ਪੂਰਾ ਗੁਰੂ ਹੀ ਮੇਰਾ ਪਿਆਰਾ (ਪ੍ਰਭੂ) ਮਿਲਾ ਸਕਦਾ ਹੈ, ਮੈਂ ਆਪਣੇ ਗੁਰੂ ਤੋਂ ਕੁਰਬਾਨ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
ਮੇਰੇ ਸਰੀਰ ਵਿਚ ਔਗੁਣ ਹੀ ਔਗੁਣ ਭਰੇ ਪਏ ਹਨ।
ਮੈਂ ਆਪਣੇ ਉਸ ਪ੍ਰੀਤਮ ਨੂੰ ਕਿਵੇਂ ਮਿਲ ਸਕਾਂ ਜੋ ਸਾਰੇ ਗੁਣਾਂ ਨਾਲ ਭਰਪੂਰ ਹੈ? ॥੨॥
ਜਿਸ ਗੁਣਾਂ ਵਾਲੀ (ਵਡ-ਭਾਗਣ ਜੀਵ-ਇਸਤ੍ਰੀ) ਨੇ ਪਿਆਰੇ ਪ੍ਰਭੂ ਨੂੰ ਲੱਭ ਲਿਆ,
ਮੇਰੇ ਅੰਦਰ ਉਹੋ ਜਿਹੇ ਗੁਣ ਨਹੀਂ ਹਨ। ਮੈਂ ਕਿਵੇਂ ਪ੍ਰਭੂ ਨੂੰ ਮਿਲ ਸਕਦੀ ਹਾਂ? ॥੩॥
ਮੈਂ ਅਨੇਕਾਂ ਉਪਾਵ ਕਰ ਕਰ ਕੇ ਥੱਕ ਗਿਆ ਹਾਂ,
ਨਾਨਕ ਗਰੀਬ ਨੂੰ ਆਪਣੇ ਚਰਨਾਂ ਵਿਚ ਜੋੜੀ ਰੱਖ, ਹੇ ਪ੍ਰਭ! ॥੪॥੧॥
ਮੇਰਾ ਹਰੀ ਪ੍ਰਭੂ ਸੋਹਣਾ ਹੈ, ਪਰ ਮੈਂ ਉਸ ਦੀ ਕਦਰ ਨਹੀਂ ਜਾਣਦੀ।
ਮੈਂ ਉਸ ਹਰੀ ਨੂੰ, ਉਸ ਪ੍ਰਭੂ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਹੀ ਫਸੀ ਰਹੀ ॥੧॥
ਮੈਂ ਮੂਰਖ ਹਾਂ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਸਕਦੀ ਹਾਂ?
ਜੇਹੜੀ (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਪਸੰਦ ਆਉਂਦੀ ਹੈ, ਉਹ ਭਾਗਾਂ ਵਾਲੀ ਹੈ, ਉਹੀ ਅਕਲ ਵਾਲੀ ਹੈ, ਉਹੀ ਪ੍ਰਭੂ-ਪਤੀ ਨੂੰ ਮਿਲ ਸਕਦੀ ਹੈ ॥੧॥ ਰਹਾਉ ॥
ਮੇਰੇ ਅੰਦਰ (ਅਨੇਕਾਂ) ਐਬ ਹਨ, ਮੈਂ ਪ੍ਰਭੂ-ਪਤੀ ਨੂੰ ਕਿਵੇਂ ਮਿਲ ਪਾਵਾਂ?
ਹੇ ਪ੍ਰਭੂ-ਪਤੀ! ਤੇਰੇ ਨਾਲ ਪਿਆਰ ਕਰਨ ਵਾਲੇ ਅਨੇਕਾਂ ਹੀ ਹਨ, ਮੈਂ ਤੇਰੇ ਚਿੱਤ ਵਿਚ ਨਹੀਂ ਆ ਸਕਦੀ ॥੨॥
ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾ ਲਿਆ, ਉਹ ਨੇਕ ਹੈ, ਉਹ ਭਾਗਾਂ ਵਾਲੀ ਹੈ,
ਉਸ ਸੁਹਾਗਣ ਵਾਲੇ ਗੁਣ ਮੇਰੇ ਅੰਦਰ ਨਹੀਂ ਹਨ, ਮੈਂ ਛੁੱਟੜ (ਪ੍ਰਭੂ-ਪਤੀ ਨੂੰ ਮਿਲਣ ਲਈ) ਕੀਹ ਕਰ ਸਕਦੀ ਹਾਂ? ॥੩॥
ਜੇਹੜੀ ਜੀਵ-ਇਸਤ੍ਰੀ ਸਦਾ ਪ੍ਰਭੂ-ਪਤੀ ਨੂੰ ਹਿਰਦੇ ਵਿਚ ਵਸਾਈ ਰੱਖਦੀ ਹੈ ਉਹ ਸਦਾ ਭਾਗਾਂ ਵਾਲੀ ਹੈ।
ਮੇਰੇ ਵਰਗੀ ਮੰਦ-ਭਾਗਣ ਨੂੰ ਉਹ ਕਦੇ (ਕਿਸਮਤ ਨਾਲ) ਹੀ ਆਪਣੇ ਗਲ ਨਾਲ ਲਾਂਦਾ ਹੈ ॥੪॥
ਹੇ ਪ੍ਰਭੂ-ਪਤੀ! ਤੂੰ ਗੁਣਾਂ ਨਾਲ ਭਰਪੂਰ ਹੈਂ, ਪਰ ਮੈਂ ਅਉਗਣਾਂ ਨਾਲ ਭਰਿਆ ਹੋਇਆ ਹਾਂ।
ਮੈਨੂੰ ਗੁਣ-ਹੀਨ ਨਿਮਾਣੇ ਨਾਨਕ ਨੂੰ ਬਖ਼ਸ਼ ਲੈ ॥੫॥੨॥
ਰਾਗ ਵਡਹੰਸ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਹਰੀ! ਮੇਰੇ ਮਨ ਵਿਚ ਬੜੀ ਤਾਂਘ ਹੈ ਕਿ ਮੈਂ ਕਿਸੇ ਨ ਕਿਸੇ ਤਰ੍ਹਾਂ, ਤੇਰਾ ਦਰਸਨ ਕਰ ਸਕਾਂ।
ਮੈਂ ਆਪਣੇ ਗੁਰੂ ਪਾਸ ਜਾ ਕੇ ਗੁਰੂ ਪਾਸੋਂ ਪੁੱਛਦੀ ਹਾਂ ਤੇ ਗੁਰੂ ਨੂੰ ਪੁੱਛ ਕੇ ਆਪਣੇ ਮੂਰਖ ਮਨ ਨੂੰ ਸਿੱਖਿਆ ਦੇਂਦੀ ਰਹਿੰਦੀ ਹਾਂ।
ਕੁਰਾਹੇ ਪਿਆ ਹੋਇਆ ਮਨ ਗੁਰੂ ਦੇ ਸ਼ਬਦ ਵਿਚ ਜੁੜ ਕੇ ਹੀ ਅਕਲ ਸਿੱਖਦਾ ਹੈ ਤੇ ਫਿਰ ਉਹ ਸਦਾ ਪਰਮਾਤਮਾ ਦਾ ਨਾਮ ਯਾਦ ਕਰਦਾ ਰਹਿੰਦਾ ਹੈ।
ਹੇ ਨਾਨਕ! ਜਿਸ ਮਨੁੱਖ ਉਤੇ ਮੇਰਾ ਪਿਆਰਾ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ ॥੧॥
ਮੈਂ ਪ੍ਰਭੂ-ਪਤੀ ਮਿਲਣ ਦੀ ਖ਼ਾਤਰ ਸਾਰੇ ਵੇਸ (ਧਾਰਮਿਕ ਪਹਿਰਾਵੇ ਆਦਿਕ) ਕਰਦੀ ਹਾਂ ਤਾਂ ਕਿ ਮੈਂ ਉਸ ਸਦਾ ਕਾਇਮ ਰਹਿਣ ਵਾਲੇ ਹਰੀ ਪ੍ਰਭੂ ਨੂੰ ਪਸੰਦ ਆ ਜਾਵਾਂ।
ਪਰ ਉਹ ਪਿਆਰਾ ਪ੍ਰਭੂ ਮੇਰੇ ਵਲ ਨਿਗਾਹ ਕਰ ਕੇ ਤੱਕਦਾ ਹੀ ਨਹੀਂ ਮੈਂ ਕਿਵੇਂ ਸ਼ਾਂਤੀ ਹਾਸਲ ਕਰ ਸਕਦੀ ਹਾਂ?
ਜਿਸ ਪ੍ਰਭੂ-ਪਤੀ ਦੀ ਖ਼ਾਤਰ ਮੈਂ (ਇਹ ਬਾਹਰਲਾ) ਸਿੰਗਾਰ ਕਰਦੀ ਹਾਂ, ਮੇਰਾ ਉਹ ਪ੍ਰਭੂ-ਪਤੀ ਤਾਂ ਹੋਰਨਾਂ ਵਿਚ ਪ੍ਰਸੰਨ ਹੁੰਦਾ ਹੈ।
ਹੇ ਨਾਨਕ! ਉਹ ਜੀਵ-ਇਸਤ੍ਰੀ ਸਲਾਹੁਣ-ਜੋਗ ਹੈ ਤੇ ਭਾਗਾਂ ਵਾਲੀ ਹੈ ਜਿਸ ਨੇ ਉਸ ਸਦਾ ਕਾਇਮ ਰਹਿਣ ਵਾਲੇ ਸੁੰਦਰ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ ॥੨॥
ਮੈਂ ਜਾ ਕੇ ਪ੍ਰਭੂ-ਖਸਮ ਦੀ ਪਿਆਰੀ (ਜੀਵ-ਇਸਤ੍ਰੀ) ਨੂੰ ਪੁੱਛਦੀ ਹਾਂ ਕਿ ਤੂੰ ਪਿਆਰਾ ਪ੍ਰਭੂ-ਪਤੀ ਕਿਵੇਂ ਲੱਭਾ?
(ਉਹ ਉੱਤਰ ਦੇਂਦੀ ਹੈ) ਸਦਾ ਕਾਇਮ ਰਹਿਣ ਵਾਲੇ ਪ੍ਰਭੂ-ਪਤੀ ਨੇ ਮੇਰੇ ਉਤੇ ਮੇਹਰ ਦੀ ਨਜ਼ਰ ਕੀਤੀ ਤਾਂ ਮੈਂ ਮੇਰ-ਤੇਰ (ਵਿਤਕਰਾ) ਛੱਡ ਦਿੱਤਾ।
ਆਪਣਾ ਮਨ, ਆਪਣਾ ਸਰੀਰ, ਆਪਣੀ ਜਿੰਦ-ਸਭ ਕੁਝ ਪ੍ਰਭੂ ਦੇ ਹਵਾਲੇ ਕਰ ਦਿਉ, ਇਸ ਰਾਹ ਉਤੇ ਤੁਰਿਆਂ ਹੀ ਉਸ ਨੂੰ ਮਿਲ ਸਕੀਦਾ ਹੈ।
ਹੇ ਨਾਨਕ! ਪਿਆਰਾ ਪ੍ਰਭੂ ਜਿਸ ਜੀਵ ਨੂੰ ਮੇਹਰ ਦੀ ਨਿਗਾਹ ਨਾਲ ਵੇਖਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਨਾਲ ਇਕ-ਮਿਕ ਹੋ ਜਾਂਦੀ ਹੈ ॥੩॥
ਜੇਹੜਾ (ਗੁਰਮੁਖ) ਮੈਨੂੰ ਹਰੀ-ਪ੍ਰਭੂ (ਦੀ ਸਿਫ਼ਤ-ਸਾਲਾਹ) ਦਾ ਸੁਨੇਹਾ ਦੇਵੇ, ਮੈਂ ਆਪਣਾ ਮਨ ਆਪਣਾ ਹਿਰਦਾ ਉਸ ਦੇ ਹਵਾਲੇ ਕਰਨ ਨੂੰ ਤਿਆਰ ਹਾਂ।
ਮੈਂ ਸਦਾ ਉਸ ਨੂੰ ਪੱਖਾ ਝੱਲਣ ਨੂੰ ਤਿਆਰ ਹਾਂ, ਉਸ ਦੀ ਸੇਵਾ ਕਰਨ ਨੂੰ ਤਿਆਰ ਹਾਂ ਤੇ ਉਸ ਦੇ ਵਾਸਤੇ ਪਾਣੀ ਢੋਣ ਨੂੰ ਤਿਆਰ ਹਾਂ।
ਪਰਮਾਤਮਾ ਦਾ ਜੇਹੜਾ ਭਗਤ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਏ, ਮੈਂ ਉਸ ਦੀ ਸੇਵਾ ਕਰਨ ਨੂੰ ਸਦਾ ਸਦਾ ਤਿਆਰ ਹਾਂ।