ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 231


ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥

ਉਹ ਅਸਲੀਅਤ (ਜੀਵਨ-ਮਨੋਰਥ) ਨੂੰ ਨਹੀਂ ਪਛਾਣਦੇ, ਉਹ (ਧਾਰਮਿਕ ਚਰਚਾ ਦੀਆਂ) ਪਰਾਲੀ ਦੀਆਂ ਪੰਡਾਂ ਹੀ (ਆਪਣੇ ਸਿਰ ਤੇ) ਬੰਨ੍ਹੀ ਰੱਖਦੇ ਹਨ ॥੨॥

ਮਨਮੁਖ ਅਗਿਆਨਿ ਕੁਮਾਰਗਿ ਪਾਏ ॥

(ਹੇ ਭਾਈ! ਭਾਵੇਂ ਉਹ ਲੋਕ ਬ੍ਰਹਮਾ ਦੀ ਰਚੀ ਬਾਣੀ ਪੜ੍ਹਦੇ ਹਨ, ਪਰ) ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਪਰਮਾਤਮਾ ਨਾਲ ਜਾਣ-ਪਛਾਣ ਤੋਂ ਸੱਖਣੇ ਰਹਿਣ ਦੇ ਕਾਰਨ ਗ਼ਲਤ ਜੀਵਨ-ਰਾਹ ਤੇ ਪਏ ਰਹਿੰਦੇ ਹਨ।

ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥

ਉਹ ਪਰਮਾਤਮਾ ਦਾ ਨਾਮ ਤਾਂ ਭੁਲਾ ਦੇਂਦੇ ਹਨ, ਪਰ (ਹੋਰ ਵਰਤ-ਨੇਮ ਆਦਿਕ) ਅਨੇਕਾਂ ਕਰਮ ਕਰਨ ਦੀ ਪਕਿਆਈ ਕਰਦੇ ਹਨ।

ਭਵਜਲਿ ਡੂਬੇ ਦੂਜੈ ਭਾਏ ॥੩॥

ਅਜੇਹੇ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਪਿਆਰ ਵਿਚ ਫਸੇ ਰਹਿਣ ਕਰਕੇ ਸੰਸਾਰ-ਸਮੁੰਦਰ ਵਿਚ ਡੁੱਬੇ ਰਹਿੰਦੇ ਹਨ, (ਵਿਕਾਰਾਂ ਵਿਚ ਫਸੇ ਰਹਿੰਦੇ ਹਨ) ॥੩॥

ਮਾਇਆ ਕਾ ਮੁਹਤਾਜੁ ਪੰਡਿਤੁ ਕਹਾਵੈ ॥

(ਹੇ ਭਾਈ! ਬ੍ਰਹਮਾ ਦੀ ਰਚੀ ਬਾਣੀ ਦਾ ਵਿਦਵਾਨ ਮਨੁੱਖ) ਮਾਇਆ ਦਾ ਤ੍ਰਿਸ਼ਨਾਲੂ ਰਹਿੰਦਾ ਹੋਇਆ ਭੀ (ਆਪਣੇ ਆਪ ਨੂੰ) ਪੰਡਿਤ ਅਖਵਾਂਦਾ ਹੈ,

ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥

ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਅੰਤਰ ਆਤਮੇ) ਉਹ ਬਹੁਤ ਦੁੱਖ ਸਹਿੰਦਾ ਰਹਿੰਦਾ ਹੈ।

ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥੪॥

ਉਸ ਦੇ ਗਲ ਵਿਚ ਆਤਮਕ ਮੌਤ ਦਾ ਫਾਹਾ ਪਿਆ ਰਹਿੰਦਾ ਹੈ, ਆਤਮਕ ਮੌਤ ਉਸ ਨੂੰ ਸਦਾ ਦੁਖੀ ਰੱਖਦੀ ਹੈ ॥੪॥

ਗੁਰਮੁਖਿ ਜਮਕਾਲੁ ਨੇੜਿ ਨ ਆਵੈ ॥

(ਪਰ, ਹੇ ਭਾਈ!) ਆਤਮਕ ਮੌਤ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਨੇੜੇ ਨਹੀਂ ਢੁੱਕਦੀ।

ਹਉਮੈ ਦੂਜਾ ਸਬਦਿ ਜਲਾਵੈ ॥

ਉਹ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ।

ਨਾਮੇ ਰਾਤੇ ਹਰਿ ਗੁਣ ਗਾਵੈ ॥੫॥

ਉਹ ਪਰਮਾਤਮਾ ਦੇ ਨਾਮ ਵਿਚ ਹੀ ਰੰਗਿਆ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੫॥

ਮਾਇਆ ਦਾਸੀ ਭਗਤਾ ਕੀ ਕਾਰ ਕਮਾਵੈ ॥

(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਭਗਤੀ ਕਰਦੇ ਹਨ, ਮਾਇਆ ਉਹਨਾਂ ਦੀ ਦਾਸੀ ਬਣੀ ਰਹਿੰਦੀ ਹੈ, ਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ।

ਚਰਣੀ ਲਾਗੈ ਤਾ ਮਹਲੁ ਪਾਵੈ ॥

ਜੇਹੜਾ ਮਨੁੱਖ ਉਹਨਾਂ ਭਗਤ ਜਨਾਂ ਦੀ ਚਰਨੀਂ ਲੱਗਦਾ ਹੈ, ਉਹ ਭੀ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ।

ਸਦ ਹੀ ਨਿਰਮਲੁ ਸਹਜਿ ਸਮਾਵੈ ॥੬॥

ਉਹ ਭੀ ਸਦਾ ਹੀ ਪਵਿਤ੍ਰ ਮਨ ਵਾਲਾ ਹੋ ਜਾਂਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੬॥

ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥

(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦੇ ਹਨ, ਉਹ ਜਗਤ ਵਿਚ (ਪ੍ਰਤੱਖ) ਧਨਾਢ ਦਿੱਸਦੇ ਹਨ (ਉਹ ਮਾਇਆ ਦੀ ਤ੍ਰਿਸ਼ਨਾ ਵਿਚ ਨਹੀਂ ਭਟਕਦੇ ਫਿਰਦੇ)।

ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥

ਸਾਰੇ ਲੋਕ ਉਹਨਾਂ ਅੱਗੇ ਨਿਊਂਦੇ ਹਨ, ਤੇ ਹਰ ਵੇਲੇ ਉਹਨਾਂ ਦਾ ਆਦਰ-ਸਤਕਾਰ ਕਰਦੇ ਹਨ,

ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥੭॥

(ਕਿਉਂਕਿ ਉਹ ਮਨੁੱਖ) ਆਤਮਕ ਅਡੋਲਤਾ ਵਿਚ ਟਿਕ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਆਪਣੇ ਮਨ ਵਿਚ ਚੇਤੇ ਕਰੀ ਰੱਖਦੇ ਹਨ ॥੭॥

ਪੂਰੈ ਸਤਿਗੁਰਿ ਸਬਦੁ ਸੁਣਾਇਆ ॥

(ਹੇ ਭਾਈ! ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਾਈ ਹੈ,

ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥

ਉਸ ਨੇ ਆਪਣੇ ਅੰਦਰੋਂ ਮਾਇਆ ਦੇ) ਤਿੰਨਾਂ ਗੁਣਾਂ ਦਾ ਪ੍ਰਭਾਵ ਮਿਟਾ ਲਿਆ ਹੈ, ਉਸ ਨੇ ਆਪਣਾ ਮਨ ਉਸ ਆਤਮਕ ਅਵਸਥਾ ਵਿਚ ਟਿਕਾ ਲਿਆ ਹੈ ਜਿੱਥੇ ਮਾਇਆ ਦੇ ਤਿੰਨ ਗੁਣ ਆਪਣਾ ਅਸਰ ਨਹੀਂ ਪਾ ਸਕਦੇ।

ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥੮॥੪॥

ਹੇ ਨਾਨਕ! (ਗੁਰੂ ਨੇ ਉਸ ਦੇ ਅੰਦਰੋਂ) ਹਉਮੈ ਮਾਰ ਕੇ ਉਸ ਨੂੰ ਪਰਮਾਤਮਾ ਦੇ ਨਾਲ ਜੋੜ ਦਿੱਤਾ ਹੈ ॥੮॥੪॥

ਗਉੜੀ ਮਹਲਾ ੩ ॥

ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥

(ਹੇ ਭਾਈ! ਪੰਡਿਤ ਉਸ) ਵੇਦ ਨੂੰ ਪੜ੍ਹਦਾ ਹੈ (ਜੇਹੜਾ ਉਹ) ਬ੍ਰਹਮਾ ਦਾ ਉਚਾਰਿਆ ਹੋਇਆ (ਸਮਝਦਾ ਹੈ, ਉਸ ਦੇ ਆਸਰੇ) ਬਹਸ (ਦੀਆਂ ਗੱਲਾਂ) ਸੁਣਾਂਦਾ ਹੈ,

ਅੰਤਰਿ ਤਾਮਸੁ ਆਪੁ ਨ ਪਛਾਣੈ ॥

ਪਰ ਉਸ ਦੇ ਆਪਣੇ ਅੰਦਰ ਆਤਮਕ ਜੀਵਨ ਵਲੋਂ ਹਨੇਰਾ ਹੀ ਰਹਿੰਦਾ ਹੈ, ਕਿਉਂਕਿ ਉਹ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਹੀ ਨਹੀਂ।

ਤਾ ਪ੍ਰਭੁ ਪਾਏ ਗੁਰਸਬਦੁ ਵਖਾਣੈ ॥੧॥

ਜਦੋਂ ਮਨੁੱਖ ਗੁਰੂ ਦਾ ਸ਼ਬਦ (ਜੋ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਹੈ) ਉਚਾਰਦਾ ਹੈ, ਤਦੋਂ ਹੀ ਪ੍ਰਭੂ ਦਾ ਮਿਲਾਪ ਹਾਸਲ ਕਰਦਾ ਹੈ ॥੧॥

ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥

(ਹੇ ਭਾਈ!) ਮੈਂ (ਤਾਂ) ਗੁਰੂ ਦੀ ਸੇਵਾ ਕਰਦਾ ਹਾਂ (ਮੈਂ ਤਾਂ ਗੁਰੂ ਦੀ ਸਰਨ ਪਿਆ ਹਾਂ। ਜੇਹੜਾ ਮਨੁੱਖ ਗੁਰੂ ਦਾ ਅਸਰ ਲੈਂਦਾ ਹੈ ਉਸ ਨੂੰ) ਮੁੜ ਕਦੇ ਆਤਮਕ ਮੌਤ ਨਹੀਂ ਖਾਂਦੀ (ਆਤਮਕ ਮੌਤ ਉਸ ਦੇ ਆਤਮਕ ਜੀਵਨ ਨੂੰ ਤਬਾਹ ਨਹੀਂ ਕਰਦੀ)।

ਮਨਮੁਖ ਖਾਧੇ ਦੂਜੈ ਭਾਇ ॥੧॥ ਰਹਾਉ ॥

(ਪਰ) ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਮਾਇਆ ਦੇ ਪਿਆਰ ਵਿਚ (ਫਸਣ ਕਰਕੇ) ਉਹਨਾਂ ਦੇ ਆਤਮਕ ਜੀਵਨ ਖ਼ਤਮ ਹੋ ਜਾਂਦੇ ਹਨ ॥੧॥ ਰਹਾਉ ॥

ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥

(ਹੇ ਭਾਈ!) ਪਾਪੀ ਮਨੁੱਖ ਭੀ ਗੁਰੂ ਦੀ ਸਰਨ ਪੈ ਕੇ ਆਪਣਾ ਜੀਵਨ ਸਫਲ ਕਰ ਲੈਂਦੇ ਹਨ।

ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥

ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਤਮਕ ਅਡੋਲਤਾ ਵਿਚ ਟਿਕ ਜਾਂਦੇ ਹਨ।

ਮੇਰਾ ਪ੍ਰਭੁ ਪਾਇਆ ਗੁਰ ਕੈ ਸਬਦਿ ਸੀਧੇ ॥੨॥

ਉਹਨਾਂ ਦੇ ਅੰਦਰ ਪ੍ਰਭੂ-ਮਿਲਾਪ ਦੀ ਰੀਝ ਪੈਦਾ ਹੋ ਜਾਂਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦੇ ਹਨ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਫਲ ਜੀਵਨ ਵਾਲੇ ਹੋ ਜਾਂਦੇ ਹਨ ॥੨॥

ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥

(ਹੇ ਭਾਈ!) ਜਿਨ੍ਹਾਂ ਨੂੰ ਗੁਰੂ ਨੇ (ਆਪਣੇ ਸ਼ਬਦ ਵਿਚ) ਜੋੜਿਆ ਹੈ, ਉਹਨਾਂ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।

ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਮਨ ਵਿਚ ਪਿਆਰੇ ਲੱਗਣ ਲੱਗ ਪੈਂਦੇ ਹਨ।

ਹਰਿ ਗੁਣ ਗਾਵਹਿ ਸਹਜਿ ਸੁਭਾਏ ॥੩॥

ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਜੁੜ ਕੇ ਪ੍ਰਭੂ ਦੇ ਗੁਣ ਗਾਂਦੇ ਹਨ ॥੩॥

ਬਿਨੁ ਗੁਰ ਸਾਚੇ ਭਰਮਿ ਭੁਲਾਏ ॥

(ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਖੁੰਝ ਕੇ ਭਟਕਣਾ ਦੇ ਕਾਰਨ ਕੁਰਾਹੇ ਪਏ ਰਹਿੰਦੇ ਹਨ।

ਮਨਮੁਖ ਅੰਧੇ ਸਦਾ ਬਿਖੁ ਖਾਏ ॥

ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਹੋਏ ਉਹ ਸਦਾ (ਇਹ ਮੋਹ ਦਾ ਜ਼ਹਰ ਹੀ ਖਾਂਦੇ ਰਹਿੰਦੇ ਹਨ,

ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥੪॥

ਜਿਸ ਕਰਕੇ ਉਹ ਆਤਮਕ ਮੌਤ ਦੀ ਸਜ਼ਾ ਸਹਿੰਦੇ ਹਨ ਤੇ ਸਦਾ ਦੁੱਖ ਪਾਂਦੇ ਹਨ ॥੪॥

ਜਮੂਆ ਨ ਜੋਹੈ ਹਰਿ ਕੀ ਸਰਣਾਈ ॥

(ਹੇ ਭਾਈ! ਜੇਹੜਾ ਮਨੁੱਖ) ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹੈ, ਵਿਚਾਰਾ ਜਮ ਉਸ ਵਲ ਤੱਕ ਭੀ ਨਹੀਂ ਸਕਦਾ (ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ)।

ਹਉਮੈ ਮਾਰਿ ਸਚਿ ਲਿਵ ਲਾਈ ॥

ਉਹ ਮਨੁੱਖ (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤ ਜੋੜੀ ਰੱਖਦਾ ਹੈ।

ਸਦਾ ਰਹੈ ਹਰਿ ਨਾਮਿ ਲਿਵ ਲਾਈ ॥੫॥

ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲਿਵ ਲਾਈ ਰੱਖਦਾ ਹੈ ॥੫॥

ਸਤਿਗੁਰੁ ਸੇਵਹਿ ਸੇ ਜਨ ਨਿਰਮਲ ਪਵਿਤਾ ॥

(ਹੇ ਭਾਈ!) ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ ਪਵਿਤ੍ਰ ਤੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥

ਉਹ ਗੁਰੂ ਦੇ ਮਨ ਨਾਲ ਆਪਣਾ ਮਨ ਜੋੜ ਕੇ (ਗੁਰੂ ਦੀ ਰਜ਼ਾ ਵਿਚ ਤੁਰ ਕੇ) ਸਾਰੇ ਜਗਤ ਨੂੰ ਜਿੱਤ ਲੈਂਦੇ ਹਨ (ਕੋਈ ਵਿਕਾਰ ਉਹਨਾਂ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦਾ)।

ਇਨ ਬਿਧਿ ਕੁਸਲੁ ਤੇਰੈ ਮੇਰੇ ਮੀਤਾ ॥੬॥

ਹੇ ਮੇਰੇ ਮਿੱਤਰ! (ਜੇ ਤੂੰ ਭੀ ਗੁਰੂ ਦੀ ਸਰਨ ਪਏਂ, ਤਾਂ) ਇਸ ਤਰੀਕੇ ਨਾਲ ਤੇਰੇ ਅੰਦਰ ਭੀ ਆਨੰਦ ਬਣਿਆ ਰਹੇਗਾ ॥੬॥

ਸਤਿਗੁਰੂ ਸੇਵੇ ਸੋ ਫਲੁ ਪਾਏ ॥

(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ (ਇਹ) ਫਲ ਹਾਸਲ ਕਰਦਾ ਹੈ,

ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥

(ਕਿ) ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਹ ਆਪਣੇ ਅੰਦਰੋਂ ਆਪਾ-ਭਾਵ (ਹਉਮੈ ਅਹੰਕਾਰ) ਦੂਰ ਕਰ ਲੈਂਦਾ ਹੈ।

ਅਨਹਦ ਬਾਣੀ ਸਬਦੁ ਵਜਾਏ ॥੭॥

(ਜਿਵੇਂ ਢੋਲ ਵੱਜਿਆਂ ਕੋਈ ਨਿੱਕਾ-ਮੋਟਾ ਹੋਰ ਖੜਾਕ ਸੁਣਾਈ ਨਹੀਂ ਦੇਂਦਾ) ਉਹ ਮਨੁੱਖ (ਆਪਣੇ ਅੰਦਰ) ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਸਿਫ਼ਤ-ਸਾਲਾਹ ਦਾ ਸ਼ਬਦ ਉਜਾਗਰ ਕਰਦਾ ਹੈ (ਜਿਸ ਦੀ ਬਰਕਤਿ ਨਾਲ ਕੋਈ ਹੋਰ ਮੰਦੀ ਪ੍ਰੇਰਨਾ ਅਸਰ ਨਹੀਂ ਪਾ ਸਕਦੀ ॥੭॥

ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥

ਹੇ ਮੇਰੇ ਭਾਈ! ਗੁਰੂ ਦੀ ਸਰਨ ਪਿਆਂ ਕੇਹੜਾ ਕੇਹੜਾ ਮਨੁੱਖ (ਜੀਵਨ ਵਿਚ) ਕਾਮਯਾਬ ਨਹੀਂ ਹੁੰਦਾ? (ਜੇਹੜਾ ਭੀ ਮਨੁੱਖ ਗੁਰੂ ਦਾ ਪੱਲਾ ਫੜਦਾ ਹੈ, ਉਸ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ)।

ਭਗਤੀ ਸੀਧੇ ਦਰਿ ਸੋਭਾ ਪਾਈ ॥

(ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਕਾਮਯਾਬ ਜੀਵਨ ਵਾਲੇ ਹੋ ਜਾਂਦੇ ਹਨ।

ਨਾਨਕ ਰਾਮ ਨਾਮਿ ਵਡਿਆਈ ॥੮॥੫॥

ਹੇ ਨਾਨਕ! (ਆਖ-) ਪ੍ਰਭੂ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਹਨਾਂ ਨੂੰ (ਹਰ ਥਾਂ) ਵਡਿਆਈ ਮਿਲਦੀ ਹੈ ॥੮॥੫॥

ਗਉੜੀ ਮਹਲਾ ੩ ॥

ਤ੍ਰੈ ਗੁਣ ਵਖਾਣੈ ਭਰਮੁ ਨ ਜਾਇ ॥

(ਪਰ, ਹੇ ਭਾਈ!) ਜੇਹੜਾ ਮਨੁੱਖ ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਹੀ ਦਿਲ-ਚਸਪੀ ਰੱਖਦਾ ਹੈ, ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।

ਬੰਧਨ ਨ ਤੂਟਹਿ ਮੁਕਤਿ ਨ ਪਾਇ ॥

ਉਸ ਦੇ (ਮਾਇਆ ਦੇ ਮੋਹ ਦੇ) ਬੰਧਨ ਨਹੀਂ ਟੁੱਟਦੇ, ਉਸ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਪ੍ਰਾਪਤ ਨਹੀਂ ਹੁੰਦੀ।

ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥੧॥

(ਹੇ ਭਾਈ!) ਜਗਤ ਵਿਚ ਮਾਇਆ ਦੇ ਮੋਹ ਤੋਂ ਖ਼ਲਾਸੀ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ ॥੧॥

ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥

(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,

ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥੧॥ ਰਹਾਉ ॥

ਉਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਕਿਉਂਕਿ ਗੁਰੂ ਦੀ ਕ੍ਰਿਪਾ ਨਾਲ) ਉਹ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਤ੍ਰੈ ਗੁਣ ਕਾਲੈ ਕੀ ਸਿਰਿ ਕਾਰਾ ॥

(ਹੇ ਭਾਈ!) ਮਾਇਆ ਦੇ ਪਸਾਰੇ ਵਿਚ ਦਿਲ-ਚਸਪੀ ਰੱਖਣ ਵਾਲਿਆਂ ਦੇ ਸਿਰ ਉਤੇ (ਸਦਾ) ਆਤਮਕ ਮੌਤ ਦਾ ਹੁਕਮ ਚੱਲਦਾ ਹੈ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430
Flag Counter