ਹੇ ਭਾਈ! ਗੁਰੂ ਤੋਂ ਬਿਨਾ (ਮਨੁੱਖ ਦਾ ਪ੍ਰਭੂ ਵਿਚ) ਪਿਆਰ ਪੈਦਾ ਨਹੀਂ ਹੁੰਦਾ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਛੱਡ ਕੇ) ਹੋਰ ਹੋਰ ਦੇ ਪਿਆਰ ਵਿਚ ਟਿਕਿਆ ਰਹਿੰਦਾ ਹੈ।
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਜੋ ਭੀ ਧਾਰਮਿਕ) ਕੰਮ ਕਰਦੇ ਹਨ ਉਹ (ਮਾਨੋ) ਤੁਹ ਹੀ ਕੁੱਟਦੇ ਹਨ, (ਉਹਨਾਂ ਨੂੰ ਉਹਨਾਂ ਕਰਮਾਂ ਵਿਚੋਂ) ਹਾਸਲ ਕੁਝ ਨਹੀਂ ਹੁੰਦਾ (ਜਿਵੇਂ ਤੁਹਾਂ ਵਿਚੋਂ ਕੁਝ ਨਹੀਂ ਮਿਲਦਾ) ॥੨॥
ਹੇ ਭਾਈ! ਜੇ ਮਨੁੱਖ ਨੂੰ ਗੁਰੂ ਮਿਲ ਪਏ, ਤਾਂ ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ, ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰੀਤਿ ਵਿਚ ਪਿਆਰ ਵਿਚ ਮਗਨ ਰਹਿੰਦਾ ਹੈ।
ਹੇ ਭਾਈ! ਗੁਰੂ ਦੇ ਬਖ਼ਸ਼ੇ ਅਤੁੱਟ ਪਿਆਰ ਦੀ ਬਰਕਤਿ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿਚ ਆਉਣਾ ਸਫਲ ਹੋ ਜਾਂਦਾ ਹੈ।
ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ॥੪॥੮॥
ਹੇ ਭਾਈ! ਸਾਰਾ ਜਗਤ ਮਾਇਆ ਦੇ ਤਿੰਨਾਂ ਗੁਣਾਂ ਵਿਚ ਹੀ ਫਸਿਆ ਪਿਆ ਹੈ। ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ (ਗੁਰੂ ਉਸ ਨੂੰ) ਆਤਮਕ ਜੀਵਨ ਦੀ ਸਮਝ ਬਖ਼ਸ਼ਦਾ ਹੈ।
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਲੀਨ ਹੋ ਕੇ (ਮਾਇਆ ਦੇ ਤਿੰਨਾਂ ਗੁਣਾਂ ਦੀ ਪਕੜ ਤੋਂ) ਬਚੀਦਾ ਹੈ, (ਆਪਣੀ ਤਸੱਲੀ ਵਾਸਤੇ) ਜਾ ਕੇ ਪੁੱਛ ਲਵੋ ਉਹਨਾਂ ਨੂੰ ਜਿਨ੍ਹਾਂ ਨੂੰ ਆਤਮਕ ਜੀਵਨ ਦੀ ਸਮਝ ਆ ਗਈ ਹੈ ॥੧॥
ਹੇ ਮੇਰੇ ਮਨ! (ਮਾਇਆ ਦੇ) ਤਿੰਨ ਗੁਣਾਂ (ਦੇ ਪ੍ਰਭਾਵ) ਨੂੰ ਛੱਡ ਕੇ ਉਸ ਅਵਸਥਾ ਵਿਚ ਟਿਕ ਜਿਥੇ ਇਹਨਾਂ ਤਿੰਨਾਂ ਦਾ ਜ਼ੋਰ ਨਹੀਂ ਪੈਂਦਾ।
ਹੇ ਭਾਈ! ਪਰਮਾਤਮਾ ਤੇਰੇ ਮਨ ਵਿਚ (ਹੀ) ਵੱਸਦਾ ਹੈ, ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ ਰਹਾਉ॥
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜ ਕੇ ਹੀ ਸਾਰੇ ਜੀਵ ਆਤਮਕ ਜੀਵਨ ਜੀਊ ਸਕਦੇ ਹਨ। ਜੇ ਨਾਮ ਵਿਸਰ ਜਾਏ, ਤਾਂ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ।
ਆਤਮਕ ਜੀਵਨ ਦੀ ਸਮਝ ਤੋਂ ਸੱਖਣਾ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਮਾਇਆ ਦੇ ਮੋਹ ਵਿਚ ਸੁੱਤੇ ਹੋਏ ਮਨੁੱਖ ਆਤਮਕ ਜੀਵਨ ਦੀ ਰਾਸਿ-ਪੂੰਜੀ ਲੁਟਾ ਕੇ ਜਾਂਦੇ ਹਨ ॥੨॥
ਹੇ ਭਾਈ! ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦੇ ਹਨ ਉਹ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ, (ਗੁਰੂ ਉਹਨਾਂ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
ਹੇ ਭਾਈ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਾਂਭ ਕੇ ਰੱਖਦਾ ਹੈ, ਇਹ ਹਰਿ-ਨਾਮ ਹੀ ਜਗਤ ਵਿਚ (ਅਸਲ) ਲਾਭ ਹੈ ॥੩॥
ਹੇ ਭਾਈ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜ ਕੇ ਮਨੁੱਖ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੇ ਹਨ।
ਹੇ ਨਾਨਕ! (ਆਖ-) ਹੇ ਭਾਈ! ਪਰਮਾਤਮਾ ਦਾ ਨਾਮ ਹੀ ਜਹਾਜ਼ ਹੈ, ਹਰਿ-ਨਾਮ ਹੀ ਤੁਲਹਾ ਹੈ ਜਿਸ ਵਿਚ ਚੜ੍ਹ ਕੇ ਮਨੁੱਖ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੪॥੯॥
ਹੇ ਭਾਈ! ਜਗਤ ਵਿਚ ਗੁਰੂ (ਹੀ) ਸੁਖ ਦਾ ਸਮੁੰਦਰ ਹੈ, (ਗੁਰੂ ਤੋਂ ਬਿਨਾ) ਕਿਸੇ ਹੋਰ ਥਾਂ ਸੁਖ ਨਹੀਂ ਮਿਲਦਾ।
ਜਗਤ ਆਪਣੀ ਹਉਮੈ ਦੇ ਕਾਰਨ (ਗੁਰੂ ਤੋਂ ਖੁੰਝ ਕੇ) ਦੁੱਖ ਵਿਚ ਰੋਗ ਵਿਚ ਗ੍ਰਸਿਆ ਰਹਿੰਦਾ ਹੈ, ਮੁੜ ਮੁੜ ਜੰਮਦਾ ਮਰਦਾ ਹੈ, ਧਾਹਾਂ ਮਾਰ ਮਾਰ ਕੇ ਰੋਂਦਾ ਹੈ (ਦੁੱਖੀ ਹੁੰਦਾ ਹੈ) ॥੧॥
ਹੇ ਬੰਦੇ! ਗੁਰੂ ਦੀ ਸਰਨ ਪਉ, ਤੇ, ਆਤਮਕ ਆਨੰਦ ਮਾਣ।
ਜੇ ਤੂੰ ਗੁਰੂ ਦੀ ਦੱਸੀ ਸੇਵਾ ਕਰੇਂਗਾ, ਤਾਂ ਸੁਖ ਪਾਏਂਗਾ। ਨਹੀਂ ਤਾਂ ਆਪਣਾ ਜੀਵਨ ਵਿਅਰਥ ਗੁਜ਼ਾਰ ਕੇ (ਇਥੋਂ) ਚਲਾ ਜਾਏਂਗਾ ਰਹਾਉ॥
ਹੇ ਭਾਈ! ਗੁਰੂ ਤੋਂ ਖੁੰਝੇ ਹੋਏ ਮਨੁੱਖ ਮਾਇਆ ਦੇ ਤਿੰਨਾਂ ਗੁਣਾਂ ਦੇ ਪ੍ਰਭਾਵ ਵਿਚ (ਮਿਥੇ ਹੋਏ ਧਾਰਮਿਕ) ਕਰਮ ਕਰਦੇ ਹਨ, ਪਰ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਉਂਦਾ।
ਤਿੰਨੇ ਵੇਲੇ ਸੰਧਿਆ-ਪਾਠ ਕਰਦੇ ਹਨ, ਪਿਤਰਾਂ ਦੇਵਤਿਆਂ ਨੂੰ ਜਲ ਅਰਪਣ ਕਰਦੇ ਹਨ, ਗਾਇਤ੍ਰੀ-ਮੰਤ੍ਰ ਦਾ ਪਾਠ ਕਰਦੇ ਹਨ, ਪਰ ਆਤਮਕ ਜੀਵਨ ਦੀ ਸੂਝ ਤੋਂ ਬਿਨਾ ਉਹਨਾਂ ਨੂੰ ਦੁੱਖ ਹੀ ਮਿਲਦਾ ਹੈ ॥੨॥
ਹੇ ਭਾਈ! ਉਹ ਮਨੁੱਖ ਭਾਗਾਂ ਵਾਲਾ ਹੈ ਜੋ ਗੁਰੂ ਦੀ ਦੱਸੀ ਸੇਵਾ ਕਰਦਾ ਹੈ (ਪਰ ਗੁਰੂ ਉਸੇ ਨੂੰ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਮਿਲਾਏ।
(ਗੁਰੂ ਦੀ ਸ਼ਰਨ ਪੈਣ ਵਾਲੇ) ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ (ਗੁਰੂ ਪਾਸੋਂ) ਪਰਮਾਤਮਾ ਦੇ ਨਾਮ ਦਾ ਰਸ ਪੀ ਕੇ ਸਦਾ ਰੱਜੇ ਰਹਿੰਦੇ ਹਨ ॥੩॥
ਹੇ ਭਾਈ! ਇਹ ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਅੰਨ੍ਹਿਆਂ ਵਾਲਾ ਹੀ ਕੰਮ ਸਦਾ ਕਰਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ (ਜੀਵਨ ਦਾ ਸਹੀ) ਰਸਤਾ ਨਹੀਂ ਲੱਭ ਸਕਦਾ।
ਹੇ ਨਾਨਕ! ਜੇ ਇਸ ਨੂੰ ਗੁਰੂ ਮਿਲ ਪਏ, ਤਾਂ (ਪਰਮਾਤਮਾ ਨੂੰ) ਅੱਖਾਂ ਨਾਲ ਵੇਖ ਲੈਂਦਾ ਹੈ, ਆਪਣੇ ਹਿਰਦੇ-ਘਰ ਵਿਚ ਹੀ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲੈਂਦਾ ਹੈ ॥੪॥੧੦॥
ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ।
ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥
ਹੇ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ,
ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ਰਹਾਉ॥
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ।
ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥