ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1343


ਧਾਵਤੁ ਰਾਖੈ ਠਾਕਿ ਰਹਾਏ ॥

ਉਹ (ਮਾਇਆ ਵੱਲ) ਦੌੜਦੇ ਮਨ ਨੂੰ ਬਚਾ ਲੈਂਦਾ ਹੈ (ਬਾਹਰ ਜਾਂਦੇ ਨੂੰ) ਰੋਕ ਕੇ (ਆਪਣੇ ਅੰਦਰ ਹੀ) ਟਿਕਾ ਲੈਂਦਾ ਹੈ।

ਸਚਾ ਨਾਮੁ ਮੰਨਿ ਵਸਾਏ ॥੪॥

ਉਹ ਮਨੁੱਖ ਪਰਮਾਤਮਾ ਦਾ ਸਦਾ-ਥਿਰ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ ॥੪॥

ਬਿਸਮ ਬਿਨੋਦ ਰਹੇ ਪਰਮਾਦੀ ॥

(ਉਸ ਮਨੁੱਖ ਦੇ ਅੰਦਰੋਂ) ਮੋਹ ਦੇ ਮਸਤੀ ਪੈਦਾ ਕਰਨ ਵਾਲੇ ਅਚਰਜ ਚੋਜ ਤਮਾਸ਼ੇ ਖ਼ਤਮ ਹੋ ਜਾਂਦੇ ਹਨ।

ਗੁਰਮਤਿ ਮਾਨਿਆ ਏਕ ਲਿਵ ਲਾਗੀ ॥

ਉਸ ਦਾ ਮਨ ਗੁਰੂ ਦੀ ਸਿੱਖਿਆ ਵਿਚ ਪਤੀਜ ਜਾਂਦਾ ਹੈ, ਉਸ ਦੀ ਸੁਰਤ ਇਕ ਪ੍ਰਭੂ ਵਿਚ ਜੁੜੀ ਰਹਿੰਦੀ ਹੈ।

ਦੇਖਿ ਨਿਵਾਰਿਆ ਜਲ ਮਹਿ ਆਗੀ ॥

ਪਰਮਾਤਮਾ ਦਾ ਦਰਸਨ ਕਰ ਕੇ ਪਰਮਾਤਮਾ ਦੇ ਨਾਮ-ਜਲ ਵਿਚ ਚੁੱਭੀ ਲਾ ਕੇ ਉਹ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।

ਸੋ ਬੂਝੈ ਹੋਵੈ ਵਡਭਾਗੀ ॥੫॥

ਪਰ ਇਹ ਭੇਤ ਉਹੀ ਸਮਝਦਾ ਹੈ ਜੋ ਚੰਗੇ ਭਾਗਾਂ ਵਾਲਾ ਹੋਵੇ ॥੫॥

ਸਤਿਗੁਰੁ ਸੇਵੇ ਭਰਮੁ ਚੁਕਾਏ ॥

ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,

ਅਨਦਿਨੁ ਜਾਗੈ ਸਚਿ ਲਿਵ ਲਾਏ ॥

ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ।

ਏਕੋ ਜਾਣੈ ਅਵਰੁ ਨ ਕੋਇ ॥

ਉਹ ਮਨੁੱਖ ਸਿਰਫ਼ ਪਰਮਾਤਮਾ ਨੂੰ ਹੀ ਸੁਖਾਂ ਦਾ ਦਾਤਾ ਸਮਝਦਾ ਹੈ, ਕਿਸੇ ਹੋਰ ਨੂੰ ਨਹੀਂ।

ਸੁਖਦਾਤਾ ਸੇਵੇ ਨਿਰਮਲੁ ਹੋਇ ॥੬॥

ਉਹ ਉਸ ਸੁਖਦਾਤੇ ਨੂੰ ਸਿਮਰਦਾ ਹੈ ਤੇ (ਸਿਮਰਨ ਦੀ ਬਰਕਤਿ ਨਾਲ) ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ ॥੬॥

ਸੇਵਾ ਸੁਰਤਿ ਸਬਦਿ ਵੀਚਾਰਿ ॥

ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਕੇ ਉਸ ਮਨੁੱਖ ਦੀ ਸੁਰਤ ਸੇਵਾ ਵਲ ਪਰਤਦੀ ਹੈ,

ਜਪੁ ਤਪੁ ਸੰਜਮੁ ਹਉਮੈ ਮਾਰਿ ॥

ਆਪਣੇ ਅੰਦਰੋਂ ਹਉਮੈ ਮਾਰ ਕੇ ਉਹ, ਮਾਨੋ, ਜਪ ਤਪ ਤੇ ਸੰਜਮ ਕਮਾ ਲੈਂਦਾ ਹੈ।

ਜੀਵਨ ਮੁਕਤੁ ਜਾ ਸਬਦੁ ਸੁਣਾਏ ॥

ਸਤਿਗੁਰੂ ਉਸ ਨੂੰ ਆਪਣਾ ਸ਼ਬਦ ਸੁਣਾਂਦਾ ਹੈ ਤੇ ਉਹ ਮਨੁੱਖ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਮਾਇਆ ਦੇ ਮੋਹ ਤੋਂ) ਸੁਤੰਤਰ ਹੋ ਜਾਂਦਾ ਹੈ।

ਸਚੀ ਰਹਤ ਸਚਾ ਸੁਖੁ ਪਾਏ ॥੭॥

ਉਸ ਦੀ ਰਹਤ-ਬਹਤ ਐਸੀ ਹੋ ਜਾਂਦੀ ਹੈ ਕਿ (ਮਾਇਆ ਵੱਲ) ਉਹ ਡੋਲਦਾ ਨਹੀਂ ਤੇ (ਇਸ ਤਰ੍ਹਾਂ) ਉਹ ਸਦਾ ਕਾਇਮ ਰਹਿਣ ਵਾਲਾ ਆਤਮਕ ਆਨੰਦ ਮਾਣਦਾ ਹੈ ॥੭॥

ਸੁਖਦਾਤਾ ਦੁਖੁ ਮੇਟਣਹਾਰਾ ॥

ਉਸ ਮਨੁੱਖ ਨੂੰ ਪਰਮਾਤਮਾ ਹੀ ਸੁਖਾਂ ਦੇ ਦੇਣ ਵਾਲਾ ਤੇ ਦੁੱਖਾਂ ਦਾ ਕੱਟਣ ਵਾਲਾ ਦਿੱਸਦਾ ਹੈ।

ਅਵਰੁ ਨ ਸੂਝਸਿ ਬੀਜੀ ਕਾਰਾ ॥

(ਇਸ ਵਾਸਤੇ ਪ੍ਰਭੂ ਦੇ ਸਿਮਰਨ ਤੋਂ ਬਿਨਾ) ਉਸ ਨੂੰ ਕੋਈ ਹੋਰ ਕਾਰ (ਲਾਭਦਾਇਕ) ਨਹੀਂ ਸੁੱਝਦੀ।

ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥

ਉਹ ਮਨੁੱਖ ਆਪਣਾ ਸਰੀਰ ਆਪਣਾ ਮਨ ਤੇ ਆਪਣਾ ਧਨ-ਪਦਾਰਥ ਪਰਮਾਤਮਾ ਦੇ ਅੱਗੇ ਭੇਟ ਰੱਖਦਾ ਹੈ।

ਨਾਨਕੁ ਕਹੈ ਮਹਾ ਰਸੁ ਚਾਖਿਆ ॥੮॥੨॥

ਨਾਨਕ ਆਖਦਾ ਹੈ ਕਿ ਉਹ ਮਨੁੱਖ (ਸਭ ਰਸਾਂ ਤੋਂ) ਸ੍ਰੇਸ਼ਟ ਨਾਮ-ਰਸ (ਸਦਾ) ਚੱਖਦਾ ਹੈ ॥੮॥੨॥

ਪ੍ਰਭਾਤੀ ਮਹਲਾ ੧ ॥

ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥

(ਅਗਿਆਨੀ ਅੰਨ੍ਹਾ ਮਨੁੱਖ ਪ੍ਰਭੂ ਦਾ ਨਾਮ ਵਿਸਾਰ ਕੇ) ਨਿਵਲੀ ਕਰਮ ਕਰਦਾ ਹੈ, ਕੁੰਡਲਨੀ ਨਾੜੀ ਦੀ ਰਾਹੀਂ ਦਸਮ ਦੁਆਰ ਵਿਚ ਪ੍ਰਾਣ ਚਾੜ੍ਹਦਾ ਹੈ, ਸੁਆਸ ਉਤਾਰਦਾ ਹੈ, ਸੁਆਸ ਚਾੜ੍ਹਦਾ ਹੈ, ਸੁਆਸ (ਸੁਖਮਨਾ ਵਿਚ) ਟਿਕਾਂਦਾ ਹੈ।

ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥

ਪਰ ਇਸ ਭਟਕਣਾ ਵਿਚ ਕੁਰਾਹੇ ਪੈ ਕੇ (ਇਹਨਾਂ ਕਰਮਾਂ ਦੇ ਗੇੜ ਵਿਚ) ਫਸ ਕੇ ਆਤਮਕ ਮੌਤ ਸਹੇੜ ਲੈਂਦਾ ਹੈ। ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ ਸਹੀ ਜੀਵਨ ਦੀ ਇਸ ਨੂੰ ਸਮਝ ਨਹੀਂ ਪੈਂਦੀ।

ਅੰਧਾ ਭਰਿਆ ਭਰਿ ਭਰਿ ਧੋਵੈ ਅੰਤਰ ਕੀ ਮਲੁ ਕਦੇ ਨ ਲਹੈ ॥

ਅੰਨ੍ਹਾ ਮਨੁੱਖ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ, ਮੁੜ ਮੁੜ ਕੁਰਾਹੇ ਪੈ ਕੇ ਹੋਰ ਵਿਕਾਰਾਂ ਦੀ ਮੈਲ ਨਾਲ ਲਿਬੜਦਾ ਹੈ (ਨਿਵਲੀ ਕਰਮ ਆਦਿ ਦੀ ਰਾਹੀਂ) ਇਹ ਮੈਲ ਧੋਣ ਦਾ ਜਤਨ ਕਰਦਾ ਹੈ, ਪਰ (ਇਸ ਤਰ੍ਹਾਂ) ਮਨ ਦੀ ਮੈਲ ਕਦੇ ਉਤਰਦੀ ਨਹੀਂ।

ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥੧॥

(ਇਹ ਰੇਚਕ ਪੂਰਕ ਆਦਿਕ) ਸਾਰੇ ਹੀ ਕਰਮ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਹਨ। ਜਿਵੇਂ ਕਿਸੇ ਮਦਾਰੀ ਨੂੰ ਵੇਖ ਕੇ (ਅੰਞਾਣ ਮਨੁੱਖ) ਭੁਲੇਖੇ ਵਿਚ ਪੈ ਜਾਂਦਾ ਹੈ (ਕਿ ਜੋ ਜੋ ਕੁਝ ਮਦਾਰੀ ਵਿਖਾਂਦਾ ਹੈ ਸਚਮੁਚ ਉਸ ਦੇ ਪਾਸ ਮੌਜੂਦ ਹੈ, ਤਿਵੇਂ ਕਰਮ-ਕਾਂਡੀ ਮਨੁੱਖ ਇਹਨਾਂ ਨਾਟਕਾਂ ਚੇਟਕਾਂ ਵਿਚ ਭੁਲੇਖਾ ਖਾ ਜਾਂਦਾ ਹੈ) ॥੧॥

ਖਟੁ ਕਰਮ ਨਾਮੁ ਨਿਰੰਜਨੁ ਸੋਈ ॥

ਹੇ ਪ੍ਰਭੂ! ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਧਾਰਮਿਕ ਕੰਮ (ਮੇਰੇ ਵਾਸਤੇ) ਤੇਰਾ ਨਾਮ ਹੀ ਹੈ, ਤੇਰਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ ਹੈ।

ਤੂ ਗੁਣ ਸਾਗਰੁ ਅਵਗੁਣ ਮੋਹੀ ॥੧॥ ਰਹਾਉ ॥

ਹੇ ਪ੍ਰਭੂ! ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਪਰ (ਤੇਰੇ ਨਾਮ ਤੋਂ ਖੁੰਝ ਕੇ ਤੇ ਹੋਰ ਹੋਰ ਕਰਮ-ਕਾਂਡ ਵਿਚ ਪੈ ਕੇ) ਮੇਰੇ ਅੰਦਰ ਔਗੁਣ ਪੈਦਾ ਹੋ ਜਾਂਦੇ ਹਨ ॥੧॥ ਰਹਾਉ ॥

ਮਾਇਆ ਧੰਧਾ ਧਾਵਣੀ ਦੁਰਮਤਿ ਕਾਰ ਬਿਕਾਰ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ ਮਨ ਦੀ ਦੌੜ-ਭੱਜ ਤਾਂ ਮਾਇਆ ਦੇ ਧੰਧਿਆਂ ਵਿਚ ਹੀ ਰਹਿੰਦੀ ਹੈ, ਭੈੜੀ ਮੱਤੇ ਲੱਗ ਕੇ (ਨਿਵਲੀ ਕਰਮ, ਰੇਚਕ ਪੂਰਕ ਆਦਿਕ) ਵਿਅਰਥ ਕੰਮ ਕਰਦਾ ਰਹਿੰਦਾ ਹੈ।

ਮੂਰਖੁ ਆਪੁ ਗਣਾਇਦਾ ਬੂਝਿ ਨ ਸਕੈ ਕਾਰ ॥

ਮੂਰਖ ਸਹੀ ਰਸਤੇ ਦੀ ਕਾਰ ਤਾਂ ਸਮਝਦਾ ਨਹੀਂ, (ਇਹਨਾਂ ਨਿਵਲੀ ਕਰਮ ਆਦਿਕਾਂ ਦੇ ਕਾਰਨ) ਆਪਣੇ ਆਪ ਨੂੰ ਵੱਡਾ ਜ਼ਾਹਰ ਕਰਨ ਦਾ ਜਤਨ ਕਰਦਾ ਹੈ।

ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥

ਉਸ ਮਨਮੁਖ ਦੀਆਂ ਖ਼ਾਹਸ਼ਾਂ ਮੋਹਣੀ ਮਾਇਆ ਵਿਚ ਹੀ ਰਹਿੰਦੀਆਂ ਹਨ (ਉਤੋਂ ਉਤੋਂ ਧਰਮ ਦੇ) ਬੋਲਾਂ ਦੀ ਰਾਹੀਂ (ਸਗੋਂ) ਖ਼ੁਆਰ ਹੁੰਦਾ ਹੈ।

ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥੨॥

(ਅੰਤਰ ਆਤਮੇ ਉਸ ਦਾ ਜੀਵਨ ਚੰਡਾਲ ਵਰਗਾ ਹੈ) ਉਸ ਚੰਡਾਲ ਦਾ ਤੀਰਥ-ਇਸ਼ਨਾਨ ਭੀ ਨਿਰੀ ਠੱਗੀ ਹੁੰਦੀ ਹੈ, (ਨਿਵਲੀ ਕਰਮ ਆਦਿਕ ਵਾਲੇ ਉਸ ਦੇ ਸਾਰੇ) ਸੁੰਦਰ ਸਿੰਗਾਰ ਵਿਅਰਥ ਜਾਂਦੇ ਹਨ। ਉਸ ਦਾ ਇਹ ਸਾਰਾ ਉੱਦਮ ਇਉਂ ਹੈ ਜਿਵੇਂ ਕਿਸੇ ਬ੍ਰਾਹਮਣ ਦੇ ਵਾਸਤੇ ਕਿਸੇ ਚੰਡਾਲ ਦਾ ਤੀਰਥ-ਇਸ਼ਨਾਨ ਨਿਰੀ ਠੱਗੀ ਹੈ ਤੇ ਉਸ ਦਾ ਸੁੰਦਰ ਸਿੰਗਾਰ ਭੀ ਫੋਕਾ ਹੈ ॥੨॥

ਝੂਠੀ ਮਨ ਕੀ ਮਤਿ ਹੈ ਕਰਣੀ ਬਾਦਿ ਬਿਬਾਦੁ ॥

ਮਨਮੁਖ ਦੇ ਮਨ ਦੀ ਮੱਤ ਝੂਠ ਵਾਲੇ ਪਾਸੇ ਲੈ ਜਾਂਦੀ ਹੈ, ਉਸ ਦਾ ਕਰਤੱਬ ਭੀ ਨਿਰਾ ਝਗੜੇ ਦਾ ਮੂਲ ਹੈ ਤੇ ਵਿਅਰਥ ਜਾਂਦਾ ਹੈ।

ਝੂਠੇ ਵਿਚਿ ਅਹੰਕਰਣੁ ਹੈ ਖਸਮ ਨ ਪਾਵੈ ਸਾਦੁ ॥

ਉਸ ਝੂਠ ਵਿਹਾਝਣ ਵਾਲੇ ਦੇ ਅੰਦਰ ਹਉਮੈ ਅਹੰਕਾਰ ਟਿਕਿਆ ਰਹਿੰਦਾ ਹੈ ਉਸ ਨੂੰ ਖਸਮ-ਪ੍ਰਭੂ ਦੇ ਮਿਲਾਪ ਦਾ ਆਨੰਦ ਨਹੀਂ ਆ ਸਕਦਾ।

ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥

ਪਰਮਾਤਮਾ ਦੇ ਨਾਮ ਨੂੰ ਛੱਡ ਕੇ (ਨਿਵਲੀ ਕਰਮ ਆਦਿਕ) ਜੋ ਕਰਮ ਭੀ ਕਰੀਦੇ ਹਨ ਉਹਨਾਂ ਦਾ ਸੁਆਦ ਫਿੱਕਾ ਹੁੰਦਾ ਹੈ (ਉਹ ਜੀਵਨ ਨੂੰ ਫਿੱਕਾ ਹੀ ਬਣਾਂਦੇ ਹਨ)।

ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥੩॥

ਅਜੇਹੀ ਭੈੜੀ ਸੰਗਤ ਵਿਚ (ਬੈਠਿਆਂ) ਖ਼ੁਆਰ ਹੋਈਦਾ ਹੈ ਕਿਉਂਕਿ ਅਜੇਹੇ ਬੰਦਿਆਂ ਦੇ ਮੂੰਹ ਵਿਚ (ਫਿੱਕੇ ਬੋਲ-ਰੂਪ) ਜ਼ਹਿਰ ਹੁੰਦਾ ਹੈ ਤੇ ਉਹਨਾਂ ਦਾ ਜੀਵਨ ਵਿਅਰਥ ਜਾਂਦਾ ਹੈ ॥੩॥

ਏ ਭ੍ਰਮਿ ਭੂਲੇ ਮਰਹੁ ਨ ਕੋਈ ॥

(ਨਿਉਲੀ ਕਰਮ ਆਦਿਕ ਦੀ) ਭਟਕਣਾ ਵਿਚ ਭੁੱਲੇ ਹੋਏ ਹੇ ਬੰਦਿਓ! (ਇਸ ਰਾਹੇ ਪੈ ਕੇ) ਆਤਮਕ ਮੌਤ ਨਾਹ ਸਹੇੜੋ।

ਸਤਿਗੁਰੁ ਸੇਵਿ ਸਦਾ ਸੁਖੁ ਹੋਈ ॥

ਸਤਿਗੁਰੂ ਦੀ ਸਰਨ ਪਿਆਂ ਹੀ ਸਦਾ ਦਾ ਆਤਮਕ ਆਨੰਦ ਮਿਲਦਾ ਹੈ।

ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥

ਗੁਰੂ ਦੀ ਸਰਨ ਤੋਂ ਬਿਨਾ ਕਦੇ ਕਿਸੇ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਨਹੀਂ ਮਿਲਦੀ।

ਆਵਹਿ ਜਾਂਹਿ ਮਰਹਿ ਮਰਿ ਜਾਈ ॥੪॥

ਉਹ ਸਦਾ ਜੰਮਦੇ ਹਨ ਤੇ ਆਤਮਕ ਮੌਤ ਸਹੇੜਦੇ ਹਨ। (ਜੇਹੜਾ ਭੀ ਮਨੁੱਖ ਗੁਰੂ ਦੀ ਸਰਨ ਤੋਂ ਤੇ ਸਿਮਰਨ ਤੋਂ ਵਾਂਜਿਆ ਰਹਿੰਦਾ ਹੈ) ਉਹ ਆਤਮਕ ਮੌਤ ਸਹੇੜਦਾ ਹੈ ॥੪॥

ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥

ਇਹ ਸਰੀਰ ਹੈ ਹੀ ਤ੍ਰੈ-ਗੁਣੀ ਮਾਇਆ ਦਾ ਸਰੂਪ (ਭਾਵ, ਇੰਦ੍ਰੇ ਸੁਤੇ ਹੀ ਮਾਇਆ ਦੇ ਮੋਹ ਵਿਚ ਫਸ ਜਾਂਦੇ ਹਨ, ਜਿਸ ਦਾ ਸਿੱਟਾ ਇਹ ਨਿਕਲਦਾ ਹੈ ਕਿ)

ਇਸ ਨੋ ਵਿਆਪੈ ਸੋਗ ਸੰਤਾਪੁ ॥

ਇਸ (ਸਰੀਰ) ਨੂੰ ਚਿੰਤਾ-ਫ਼ਿਕਰ ਤੇ ਦੁੱਖ-ਕਲੇਸ਼ ਦਬਾਈ ਰੱਖਦਾ ਹੈ।

ਸੋ ਸੇਵਹੁ ਜਿਸੁ ਮਾਈ ਨ ਬਾਪੁ ॥

ਉਸ ਪਰਮਾਤਮਾ ਦਾ ਸਿਮਰਨ ਕਰੋ, ਜਿਸ ਦਾ ਨਾਹ ਕੋਈ ਪਿਉ ਹੈ ਨਾਹ ਕੋਈ ਮਾਂ ਹੈ,

ਵਿਚਹੁ ਚੂਕੈ ਤਿਸਨਾ ਅਰੁ ਆਪੁ ॥੫॥

(ਸਿਮਰਨ ਦੀ ਬਰਕਤਿ ਨਾਲ) ਅੰਦਰੋਂ ਮਾਇਆ ਦੀ ਤ੍ਰਿਸ਼ਨਾ ਹਉਮੈ ਅਹੰਕਾਰ ਮੁੱਕ ਜਾਂਦਾ ਹੈ ॥੫॥

ਜਹ ਜਹ ਦੇਖਾ ਤਹ ਤਹ ਸੋਈ ॥

(ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਿਆਂ ਹੁਣ) ਮੈਂ ਜਿਧਰ ਜਿਧਰ ਨਿਗਾਹ ਮਾਰਦਾ ਹਾਂ ਮੈਨੂੰ ਉਹੀ ਪਰਮਾਤਮਾ ਵੱਸਦਾ ਦਿੱਸਦਾ ਹੈ (ਤੇ ਮੈਨੂੰ ਮਾਇਆ ਕੁਰਾਹੇ ਨਹੀਂ ਪਾਂਦੀ)।

ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥

ਪਰ ਗੁਰੂ ਦੀ ਸਰਨ ਤੋਂ ਬਿਨਾ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਨਹੀਂ ਮਿਲ ਸਕਦੀ।

ਹਿਰਦੈ ਸਚੁ ਏਹ ਕਰਣੀ ਸਾਰੁ ॥

ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਵਸਾਣਾ-ਇਹ ਕਰਤੱਬ ਸਭ ਤੋਂ ਸ੍ਰੇਸ਼ਟ ਹੈ।

ਹੋਰੁ ਸਭੁ ਪਾਖੰਡੁ ਪੂਜ ਖੁਆਰੁ ॥੬॥

(ਇਹ ਛੱਡ ਕੇ ਨਿਵਲੀ ਆਦਿਕ ਕਰਮ ਕਰਨਾ) ਇਹ ਸਭ ਕੁਝ ਪਖੰਡ ਹੈ (ਇਹਨਾਂ ਕਰਮਾਂ ਦੀ ਰਾਹੀਂ ਲੋਕਾਂ ਪਾਸੋਂ ਕਰਾਈ) ਪੂਜਾ-ਸੇਵਾ (ਆਖ਼ਰ) ਖ਼ੁਆਰ ਕਰਦੀ ਹੈ ॥੬॥

ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥

ਗੁਰੂ ਦੇ ਸ਼ਬਦ ਨਾਲ ਸਾਂਝ ਬਣਾਓ, ਤਦੋਂ ਹੀ ਹੋਰ ਹੋਰ ਆਸਰੇ ਦੀ ਝਾਕ ਮੁੱਕੇਗੀ।

ਘਰਿ ਬਾਹਰਿ ਏਕੋ ਕਰਿ ਜਾਣੁ ॥

ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿਚ ਸਿਰਫ਼ ਇਕ ਪਰਮਾਤਮਾ ਨੂੰ ਵੱਸਦਾ ਸਮਝੋ।

ਏਹਾ ਮਤਿ ਸਬਦੁ ਹੈ ਸਾਰੁ ॥

ਇਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ ਹੀ) ਸ੍ਰੇਸ਼ਟ (ਉੱਦਮ) ਹੈ।

ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥੭॥

ਜੇਹੜਾ ਮਨੁੱਖ ਗੁਰੂ ਦਾ ਸ਼ਬਦ ਵਿਸਾਰ ਕੇ ਪ੍ਰਭੂ ਦਾ ਨਾਮ ਭੁਲਾ ਕੇ ਹੋਰ ਆਸਰੇ ਦੀ ਝਾਕ ਵਿਚ ਪੈਂਦਾ ਹੈ, ਉਸ ਦੇ ਸਿਰ ਸੁਆਹ ਪੈਂਦੀ ਹੈ (ਉਹ ਖ਼ੁਆਰ ਹੁੰਦਾ ਹੈ) ॥੭॥

ਕਰਣੀ ਕੀਰਤਿ ਗੁਰਮਤਿ ਸਾਰੁ ॥

ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਸ੍ਰੇਸ਼ਟ ਕਰਨੀ ਹੈ, ਗੁਰੂ ਦੀ ਸਿੱਖਿਆ ਤੇ ਤੁਰਨਾ ਸ੍ਰੇਸ਼ਟ ਉੱਦਮ ਹੈ।

ਸੰਤ ਸਭਾ ਗੁਣ ਗਿਆਨੁ ਬੀਚਾਰੁ ॥

ਸਾਧ ਸੰਗਤ ਵਿਚ ਜਾ ਕੇ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਣੀ ਸਿੱਖ।

ਮਨੁ ਮਾਰੇ ਜੀਵਤ ਮਰਿ ਜਾਣੁ ॥

ਇਹ ਗੱਲ ਪੱਕ ਸਮਝ ਕਿ ਜੇਹੜਾ ਮਨੁੱਖ ਆਪਣੇ ਮਨ ਨੂੰ ਮਾਰਦਾ ਹੈ ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੋਇਆ ਹੀ (ਵਿਕਾਰਾਂ ਦੀ ਚੋਟ ਤੋਂ ਬਚਿਆ ਰਹਿੰਦਾ ਹੈ) ਮਾਇਆ ਦੇ ਮੋਹ ਵਲੋਂ ਮਰਿਆ ਰਹਿੰਦਾ ਹੈ।

ਨਾਨਕ ਨਦਰੀ ਨਦਰਿ ਪਛਾਣੁ ॥੮॥੩॥

ਹੇ ਨਾਨਕ! ਉਹ ਮਨੁੱਖ ਮੇਹਰ ਦੀ ਨਿਗਾਹ ਕਰਨ ਵਾਲੇ ਪਰਮਾਤਮਾ ਦੀ ਨਜ਼ਰ ਵਿਚ ਪਛਾਣੂ ਹੋ ਜਾਂਦਾ ਹੈ (ਜਚ ਜਾਂਦਾ ਹੈ) ॥੮॥੩॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430