ਹੇ ਬਲੀ ਬਾਹਾਂ ਵਾਲੇ ਸੂਰਮੇ ਪ੍ਰਭੂ! ਹੇ ਸੁਖਾਂ ਦੇ ਸਮੁੰਦਰ ਪਾਰਬ੍ਰਹਮ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ) ਟੋਏ ਵਿਚ ਡਿਗਦੇ ਦੀ (ਮੇਰੀ) ਉਂਗਲੀ ਫੜ ਲੈ ॥੧॥ ਰਹਾਉ ॥
(ਹੇ ਪ੍ਰਭੂ! ਮੇਰੇ) ਕੰਨ ਵਿਚ (ਤੇਰੀ ਸਿਫ਼ਤ-ਸਾਲਾਹ) ਸੁਣਨ (ਦੀ ਸੂਝ) ਨਹੀਂ, ਮੇਰੀਆਂ ਅੱਖਾਂ (ਅਜੇਹੀਆਂ) ਸੋਹਣੀਆਂ ਨਹੀਂ (ਕਿ ਹਰ ਥਾਂ ਤੇਰਾ ਦੀਦਾਰ ਕਰ ਸਕਣ), ਮੈਂ ਤੇਰੀ ਸਾਧ ਸੰਗਤਿ ਵਿਚ ਜਾਣ ਜੋਗਾ ਨਹੀਂ ਹਾਂ, ਮੈਂ ਪਿੰਗਲਾ ਹੋ ਚੁਕਾ ਹਾਂ ਤੇ ਦੁੱਖੀ ਹੋ ਕੇ ਤੇਰੇ ਦਰ ਤੇ ਪੁਕਾਰ ਕਰਦਾ ਹਾਂ (ਮੈਨੂੰ ਵਿਕਾਰਾਂ ਦੇ ਟੋਏ ਵਿਚੋਂ ਬਚਾ ਲੈ) ॥੧॥
ਹੇ ਨਾਨਕ! (ਆਖ)-ਹੇ ਗਰੀਬਾਂ ਦੇ ਖਸਮ! ਹੇ ਯਤੀਮਾਂ ਉਤੇ ਤਰਸ ਕਰਨ ਵਾਲੇ! ਹੇ ਸੱਜਣ! ਹੇ ਮਿੱਤਰ ਪ੍ਰਭੂ! ਹੇ ਮੇਰੇ ਪਿਤਾ! ਹੇ ਮੇਰੀ ਮਾਂ ਪ੍ਰਭੂ!
ਤੇਰੇ ਸੰਤ ਤੇਰੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਰੱਖ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਦੇ ਹਨ, (ਮਿਹਰ ਕਰ, ਮੈਨੂੰ ਭੀ ਆਪਣੇ ਚਰਨਾਂ ਦਾ ਪਿਆਰ ਬਖ਼ਸ਼ ਤੇ ਮੈਨੂੰ ਭੀ ਪਾਰ ਲੰਘਾ ਲੈ) ॥੨॥੨॥੧੧੫॥
ਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਤਰਸ ਕਰਨ ਵਾਲੇ! ਹੇ ਸ੍ਰਿਸ਼ਟੀ ਦੇ ਖਸਮ! ਤੂੰ ਮੇਰਾ ਪਿਆਰਾ ਮਿੱਤਰ ਹੈਂ, ਸਦਾ ਮੇਰੇ ਨਾਲ ਵੱਸਦਾ ਰਹੁ ॥੧॥ ਰਹਾਉ ॥
ਹੇ ਜਿੰਦ ਦੇਣ ਵਾਲੇ! ਹੇ ਪ੍ਰਾਣ ਦੇਣ ਵਾਲੇ! ਹੇ ਸੁਖ ਦੇਣ ਵਾਲੇ ਪ੍ਰਭੂ! ਤੈਥੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਹੋ ਸਕਦਾ ਤੇ (ਆਤਮਕ ਜੀਵਨ ਤੋਂ ਬਿਨਾ) ਸੰਸਾਰ ਵਿਚ ਰਹਿਣਾ ਫਿਟਕਾਰ-ਜੋਗ ਹੈ।
ਮੈਂ ਤੈਥੋਂ ਨਿਮਖ ਨਿਮਖ ਕੁਰਬਾਨ ਜਾਂਦਾ ਹਾਂ ॥੧॥
ਹੇ ਪ੍ਰਭੂ! ਮੈਨੂੰ ਆਪਣੇ ਹੱਥ ਦਾ ਸਹਾਰਾ ਦੇਹ। ਹੇ ਗੋਪਾਲ! ਮੈਨੂੰ (ਵਿਕਾਰਾਂ ਦੇ) ਟੋਏ ਵਿਚੋਂ ਕੱਢ ਲੈ।
ਮੈਂ ਗੁਣ-ਹੀਣ ਹਾਂ, ਮੇਰੀ ਮਤਿ ਹੋਛੀ ਹੈ। ਤੂੰ ਸਦਾ ਹੀ ਗਰੀਬਾਂ ਉਤੇ ਦਇਆ ਕਰਨ ਵਾਲਾ ਹੈਂ ॥੨॥
ਮੈਂ ਕਿਹੜੇ ਕਿਹੜੇ ਤਰੀਕਿਆਂ ਨਾਲ (ਤੇਰੇ ਬਖ਼ਸ਼ੇ ਸੁਖਾਂ ਦੀ) ਵਿਚਾਰ ਕਰਾਂ?
ਹੇ ਉੱਚੇ! ਹੇ ਅਪਹੁੰਚ! ਹੇ ਬੇਅੰਤ ਪ੍ਰਭੂ! ਹੇ ਸਰਨ ਆਏ ਦੀ ਸਹਾਇਤਾ ਕਰਨ ਵਾਲੇ ਪ੍ਰਭੂ! ਹੇ ਆਪਣੇ ਸੇਵਕਾਂ ਦੇ ਹਿਤੂ ਪ੍ਰਭੂ! ਮੈਂ ਤੇਰੇ (ਦਿਤੇ ਹੋਏ) ਕੇਹੜੇ ਕੇਹੜੇ ਸੁਖ ਚੇਤੇ ਕਰਾਂ? (ਮੈਂ ਤੇਰੇ ਦਿੱਤੇ ਬੇਅੰਤ ਸੁਖ ਗਿਣ ਨਹੀਂ ਸਕਦਾ) ॥੩॥
ਹੇ ਭਾਈ! ਦੁਨੀਆ ਦੇ ਸਾਰੇ ਪਦਾਰਥ (ਜੋਗੀਆਂ ਦੀਆਂ) ਅੱਠੇ ਸਿੱਧੀਆਂ ਸਭ ਤੋਂ ਸ੍ਰੇਸ਼ਟ ਰਸ ਨਾਮ-ਰਸ ਵਿਚ ਮੌਜੂਦ ਹਨ।
(ਹੇ ਭਾਈ!) ਜਿਨ੍ਹਾਂ ਉਤੇ ਸੋਹਣੇ ਲੰਮੇ ਕੇਸਾਂ ਵਾਲਾ ਪ੍ਰਭੂ ਪ੍ਰਸੰਨ ਹੁੰਦਾ ਹੈ, ਉਹ ਬੰਦੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ॥੪॥
(ਹੇ ਦਯ! ਹੇ ਗੋਸਾਈਂ!) ਹੇ ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ! ਮਾਂ, ਪਿਉ, ਪੁੱਤਰ, ਰਿਸ਼ਤੇਦਾਰ (ਸਭ ਕੁਝ ਮੇਰਾ) ਤੂੰ ਹੀ ਤੂੰ ਹੈਂ।
(ਤੇਰਾ ਦਾਸ) ਨਾਨਕ (ਤੇਰੀ) ਸਾਧ ਸੰਗਤਿ ਵਿਚ (ਤੇਰੀ ਮਿਹਰ ਨਾਲ) ਤੇਰਾ ਭਜਨ ਕਰਦਾ ਹੈ। (ਜੇਹੜਾ ਮਨੁੱਖ ਤੇਰਾ ਭਜਨ ਕਰਦਾ ਹੈ ਉਹ ਵਿਕਾਰਾਂ ਦੇ) ਜ਼ਹਰ-ਭਰੇ ਸੰਸਾਰ ਤੋਂ (ਸਹੀ-ਸਲਾਮਤਿ ਆਤਮਕ ਜੀਵਨ ਲੈ ਕੇ) ਪਾਰ ਲੰਘ ਜਾਂਦਾ ਹੈ ॥੫॥੧॥੧੧੬॥
ਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਰਜਨਦੇਵ ਜੀ ਦੀ 'ਰਹੋਏ ਦੇ ਘਰ' ਵਾਲੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ!) ਕੋਈ ਵਿਰਲਾ ਭਾਗਾਂ ਵਾਲਾ ਮਨੁੱਖ ਪਿਆਰੇ ਦੇ ਗੁਣ ਗਾਂਦਾ ਹੈ,
ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ਸਾਰੇ ਆਨੰਦ ਮਾਣਦਾ ਹੈ, ਸਦਾ-ਥਿਰ ਪਰਮਾਤਮਾ ਨੂੰ ਮਿਲ ਪੈਂਦਾ ਹੈ।ਰਹਾਉ।
(ਹੇ ਭਾਈ! ਪਰਮਾਤਮਾ ਨੂੰ ਮਿਲਣ ਵਾਸਤੇ ਜੇ) ਕੋਈ ਮਨੁੱਖ ਗ੍ਰਿਹਸਤ ਤੋਂ ਉਪਰਾਮ ਹੋ ਕੇ ਹਰੇਕ ਜੰਗਲ ਢੂੰਡਦਾ ਫਿਰਦਾ ਹੈ (ਤਾਂ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲਦਾ)।
ਕਿਸੇ ਵਿਰਲੇ ਮਨੁੱਖ ਦੀ ਇਕ ਪਰਮਾਤਮਾ ਨਾਲ ਲਗਨ ਲੱਗਦੀ ਹੈ।
ਜਿਸ ਜਿਸ ਮਨੁੱਖ ਨੇ ਪ੍ਰਭੂ ਨੂੰ ਲੱਭ ਲਿਆ ਹੈ, ਉਹ ਸਾਰੇ ਵੱਡੇ ਭਾਗਾਂ ਵਾਲੇ ਹਨ ॥੧॥
(ਹੇ ਭਾਈ!) ਬ੍ਰਹਮਾ ਅਤੇ ਹੋਰ ਵੱਡੇ ਦੇਵਤੇ, ਸਨਕ ਅਤੇ ਉਸ ਦੇ ਭਰਾ ਸਨੰਦਨ ਸਨਾਤਨ ਸਨਤ ਕੁਮਾਰ-ਇਹਨਾਂ ਵਿਚੋਂ ਹਰੇਕ ਪ੍ਰਭੂ-ਮਿਲਾਪ ਚਾਹੁੰਦਾ ਹੈ।
ਜੋਗੀ ਜਤੀ ਸਿੱਧ-ਹਰੇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰਦਾ ਹੈ,
(ਪਰ ਜਿਸ ਨੂੰ ਧੁਰੋਂ) ਇਹ ਦਾਤ ਮਿਲੀ ਹੈ, ਉਹੀ ਪ੍ਰਭੂ ਦੇ ਗੁਣ ਗਾਂਦਾ ਹੈ ॥੨॥
(ਹੇ ਭਾਈ!) ਉਹਨਾਂ ਦੀ ਸਰਨ ਪਈਏ, ਜਿਨ੍ਹਾਂ ਨੂੰ ਪਰਮਾਤਮਾ ਕਦੇ ਭੁੱਲਦਾ ਨਹੀਂ।
ਪਰਮਾਤਮਾ ਦੇ ਸੰਤਾਂ ਨੂੰ ਕੋਈ ਵੱਡੇ ਭਾਗਾਂ ਵਾਲੇ ਹੀ ਮਿਲ ਸਕਦੇ ਹਨ।
ਉਹਨਾਂ ਸੰਤ ਜਨਾਂ ਨੂੰ ਜਨਮ ਮਰਨ ਦੇ ਗੇੜ ਕਦੇ ਭੀ ਨਹੀਂ ਵਿਆਪਦੇ ॥੩॥
ਹੇ ਪਿਆਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ) ਕਿਰਪਾ ਕਰ ਤੇ (ਮੈਨੂੰ) ਮਿਲ।
ਹੇ ਸਭ ਤੋਂ ਉੱਚੇ ਤੇ ਬੇਅੰਤ ਪ੍ਰਭੂ! (ਮੇਰੀ ਇਹ) ਬੇਨਤੀ ਸੁਣ।
(ਤੇਰਾ ਦਾਸ) ਨਾਨਕ (ਤੈਥੋਂ ਤੇਰਾ) ਨਾਮ (ਹੀ ਜ਼ਿੰਦਗੀ ਦਾ) ਆਸਰਾ ਮੰਗਦਾ ਹੈ ॥੪॥੧॥੧੧੭॥