ਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।
(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ।
ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥
ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ।
ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,
ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ।
ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥
ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ।
ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।
ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ)।
ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥
ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,
ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥
ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥
ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।
ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।
ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥
ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।
ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥
ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,
ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।
ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥
ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।
ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।