ਖਸਮ-ਪ੍ਰਭੂ ਸਾਰੇ ਹੀ ਸਰੀਰਾਂ ਵਿਚ ਵੱਸਦਾ ਹੈ। ਕੋਈ ਭੀ ਸਰੀਰ (ਐਸਾ) ਨਹੀਂ ਹੈ ਜੋ ਖਸਮ-ਪ੍ਰਭੂ ਤੋਂ ਬਿਨਾ ਹੋਵੇ (ਜਿਸ ਵਿਚ ਖਸਮ-ਪ੍ਰਭੂ ਵੱਸਦਾ ਨਾਹ ਹੋਵੇ। ਪਰ ਵੱਸਦਾ ਹੈ ਗੁਪਤ)।
ਹੇ ਨਾਨਕ! ਉਹ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਦੇ ਅੰਦਰ (ਉਹ ਖਸਮ-ਪ੍ਰਭੂ) ਗੁਰੂ ਦੀ ਰਾਹੀਂ ਪਰਗਟ ਹੋ ਜਾਂਦਾ ਹੈ ॥੧੯॥
ਜੇ ਤੈਨੂੰ (ਪ੍ਰਭੂ-ਪ੍ਰੇਮ ਦੀ) ਖੇਡ ਖੇਡਣ ਦਾ ਸ਼ੌਕ ਹੈ,
ਤਾਂ (ਆਪਣਾ) ਸਿਰ ਤਲੀ ਉੱਤੇ ਰੱਖ ਕੇ ਮੇਰੀ ਗਲੀ ਵਿਚ ਆ (ਲੋਕ-ਲਾਜ ਛੱਡ ਕੇ ਹਉਮੈ ਦੂਰ ਕਰ ਕੇ ਆ)।
(ਪ੍ਰਭੂ-ਪ੍ਰੀਤ ਦੇ) ਇਸ ਰਸਤੇ ਉੱਤੇ (ਤਦੋਂ ਹੀ) ਪੈਰ ਧਰਿਆ ਜਾ ਸਕਦਾ ਹੈ,
(ਜਦੋਂ) ਸਿਰ ਭੇਟਾ ਕੀਤਾ ਜਾਏ, ਪਰ ਕੋਈ ਝਿਜਕ ਨਾਹ ਕੀਤੀ ਜਾਏ (ਜਦੋਂ ਬਿਨਾ ਕਿਸੇ ਝਿਜਕ ਦੇ ਲੋਕ-ਲਾਜ ਅਤੇ ਹਉਮੈ ਛੱਡੀ ਜਾਏ) ॥੨੦॥
ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ।
ਹੇ ਮੂਲਿਆ! (ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ ॥੨੧॥
ਜਿਹੜੇ ਮਨੁੱਖ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹੁੰਦੇ ਹਨ, ਉਹ ਆਤਮਕ ਜੀਵਨ ਵਲੋਂ ਬੇ-ਸਮਝੀ ਨੂੰ ਹੀ ਸਦਾ ਪਸੰਦ ਕਰਦੇ ਹਨ।
(ਜਿਨ੍ਹਾਂ ਮਨੁੱਖਾਂ ਦੇ ਅੰਦਰ) ਮਾਇਆ ਦਾ ਮੋਹ (ਸਦਾ ਟਿਕਿਆ ਰਹਿੰਦਾ ਹੈ, ਉਹਨਾਂ ਦਾ) ਵਰਤਣ-ਵਿਹਾਰ (ਆਤਮਕ ਜੀਵਨ ਵਲੋਂ) ਅੰਨ੍ਹਾ (ਬਣਾਈ ਰੱਖਣ ਵਾਲਾ ਹੁੰਦਾ) ਹੈ ॥੨੨॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣਦੀ। (ਇਸ ਡੂੰਘੀ ਸਾਂਝ ਨੂੰ ਮਨੁੱਖਾ ਜੀਵਨ ਦਾ ਜ਼ਰੂਰੀ) ਫ਼ਰਜ਼ ਬਣਾਣ ਤੋਂ ਬਿਨਾ (ਹਰਿ-ਨਾਮ ਸਿਮਰਨ ਦੀ) ਲਗਨ ਨਹੀਂ ਬਣਦੀ।
ਸਦਾ-ਥਿਰ ਹਰਿ-ਨਾਮ ਸਿਮਰਨ ਤੋਂ ਬਿਨਾ (ਹੋਰ ਹੋਰ ਮਾਇਕ ਉੱਦਮਾਂ ਦੀ ਜੀਵਨ-) ਰਾਹਦਾਰੀ ਦੇ ਕਾਰਨ (ਆਤਮਕ ਜੀਵਨ ਦਾ ਉਹ) ਸਰਮਾਇਆ ਭੀ ਪੱਲੇ ਨਹੀਂ ਰਹਿ ਜਾਂਦਾ (ਜਿਸ ਨੇ ਮਨੁੱਖਾ ਜਨਮ ਲੈ ਕੇ ਦਿੱਤਾ ਸੀ) ॥੨੩॥
(ਪਰਮਾਤਮਾ) ਮਨੁੱਖ ਨੂੰ (ਜਗਤ ਵਿਚ ਕੋਈ ਆਤਮਕ ਲਾਭ ਖੱਟਣ ਲਈ) ਭੇਜਦਾ ਹੈ, (ਪਰ ਜੇ ਆਤਮਕ ਜੀਵਨ ਦੀ ਖੱਟੀ ਖੱਟਣ ਤੋਂ ਬਿਨਾ ਹੀ ਮਨੁੱਖ ਜਗਤ ਤੋਂ) ਉੱਠ ਕੇ ਤੁਰ ਪੈਂਦਾ ਹੈ,
(ਤਾਂ) ਇਹੋ ਜਿਹਾ ਜੀਵਨ ਜੀਊਣ ਵਿਚ ਮਨੁੱਖ ਨੂੰ ਕੋਈ) ਆਤਮਕ ਆਨੰਦ ਹਾਸਲ ਨਹੀਂ ਹੁੰਦਾ ॥੨੪॥
(ਸ੍ਰੀ ਰਾਮਚੰਦ੍ਰ ਉਸ ਕਰਤਾਰ ਦੀ ਬਰਾਬਰੀ ਨਹੀਂ ਕਰ ਸਕਦਾ। ਵੇਖੋ! ਰਾਵਣ ਨਾਲ ਲੜਾਈ ਕਰਨ ਵਾਸਤੇ) ਸ੍ਰੀ ਰਾਮਚੰਦ੍ਰ ਫ਼ੌਜਾਂ ਇਕੱਠੀਆਂ ਕਰਦਾ ਹੈ, (ਉਸ ਦੇ) ਅੰਦਰ (ਫ਼ੌਜਾਂ ਇਕੱਠੀਆਂ ਕਰਨ ਦੇ) ਅਧਿਕਾਰ ਦੀ ਤਾਕਤ ਭੀ ਹੈ, (ਫਿਰ ਭੀ ਸ੍ਰੀ) ਰਾਮਚੰਦ੍ਰ ਦੁਖੀ ਹੁੰਦਾ ਹੈ
(ਹਾਲਾਂਕਿ) ਵਾਨਰਾਂ ਦੀ (ਉਸ) ਫ਼ੌਜ ਦੀ ਰਾਹੀਂ (ਉਸ ਦੀ) ਸੇਵਾ ਭੀ ਹੋ ਰਹੀ ਹੈ (ਜਿਸ ਸੈਨਾ ਦੇ) ਮਨ ਵਿਚ ਤਨ ਵਿਚ ਜੁੱਧ ਕਰਨ ਦਾ ਬੇਅੰਤ ਚਾਉ ਹੈ,
(ਫਿਰ ਭੀ ਜਦੋਂ) ਸੀਤਾ (ਜੀ) ਨੂੰ ਰਾਵਣ ਲੈ ਗਿਆ ਸੀ, (ਤੇ, ਫਿਰ ਜਦੋਂ ਸ੍ਰੀ ਰਾਮਚੰਦ੍ਰ ਜੀ ਦਾ ਭਾਈ) ਲਛਮਨ ਸਰਾਪ ਨਾਲ ਮਰ ਗਿਆ ਸੀ, (ਤਦੋਂ ਰਾਮਚੰਦ੍ਰ ਦੁਖੀ ਹੋਇਆ।)
ਹੇ ਨਾਨਕ! ਕਰਤਾਰ ਸਭ ਕੁਝ ਕਰ ਸਕਣ ਦੀ ਸਮਰਥਾ ਵਾਲਾ ਹੈ (ਉਸ ਨੂੰ ਕਦੇ ਝੁਰਨ ਦੀ ਦੁਖੀ ਹੋਣ ਦੀ ਲੋੜ ਨਹੀਂ), ਉਹ ਤਾਂ ਪੈਦਾ ਕਰ ਕੇ ਨਾਸ ਕਰ ਕੇ (ਸਭ ਕੁਝ ਕਰ ਕੇ ਆਪ ਹੀ) ਵੇਖਦਾ ਹੈ ॥੨੫॥
(ਵੇਖੋ, ਸ੍ਰੀ) ਰਾਮਚੰਦ੍ਰ (ਆਪਣੇ) ਮਨ ਵਿਚ ਸੀਤਾ (ਜੀ) ਦੀ ਖ਼ਾਤਰ ਦੁਖੀ ਹੋਇਆ (ਜਦੋਂ ਸੀਤਾ ਜੀ ਨੂੰ ਰਾਵਣ ਚੁਰਾ ਕੇ ਲੈ ਗਿਆ, ਫਿਰ) ਦੁਖੀ ਹੋਇਆ ਲਛਮਣ ਦੀ ਖ਼ਾਤਰ (ਜਦੋਂ ਰਣਭੂਮੀ ਵਿਚ ਲਛਮਨ ਬਰਛੀ ਨਾਲ ਮੂਰਛਿਤ ਹੋਇਆ)।
(ਤਦੋਂ ਸ੍ਰੀ ਰਾਮਚੰਦ੍ਰ ਨੇ) ਹਨੂਮਾਨ ਨੂੰ ਯਾਦ ਕੀਤਾ ਜੋ (ਪਰਮਾਤਮਾ ਵਲੋਂ ਬਣੇ) ਸੰਜੋਗ ਦੇ ਕਾਰਨ (ਸ੍ਰੀ ਰਾਮਚੰਦ੍ਰ ਜੀ ਦੀ ਸਰਨ) ਆਇਆ ਸੀ।
ਮੂਰਖ ਰਾਵਣ (ਭੀ) ਇਹ ਗੱਲ ਨਾਹ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ (ਆਪ ਹੀ) ਕੀਤੇ ਸਨ
ਉਹ ਪਰਮਾਤਮਾ (ਤਾਂ) ਬੇ-ਮੁਥਾਜ ਹੈ, (ਸ੍ਰੀ ਰਾਮਚੰਦ੍ਰ ਉਸ ਪਰਮਾਤਮਾ ਦੀ ਬਰਾਬਰੀ ਨਹੀਂ ਕਰ ਸਕਦਾ) (ਸ੍ਰੀ) ਰਾਮਚੰਦ (ਜੀ) ਪਾਸੋਂ ਭਾਵੀ ਨਾਹ ਮਿਟ ਸਕੀ ॥੨੬॥
ਲਾਹੌਰ ਦਾ ਸ਼ਹਰ (ਸ਼ਹਰ-ਨਿਵਾਸੀਆਂ ਵਾਸਤੇ ਆਤਮਕ ਮੌਤ ਲਿਆਈ ਰੱਖਣ ਦੇ ਕਾਰਣ) ਜ਼ਹਰ (ਬਣਿਆ ਪਿਆ ਹੈ, ਕਿਉਂਕਿ ਇੱਥੇ ਨਿੱਤ ਸਵੇਰੇ ਰੱਬੀ ਸਿਫ਼ਤ-ਸਾਲਾਹ ਦੀ ਥਾਂ) ਸਵਾ ਪਹਰ (ਦਿਨ ਚੜ੍ਹੇ ਤਕ ਮਾਸ ਦੀ ਖ਼ਾਤਰ ਪਸ਼ੂਆਂ ਉਤੇ) ਕਹਰ (ਹੁੰਦਾ ਰਹਿੰਦਾ ਹੈ। ਮਾਸ ਆਦਿਕ ਖਾਣਾ ਅਤੇ ਵਿਸ਼ੇ ਭੋਗਣਾ ਹੀ ਲਾਹੌਰ-ਨਿਵਾਸੀਆਂ ਦਾ ਜੀਵਨ-ਮਨੋਰਥ ਬਣ ਰਿਹਾ ਹੈ) ॥੨੭॥
(ਹੁਣ) ਲਾਹੌਰ ਸ਼ਹਰ ਅੰਮ੍ਰਿਤ ਦਾ ਚਸ਼ਮਾ ਬਣ ਗਿਆ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸੋਮਾ ਬਣ ਗਿਆ ਹੈ (ਕਿਉਂਕਿ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਹੈ) ॥੨੮॥
ਨਿਰੀ ਮਾਇਆ ਦੀ ਖ਼ਾਤਰ ਕੀਤੀ ਦੌੜ-ਭੱਜ ਦੀ ਕੀਹ ਪਛਾਣ ਹੈ? (ਪਛਾਣ ਇਹ ਹੈ ਕਿ ਇਹ ਦੌੜ-ਭੱਜ ਕਰਨ ਵਾਲੇ ਨੂੰ) ਅੰਨ-ਧਨ ਦੀ ਘਾਟ ਨਹੀਂ ਹੁੰਦੀ।
(ਪਰ ਨਿਰੀ ਮਾਇਆ ਦੀ ਖ਼ਾਤਰ ਦੌੜ-ਭੱਜ ਦੇ ਕਾਰਨ ਹਰਿ-ਨਾਮ ਵਲੋਂ) ਲਾ-ਪਰਵਾਹੀ ਭੀ ਸਦਾ ਹਿਰਦੇ-ਘਰ ਵਿਚ ਟਿਕੀ ਰਹਿੰਦੀ ਹੈ, ਮਾਇਆ ਦੇ ਮੋਹ ਵਿਚ ਫਸੀਆਂ ਇੰਦ੍ਰੀਆਂ ਦਾ ਧਮੱਚੜ ਪਿਆ ਰਹਿੰਦਾ ਹੈ।
(ਦੋ ਅੱਖਾਂ, ਦੋ ਕੰਨ, ਇਕ ਨੱਕ, ਇਕ ਮੂੰਹ, ਇਕ ਕਾਮ-ਇੰਦ੍ਰੀ, ਇਹਨਾਂ) ਸੱਤਾਂ ਹੀ ਇੰਦ੍ਰੀਆਂ ਦਾ ਝਗੜਾ ਸਰੀਰ-ਘਰ ਵਿਚ ਬਣਿਆ ਰਹਿੰਦਾ ਹੈ। ਇਹ ਇੰਦ੍ਰੀਆਂ (ਵਿਕਾਰਾਂ ਵਾਲੇ) ਕੂੜੇ ਕੰਮਾਂ ਵਾਸਤੇ ਰੌਲਾ ਪਾਂਦੀਆਂ ਰਹਿੰਦੀਆਂ ਹਨ।
(ਜਿਹੜਾ ਮਨੁੱਖ ਨਿਰੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦਾ ਰਹਿੰਦਾ ਹੈ, ਉਹ) ਦਮੜੇ ਤਾਂ ਕਮਾਂਦਾ ਹੈ, ਪਰ ਸਹਮ ਵਿਚ ਟਿਕਿਆ ਰਹਿੰਦਾ ਹੈ, ਜੋ ਕੁਝ ਕਮਾਂਦਾ ਹੈ ਉਹ ਹੋਰਨਾਂ ਨੂੰ ਹੱਥੋਂ ਦੇਂਦਾ ਨਹੀਂ ॥੨੯॥
ਹੇ ਸਰੋਵਰ! ਤੂੰ (ਕਦੇ) ਚੁਫੇਰੇ ਹਰਾ ਹੀ ਹਰਾ ਸੈਂ, (ਤੇਰੇ ਅੰਦਰ) ਸੋਨੇ ਦੇ ਰੰਗ ਵਾਲੇ (ਚਮਕਦੇ) ਕੌਲ-ਫੁੱਲ (ਖਿੜੇ ਹੋਏ ਸਨ)।
ਹੁਣ ਤੂੰ ਕਿਸ ਨੁਕਸ ਦੇ ਕਾਰਨ ਸੜ ਗਿਆ ਹੈਂ? ਤੇਰਾ ਸੋਹਣਾ ਸਰੀਰ ਕਿਉਂ ਕਾਲਾ ਹੋ ਗਿਆ ਹੈ? ਹੇ ਨਾਨਕ! (ਇਸ ਕਾਲਖ ਦਾ ਕਾਰਨ ਇਹ ਹੈ ਕਿ) ਮੇਰੇ ਸਰੀਰ ਵਿਚ (ਪਾਣੀ ਵਲੋਂ) ਟੋਟ ਆ ਗਈ ਹੈ।
ਮੈਨੂੰ ਇਹ ਸਮਝ ਆ ਰਹੀ ਹੈ ਕਿ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ, ਜਿਸ (ਪਾਣੀ) ਨਾਲ ਮੇਰਾ (ਸਦਾ) ਸਾਥ (ਰਹਿੰਦਾ ਸੀ),
ਜਿਸ (ਪਾਣੀ) ਦਾ ਦਰਸਨ ਕਰ ਕੇ ਸਰੀਰ ਖਿੜਿਆ ਰਹਿੰਦਾ ਹੈ, ਚਾਰ-ਗੁਣਾਂ ਰੰਗ ਚੜ੍ਹਿਆ ਰਹਿੰਦਾ ਹੈ (ਉਹ) ਪਾਣੀ ਹੁਣ ਮੈਨੂੰ ਨਹੀਂ ਮਿਲਦਾ ॥੩੦॥
(ਲੰਮੀ) ਉਮਰ ਭੋਗ ਭੋਗ ਕੇ ਭੀ ਕਿਸੇ ਮਨੁੱਖ ਦੀ ਕਦੇ ਤਸੱਲੀ ਨਹੀਂ ਹੋਈ। ਨਾਹ ਕੋਈ ਮਨੁੱਖ ਦੁਨੀਆ ਵਾਲੇ ਸਾਰੇ ਧੰਧੇ ਮੁਕਾ ਕੇ (ਇੱਥੋਂ) ਤੁਰਦਾ ਹੈ (ਨਾਹ ਹੀ ਕੋਈ ਇਹ ਆਖਦਾ ਹੈ ਕਿ ਹੁਣ ਮੇਰੇ ਕੰਮ-ਧੰਧੇ ਮੁੱਕ ਗਏ ਹਨ)।
ਆਤਮਕ ਜੀਵਨ ਸੂਝ ਵਾਲਾ ਮਨੁੱਖ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ (ਸਦਾ ਆਪਣੀ ਸੁਰਤ ਪਰਮਾਤਮਾ ਦੀ ਯਾਦ ਵਿਚ ਜੋੜੀ ਰੱਖਦਾ ਹੈ) (ਪਰਮਾਤਮਾ ਵਿਚ) ਸੁਰਤ ਜੋੜੀ ਰੱਖਣ ਵਾਲੇ ਮਨੁੱਖ ਦੀ ਹੀ (ਲੋਕ ਪਰਲੋਕ ਵਿਚ) ਇੱਜ਼ਤ ਹੁੰਦੀ ਹੈ।
(ਮਾਇਆ-ਵੇੜ੍ਹੇ ਮਨੁੱਖ ਦੀ ਉਮਰ) ਸਦਾ ਹੀ ਕਿਰਸਾਂ ਕਰਦਿਆਂ ਕਰਦਿਆਂ ਇਹਨਾਂ ਕਿਰਸਾਂ ਵਿਚ ਹੀ ਬੀਤ ਜਾਂਦੀ ਹੈ।
(ਸਰਫ਼ਿਆਂ-ਮਾਰੇ ਮਨੁੱਖ ਨੂੰ ਭੀ ਮੌਤ) ਉਸ ਦੀ ਸਲਾਹ ਪੁੱਛਣ ਤੋਂ ਬਿਨਾ ਹੀ ਇੱਥੋਂ ਲੈ ਤੁਰਦੀ ਹੈ। ਕਿਸੇ ਦੀ ਭੀ ਪੇਸ਼ ਨਹੀਂ ਜਾ ਸਕਦੀ ॥੩੧॥
ਮਾਇਆਧਾਰੀ ਮਨੁੱਖ ਦੇ ਸਿਰ ਦੋਸ਼ ਨਾਹ ਥੱਪੋ (ਮਾਇਆ ਦਾ ਮੋਹ ਉਸ ਨੂੰ ਸਦਾ ਮਾਇਆ ਵਿਚ ਹੀ ਜਕੜੀ ਰੱਖਦਾ ਹੈ)। ਜਦੋਂ (ਮਾਇਆ-ਵੇੜ੍ਹਿਆ ਮਨੁੱਖ) ਬੁੱਢਾ (ਵੱਡੀ ਉਮਰ ਦਾ) ਹੋ ਜਾਂਦਾ ਹੈ (ਤਦੋਂ ਤਾਂ ਪਰਮਾਰਥ ਵਾਲੇ ਪਾਸੇ ਕੰਮ ਕਰਨ ਵਲੋਂ ਉਸ ਦੀ) ਅਕਲ (ਉੱਕਾ ਹੀ) ਰਹਿ ਜਾਂਦੀ ਹੈ।
(ਉਹ ਹਰ ਵੇਲੇ ਮਾਇਆ ਦੀਆਂ ਹੀ) ਬਹੁਤੀਆਂ ਗੱਲਾਂ ਕਰਦਾ ਰਹਿੰਦਾ ਹੈ। ਅੰਨ੍ਹੇ ਮਨੁੱਖ ਨੇ ਤਾਂ ਟੋਇਆਂ ਗੜ੍ਹਿਆਂ ਵਿਚ ਹੀ ਡਿੱਗਣਾ ਹੋਇਆ (ਜਿਸ ਮਨੁੱਖ ਨੂੰ ਆਤਮਕ ਜੀਵਨ ਵਾਲਾ ਰਸਤਾ ਦਿੱਸੇ ਹੀ ਨਾਹ, ਉਸ ਨੇ ਤਾਂ ਮੋਹ ਦੇ ਠੇਢੇ ਖਾ ਖਾ ਕੇ ਦੁੱਖਾਂ ਵਿਚ ਹੀ ਪਏ ਰਹਿਣਾ ਹੋਇਆ) ॥੩੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਨਿਸਚਾ ਰੱਖਦਾ ਹੈ ਕਿ ਸਰਬ-ਗੁਣ-ਭਰਪੂਰ ਪਰਮਾਤਮਾ ਦੀ ਰਚੀ ਜਗਤ-ਮਰਯਾਦਾ ਅਭੁੱਲ ਹੈ, ਇਸ ਵਿਚ ਕਿਤੇ ਕੋਈ ਨੁਕਸ ਨਹੀਂ ਹੈ।
ਹੇ ਨਾਨਕ! (ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਇਸ ਨਿਸ਼ਚੇ ਦੀ ਬਰਕਤਿ ਨਾਲ) ਸਾਰੇ ਗੁਣਾਂ ਦੇ ਮਾਲਕ ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੩੩॥