ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥
ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ (ਬੇੜੀ ਦੇ ਪੂਰ ਦਾ ਮੇਲਾ ਹੈ)
(ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥
ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਆਪਣੇ ਘਰ ਆਉਂਦਿਆਂ ਰਾਹ ਵਿਚ ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ (ਵਿਚਾਰੀ) ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।
ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥
ਹੇ ਕਬੀਰ! (ਜੋ ਮਨੁੱਖ ਹਰ ਰੋਜ਼ ਧਰਮ = ਅਸਥਾਨ ਤੇ ਜਾ ਕੇ ਭਜਨ ਭਗਤੀ ਕਰਨ ਪਿਛੋਂ ਸਾਰਾ ਦਿਨ ਠੱਗੀ-ਫ਼ਰੇਬ ਦੀ ਕਿਰਤ-ਕਮਾਈ ਕਰਦਾ ਹੈ, ਉਹ ਇਸ ਗੱਲੋਂ ਨਾਵਾਕਿਫ਼ ਨਹੀਂ ਕਿ ਇਹ ਮਾੜੀ ਗੱਲ ਹੈ, ਉਸ ਦਾ) ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ।
(ਪਰਮਾਤਮਾ ਦੀ ਭਗਤੀ ਤਾਂ ਇਕ ਜਗਦਾ ਦੀਵਾ ਹੈ ਜਿਸ ਨੇ ਜ਼ਿੰਦਗੀ ਦੇ ਹਨੇਰੇ ਸਫ਼ਰ ਵਿਚ ਮਨੁੱਖ ਨੂੰ ਰਸਤਾ ਵਿਖਾਣਾ ਹੈ, ਵਿਕਾਰਾਂ ਦੇ ਖੂਹ-ਖਾਤੇ ਵਿਚ ਡਿੱਗਣੋਂ ਬਚਾਣਾ ਹੈ, ਪਰ) ਉਸ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਅਸਾਡੇ ਹੱਥ ਵਿਚ ਹੁੰਦਿਆਂ ਭੀ ਅਸੀਂ ਖੂਹ ਵਿਚ ਡਿੱਗ ਪਏ? ॥੨੧੬॥
ਹੇ ਕਬੀਰ! (ਜੇ ਤੂੰ "ਚੀਤੁ ਨਿਰੰਜਨ ਨਾਲਿ" ਜੋੜੀ ਰੱਖਣਾ ਹੈ ਤਾਂ ਇਹ ਚੇਤਾ ਰੱਖ ਕਿ ਇਹ) ਮੂਰਖ ਜਗਤ (ਭਾਵ, ਸਾਕ-ਸੰਬੰਧੀਆਂ ਦਾ ਮੋਹ ਅਤੇ ਠੱਗੀ ਦੀ ਕਿਰਤ-ਕਾਰ) ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਬਣੀ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;
(ਅਤੇ ਇਸ ਧੋਖੇ ਵਿਚ ਆਇਆਂ ਘਾਟਾ ਹੀ ਘਾਟਾ ਹੈ, ਕਿਉਂਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਵਿਛੜੀ ਹੋਈ (ਕਿਸੇ ਹਾਲਤ ਵਿਚ ਭੀ) ਇਹ ਸੋਹਣੀ ਨਹੀਂ ਲੱਗ ਸਕਦੀ (ਸੌਖੀ ਨਹੀਂ ਰਹਿ ਸਕਦੀ) ॥੨੧੭॥
(ਜਿੰਦ-ਦਾਤੇ ਪ੍ਰਭੂ ਨਾਲੋਂ ਵਿਛੁੜੀ ਜਿੰਦ ਸੌਖੀ ਨਹੀਂ ਰਹਿ ਸਕਦੀ, 'ਤਾ ਸਿਉ ਟੂਟੀ ਕਿਉ ਬਨੈ'; ਤਾਂ ਤੇ) ਹੇ ਕਬੀਰ! (ਉਸ ਜਿੰਦ ਦਾਤੇ ਨੂੰ ਭੁਲਾ ਕੇ) ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਆਤਮਕ ਮੌਤੇ ਮਰ ਰਹੇ ਹੋ?
ਤੁਹਾਡੀ ਆਪਣੀ ਲੋੜ ਤਾਂ ਸਾਢੇ ਤਿੰਨ ਹੱਥ ਜ਼ਮੀਨ ਨਾਲ ਪੂਰੀ ਹੋ ਰਹੀ ਹੈ (ਕਿਉਂਕਿ ਹਰ ਰੋਜ਼ ਸੌਣ ਵੇਲੇ ਆਪਣੇ ਕੱਦ ਅਨੁਸਾਰ ਤੁਸੀਂ ਇਤਨੀ ਕੁ ਹੀ ਵਰਤਦੇ ਹੋ), ਪਰ ਜੇ (ਤੁਹਾਡਾ ਕੱਦ ਕੁਝ ਲੰਮਾ ਹੈ, ਜੇ) ਤੁਹਾਨੂੰ ਕੁਝ ਵਧੀਕ ਜ਼ਮੀਨ ਦੀ ਲੋੜ ਪੈਂਦੀ ਹੈ ਤਾਂ ਪੌਣੇ ਚਾਰ ਹੱਥ ਵਰਤ ਲੈਂਦੇ ਹੋਵੋਗੇ ॥੨੧੮॥
ਹੇ ਕਬੀਰ! ("ਚੀਤੁ ਨਿਰੰਜਨ ਨਾਲਿ" ਰੱਖਣ ਦੇ ਥਾਂ ਤੂੰ ਸਾਰਾ ਦਿਨ ਮਾਇਆ ਦੀਆਂ ਹੀ ਸੋਚਾਂ ਸੋਚਦਾ ਰਹਿੰਦਾ ਹੈਂ, ਪਰ ਤੇਰੇ) ਮੇਰੇ ਸੋਚਾਂ ਸੋਚਣ ਨਾਲ ਕੁੱਝ ਨਹੀਂ ਬਣਦਾ; ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ (ਭਾਵ, ਜੋ ਅਸੀਂ ਸੋਚਦੇ ਰਹਿੰਦੇ ਹਾਂ)।
ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਜੋ ਕੁਝ ਉਹ ਪਰਮਾਤਮਾ ਸੋਚਦਾ ਹੈ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥
ਹੇ ਕਬੀਰ! (ਜੀਵਾਂ ਦੇ ਕੀਹ ਵੱਸ?) ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ।
ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ (ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰ ਕੇ ਦੁਨੀਆ ਦੇ ਫ਼ਿਕਰ-ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀਏ) ॥੨੨੦॥
ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ (ਸਿਮਰਨ ਨਾਹ ਕਰਨ ਦਾ ਨਤੀਜਾ ਹੀ ਇਹ ਨਿਕਲਦਾ ਹੈ ਕਿ ਉਹ ਦੁਨੀਆ ਦੀਆਂ ਸੋਚਾਂ ਸੋਚਦਾ ਹੈ, ਤੇ ਦੁਨੀਆ ਦੇ) ਲਾਲਚ ਵਿਚ ਭਟਕਦਾ ਫਿਰਦਾ ਹੈ।
ਪਾਪ ਕਰਦਿਆਂ ਕਰਦਿਆਂ ਉਹ (ਭਾਗ-ਹੀਣ) ਆਤਮਕ ਮੌਤੇ ਮਰ ਜਾਂਦਾ ਹੈ (ਉਸ ਦੇ ਅੰਦਰੋਂ ਉੱਚਾ ਆਤਮਕ ਜੀਵਨ ਮੁੱਕ ਜਾਂਦਾ ਹੈ), ਅਤੇ ਉਹ ਵਿਕਾਰਾਂ ਵਿਚ ਰੱਜਦਾ ਭੀ ਨਹੀਂ ਕਿ ਅਚਨਚੇਤ ਉਮਰ ਮੁੱਕ ਜਾਂਦੀ ਹੈ ॥੨੨੧॥
ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।
ਜੇ ਤੂੰ ਇਸ ਨੂੰ (ਬਾਹਰਲੇ ਭੈੜੇ ਅਸਰਾਂ ਤੋਂ) ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪਰਮਾਤਮਾ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਵਿਗੜੀ ਹੀ ਜਾਣ ਲੈ (ਭਾਵ, ਜ਼ਰੂਰ ਵਿਗੜ ਜਾਇਗੀ) ॥੨੨੨॥
ਹੇ ਕਬੀਰ! (ਜੇ ਇਸ ਸਰੀਰ ਨੂੰ ਵਿਕਾਰਾਂ ਵਲੋਂ 'ਸਾਬਤੁ ਰਖਹਿ ਤ') ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।
ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ (ਤੇ ਇਸ ਨੂੰ ਆਤਮਕ ਮੌਤੇ ਮਰਨੋਂ ਬਚਾ ਲੈਂਦਾ ਹੈ) ॥੨੨੩॥
ਹੇ ਕਬੀਰ! (ਜੇ ਕੇਸੋ ਕੇਸੋ ਨਾਹ ਕੂਕੀਏ, ਜੇ ਪਰਮਾਤਮਾ ਦਾ ਸਿਮਰਨ ਨਾਹ ਕਰੀਏ ਤਾਂ ਅਨੇਕਾਂ ਵਿਕਾਰ ਪੈਦਾ ਹੋ ਜਾਣ ਕਰਕੇ) ਇਹ ਮਨੁੱਖਾ ਸਰੀਰ, ਮਾਨੋ, 'ਕਜਲੀ ਬਨੁ' ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।
ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਬਣ ਸਕਦਾ ਹੈ, ਕੋਈ ਭਾਗਾਂ ਵਾਲਾ ਗੁਰਮੁਖਿ (ਇਸ ਗਿਆਨ-ਕੁੰਡੇ ਨੂੰ ਵਰਤ ਕੇ ਮਨ-ਹਾਥੀ ਨੂੰ) ਚਲਾਣ-ਜੋਗਾ ਹੁੰਦਾ ਹੈ ॥੨੨੪॥
ਹੇ ਕਬੀਰ! ਪਰਮਾਤਮਾ ਦਾ ਨਾਮ (ਦੁਨੀਆ ਵਿਚ) ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।
ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥
(ਪਰ), ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ (ਨਾਮ-ਰਤਨ ਨੂੰ ਵਿਸਾਰ ਕੇ ਸਾਰੀ ਉਮਰ) ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;
ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ (ਨਾਹ ਹੀ ਇਹਨਾਂ ਖਪਾਣਿਆਂ ਵਿਚੋਂ ਕਦੇ ਉਸ ਨੂੰ ਵੇਹਲ ਮਿਲਦੀ ਹੈ, ਤੇ ਨਾਹ ਉਹ ਕਦੇ ਪਰਮਾਤਮਾ ਦਾ ਨਾਮ ਮੂੰਹੋਂ ਉਚਾਰਦਾ ਹੈ) ॥੨੨੬॥
ਹੇ ਕਬੀਰ! (ਉਸ ਬਦ-ਨਸੀਬ ਦਾ ਹਾਲ ਵੇਖ ਜੋ ਪ੍ਰਭੂ-ਨਾਮ ਦੀ ਕਦਰ-ਕੀਮਤ ਨਾਹ ਜਾਣਦਾ ਹੋਇਆ ਸਾਰੀ ਉਮਰ ਕੁਟੰਬ ਪਾਲਣ ਵਿਚ ਹੀ ਗੁਜ਼ਾਰਦਾ ਹੈ ਤੇ ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਥੋੜੀ ਥੋੜੀ ਕਰ ਕੇ ਬੇ-ਮਲੂਮੇ ਜਿਹੇ) ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;
ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥
ਹੇ ਕਬੀਰ! (ਵਿਕਾਰਾਂ ਦੀ ਤਪਸ਼ ਨਾਲ ਤਪ ਰਹੇ ਇਸ ਸੰਸਾਰ ਵਿਚ) ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ।
ਜਿਸ ਮਨੁੱਖ ਨੇ (ਆਪਣੇ ਅੰਦਰੋਂ ਇਹਨਾਂ ਵਿਕਾਰਾਂ ਦਾ) ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ। (ਜੋ ਭਾਗਾਂ ਵਾਲਾ ਬੰਦਾ ਉਸ ਤਪਸ਼ ਤੋਂ ਬਚਣ ਲਈ ਇਸ ਛਾਂ ਦਾ ਆਸਰਾ ਲੈਂਦਾ ਹੈ ਉਸ ਨੂੰ) ਵੈਰਾਗ-ਰੂਪ ਫਲ (ਹਾਸਲ ਹੁੰਦਾ) ਹੈ ॥੨੨੮॥
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ" ਉਸ 'ਸਾਧ' ਦੀ ਸੰਗਤ ਵਿਚ ਰਹਿ ਕੇ ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;
ਉਸ ਦਾ ਆਸਰਾ ਲਈਏ ਤਾਂ ਅੰਦਰ ਠੰਢ ਪੈਂਦੀ ਹੈ, ਫਲ ਮਿਲਦਾ ਹੈ ਕਿ ਦੁਨੀਆ ਦੇ "ਬਾਦ ਬਿਬਾਦ" ਵਲੋਂ ਮਨ ਟਿਕ ਜਾਂਦਾ ਹੈ, ਤੇ ਸਾਰੇ ਗਿਆਨ-ਇੰਦ੍ਰੇ (ਜੋ ਪਹਿਲਾਂ ਪੰਛੀਆਂ ਵਾਂਗ ਥਾਂ ਥਾਂ ਤੇ ਚੋਗ ਲਈ ਭਟਕਦੇ ਸਨ, ਹੁਣ ਪ੍ਰਭੂ ਦੇ ਨਾਮ ਦਾ) ਆਨੰਦ ਲੈਂਦੇ ਹਨ ॥੨੨੯॥
ਹੇ ਕਬੀਰ! ("ਜਿਨਿ ਤਜਿਆ ਬਾਦੁ ਬਿਬਾਦੁ") ਉਹ 'ਸਾਧੂ' ਆਪਣੀ ਸਾਰੀ ਉਮਰ ਉਪਕਾਰ ਵਿਚ ਹੀ ਗੁਜ਼ਾਰਦਾ ਹੈ; ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ 'ਸਾਧੂ' ਵਿਕਾਰਾਂ ਵਿਚ ਤਪਦੇ ਸਾਰੇ ਇਸ ਸੰਸਾਰ ਲਈ), ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ 'ਜੀਅ-ਦਇਆ' ਦੀ ਦਾਤ ਪ੍ਰਾਪਤ ਹੁੰਦੀ ਹੈ।
ਸੰਸਾਰੀ ਜੀਵ ਤਾਂ ਹੋਰ ਹੋਰ ਧੰਧਿਆਂ ਵਿਚ ਰੁੱਝੇ ਰਹਿੰਦੇ ਹਨ, ਪਰ ਗੁਰਮੁਖ 'ਸਾਧ' ਸਦਾ ਇਹੀ ਸਿੱਖਿਆ ਦੇਂਦਾ ਰਹਿੰਦਾ ਹੈ ਕਿ ਸਭ ਨਾਲ ਦਇਆ-ਪਿਆਰ ਵਰਤੋ ॥੨੩੦॥
ਹੇ ਕਬੀਰ! "ਜਿਨਿ ਤਜਿਆ ਬਾਦੁ ਬਿਬਾਦੁ" ਉਸ ਸਾਧੂ-ਗੁਰਮੁਖਿ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਬੜੇ ਚੰਗੇ ਭਾਗ ਹੋਣ।