ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ!
ਹੇ ਜਗਤ ਦੇ ਜੀਵਨ! ਆਪਣੇ ਦਾਸਾਂ ਉਤੇ ਮੇਹਰ ਕਰ, ਤੇ, (ਇਸ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚੋਂ) ਹੇ ਨਾਨਕ! (ਆਖ-) ਦਾਸਾਂ ਦੀ ਲਾਜ ਰੱਖ ਲੈ ॥੪॥੧॥
ਹੇ ਭਾਈ! ਪਰਮਾਤਮਾ ਦੇ ਜਿਨ੍ਹਾਂ ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਜਪਿਆ, ਉਹਨਾਂ ਦਾ ਹਰੇਕ ਦੁੱਖ, ਹਰੇਕ ਭਰਮ ਹਰੇਕ ਡਰ ਦੂਰ ਹੋ ਜਾਂਦਾ ਹੈ।
ਪਰਮਾਤਮਾ ਆਪ ਹੀ ਉਹਨਾਂ ਪਾਸੋਂ ਆਪਣੀ ਭਗਤੀ ਕਰਾਂਦਾ ਹੈ। (ਪਰਮਾਤਮਾ ਦੀ ਕਿਰਪਾ ਨਾਲ ਹੀ) ਉਹਨਾਂ ਦੇ ਅੰਦਰ ਗੁਰੂ ਦਾ ਉਪਦੇਸ਼ ਆਪਣਾ ਪ੍ਰਭਾਵ ਪਾਂਦਾ ਹੈ ॥੧॥
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਮਗਨ ਰਹਿੰਦਾ ਹੈ ਉਹ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ।
ਉਹ (ਜਿਉਂ ਜਿਉਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਹੈ, ਉਸ ਨੂੰ ਉਹ ਮਨ ਵਿਚ ਪਿਆਰੀਆਂ ਲੱਗਦੀਆਂ ਹਨ। ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਲਗਨ ਪਰਮਾਤਮਾ ਵਿਚ ਲੱਗੀ ਰਹਿੰਦੀ ਹੈ ॥੧॥ ਰਹਾਉ ॥
ਹੇ ਹਰੀ ਪ੍ਰਭੂ! (ਦੁਨੀਆ ਦੇ ਲੋਕ ਆਪਣੀ ਉੱਚੀ ਜਾਤਿ ਦਾ ਮਾਣ ਕਰਦੇ ਹਨ) ਸੰਤ ਜਨਾਂ ਦੀ ਜਾਤਿ ਤੂੰ ਆਪ ਹੀ ਹੈਂ (ਸੰਤ ਜਨ ਤੈਥੋਂ ਹੀ ਆਤਮਕ ਜੀਵਨ ਲੈਂਦੇ ਹਨ)। ਹੇ ਪ੍ਰਭੂ! ਤੂੰ ਸਾਡਾ ਮਾਲਕ ਹੈਂ, ਅਸੀਂ ਤੇਰੇ ਪੂਰਨਿਆਂ ਉਤੇ ਤੁਰਨ ਵਾਲੇ ਹਾਂ।
ਹੇ ਮਾਲਕ ਪ੍ਰਭੂ! ਜਿਹੋ ਜਿਹੀ ਅਕਲ ਤੂੰ ਸਾਨੂੰ ਦੇਂਦਾ ਹੈਂ, ਅਸੀਂ ਉਹੋ ਜਿਹੇ ਬੋਲ ਹੀ ਬੋਲਦੇ ਹਾਂ ॥੨॥
ਹੇ ਪ੍ਰਭੂ! ਸਾਡੀ ਕੀਹ ਪਾਂਇਆਂ ਹੈ? ਅਸੀਂ ਬਹੁਤ ਛੋਟੇ ਕਿਰਮ ਹਾਂ, ਨਿੱਕੇ ਨਿੱਕੇ ਕੀੜੇ ਹਾਂ, ਤੂੰ ਵੱਡਾ ਪੁਰਖ ਹੈਂ।
ਅਸੀਂ ਜੀਵ ਇਹ ਨਹੀਂ ਦੱਸ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਤੇ, ਕੇਡਾ ਵੱਡਾ ਹੈਂ। ਅਸੀਂ ਭਾਗ-ਹੀਣ ਜੀਵ (ਆਪਣੇ ਉੱਦਮ ਨਾਲ) ਤੈਨੂੰ ਕਿਵੇਂ ਮਿਲ ਸਕਦੇ ਹਾਂ? ॥੩॥
ਹੇ ਹਰੀ ਪ੍ਰਭੂ! ਹੇ ਮਾਲਕ! ਸਾਡੇ ਉਤੇ ਮੇਹਰ ਕਰ, ਅਸੀਂ ਤੇਰੀ ਸੇਵਾ-ਭਗਤੀ ਵਿਚ ਲੱਗੀਏ।
ਹੇ ਨਾਨਕ! (ਆਖ-) ਹੇ ਪ੍ਰਭੂ! ਸਾਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਅਸੀਂ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਕਰਦੇ ਰਹੀਏ ॥੪॥੨॥
ਹੇ ਭਾਈ! ਗੁਰੂ ਮਹਾਂ ਪੁਰਖ ਹੈ, ਗੁਰੂ ਪਰਮਾਤਮਾ ਦਾ ਸੰਤ ਹੈ, ਜੇਹੜਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ।
ਜੇਹੜਾ ਜੇਹੜਾ ਮਨੁੱਖ ਇਸ ਬਾਣੀ ਨੂੰ ਪੜ੍ਹਦਾ ਸੁਣਦਾ ਹੈ, ਉਹ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ। ਹੇ ਭਾਈ! ਮੈਂ ਉਸ ਗੁਰੂ ਤੋਂ ਸਦਾ ਸਦਕੇ ਹਾਂ ॥੧॥
ਹੇ ਪਰਮਾਤਮਾ ਦੇ ਸੰਤ ਜਨੋ! ਪਰਮਾਤਮਾ ਦੀ ਸਿਫ਼ਤ-ਸਾਲਾਹ ਧਿਆਨ ਨਾਲ ਸੁਣਿਆ ਕਰੋ।
ਅੱਖ ਝਮਕਣ ਜਿਤਨੇ ਸਮੇ ਵਾਸਤੇ, ਇਕ ਪਲ ਵਾਸਤੇ ਭੀ ਜੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣੋ, ਤਾਂ ਸਾਰੇ ਪਾਪ ਦੋਖ ਲਹਿ ਜਾਂਦੇ ਹਨ ॥੧॥ ਰਹਾਉ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਅਜੇਹਾ ਸੰਤ ਗੁਰੂ ਲੱਭ ਲਿਆ ਹੈ, ਉਹ ਵੱਡੇ ਮਨੁੱਖ (ਉੱਚੇ ਜੀਵਨ ਵਾਲੇ ਮਨੁੱਖ) ਬਣ ਗਏ ਹਨ।
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਮੈਨੂੰ ਉਹਨਾਂ ਦੀ ਚਰਨ ਧੂੜ ਦੀ ਤਾਂਘ ਹੈ ॥੨॥
ਹੇ ਪ੍ਰਭੂ! ਹੇ ਸੁਆਮੀ! ਹੇ ਹਰੀ! ਤੂੰ ਸਾਰੇ ਫਲ ਦੇਣ ਵਾਲਾ (ਮਾਨੋ) ਰੁੱਖ ਹੈਂ। ਜਿਨ੍ਹਾਂ ਮਨੁੱਖਾਂ ਨੇ ਤੇਰਾ ਨਾਮ ਜਪਿਆ, ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ।
ਹੇ ਹਰੀ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, (ਭਾਗਾਂ ਵਾਲੇ ਮਨੁੱਖ ਇਹ ਜਲ) ਪੀ ਕੇ ਤ੍ਰਿਪਤ ਹੋ ਜਾਂਦੇ ਹਨ, ਉਹਨਾਂ ਦੀ ਹੋਰ ਸਾਰੀ ਭੁੱਖ ਲਹਿ ਜਾਂਦੀ ਹੈ ॥੩॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਵੱਡੇ ਉੱਚੇ ਭਾਗ ਹੁੰਦੇ ਹਨ, ਉਹ ਪਰਮਾਤਮਾ ਦੇ ਨਾਮ ਦਾ ਜਾਪ ਜਪਦੇ ਹਨ।
ਹੇ ਦਾਸ ਨਾਨਕ! (ਆਖ-) ਹੇ ਹਰੀ! ਹੇ ਪ੍ਰਭੂ! ਹੇ ਸੁਆਮੀ! ਮੈਨੂੰ ਉਹਨਾਂ ਦੀ ਸੰਗਤਿ ਵਿਚ ਮੇਲੀ ਰੱਖ, ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ ਦੇ ॥੪॥੩॥
ਹੇ ਭਾਈ! ਅਸੀਂ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀਂ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ?
ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ ॥੧॥
ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ।
(ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ॥੧॥ ਰਹਾਉ ॥
ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ।
ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ॥੨॥
ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ।
ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ ॥੩॥
ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ!
ਹੇ ਦਾਸ ਨਾਨਕ! (ਆਖ-) ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ ॥੪॥੪॥