ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।
ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।
(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।
ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!
ਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ।
ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ।
ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।
ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ।
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!॥੧॥
ਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ।
(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ।
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।
ਪਰ, ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ।
ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।
ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ।
ਪ੍ਰਭੂ ਤੋਂ ਵਿਛੁੜੀ ਹੋਈ (ਜੀਵ-ਇਸਤ੍ਰੀ) ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਮੋਹ ਵਿਚ) ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ।
(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥
ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।
ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,
ਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ (ਜੀਵ-ਇਸਤ੍ਰੀ) ਪ੍ਰਭੂ ਨੂੰ ਦੂਰ ਸਮਝਦੀ ਹੈ।
ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ।