(ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥
(ਪਰਮਾਤਮਾ ਨਾਲ ਮੇਲ ਹੋਇਆਂ) ਸਾਰੇ ਸੰਸਾਰ ਵਿਚ ਹੀ ਮਨੁੱਖ ਵਾਸਤੇ ਅਨੰਦ ਹੀ ਅਨੰਦ ਹੁੰਦਾ ਹੈ।
(ਇਸ ਉੱਦਮ ਨਾਲ) ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ,
ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ,
ਜਿਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਵਿਕਾਰਾਂ ਦੀ ਅੱਗ ਹੈ ॥੧੧॥
(ਜਦੋਂ ਮਨੁੱਖ ਦਾ ਮਨ ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ (ਦੀ ਯਾਦ) ਵਲ ਜਾਂਦਾ ਹੈ,
ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।
ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।
ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥
(ਜਿਸ ਮਨੁੱਖ ਦਾ ਮਨ ਸਿਰਫ਼ "ਏਕ ਦਿਸ ਧਾਵੈ", ਜੋ ਮਨੁੱਖ ਸਿਰਫ਼ ਇੱਕ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ, ਉਸ ਦੇ ਅੰਦਰ, ਮਾਨੋ) ਬਾਰ੍ਹਾਂ ਸੂਰਜ ਚੜ੍ਹ ਪੈਂਦੇ ਹਨ (ਭਾਵ, ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ।)
ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।
ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;
ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥
(ਜਿਸ ਮਨੁੱਖ ਦਾ ਮਨ ਕੇਵਲ "ਏਕ ਦਿਸ ਧਾਵੈ") ਉਹ ਅਗੰਮ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,
(ਇਸ ਸਿਫ਼ਤਿ-ਸਾਲਾਹ ਦੀ ਬਰਕਤ ਨਾਲ) ਉਹ ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣਦਾ ਹੈ (ਵੇਖਦਾ ਹੈ)।
ਨਾਹ ਉਸ ਨੂੰ ਕੋਈ ਨੀਵਾਂ ਦਿੱਸਦਾ ਹੈ, ਨਾਹ ਉੱਚਾ; ਕਿਸੇ ਵਲੋਂ ਆਦਰ ਹੋਵੇ ਜਾਂ ਨਿਰਾਦਰੀ, ਉਸ ਲਈ ਇੱਕੋ ਜਿਹੇ ਹਨ,
ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥
(ਹੇ ਭਾਈ!) ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ-
ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।
(ਇਹ ਯਕੀਨ ਲਿਆ ਕੇ ਕਿ ਉਹ ਪ੍ਰਭੂ ਤੁਹਾਡੇ ਅੰਦਰ ਵੱਸ ਰਿਹਾ ਹੈ ਤੇ ਸਭ ਜੀਵਾਂ ਵਿਚ ਵੱਸ ਰਿਹਾ ਹੈ) ਦੂਜਿਆਂ ਦੀ ਸੇਵਾ ਦੀ ਅਤੇ ਜੋ ਕੁਝ ਪ੍ਰਭੂ ਨੇ ਤੁਹਾਨੂੰ ਦਿੱਤਾ ਹੈ, ਉਸ ਵਿਚ ਰਾਜ਼ੀ ਰਹਿਣ ਦੀ ਸੁਰਤ ਪਕਾਉ।
ਉਸ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ ਕਰੋ, ਤਾ ਕਿ ਉਸ ਦੇ ਇਸ ਸਹੀ ਸਰੂਪ ਦੀ ਸੂਝ ਬਣੀ ਰਹੇ ॥੧੫॥
ਜਿਵੇਂ ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ ਤੇ ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,
ਤਿਵੇਂ ਤੇਰੇ ਅੰਦਰ ਭੀ ਸਹਿਜ ਅਵਸਥਾ ਦਾ ਪਰਕਾਸ਼ ਹੋਵੇਗਾ,
ਜੇ ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਮੌਜੂਦ ਰਹਿਣ ਵਾਲੇ ਪਰਮਾਤਮਾ-
ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ, ਹੇ ਕਬੀਰ! ਜੇ ਤੂੰ ਚੁੱਭੀ ਲਾ ਕੇ ਉਸ ਦਾ ਸਿਮਰਨ ਕਰੇਂ ॥੧੬॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ ਵਿੱਚ ਭਗਤ ਕਬੀਰ ਜੀ ਦੀ ਬਾਣੀ 'ਵਾਰ'।
ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਪ੍ਰਭੂ ਨੂੰ ਮਿਲਣ ਦਾ ਸਹੀ ਤਰੀਕਾ ਹੈ)
ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਜੋ ਮਨੁੱਖ) ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,
ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,
ਉਸ ਦੇ ਮਨ ਦੇ ਫੁਰਨਿਆਂ ਨੂੰ ਸਹਾਰਾ ਦੇਂਦੀ ਹੈ (ਭਾਵ, ਉਸ ਦੇ ਗਿਆਨ-ਇੰਦ੍ਰੇ ਅਤੇ ਮਨ ਦੇ ਫੁਰਨੇ ਭਟਕਣੋਂ ਹਟ ਜਾਂਦੇ ਹਨ)। ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।
ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥
('ਬਾਰ ਬਾਰ ਹਰਿ ਕੇ ਗੁਨ' ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,
(ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,
ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ
ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ) ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,
ਕਾਮਾਦਿਕ ਪੰਜ ਚੋਰਾਂ ਦਾ (ਹੱਲਾ ਕਰਨ ਦਾ) ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।
(ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),
ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,
ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;
ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,
(ਪਹਿਲਾਂ ਮਾਇਆ ਵਲ) ਪਰਤੇ ਮਨ ਨੂੰ ਵੱਸ ਵਿਚ ਕਰ ਕੇ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ॥੪॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,
ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।
(ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,
ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,
ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),
ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,
ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥
('ਬਾਰ ਬਾਰ ਹਰਿ ਕੇ ਗੁਨ' ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,
ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ
(ਉਸ ਦੀ ਬਰਕਤ ਨਾਲ ਉਸ ਦੇ) ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ (ਭਾਵ, ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਭੀ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।
ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥