ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 819


ਜੈ ਜੈ ਕਾਰੁ ਜਗਤ ਮਹਿ ਸਫਲ ਜਾ ਕੀ ਸੇਵ ॥੧॥

ਜਿਸ ਪ੍ਰਭੂ ਦੀ ਸੇਵਾ-ਭਗਤੀ ਮਨੋਰਥ ਪੂਰੇ ਕਰਦੀ ਹੈ, (ਉਸ ਦੀ ਦੇਵਾ ਦੁਆਰਾ ਨਿਰੇ ਮਨੋਰਥ ਹੀ ਪੂਰੇ ਨਹੀਂ ਹੁੰਦੇ) ਸਾਰੇ ਜਗਤ ਵਿਚ ਉਸ ਦੀ ਸੋਭਾ ਪਈ ਹੁੰਦੀ ਹੈ ॥੧॥

ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥

ਜੇਹੜਾ ਪ੍ਰਭੂ (ਸਭ ਤੋਂ) ਉੱਚਾ ਹੈ, ਬੇਅੰਤ ਹੈ, ਜਿਸ ਦੇ ਗੁਣ ਗਿਣੇ ਨਹੀਂ ਜਾ ਸਕਦੇ, ਸਾਰੇ ਹੀ ਜੀਵ ਜਿਸ ਦੇ ਵੱਸ ਵਿਚ ਹਨ,

ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥੨॥੧੦॥੭੪॥

ਹੇ ਨਾਨਕ! (ਤੂੰ ਉਸ) ਪ੍ਰਭੂ ਦੀ ਸਰਨ ਪਿਆ ਰਹੁ (ਤੇ, ਯਕੀਨ ਰੱਖ ਕਿ) ਉਹ ਪ੍ਰਭੂ ਹਰ ਥਾਂ ਮੇਰੇ ਅੰਗ-ਸੰਗ ਹੈ ॥੨॥੧੦॥੭੪॥

ਬਿਲਾਵਲੁ ਮਹਲਾ ੫ ॥

ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਨੂੰ ਹਿਰਦੇ ਵਿਚ ਵਸਾਈ ਰੱਖਦਾ ਹੈ, ਜਿਸ ਉੱਤੇ ਗੁਰੂ ਦਇਆਵਾਨ ਹੁੰਦਾ ਹੈ,

ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥੧॥

ਜਿਸ ਮਨੁੱਖ ਨੂੰ ਗੁਰੂ ਨੇ (ਸਹੀ ਜੀਵਨ ਦਾ) ਰਸਤਾ ਦੱਸ ਦਿੱਤਾ, ਉਸ ਦੀਆਂ ਜਮ ਵਾਲੀਆਂ ਸਾਰੀਆਂ ਫਾਹੀਆਂ ਟੁੱਟ ਜਾਂਦੀਆਂ ਹਨ (ਉਸ ਦੇ ਉਹ ਮਾਨਸਕ ਬੰਧਨ ਟੁੱਟ ਜਾਂਦੇ ਹਨ, ਜੇਹੜੇ ਆਤਮਕ ਮੌਤ ਲਿਆਉਂਦੇ ਹਨ) ॥੧॥

ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥

ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਦੁੱਖ, ਸਾਰੀਆਂ ਭੁੱਖਾਂ, ਸਾਰੇ ਸਹਿਮ ਮਿਟ ਜਾਂਦੇ ਹਨ।

ਸਹਜ ਸੂਖ ਆਨੰਦ ਰਸ ਪੂਰਨ ਸਭਿ ਕਾਮ ॥੧॥ ਰਹਾਉ ॥

(ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ ਸੁਆਦ (ਪ੍ਰਾਪਤ ਹੋ ਜਾਂਦੇ ਹਨ)। ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੧॥ ਰਹਾਉ ॥

ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥

(ਹੇ ਭਾਈ! ਜਿਸ ਮਨੁੱਖ ਨੇ ਪ੍ਰਭੂ ਦਾ ਨਾਮ ਸਿਮਰਿਆ) ਪ੍ਰਭੂ ਨੇ ਆਪ (ਉਸ ਦੀ ਜਮ ਜਾਲ ਤੋਂ) ਰਾਖੀ ਕੀਤੀ (ਉਸ ਦੇ ਅੰਦਰੋਂ ਵਿਕਾਰਾਂ ਦੀ) ਸੜਨ ਮਿਟ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ।

ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥੨॥੧੧॥੭੫॥

ਹੇ ਨਾਨਕ! ਜਿਸ ਪ੍ਰਭੂ ਵਿਚ ਇਤਨੀ ਵੱਡੀ ਤਾਕਤ ਹੈ ਤੂੰ ਭੀ ਉਸ ਦੀ ਸਰਨ ਪਿਆ ਰਹੁ ॥੨॥੧੧॥੭੫॥

ਬਿਲਾਵਲੁ ਮਹਲਾ ੫ ॥

ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥

(ਹੇ ਭਾਈ!) ਉਸ ਮਨੁੱਖ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,

ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥

(ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ। (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ ॥੧॥

ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥

ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ।

ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥

(ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ ॥੧॥ ਰਹਾਉ ॥

ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥

ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ।

ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥

ਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ ॥੨॥੧੨॥੭੬॥

ਬਿਲਾਵਲੁ ਮਹਲਾ ੫ ॥

ਰੋਗੁ ਮਿਟਾਇਆ ਆਪਿ ਪ੍ਰਭਿ ਉਪਜਿਆ ਸੁਖੁ ਸਾਂਤਿ ॥

ਹੇ ਭਾਈ! ਪ੍ਰਭੂ ਨੇ ਆਪ ਹੀ (ਮੇਰੇ ਪਿਆਰੇ ਦਾ) ਰੋਗ ਦੂਰ ਕੀਤਾ ਹੈ, (ਉਸੇ ਦੀ ਮੇਹਰ ਨਾਲ) ਸੁਖ ਮਿਲਿਆ ਹੈ ਸ਼ਾਂਤੀ ਮਿਲੀ ਹੈ।

ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨੑੀ ਦਾਤਿ ॥੧॥

ਉਹ ਪਰਮਾਤਮਾ ਵੱਡੇ ਪਰਤਾਪ ਵਾਲਾ ਹੈ, ਅਚਰਜ ਸਰੂਪ ਵਾਲਾ ਹੈ, ਉਸੇ ਨੇ ਹੀ (ਮੇਰੇ ਉਤੇ) ਬਖ਼ਸ਼ਸ਼ ਕੀਤੀ ਹੈ ॥੧॥

ਗੁਰਿ ਗੋਵਿੰਦਿ ਕ੍ਰਿਪਾ ਕਰੀ ਰਾਖਿਆ ਮੇਰਾ ਭਾਈ ॥

(ਵੇਖੋ, ਉਸ ਦੀ ਮੇਹਰ ਕਿ) ਗੁਰੂ ਨੇ ਪਰਮਾਤਮਾ ਨੇ (ਹੀ ਮੇਰੇ ਉੱਤੇ) ਕਿਰਪਾ ਕੀਤੀ ਹੈ, ਮੇਰੇ ਪਿਆਰੇ ਨੂੰ (ਹੱਥ ਦੇ ਕੇ) ਬਚਾ ਲਿਆ ਹੈ।

ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥੧॥ ਰਹਾਉ ॥

ਹੇ ਭਾਈ! ਮੈਂ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਲਿਆ ਹੋਇਆ ਹੈ, ਜੋ ਸਦਾ ਸਹਾਇਤਾ ਕਰਨ ਵਾਲਾ ਹੈ ॥੧॥ ਰਹਾਉ ॥

ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥

(ਹੇ ਭਾਈ! ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ) ਸੇਵਕ ਦੀ ਅਰਜ਼ੋਈ ਕਦੇ ਖ਼ਾਲੀ ਨਹੀਂ ਜਾਂਦੀ (ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ, ਤੇ, ਰੋਗ ਆਦਿਕਾਂ ਤੋਂ ਆਪ ਹੀ ਬਚਾਂਦਾ ਹੈ)।

ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥੨॥੧੩॥੭੭॥

ਹੇ ਨਾਨਕ! (ਆਖ-) ਉਹ ਪਰਮਾਤਮਾ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਆਸਰਾ ਹੈ ॥੨॥੧੩॥੭੭॥

ਬਿਲਾਵਲੁ ਮਹਲਾ ੫ ॥

ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥

ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਜ਼ਿੰਦਗੀ ਦੇਣ ਵਾਲਾ ਪਰਮਾਤਮਾ ਭੁੱਲ ਜਾਂਦਾ ਹੈ, ਉਹ ਆਤਮਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ।

ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥੧॥

ਪਰ ਪ੍ਰਭੂ ਦੇ ਸੇਵਕ ਨੇ ਪ੍ਰਭੂ ਨੂੰ ਹਰ ਵੇਲੇ ਸਿਮਰਿਆ ਹੈ, (ਪ੍ਰਭੂ ਦਾ ਸੇਵਕ ਪ੍ਰਭੂ ਦੇ) ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧॥

ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥

(ਹੇ ਭਾਈ! ਸੇਵਕ ਦੇ ਹਿਰਦੇ ਵਿਚ) ਸ਼ਾਂਤੀ, ਆਤਮਕ ਅਡੋਲਤਾ ਤੇ ਬਹੁਤ ਆਨੰਦ ਬਣਿਆ ਰਹਿੰਦਾ ਹੈ। (ਉਸ ਦੀ) ਹਰੇਕ ਕਾਮਨਾ ਪੂਰੀ ਹੋ ਜਾਂਦੀ ਹੈ।

ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥੧॥ ਰਹਾਉ ॥

(ਸੇਵਕ ਨੇ) ਗੁਣਾਂ ਦੇ ਖ਼ਜ਼ਾਨੇ ਹਰੀ (ਦਾ ਨਾਮ) ਸਾਧ ਸੰਗਤਿ ਵਿਚ ਸਿਮਰਦਿਆਂ (ਸਦਾ) ਆਤਮਕ ਆਨੰਦ ਪ੍ਰਾਪਤ ਕੀਤਾ ਹੈ ॥੧॥ ਰਹਾਉ ॥

ਸੁਣਿ ਸੁਆਮੀ ਅਰਦਾਸਿ ਜਨ ਤੁਮੑ ਅੰਤਰਜਾਮੀ ॥

ਹੇ ਸੁਆਮੀ! ਤੂੰ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ (ਆਪਣੇ) ਸੇਵਕ ਦੀ ਅਰਦਾਸ (ਸਦਾ) ਸੁਣਦਾ ਹੈਂ।

ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥੨॥੧੪॥੭੮॥

ਹੇ ਨਾਨਕ ਦੇ ਮਾਲਕ! ਤੂੰ ਹਰ ਥਾਂ ਵਿਚ ਵੱਸਦਾ ਹੈਂ ॥੨॥੧੪॥੭੮॥

ਬਿਲਾਵਲੁ ਮਹਲਾ ੫ ॥

ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥

ਹੇ ਭਾਈ! ਪਰਮਾਤਮਾ ਦੀ ਸਰਨ ਪਿਆਂ (ਵਿਆਧੀਆਂ ਦਾ) ਸੇਕ ਨਹੀਂ ਲੱਗਦਾ।

ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ ॥੧॥

ਹੇ ਭਾਈ! ਅਸਾਂ ਜੀਵਾਂ ਦੇ ਦੁਆਲੇ ਪਰਮਾਤਮਾ ਦਾ ਨਾਮ (ਮਾਨੋ) ਇਕ ਲਕੀਰ ਹੈ (ਜਿਸ ਦੀ ਬਰਕਤਿ ਨਾਲ) ਕੋਈ ਦੁੱਖ ਪੋਹ ਨਹੀਂ ਸਕਦਾ ॥੧॥

ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥

ਹੇ ਭਾਈ! ਉਹ ਪੂਰਾ ਗੁਰੂ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ ਜਿਸ ਗੁਰੂ ਨੇ (ਪਰਮਾਤਮਾ ਦਾ ਨਾਮ-ਦਵਾਈ ਦੇ ਕੇ ਜੀਵਾਂ ਦੇ ਰੋਗ ਦੂਰ ਕਰਨ ਦੀ) ਵਿਓਂਤ ਬਣਾ ਰੱਖੀ ਹੈ,

ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥੧॥ ਰਹਾਉ ॥

(ਤਾਂ ਪੂਰਾ ਗੁਰੂ ਉਸ ਨੂੰ) ਪਰਮਾਤਮਾ ਦਾ ਨਾਮ-ਦਵਾਈ ਦੇਂਦਾ ਹੈ। ਉਹ ਮਨੁੱਖ ਸਦਾ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥

ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥

(ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਉਸ ਨੂੰ) ਉਸ ਰੱਖਣਹਾਰ ਪ੍ਰਭੂ ਨੇ ਬਚਾ ਲਿਆ, (ਉਸ ਦੇ ਅੰਦਰੋਂ) ਹਰੇਕ ਰੋਗ ਦੂਰ ਕਰ ਦਿੱਤਾ।

ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥੨॥੧੫॥੭੯॥

ਨਾਨਕ ਆਖਦਾ ਹੈ- ਉਸ ਮਨੁੱਖ ਉਤੇ ਪ੍ਰਭੂ ਦੀ ਕਿਰਪਾ ਹੋ ਗਈ। ਪ੍ਰਭੂ ਉਸ ਮਨੁੱਖ ਦਾ ਮਦਦਗਾਰ ਬਣ ਗਿਆ ॥੨॥੧੫॥੭੯॥

ਬਿਲਾਵਲੁ ਮਹਲਾ ੫ ॥

ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥

ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ।

ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥

(ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430