ (ਅਕਾਲ ਪੁਰਖ) ਨੇ ਜਗਤ ਨੂੰ ਰਚਿਆ ਹੈ, ਉਹ ਆਪ ਕਦੇ ਭੁੱਲਣਹਾਰ ਨਹੀਂ, ਕਦੇ ਭੁੱਲ ਨਹੀਂ ਕਰਦਾ।
(ਅਕਾਲ ਪੁਰਖ ਦਾ) ਸ੍ਰੇਸ਼ਟ ਨਾਮ (ਭੀ) ਬੇਅੰਤ ਹੈ, ਅਮੋਲਕ ਹੈ, (ਉਸ ਦੇ ਨਾਮ ਦਾ) ਮੁੱਲ ਨਹੀਂ ਪੈ ਸਕਦਾ।
ਜਿਨ੍ਹਾਂ ਮਨੁੱਖਾਂ ਉੱਤੇ ਅਕਾਲ ਪੁਰਖ ਦਇਆਵਾਨ ਹੋਇਆ ਹੈ, ਉਹਨਾਂ ਨੂੰ ਹੀ ਸਾਰੇ ਸੁਖ ਮਿਲੇ ਹਨ।
(ਅਜਿਹੇ ਗੁਣਾਂ ਵਾਲੇ) ਅਕਾਲ ਪੁਰਖ ਦੇ ਰੂਪ ਗੁਰੂ ਨਾਨਕ (ਦੇ ਚਰਨਾਂ) ਨੂੰ ਜਿਨ੍ਹਾਂ ਪਰਸਿਆ ਹੈ, ਉਹ ਫਿਰ ਪਰਤ ਕੇ ਜਨਮ (ਮਰਣ) ਵਿਚ ਨਹੀਂ ਆਉਂਦੇ ॥੭॥
ਕਿਹੜਾ ਜੋਗ (ਦਾ ਸਾਧਨ) ਕਰੀਏ? ਕਿਹੜਾ ਗਿਆਨ (ਵਿਚਾਰੀਏ)? ਕਿਹੜਾ ਧਿਆਨ (ਧਰੀਏ)? ਉਹ ਕਿਹੜੀ ਜੁਗਤੀ ਵਰਤੀਏ ਜਿਸ ਕਰਕੇ ਅਕਾਲ ਪੁਰਖ ਦੇ ਗੁਣ ਗਾ ਸਕੀਏ?
ਸਿੱਧ, ਸਾਧਿਕ ਅਤੇ ਤੇਤੀ ਕਰੋੜ ਦੇਵਤਿਆਂ ਪਾਸੋਂ (ਭੀ) ਅਕਾਲ ਪੁਰਖ ਦਾ ਮੁੱਲ ਰਤਾ ਭੀ ਨਹੀਂ ਪੈ ਸਕਿਆ।
ਬ੍ਰਹਮਾ ਅਤੇ ਹੋਰ ਦੇਵਤੇ (ਬ੍ਰਹਮਾ ਦੇ ਪੁੱਤ੍ਰ) ਸਨਕ ਆਦਿਕ ਅਤੇ ਸ਼ੇਸ਼ਨਾਗ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕੇ।
(ਅਕਾਲ ਪੁਰਖ ਮਨੁੱਖਾਂ ਦੀ) ਸਮਝ ਤੋਂ ਉੱਚਾ ਹੈ, ਉਸ ਦੀ ਗਤਿ ਪਾਈ ਨਹੀਂ ਜਾ ਸਕਦੀ, ਸਾਰੇ ਥਾਈਂ ਵਿਆਪਕ ਹੈ ਤੇ ਸਭ ਵਿਚ ਰਮਿਆ ਹੋਇਆ ਹੈ।
ਦਇਆਲ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦਿੱਤੀ ਹੈ, ਉਹ ਮਨੁੱਖ ਉਸ ਦੀ ਭਗਤੀ ਵਿਚ ਜੁੜ ਗਏ ਹਨ।
(ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਜਿਨ੍ਹਾਂ ਨੇ ਪਰਸਿਆ ਹੈ, ਉਹ ਜੀਵ ਲੋਕ ਪਰਲੋਕ ਵਿਚ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ ॥੮॥
ਹੇ ਪ੍ਰਭੂ! ਹੇ ਦਾਤੇ! ਹੇ ਦਾਤਾਰ! ਮੈਂ ਇਕ ਮੰਗਤਾ ਤੇਰੀ ਸਰਨ ਆਇਆ ਹਾਂ,
(ਮੈਨੂੰ ਮੰਗਤੇ ਨੂੰ) ਸਤਸੰਗੀਆਂ ਦੇ ਚਰਨਾਂ ਦੀ ਧੂੜ ਦਾ ਖ਼ੈਰ ਮਿਲ ਜਾਏ, ਤਾਕਿ ਇਸ ਧੂੜ ਦੀ ਓਟ ਲੈ ਕੇ ਮੈਂ (ਸੰਸਾਰ ਦੇ) ਘੁੰਮਣ-ਘੇਰ ਤੋਂ ਪਾਰ ਲੰਘ ਸਕਾਂ।
ਹੇ ਠਾਕੁਰ! ਜੇ ਤੈਨੂੰ ਚੰਗੀ ਲੱਗੇ ਤਾਂ (ਮਿਹਰ ਕਰ ਕੇ ਮੇਰੀ) ਅਰਜ਼ੋਈ ਸੁਣ, ਮੈਂ ਇਕ ਬੇਨਤੀ ਕਰਦਾ ਹਾਂ,