ਹੇ ਮਾਂ! ਜਿਸ ਪਰਮਾਤਮਾ ਦਾ ਦਿੱਤਾ ਹੋਇਆ (ਅੰਨ) ਮਨੁੱਖ ਖਾਂਦਾ ਹੈ, (ਦਿੱਤਾ ਹੋਇਆ ਕੱਪੜਾ ਮਨੁੱਖ) ਪਹਿਨਦਾ ਹੈ,
ਉਸ ਦੀ ਯਾਦ ਵਲੋਂ ਆਲਸ ਕਰਨਾ ਕਿਸੇ ਤਰ੍ਹਾਂ ਭੀ ਫਬਦਾ ਨਹੀਂ ॥੧॥
(ਹੇ ਭਾਈ! ਜੇਹੜੇ ਮਨੁੱਖ) ਮਾਲਕ-ਪ੍ਰਭੂ (ਦੀ ਯਾਦ) ਭੁਲਾ ਕੇ ਹੋਰ ਹੋਰ ਕੰਮ ਵਿਚ ਰੁੱਝੇ ਰਹਿੰਦੇ ਹਨ,
ਉਹ ਨਕਾਰੀ ਮਾਇਆ ਦੇ ਵੱਟੇ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਗਵਾ ਲੈਂਦੇ ਹਨ। (ਉਹ ਰਤਨ ਤਾਂ ਸੁੱਟ ਦੇਂਦੇ ਹਨ, ਪਰ ਕਉਡੀ ਨੂੰ ਸਾਂਭਦੇ ਹਨ) ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਨੂੰ ਛੱਡ ਕੇ ਹੋਰ (ਪਦਾਰਥਾਂ ਦੇ) ਲੋਭ ਵਿਚ ਲੱਗਿਆਂ,
ਤੇ (ਪਰਮਾਤਮਾ ਦੀ) ਦਾਸੀ ਮਾਇਆ ਨੂੰ ਸਲਾਮ ਕੀਤਿਆਂ ਕਿਤੇ ਭੀ ਸੋਭਾ ਨਹੀਂ ਮਿਲ ਸਕਦੀ ॥੨॥
(ਹੇ ਭਾਈ! ਕੂਕਰ ਬ੍ਰਿਤੀ ਦੇ ਮਨੁੱਖ) ਸੁਆਦਲੇ ਭੋਜਨ ਖਾਂਦੇ ਹਨ, ਚੰਗੇ ਚੰਗੇ ਖਾਣੇ ਖਾਂਦੇ ਹਨ, ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ,
ਪਰ ਜਿਸ ਪਰਮਾਤਮਾ ਨੇ (ਇਹ ਸਾਰੇ ਪਦਾਰਥ) ਦਿੱਤੇ ਹੋਏ ਹਨ ਕੁੱਤੇ (ਦੇ ਸੁਭਾਅ ਵਾਲੇ ਮਨੁੱਖ) ਉਸ ਨੂੰ ਜਾਣਦੇ-ਪਛਾਣਦੇ ਭੀ ਨਹੀਂ ॥੩॥
ਨਾਨਕ ਆਖਦਾ ਹੈ- ਹੇ ਪ੍ਰਭੂ! ਅਸੀਂ ਜੀਵ ਨਾ-ਸ਼ੁਕਰੇ ਹਾਂ।
ਹੇ ਜੀਵਾਂ ਦੇ ਦਿਲ ਜਾਣਨ ਵਾਲੇ ਪ੍ਰਭੂ! ਸਾਨੂੰ ਬਖ਼ਸ਼ ਲੈ ॥੪॥੭੬॥੧੪੫॥
(ਹੇ ਮੇਰੇ ਵੀਰ!) ਆਪਣੇ ਮਨ ਵਿਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ।
(ਪ੍ਰਭੂ-ਚਰਨਾਂ ਦਾ ਧਿਆਨ ਹੀ) ਸਾਰੇ ਤੀਰਥਾਂ ਦਾ ਇਸ਼ਨਾਨ ਹੈ ॥੧॥
ਹੇ ਮੇਰੇ ਵੀਰ! ਸਾਰਾ ਦਿਨ ਸਦਾ ਪਰਮਾਤਮਾ ਦਾ ਸਿਮਰਨ ਕਰਿਆ ਕਰ।
(ਜੇਹੜਾ ਮਨੁੱਖ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਸ ਦੇ) ਕ੍ਰੋੜਾਂ ਜਨਮਾਂ ਦੀ (ਵਿਕਾਰਾਂ ਦੀ) ਮੈਲ ਲਹਿ ਜਾਂਦੀ ਹੈ ॥੧॥ ਰਹਾਉ ॥
(ਹੇ ਮੇਰੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਉਹ ਸਾਰੇ ਮਨ-ਲੋੜੀਂਦੇ ਫਲ ਪ੍ਰਾਪਤ ਕਰ ਲੈਂਦਾ ਹੈ ॥੨॥
(ਹੇ ਭਾਈ!) ਜਨਮ ਤੋਂ ਲੈ ਕੇ ਮੌਤ ਤਕ ਉਸ ਮਨੁੱਖ ਦਾ ਸਾਰਾ ਜੀਵਨ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ,
ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਆ ਵੱਸਦਾ ਹੈ ॥੩॥
ਹੇ ਨਾਨਕ! ਉਹੀ ਮਨੁੱਖ ਸੁੱਧੇ ਜੀਵਨ ਵਾਲੇ ਬਣਦੇ ਹਨ,
ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ ॥੪॥੭੭॥੧੪੬॥
(ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀਆਂ ਬਖ਼ਸ਼ੀਆਂ ਦਾਤਾਂ) ਖਾਂਦਾ ਰਹਿੰਦਾ ਹੈ ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਪਰਮਾਤਮਾ ਨੇ ਦਿੱਤੀਆਂ ਹਨ,
ਉਸ ਮਨੁੱਖ ਨੂੰ ਧਰਮ-ਰਾਜ ਦੇ ਦੂਤ ਆਪਣੀ ਤੱਕ ਵਿਚ ਰੱਖਦੇ ਹਨ (ਭਾਵ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ) ॥੧॥
(ਹੇ ਭਾਈ! ਤੂੰ) ਉਸ ਪਰਮਾਤਮਾ (ਦੀ ਯਾਦ) ਵਲੋਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ (ਤੈਨੂੰ) ਜਿੰਦ ਦਿੱਤੀ, ਜਿਸ ਨੇ (ਤੈਨੂੰ) ਸਰੀਰ ਦਿੱਤਾ।
(ਯਾਦ ਰੱਖ, ਇਥੋਂ ਖੁੰਝ ਕੇ) ਕ੍ਰੋੜਾਂ ਜਨਮਾਂ ਵਿਚ ਅਨੇਕਾਂ ਜੂਨਾਂ ਵਿਚ ਭਟਕਦਾ ਫਿਰੇਂਗਾ ॥੧॥ ਰਹਾਉ ॥
(ਹੇ ਭਾਈ!) ਮਾਇਆ-ਵੇੜ੍ਹੇ ਮਨੁੱਖ ਦੀ ਜੀਵਨ-ਮਰਯਾਦਾ ਹੀ ਐਸੀ ਹੈ,
ਕਿ ਉਹ ਜੋ ਕੁਝ ਕਰਦਾ ਹੈ ਸਾਰਾ ਬੇ-ਮੁਖਤਾ ਦਾ ਕੰਮ ਹੀ ਕਰਦਾ ਹੈ ॥੨॥
(ਹੇ ਭਾਈ!) ਜਿਸ ਪਰਮਾਤਮਾ ਨੇ ਜੀਵ ਦੀ ਜਿੰਦ ਨੂੰ ਮਨ ਨੂੰ ਸਰੀਰ ਨੂੰ (ਆਪਣੀ ਜੋਤਿ ਦਾ) ਸਹਾਰਾ ਦਿੱਤਾ ਹੋਇਆ ਹੈ,
ਉਸ ਪਾਲਣਹਾਰ ਪ੍ਰਭੂ ਨੂੰ ਸਾਕਤ ਮਨੁੱਖ ਆਪਣੇ ਮਨ ਤੋਂ ਭੁਲਾਈ ਰੱਖਦਾ ਹੈ ॥੩॥
(ਇਸ ਤਰ੍ਹਾਂ, ਹੇ ਭਾਈ! ਉਸ ਸਾਕਤ ਦੇ ਇਤਨੇ) ਵਿਕਾਰ ਵਧ ਜਾਂਦੇ ਹਨ ਕਿ ਉਹਨਾਂ ਦੇ ਅਨੇਕਾਂ ਦਫ਼ਤਰ ਹੀ ਲਿਖੇ ਜਾਂਦੇ ਹਨ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਦਇਆ ਦੇ ਸਮੁੰਦਰ! ਹੇ ਸੁਖਾਂ ਦੇ ਸਮੁੰਦਰ! (ਤੂੰ ਆਪ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ) ਬਚਾ ਰੱਖ ॥੪॥
ਹੇ ਪਾਰਬ੍ਰਹਮ ਪ੍ਰਭੂ! ਜੇਹੜੇ ਮਨੁੱਖ (ਤੇਰੀ ਮਿਹਰ ਨਾਲ) ਤੇਰੀ ਸਰਨ ਆਉਂਦੇ ਹਨ,
ਉਹ ਤੇਰੇ ਹਰਿ-ਨਾਮ ਦੀ ਬਰਕਤਿ ਨਾਲ (ਆਪਣੇ ਮਾਇਆ ਦੇ) ਬੰਧਨ ਕੱਟ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੧॥ਰਹਾਉ ਦੂਜਾ॥੭੮॥੧੪੭॥
(ਹੇ ਭਾਈ! ਵੇਖੋ ਗੋਬਿੰਦ ਦੀ ਉਦਾਰਤਾ) ਭਾਵੇਂ ਕੋਈ ਮਨੁੱਖ ਆਪਣੇ ਕਿਸੇ ਲਾਲਚ ਦੀ ਖ਼ਾਤਰ ਉਸ ਨੂੰ ਮਿੱਤਰ ਬਣਾਂਦਾ ਹੈ,
(ਫਿਰ ਭੀ ਉਹ ਉਸ ਦੇ) ਸਾਰੇ ਮਨੋਰਥ ਪੂਰੇ ਕਰ ਦੇਂਦਾ ਹੈ (ਤੇ ਉਸ ਨੂੰ) ਉਹ ਆਤਮਕ ਅਵਸਥਾ ਭੀ ਦੇ ਦੇਂਦਾ ਹੈ ਜਿੱਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੧॥
(ਹੇ ਭਾਈ!) ਹਰੇਕ ਮਨੁੱਖ ਇਹੋ ਜਿਹਾ (ਇਹੋ ਜਿਹੇ ਪ੍ਰਭੂ ਨੂੰ) ਮਿੱਤਰ ਬਣਾਓ,
ਜਿਸ (ਦੇ ਦਰ) ਤੋਂ ਕੋਈ ਖ਼ਾਲੀ ਨਹੀਂ ਰਹਿੰਦਾ ॥੧॥ ਰਹਾਉ ॥
ਜਿਸ ਮਨੁੱਖ ਨੇ (ਉਸ ਗੋਬਿੰਦ ਨੂੰ) ਆਪਣੀ ਗ਼ਰਜ਼ ਵਾਸਤੇ ਭੀ ਆਪਣੇ ਹਿਰਦੇ ਵਿਚ ਲਿਆ ਟਿਕਾਇਆ ਹੈ,
(ਗੋਬਿੰਦ ਨੇ ਉਸ ਦੇ) ਸਾਰੇ ਦੁੱਖ ਦਰਦ ਸਾਰੇ ਰੋਗ ਦੂਰ ਕਰ ਦਿੱਤੇ ਹਨ ॥੨॥
(ਹੇ ਭਾਈ!) ਜਿਸ ਮਨੁੱਖ ਦੀ ਜੀਭ ਗੋਬਿੰਦ ਦਾ ਨਾਮ ਉੱਚਾਰਨ ਲਈ ਤਾਂਘ ਕਰਦੀ ਹੈ,
ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ ॥੩॥
ਅਸੀਂ ਆਪਣੇ ਗੋਬਿੰਦ ਤੋਂ ਅਨੇਕਾਂ ਵਾਰੀ ਕੁਰਬਾਨ ਜਾਂਦੇ ਹਾਂ,
ਹੇ ਨਾਨਕ! (ਆਖ-) ਸਾਡਾ ਗੋਬਿੰਦ ਐਸਾ ਹੈ ਕਿ ਉਸ ਦਾ ਦਰਸਨ ਸਾਰੇ ਫਲ ਦੇਂਦਾ ਹੈ ॥੪॥੭੯॥੧੪੮॥
(ਹੇ ਭਾਈ!) ਉਹਨਾਂ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ ਕ੍ਰੋੜਾਂ ਰੁਕਾਵਟਾਂ ਇਕ ਖਿਨ ਵਿਚ ਨਾਸ ਹੋ ਜਾਂਦੀਆਂ ਹਨ,
ਜੇਹੜੇ ਮਨੁੱਖ ਸਾਧ ਸੰਗਤਿ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਦੇ ਹਨ ॥੧॥
(ਹੇ ਭਾਈ!) ਪਰਮਾਤਮਾ ਦਾ ਨਾਮ-ਰਸ ਪੀਂਦਿਆਂ, ਪਰਮਾਤਮਾ ਦੇ ਆਤਮਕ ਜੀਵਨ ਦੇਣ ਵਾਲੇ ਗੁਣਾਂ ਦਾ ਜਸ ਗਾਂਦਿਆਂ,
ਪਰਮਾਤਮਾ ਦੇ ਚਰਨ ਜਪ ਕੇ (ਮਾਇਆ ਦੀ) ਭੁੱਖ ਮਿਟ ਜਾਂਦੀ ਹੈ ॥੧॥ ਰਹਾਉ ॥
ਉਸ ਨੂੰ ਸਾਰੇ ਸੁਖਾਂ ਦੇ ਖ਼ਜ਼ਾਨੇ ਤੇ ਆਤਮਕ ਅਡੋਲਤਾ ਦੇ ਆਨੰਦ ਮਿਲ ਜਾਂਦੇ ਹਨ,
ਹੇ ਭਗਵਾਨ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ ॥੨॥