ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1383


ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

ਉਹਨਾਂ ਕਬਰਾਂ ਵਿਚ ਜਿਨ੍ਹਾਂ ਤੋਂ ਨਫ਼ਰਤ ਕਰੀਦੀ ਹੈ ਰੂਹਾਂ ਸਦਾ ਲਈ ਜਾ ਬੈਠਣਗੀਆਂ।

ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

ਹੇ ਸ਼ੇਖ਼ (ਫਰੀਦ)! (ਰੱਬ ਦੀ) ਬੰਦਗੀ ਕਰ (ਇਹਨਾਂ ਮਹਲ-ਮਾੜੀਆਂ ਤੋਂ) ਅੱਜ ਭਲਕ ਕੂਚ ਕਰਨਾ ਹੋਵੇਗਾ ॥੯੭॥

ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥

ਹੇ ਫਰੀਦ! ਜਿਵੇਂ ਦਰਿਆ ਦਾ ਕਿਨਾਰਾ ਹੈ (ਜੋ ਪਾਣੀ ਦੇ ਵੇਗ ਨਾਲ ਢਹਿ ਰਿਹਾ ਹੁੰਦਾ ਹੈ) ਇਸੇ ਤਰ੍ਹਾਂ ਮੌਤ (-ਰੂਪ) ਨਦੀ ਦਾ ਕੰਢਾ ਹੈ (ਜਿਸ ਵਿਚ ਬੇਅੰਤ ਜੀਵ ਉਮਰ ਭੋਗ ਕੇ ਡਿੱਗਦੇ ਜਾ ਰਹੇ ਹਨ)।

ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥

(ਮੌਤ) ਅਗਲੇ ਪਾਸੇ (ਵਿਕਾਰੀਆਂ ਵਾਸਤੇ) ਤਪੇ ਹੋਏ ਨਰਕ ਸੁਣੀਂਦੇ ਹਨ, ਉਥੇ ਉਹਨਾਂ ਦੀ ਹਾਹਾਕਾਰ ਤੇ ਰੌਲਾ ਪੈ ਰਿਹਾ ਹੈ।

ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥

ਕਈ (ਭਾਗਾਂ ਵਾਲਿਆਂ) ਨੂੰ ਤਾਂ ਸਾਰੀ ਸਮਝ ਆ ਗਈ ਹੈ (ਕਿ ਇਥੇ ਕਿਵੇਂ ਜ਼ਿੰਦਗੀ ਗੁਜ਼ਾਰਨੀ ਹੈ, ਪਰ) ਕਈ ਬੇਪਰਵਾਹ ਫਿਰ ਰਹੇ ਹਨ।

ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥

ਜੇਹੜੇ ਅਮਲ ਇਥੇ ਦੁਨੀਆ ਵਿਚ ਕਰੀਦੇ ਹਨ, ਉਹ ਰੱਬ ਦੀ ਦਰਗਾਹ ਵਿਚ (ਮਨੁੱਖ ਦੀ ਜ਼ਿੰਦਗੀ ਦੇ) ਗਵਾਹ ਬਣਦੇ ਹਨ ॥੯੮॥

ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥

ਹੇ ਫਰੀਦ! (ਬੰਦਾ ਜਗਤ ਦੇ ਰੰਗ-ਤਮਾਸ਼ਿਆਂ ਵਿਚ ਮਸਤ ਹੈ, ਜਿਵੇਂ) ਦਰਿਆ ਦੇ ਕੰਢੇ ਤੇ ਬੈਠਾ ਹੋਇਆ ਬਗੁਲਾ ਕਲੋਲ ਕਰਦਾ ਹੈ।

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

(ਜਿਵੇਂ ਉਸ) ਹੰਸ (ਵਰਗੇ ਚਿੱਟੇ ਬਗੁਲੇ) ਨੂੰ ਕਲੋਲ ਕਰਦੇ ਨੂੰ ਅਚਨ-ਚੇਤ ਬਾਜ਼ ਆ ਪੈਂਦੇ ਹਨ, (ਤਿਵੇਂ ਬੰਦੇ ਨੂੰ ਮੌਤ ਦੇ ਦੂਤ ਆ ਫੜਦੇ ਹਨ)।

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜਦੋਂ ਉਸ ਨੂੰ ਬਾਜ਼ ਆ ਕੇ ਪੈਂਦੇ ਹਨ, ਤਾਂ ਸਾਰੇ ਕਲੋਲ ਉਸ ਨੂੰ ਭੁੱਲ ਜਾਂਦੇ ਹਨ (ਆਪਣੀ ਜਾਨ ਦੀ ਪੈ ਜਾਂਦੀ ਹੈ, ਇਹੀ ਹਾਲ ਮੌਤ ਆਇਆਂ ਬੰਦੇ ਦਾ ਹੁੰਦਾ ਹੈ)।

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

ਜੋ ਗੱਲਾਂ (ਮਨੁੱਖ ਦੇ ਕਦੇ) ਮਨ ਵਿਚ ਚਿੱਤ-ਚੇਤੇ ਵਿਚ ਨਹੀਂ ਸਨ, ਰੱਬ ਨੇ ਉਹ ਕਰ ਦਿੱਤੀਆਂ ॥੯੯॥

ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

(ਮਨੁੱਖ ਦਾ ਇਹ) ਸਾਢੇ ਤਿੰਨ ਮਣ ਦਾ ਪਲਿਆ ਹੋਇਆ ਸਰੀਰ (ਇਸ ਨੂੰ) ਪਾਣੀ ਤੇ ਅੰਨ ਦੇ ਜ਼ੋਰ ਕੰਮ ਦੇ ਰਿਹਾ ਹੈ।

ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿੑ ॥

ਬੰਦਾ ਜਗਤ ਵਿਚ ਕੋਈ ਸੋਹਣੀ ਜਿਹੀ ਆਸ ਬਣ ਕੇ ਆਇਆ ਹੈ (ਪਰ ਆਸ ਪੂਰੀ ਨਹੀਂ ਹੁੰਦੀ)।

ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥

ਜਦੋਂ ਮੌਤ ਦਾ ਫ਼ਰਿਸਤਾ (ਸਰੀਰ ਦੇ) ਸਾਰੇ ਦਰਵਾਜ਼ੇ ਭੰਨ ਕੇ (ਭਾਵ, ਸਾਰੇ ਇੰਦ੍ਰਿਆਂ ਨੂੰ ਨਕਾਰੇ ਕਰ ਕੇ) ਆ ਜਾਂਦਾ ਹੈ,

ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿੑ ॥

(ਮਨੁੱਖ ਦੇ) ਉਹ ਪਿਆਰੇ ਵੀਰ (ਮੌਤ ਦੇ ਫ਼ਰਿਸਤੇ ਦੇ) ਅੱਗੇ ਬੰਨ੍ਹ ਕੇ ਤੋਰ ਦੇਂਦੇ ਹਨ।

ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿੑ ॥

ਵੇਖੋ! ਬੰਦਾ ਚਹੁੰ ਮਨੁੱਖਾਂ ਦੇ ਮੋਢੇ ਤੇ ਤੁਰ ਪਿਆ ਹੈ।

ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

ਹੇ ਫਰੀਦ! (ਪਰਮਾਤਮਾ ਦੀ) ਦਰਗਾਹ ਵਿਚ ਉਹੀ (ਭਲੇ) ਕੰਮ ਸਹਾਈ ਹੁੰਦੇ ਹਨ ਜੋ ਦੁਨੀਆ ਵਿਚ (ਰਹਿ ਕੇ) ਕੀਤੇ ਜਾਂਦੇ ਹਨ ॥੧੦੦॥

ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥

ਹੇ ਫਰੀਦ! ਮੈਂ ਉਹਨਾਂ ਪੰਛੀਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਵਾਸਾ ਜੰਗਲ ਵਿਚ ਹੈ,

ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥

ਰੋੜ ਚੁਗਦੇ ਹਨ, ਭੋਇਂ ਉੱਤੇ ਵੱਸਦੇ ਹਨ, (ਪਰ) ਰੱਬ ਦਾ ਆਸਰਾ ਨਹੀਂ ਛੱਡਦੇ (ਭਾਵ, ਮਹਲਾਂ ਵਿਚ ਰਹਿਣ ਵਾਲੇ ਪਲੇ ਹੋਏ ਸਰੀਰ ਵਾਲੇ ਪਰ ਰੱਬ ਨੂੰ ਭੁਲਾ ਦੇਣ ਵਾਲੇ ਬੰਦੇ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ ਜੋ ਰੁੱਖਾਂ ਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਚੇਤੇ ਰੱਖਦੇ ਹਨ) ॥੧੦੧॥

ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥

ਹੇ ਫਰੀਦ! ਮੌਸਮ ਬਦਲ ਗਿਆ ਹੈ, ਜੰਗਲ (ਦਾ ਬੂਟਾ ਬੂਟਾ) ਹਿੱਲ ਗਿਆ ਹੈ, ਪੱਤਰ ਝੜ ਰਹੇ ਹਨ।

ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥

(ਜਗਤ ਦੇ) ਚਾਰੇ ਪਾਸੇ ਢੂੰਢ ਵੇਖੇ ਹਨ, ਥਿਰਤਾ ਕਿਤੇ ਭੀ ਨਹੀਂ ਹੈ (ਨਾਹ ਹੀ ਰੁੱਤ ਇਕੋ ਰਹਿ ਸਕਦੀ ਹੈ, ਨਾਹ ਹੀ ਰੁੱਖ ਤੇ ਰੁੱਖਾਂ ਦੇ ਪੱਤਰ ਸਦਾ ਟਿਕੇ ਰਹਿ ਸਕਦੇ ਹਨ। ਭਾਵ, ਸਮਾਂ ਗੁਜ਼ਰਨ ਤੇ ਇਸ ਮਨੁੱਖ ਉਤੇ ਬੁਢੇਪਾ ਆ ਜਾਂਦਾ ਹੈ, ਸਾਰੇ ਅੰਗ ਕਮਜ਼ੋਰ ਪੈ ਜਾਂਦੇ ਹਨ, ਆਖ਼ਰ ਜਗਤ ਤੋਂ ਤੁਰ ਪੈਂਦਾ ਹੈ) ॥੧੦੨॥

ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥

ਹੇ ਫਰੀਦ! ਪੱਟ ਦਾ ਕੱਪੜਾ ਪਾੜ ਕੇ ਮੈਂ ਲੀਰਾਂ ਕਰ ਦਿਆਂ, ਤੇ ਮਾੜੀ ਜਿਹੀ ਕੰਬਲੀ ਪਾ ਲਵਾਂ।

ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥

ਮੈਂ ਉਹੀ ਵੇਸ ਕਰ ਲਵਾਂ, ਜਿਨ੍ਹਾਂ ਵੇਸਾਂ ਨਾਲ (ਮੇਰਾ) ਖਸਮ ਪਰਮਾਤਮਾ ਮਿਲ ਪਏ ॥੧੦੩॥

ਮਃ ੩ ॥

ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

(ਪਤੀ ਪਰਮਾਤਮਾ ਨੂੰ ਮਿਲਣ ਵਾਸਤੇ ਜੀਵ-ਇਸਤ੍ਰੀ) ਸਿਰ ਦਾ ਪੱਟ ਦਾ ਕਪੜਾ ਕਿਉਂ ਪਾੜੇ ਤੇ ਭੈੜੀ ਜਿਹੀ ਕੰਬਲੀ ਕਿਉਂ ਪਾਏ?

ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

ਹੇ ਨਾਨਕ! ਘਰ ਵਿਚ ਬੈਠਿਆਂ ਹੀ ਖਸਮ (-ਪਰਮਾਤਮਾ) ਮਿਲ ਪੈਂਦਾ ਹੈ, ਜੇ (ਜੀਵ-ਇਸਤ੍ਰੀ ਆਪਣੀ) ਨੀਅਤ ਸਾਫ਼ ਕਰ ਲਏ (ਜੇ ਮਨ ਪਵਿਤ੍ਰ ਕਰ ਲਏ) ॥੧੦੪॥

ਮਃ ੫ ॥

ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥

ਹੇ ਫਰੀਦ! ਜਿਨ੍ਹਾਂ ਲੋਕਾਂ ਨੂੰ ਦੁਨੀਆਵੀ ਇੱਜ਼ਤ ਦਾ ਅਹੰਕਾਰ (ਰਿਹਾ), ਬੇਅੰਤ ਧਨ ਦੇ ਕਾਰਣ ਜਾਂ ਜੁਆਨੀ ਦੇ ਕਾਰਣ (ਕੋਈ) ਮਾਣ ਰਿਹਾ,

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥

ਉਹ (ਜਗਤ ਵਿਚੋਂ) ਮਾਲਕ (ਦੀ ਮੇਹਰ) ਤੋਂ ਸੱਖਣੇ ਹੀ ਚਲੇ ਗਏ, ਜਿਵੇਂ ਟਿੱਬੇ ਮੀਂਹ (ਦੇ ਵੱਸਣ) ਪਿੱਛੋਂ (ਸੁੱਕੇ ਰਹਿ ਜਾਂਦੇ ਹਨ) ॥੧੦੫॥

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥

ਹੇ ਫਰੀਦ! ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾਇਆ ਹੋਇਆ ਹੈ, ਉਹਨਾਂ ਦੇ ਮੂੰਹ ਡਰਾਉਣੇ ਲੱਗਦੇ ਹਨ (ਉਹਨਾਂ ਨੂੰ ਵੇਖਦਿਆਂ ਡਰ ਲੱਗਦਾ ਹੈ, ਭਾਵੇਂ ਉਹ ਪੱਟ ਪਹਿਨਣ ਵਾਲੇ ਹੋਣ, ਧਨ ਵਾਲੇ ਹੋਣ, ਜੁਆਨੀ ਵਾਲੇ ਹੋਣ ਜਾਂ ਮਾਣ ਵਡਿਆਈਆਂ ਵਾਲੇ ਹੋਣ)।

ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥

(ਜਿਤਨਾ ਚਿਰ) ਉਹ ਇਥੇ (ਜਿਊਂਦੇ ਹਨ, ਉਹਨਾਂ ਨੂੰ) ਕਈ ਦੁੱਖ ਵਾਪਰਦੇ ਹਨ, ਤੇ ਅਗਾਂਹ ਵੀ ਉਹਨਾਂ ਨੂੰ ਕੋਈ ਥਾਂ-ਥਿੱਤਾ ਨਹੀਂ ਮਿਲਦਾ (ਭਾਵ, ਧੱਕੇ ਹੀ ਪੈਂਦੇ ਹਨ) ॥੧੦੬॥

ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਨਹੀਂ ਜਾਗਿਆ ਤਾਂ (ਇਹ ਕੋਝਾ ਜੀਵਨ) ਜਿਊਂਦਾ ਹੀ ਤੂੰ ਮਰਿਆ ਹੋਇਆ ਹੈਂ।

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ) ॥੧੦੭॥

ਮਃ ੫ ॥

ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥

ਹੇ ਫਰੀਦ! ਖਸਮ (ਪਰਮਾਤਮਾ) ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ।

ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥

(ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਨਾਲ ਰੰਗੇ ਜਾਈਏ ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦਾ ਮਨ ਸੁੰਦਰ ਹੋ ਜਾਂਦਾ ਹੈ, ਤੇ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ) ॥੧੦੮॥

ਮਃ ੫ ॥

ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

ਹੇ ਫਰੀਦ! (ਅੰਮ੍ਰਿਤ ਵੇਲੇ ਉੱਠ ਕੇ ਰੱਬੀ ਯਾਦ ਦੇ ਅੱਭਿਆਸ ਨਾਲ ਜੀਵਨ ਵਿਚ ਵਾਪਰਦੇ) ਦੁੱਖ ਤੇ ਸੁੱਖ ਨੂੰ ਇੱਕੋ ਜੇਹਾ ਜਾਣ, ਦਿਲ ਤੋਂ ਪਾਪ ਕੱਢ ਦੇਹ,

ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

ਜੋ ਰੱਬ ਦੀ ਰਜ਼ਾ ਵਿਚ ਵਰਤੇ ਉਸ ਨੂੰ ਉਸ ਨੂੰ ਚੰਗਾ ਜਾਣ, ਤਾਂ ਤੈਨੂੰ (ਪਰਮਾਤਮਾ ਦੀ) ਦਰਗਾਹ ਦੀ ਪ੍ਰਾਪਤੀ ਹੋਵੇਗੀ ॥੧੦੯॥

ਮਃ ੫ ॥

ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥

ਹੇ ਫਰੀਦ! ਦੁਨੀਆ ਦੇ ਲੋਕ (ਵਾਜੇ ਹਨ ਜੋ ਮਾਇਆ ਦੇ) ਵਜਾਏ ਹੋਏ ਵੱਜ ਰਹੇ ਹਨ, ਤੂੰ ਭੀ ਉਹਨਾਂ ਦੇ ਨਾਲ ਹੀ ਵੱਜ ਰਿਹਾ ਹੈਂ, (ਭਾਵ, ਮਾਇਆ ਦਾ ਨਚਾਇਆ ਨੱਚ ਰਿਹਾ ਹੈਂ)।

ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥

ਉਹੀ (ਭਾਗਾਂ ਵਾਲਾ) ਜੀਵ (ਮਾਇਆ ਦਾ ਵਜਾਇਆ ਹੋਇਆ) ਨਹੀਂ ਵੱਜਦਾ, ਜਿਸ ਦੀ ਸੰਭਾਲ (ਰਾਖੀ) ਪਰਮਾਤਮਾ ਆਪ ਕਰਦਾ ਹੈ (ਸੋ, ਅੰਮ੍ਰਿਤ ਵੇਲੇ ਉੱਠ ਕੇ ਉਸ ਦੀ ਯਾਦ ਵਿਚ ਜੁੜ, ਤਾਕਿ ਤੇਰੀ ਭੀ ਸੰਭਾਲ ਹੋ ਸਕੇ) ॥੧੧੦॥

ਮਃ ੫ ॥

ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

ਹੇ ਫਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦੀ ਕੀਹ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆ (ਦੇ ਪਦਾਰਥਾਂ) ਨਾਲ ਹੀ ਰੰਗਿਆ ਰਿਹਾ? ਦੁਨੀਆ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430