ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1382


ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥

(ਇਸ ਤਰ੍ਹਾਂ) ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ (ਭਾਵ, ਚੰਗਾ ਗੁਣ) ਸਾਂਭਿਆ ਰਹਿੰਦਾ ਹੈ ॥੭੮॥

ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥

ਹੇ ਫਰੀਦ! ਇਹ ਦੁਨੀਆ (ਇਕ) ਸੋਹਣਾ ਬਾਗ਼ ਹੈ (ਇਥੇ ਮਨ ਵਿਚ 'ਟੋਏ ਟਿੱਬੇ' ਬਣਾਏ ਕਿਉਂ ਹੋਏ? ਇਥੇ ਤਾਂ ਸਾਰੇ ਜੀਵ-ਰੂਪ) ਪੰਛੀਆਂ ਦੀ ਡਾਰ ਪਰਾਹੁਣੀ ਹੈ।

ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥

ਜਦੋਂ ਸਵੇਰ ਦਾ ਧੌਂਸਾ ਵੱਜਾ (ਸਭ ਨੇ ਜ਼ਿੰਦਗੀ ਦੀ ਰਾਤ ਕੱਟ ਕੇ ਤੁਰ ਜਾਣਾ ਹੈ)। (ਹੇ ਫਰੀਦ! ਇਹ 'ਟੋਏ ਟਿੱਬੇ' ਦੂਰ ਕਰ, ਤੇ ਤੂੰ ਭੀ) ਤੁਰਨ ਦੀ ਤਿਆਰੀ ਕਰ ॥੭੯॥

ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥

ਹੇ ਫਰੀਦ! (ਉਹ ਤਿਆਰੀ ਰਾਤ ਨੂੰ ਹੀ ਹੋ ਸਕਦੀ ਹੈ) ਰਾਤਿ (ਦੀ ਇਕਾਂਤ) ਵਿਚ ਕਸਤੂਰੀ ਵੰਡੀਦੀ ਹੈ (ਭਾਵ, ਰਾਤਿ ਦੀ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ), ਜੋ ਸੁੱਤੇ ਰਹਿਣ ਉਹਨਾਂ ਨੂੰ (ਇਸ ਵਿਚੋਂ) ਹਿੱਸਾ ਨਹੀਂ ਮਿਲਦਾ।

ਜਿੰਨੑਾ ਨੈਣ ਨਂੀਦ੍ਰਾਵਲੇ ਤਿੰਨੑਾ ਮਿਲਣੁ ਕੁਆਉ ॥੮੦॥

ਜਿਨ੍ਹਾਂ ਦੀਆਂ ਅੱਖਾਂ (ਸਾਰੀ ਰਾਤ) ਨੀਂਦ ਵਿਚ ਘੁੱਟੀਆਂ ਰਹਿਣ, ਉਹਨਾਂ ਨੂੰ (ਨਾਮ ਦੀ ਕਸਤੂਰੀ ਦੀ) ਪ੍ਰਾਪਤੀ ਕਿਵੇਂ ਹੋਵੇ? ॥੮੦॥

ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥

ਹੇ ਫਰੀਦ! ਮੈਂ (ਪਹਿਲਾਂ ਮਨ ਦੇ 'ਟੋਏ ਟਿੱਬੇ' ਤੋਂ ਪੈਦਾ ਹੋਏ ਦੁੱਖ ਵਿਚ ਘਾਬਰ ਕੇ ਇਹ) ਸਮਝਿਆ ਕਿ ਦੁੱਖ (ਸਿਰਫ਼) ਮੈਨੂੰ (ਹੀ) ਹੈ (ਸਿਰਫ਼ ਮੈਂ ਹੀ ਦੁਖੀ ਹਾਂ), (ਪਰ ਅਸਲ ਵਿਚ ਇਹ) ਦੁੱਖ ਤਾਂ ਸਾਰੇ (ਹੀ) ਜਗਤ ਵਿਚ (ਵਾਪਰ ਰਿਹਾ) ਹੈ।

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥

ਜਦੋਂ ਮੈਂ (ਆਪਣੇ ਦੁੱਖ ਤੋਂ) ਉਚੇਰਾ ਹੋ ਕੇ (ਧਿਆਨ ਮਾਰਿਆ) ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿਚ ਇਹੀ ਅੱਗ (ਬਲ) ਰਹੀ ਹੈ (ਭਾਵ, ਹਰੇਕ ਜੀਵ ਦੁਖੀ ਹੈ) ॥੮੧॥

ਮਹਲਾ ੫ ॥

ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥

ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)।

ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥

ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥

ਮਹਲਾ ੫ ॥

ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥

ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ,

ਵਿਰਲੇ ਕੇਈ ਪਾਈਅਨਿ ਜਿੰਨੑਾ ਪਿਆਰੇ ਨੇਹ ॥੮੩॥

ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੮੩॥

ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥

ਦੁੱਖਾਂ ਹੇਠ ਨੱਪਿਆ ਹੋਇਆ ਜੀਵ 'ਦੁੱਖ' ਅੱਗੇ ਤਰਲੇ ਲੈ ਕੇ ਆਖਦਾ ਹੈ ਕਿ) ਹੇ (ਦੁੱਖਾਂ ਦੇ) ਵਹਣ! (ਮੈਨੂੰ) ਕੰਧੀ (-ਰੁੱਖੜੇ) ਨੂੰ ਨਾਹ ਢਾਹ (ਭਾਵ, ਮੈਨੂੰ ਦੁਖੀ ਨਾਹ ਕਰ), ਤੈਨੂੰ ਭੀ (ਆਪਣੇ ਕੀਤੇ ਦਾ) ਹਿਸਾਬ ਦੇਣਾ ਪਏਗਾ।

ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥

(ਦੁਖੀ ਮਨੁੱਖ ਨੂੰ ਇਹ ਸਮਝ ਨਹੀਂ ਰਹਿੰਦੀ ਕਿ) ਦੁੱਖਾਂ ਦਾ ਹੜ੍ਹ ਉਸੇ ਪਾਸੇ ਹੀ ਢਾਹ ਲਾਂਦਾ ਹੈ, ਜਿਸ ਪਾਸੇ ਰੱਬ ਦੀ ਮਰਜ਼ੀ ਹੁੰਦੀ ਹੈ (ਭਾਵ, ਰੱਬ ਦੀ ਰਜ਼ਾ-ਅਨੁਸਾਰ ਰੱਬ ਤੋਂ ਵਿਛੁੜੇ ਹੋਏ ਬੰਦੇ ਆਪਣੇ ਕੀਤੇ ਮੰਦੇ ਕਰਮਾਂ ਦੇ ਅਧੀਨ ਦੁੱਖਾਂ ਦਾ ਹੜ੍ਹ ਉਸ ਨੂੰ ਆ ਰੋੜ੍ਹਦਾ ਹੈ) ॥੮੪॥

ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥

ਹੇ ਫਰੀਦ! (ਮਨ ਵਿਚ ਬਣੇ 'ਟੋਏ ਟਿਬੇ' ਦੇ ਕਾਰਨ ਦੁੱਖਾਂ ਦੀ ਨਦੀ ਵਿਚ ਰੁੜ੍ਹੇ ਜਾਂਦੇ ਜੀਵਾਂ ਦਾ) ਦਿਨ ਦੁੱਖਾਂ ਵਿਚ ਲੰਘਦਾ ਹੈ, ਰਾਤ ਭੀ (ਚਿੰਤਾ ਦੀਆਂ) ਚੋਭਾਂ ਵਿਚ ਬੀਤਦੀ ਹੈ।

ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥

(ਕੰਢੇ ਤੇ) ਖਲੋਤਾ ਹੋਇਆ (ਗੁਰੂ-) ਮਲਾਹ ਇਹਨਾਂ ਨੂੰ ਉੱਚੀ ਉੱਚੀ ਕਹਿ ਰਿਹਾ ਹੈ (ਕਿ ਤੁਹਾਡਾ ਜ਼ਿੰਦਗੀ ਦਾ) ਬੇੜਾ (ਦੁੱਖਾਂ ਦੀਆਂ) ਠਾਠਾਂ ਦੇ ਮੂੰਹ ਵਿਚ (ਆ ਡਿੱਗਣ ਲੱਗਾ) ਹੈ ॥੮੫॥

ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥

(ਸੰਸਾਰੀ ਬੰਦਿਆਂ-ਰੂਪ) ਕੰਧੀ (ਰੁੱਖੜਿਆਂ) ਨੂੰ ਢਾਹੁਣ ਲਈ (ਭਾਵ, ਦੁੱਖੀ ਕਰਨ ਲਈ) (ਇਹ ਦੁੱਖਾਂ ਦੀ) ਬੇਅੰਤ ਲੰਮੀ ਨਦੀ ਵਗ ਰਹੀ ਹੈ,

ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥

(ਪਰ ਇਸ ਨਦੀ ਦਾ) ਘੁੰਮਣ-ਘੇਰ (ਉਸ ਜ਼ਿੰਦਗੀ-ਰੂਪ) ਬੇੜੇ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਜੋ (ਸਤਿਗੁਰੂ) ਮਲਾਹ ਦੇ ਚੇਤੇ ਵਿਚ ਰਹੇ (ਭਾਵ, ਜਿਸ ਮਨੁੱਖ ਉਤੇ ਗੁਰੂ ਮੇਹਰ ਦੀ ਨਜ਼ਰ ਰੱਖੇ, ਉਸ ਨੂੰ ਦੁੱਖ-ਅਗਨੀ ਨਹੀਂ ਪੋਂਹਦੀ) ॥੮੬॥

ਫਰੀਦਾ ਗਲਂੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥

ਹੇ ਫਰੀਦ! ਗੱਲਾਂ ਨਾਲ ਪਤਿਆਉਣ ਵਾਲੇ ਤਾਂ ਵੀਹ ਮਿਤ੍ਰ (ਮਿਲ ਪੈਂਦੇ) ਹਨ; ਪਰ ਖੋਜ ਕਰਨ ਲੱਗਿਆਂ ਅਸਲ ਸੱਚਾ ਮਿੱਤਰ ਨਹੀਂ ਲੱਭਦਾ (ਜੋ ਮੇਰੀ ਜ਼ਿੰਦਗੀ ਦੇ ਬੇੜੇ ਨੂੰ ਦੁੱਖਾਂ ਦੀ ਨਦੀ ਵਿਚੋਂ ਪਾਰ ਲਾਏ)।

ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨੑਾ ਮਾ ਪਿਰੀ ॥੮੭॥

ਮੈਂ ਤਾਂ ਇਹੋ ਜਿਹੇ (ਸਤ-ਸੰਗੀ) ਸੱਜਣਾਂ ਦੇ (ਨਾਹ ਮਿਲਣ) ਕਰਕੇ ਧੁਖਦੀ ਮਿਲੀ ਵਾਂਗ ਅੰਦਰੇ ਅੰਦਰ ਦੁਖੀ ਹੋ ਰਿਹਾ ਹਾਂ ॥੮੭॥

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥

ਹੇ ਫਰੀਦ! ਇਹ (ਮੇਰਾ) ਸਰੀਰ ਤਾਂ ਭੌਂਕਾ ਹੋ ਗਿਆ ਹੈ (ਭਾਵ, ਹਰ ਵੇਲੇ ਨਿੱਤ ਨਵੇਂ ਪਦਾਰਥ ਮੰਗਦਾ ਰਹਿੰਦਾ ਹੈ, ਇਸ ਦੀਆਂ ਨਿੱਤ ਦੀਆਂ ਮੰਗਾਂ ਪੂਰੀਆਂ ਕਰਨ ਦੀ ਖ਼ਾਤਰ) ਕੌਣ ਨਿੱਤ ਔਖਾ ਹੁੰਦਾ ਰਹੇ? (ਭਾਵ, ਮੈਨੂੰ ਨਹੀਂ ਪੁੱਜਦਾ ਕਿ ਨਿੱਤ ਔਖਾ ਹੁੰਦਾ ਰਹਾਂ)।

ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥

ਮੈਂ ਤਾਂ ਕੰਨਾਂ ਵਿਚ ਬੁੱਜੇ ਦੇਈ ਰੱਖਾਂਗਾ ਜਿਤਨੀ ਜੀ ਚਾਹੇ ਹਵਾ ਝੁੱਲਦੀ ਰਹੇ, (ਭਾਵ, ਜਿਤਨਾ ਜੀ ਚਾਹੇ ਇਹ ਸਰੀਰ ਮੰਗਾਂ ਮੰਗਣ ਦਾ ਰੌਲਾ ਪਾਈ ਜਾਏ, ਮੈਂ ਇਸ ਦੀ ਇੱਕ ਭੀ ਨਹੀਂ ਸੁਣਾਂਗਾ) ॥੮੮॥

ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨਿੑ ॥

(ਪਰ ਇਹ ਸਰੀਰ ਵਿਚਾਰਾ ਭੀ ਕੀਹ ਕਰੇ? ਇਸ ਨੂੰ ਖਿੱਚ ਪਾਣ ਲਈ ਚਾਰ-ਚੁਫੇਰੇ ਜਗਤ ਵਿਚ) ਹੇ ਫਰੀਦ! ਪਰਮਾਤਮਾ ਦੀਆਂ ਪੱਕੀਆਂ ਹੋਈਆਂ ਖਜੂਰਾਂ (ਦਿੱਸ ਰਹੀਆਂ ਹਨ), ਅਤੇ ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਹਨ (ਭਾਵ, ਹਰ ਪਾਸੇ ਸੋਹਣੇ ਸੋਹਣੇ, ਸੁਆਦਲੇ ਤੇ ਮਨ-ਮੋਹਣੇ ਪਦਾਰਥ ਤੇ ਵਿਸ਼ੇ-ਵਿਕਾਰ ਮੌਜੂਦ ਹਨ)।

ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥

(ਉ​ਂਞ ਇਹ ਭੀ ਠੀਕ ਹੈ ਕਿ ਇਹਨਾਂ ਪਦਾਰਥਾਂ ਦੇ ਮਾਣਨ ਵਿਚ ਮਨੁੱਖ ਦਾ) ਜੋ ਜੋ ਦਿਹਾੜਾ ਬੀਤਦਾ ਹੈ, ਉਹ ਇਸ ਦੀ ਉਮਰ ਨੂੰ ਹੀ ਹੱਥ ਪੈ ਰਹੇ ਹਨ (ਭਾਵ, ਅਜ਼ਾਈਂ ਜਾ ਰਹੇ ਹਨ) ॥੮੯॥

ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥

ਹੇ ਫਰੀਦ! ਇਹ ਭੌਂਕਾ) ਸਰੀਰ (ਵਿਸ਼ੇ-ਵਿਕਾਰਾਂ ਵਿਚ ਪੈ ਪੈ ਕੇ) ਡਾਢਾ ਮਾੜਾ ਹੋ ਗਿਆ ਹੈ, ਹੱਡੀਆਂ ਦੀ ਮੁੱਠ ਰਹਿ ਗਿਆ ਹੈ। (ਫਿਰ ਭੀ, ਇਹ) ਕਾਂ ਇਸ ਦੀਆਂ ਤਲੀਆਂ ਨੂੰ ਠੂੰਗੇ ਮਾਰੀ ਜਾ ਰਹੇ ਹਨ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਦੇ ਮਨ ਨੂੰ ਚੋਭਾਂ ਲਾਈ ਜਾ ਰਹੇ ਹਨ)।

ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥

ਵੇਖੋ, (ਵਿਕਾਰਾਂ ਵਿਚ ਪਏ) ਮਨੁੱਖ ਦੀ ਕਿਸਮਤ ਭੀ ਅਜੀਬ ਹੈ ਕਿ ਅਜੇ ਭੀ (ਜਦੋਂ ਕਿ ਇਸ ਦਾ ਸਰੀਰ ਦੁਨੀਆ ਦੇ ਵਿਸ਼ੇ ਭੋਗ ਭੋਗ ਕੇ ਆਪਣੀ ਸੱਤਿਆ ਭੀ ਗਵਾ ਬੈਠਾ ਹੈ) ਰੱਬ ਇਸ ਉਤੇ ਤ੍ਰੁੱਠਾ ਨਹੀਂ (ਭਾਵ, ਇਸ ਦੀ ਝਾਕ ਮਿਟੀ ਨਹੀਂ) ॥੯੦॥

ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥

ਕਾਵਾਂ ਨੇ ਪਿੰਜਰ ਭੀ ਫੋਲ ਮਾਰਿਆ ਹੈ, ਅਤੇ ਸਾਰਾ ਮਾਸ ਖਾ ਲਿਆ ਹੈ (ਭਾਵ, ਦੁਨੀਆਵੀ ਪਦਾਰਥਾਂ ਦੇ ਚਸਕੇ ਤੇ ਵਿਸ਼ੇ-ਵਿਕਾਰ ਇਸ ਅੱਤ ਲਿੱਸੇ ਹੋਏ ਹੋਏ ਸਰੀਰ ਨੂੰ ਭੀ ਚੋਭਾਂ ਲਾਈ ਜਾ ਰਹੇ ਹਨ, ਇਸ ਭੌਂਕੇ ਸਰੀਰ ਦੀ ਸਾਰੀ ਸੱਤਿਆ ਇਹਨਾਂ ਨੇ ਖਿੱਚ ਲਈ ਹੈ)।

ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥

ਰੱਬ ਕਰ ਕੇ ਕੋਈ ਵਿਕਾਰ (ਮੇਰੀਆਂ) ਅੱਖਾਂ ਅੱਖਾਂ ਨੂੰ ਨਾਹ ਛੇੜੇ, ਇਹਨਾਂ ਵਿਚ ਤਾਂ ਪਿਆਰੇ ਪ੍ਰਭੂ ਨੂੰ ਵੇਖਣ ਦੀ ਤਾਂਘ ਟਿਕੀ ਰਹੇ ॥੯੧॥

ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥

ਹੇ ਕਾਂ! ਮੇਰਾ ਪਿੰਜਰ ਨਾਹ ਠੂੰਗ, ਜੇ ਤੇਰੇ ਵੱਸ ਵਿਚ (ਇਹ ਗੱਲ) ਹੈ ਤਾਂ (ਇਥੋਂ) ਉੱਡ ਜਾਹ,

ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥

ਜਿਸ ਸਰੀਰ ਵਿਚ ਮੇਰਾ ਖਸਮ-ਪ੍ਰਭੂ ਵੱਸ ਰਿਹਾ ਹੈ, ਇਸ ਵਿਚੋਂ ਮਾਸ ਨਾਹ ਖਾਹ, (ਭਾਵ, ਹੇ ਵਿਸ਼ਿਆਂ ਦੇ ਚਸਕੇ! ਮੇਰੇ ਇਸ ਸਰੀਰ ਨੂੰ ਚੋਭਾਂ ਲਾਣੀਆਂ ਛੱਡ ਦੇਹ, ਤਰਸ ਕਰ, ਤੇ ਜਾਹ, ਖ਼ਲਾਸੀ ਕਰ। ਇਸ ਸਰੀਰ ਵਿਚ ਤਾਂ ਖਸਮ-ਪ੍ਰਭੂ ਦਾ ਪਿਆਰ ਵੱਸ ਰਿਹਾ ਹੈ, ਤੂੰ ਇਸ ਨੂੰ ਵਿਸ਼ੇ-ਭੋਗਾਂ ਵਲ ਪ੍ਰੇਰਨ ਦਾ ਜਤਨ ਨਾਹ ਕਰ) ॥੯੨॥

ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥

ਹੇ ਫਰੀਦ! ਕਬਰ ਵਿਚਾਰੀ (ਬੰਦੇ ਨੂੰ) ਵਾਜ ਮਾਰ ਰਹੀ ਹੈ (ਤੇ ਆਖਦੀ ਹੈ-) ਹੇ ਬੇ-ਘਰੇ ਜੀਵ! (ਆਪਣੇ) ਘਰ ਵਿਚ ਆ,

ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ ॥੯੩॥

(ਭਾਵ) ਆਖ਼ਿਰ ਨੂੰ (ਤੂੰ) ਮੇਰੇ ਪਾਸ ਹੀ ਆਉਣਾ ਹੈ (ਤਾਂ ਫਿਰ) ਮੌਤ ਤੋਂ (ਇਤਨਾ) ਨਾਹ ਡਰ ॥੯੩॥

ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥

ਇਹਨਾਂ ਅੱਖਾਂ ਨਾਲ ਵੇਖਦਿਆਂ (ਭਾਵ, ਮੇਰੀਆਂ ਅੱਖਾਂ ਦੇ ਸਾਹਮਣੇ) ਕਿਤਨੀ ਹੀ ਖ਼ਲਕਤਿ ਚਲੀ ਗਈ ਹੈ (ਮੌਤ ਦਾ ਸ਼ਿਕਾਰ ਹੋ ਗਈ ਹੈ)।

ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥

ਹੇ ਫਰੀਦ! (ਖ਼ਲਕਤਿ ਤੁਰੀ ਜਾਂਦੀ ਵੇਖ ਕੇ ਭੀ) ਹਰੇਕ ਨੂੰ ਆਪੋ ਆਪਣੇ ਸੁਆਰਥ ਦਾ ਹੀ ਖ਼ਿਆਲ ਹੈ (ਭਾਵ, ਹਰੇਕ ਜੀਵ ਦੁਨੀਆ ਵਾਲੀ ਧੁਨ ਵਿਚ ਹੀ ਹੈ), ਮੈਨੂੰ ਭੀ ਆਪਣਾ ਹੀ ਫ਼ਿਕਰ ਪਿਆ ਹੋਇਆ ਹੈ ॥੯੪॥

ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥

ਜੇ ਤੂੰ ਆਪਣੇ ਆਪ ਨੂੰ ਸਵਾਰ ਲਏਂ, ਤਾਂ ਤੂੰ ਮੈਨੂੰ ਮਿਲ ਪਏਂਗਾ, ਤੇ ਮੇਰੇ ਵਿਚ ਜੁੜਿਆਂ ਹੀ ਤੈਨੂੰ ਸੁਖ ਹੋਵੇਗਾ (ਦੁਨੀਆ ਦੇ ਪਦਾਰਥਾਂ ਵਿਚ ਨਹੀਂ)।

ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥

ਹੇ ਫਰੀਦ! ਜੇ ਤੂੰ ਮੇਰਾ ਬਣ ਜਾਏਂ, (ਭਾਵ, ਦੁਨੀਆ ਵਾਲਾ ਪਿਆਰ ਛੱਡ ਕੇ ਮੇਰੇ ਨਾਲ ਪਿਆਰ ਕਰਨ ਲੱਗ ਪਏਂ, ਤਾਂ) ਸਾਰਾ ਜਗਤ ਤੇਰਾ ਬਣ ਜਾਏਗਾ (ਭਾਵ, ਮਾਇਆ ਤੇਰੇ ਪਿੱਛੇ ਪਿੱਛੇ ਦੌੜੇਗੀ) ॥੯੫॥

ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥

(ਦਰੀਆ ਦੇ) ਕੰਢੇ ਉੱਤੇ (ਉੱਗਾ ਹੋਇਆ) ਵਿਚਾਰਾ ਰੁੱਖ ਕਿਤਨਾ ਕੁ ਚਿਰ ਧਰਵਾਸ ਬੰਨ੍ਹੇਗਾ? ਹੇ ਫਰੀਦ! ਕੱਚੇ ਭਾਂਡੇ ਵਿਚ ਪਾਣੀ ਕਿਤਨਾ ਕੁ ਚਿਰ ਰੱਖਿਆ ਜਾ ਸਕਦਾ ਹੈ?

ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥

(ਇਸੇ ਤਰ੍ਹਾਂ ਮਨੁੱਖ ਮੌਤ ਦੀ ਨਦੀ ਦੇ ਕੰਢੇ ਤੇ ਖਲੋਤਾ ਹੋਇਆ ਹੈ, ਇਸ ਸਰੀਰ ਵਿਚੋਂ ਸੁਆਸ ਮੁੱਕਦੇ ਜਾ ਰਹੇ ਹਨ) ॥੯੬॥

ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥

ਹੇ ਫਰੀਦ! (ਮੌਤ ਆਉਣ ਤੇ) ਮਹਲ-ਮਾੜੀਆਂ ਸੁੰਞੀਆਂ ਰਹਿ ਜਾਂਦੀਆਂ ਹਨ, ਧਰਤੀ ਦੇ ਹੇਠ (ਕਬਰ ਵਿਚ) ਡੇਰਾ ਲਾਣਾ ਪੈਂਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430