(ਹੇ ਅੰਞਾਣ ਜੀਵ!) ਕਿਉਂ ਆਕੜ ਆਕੜ ਕੇ ਤੁਰਦਾ ਹੈਂ?
ਹੈਂ ਤਾਂ ਤੂੰ ਹੱਡੀਆਂ, ਚੰਮੜੀ ਤੇ ਵਿਸ਼ਟੇ ਨਾਲ ਹੀ ਭਰਿਆ ਹੋਇਆ, ਤੇ ਦੁਰਗੰਧ ਨਾਲ ਹੀ ਲਿੱਬੜਿਆ ਹੋਇਆ ॥੧॥ ਰਹਾਉ ॥
(ਹੇ ਅੰਞਾਣ!) ਤੂੰ ਪ੍ਰਭੂ ਨੂੰ ਨਹੀਂ ਸਿਮਰਦਾ, ਕਿਹੜੇ ਭੁਲੇਖਿਆਂ ਵਿਚ ਭੁੱਲਿਆ ਹੈਂ? (ਕੀ ਤੇਰਾ ਇਹ ਖ਼ਿਆਲ ਹੈ ਕਿ ਮੌਤ ਨਹੀਂ ਆਵੇਗੀ?) ਮੌਤ ਤੈਥੋਂ ਦੂਰ ਨਹੀਂ।
ਜਿਸ ਸਰੀਰ ਨੂੰ ਅਨੇਕਾਂ ਜਤਨ ਕਰ ਕੇ ਪਾਲ ਰਿਹਾ ਹੈਂ, ਇਹ ਉਮਰ ਪੂਰੀ ਹੋਣ ਤੇ ਢਹਿ ਪਏਗਾ ॥੨॥
(ਪਰ) ਜੀਵ ਦੇ ਭੀ ਕੀਹ ਵੱਸ? ਜੀਵ ਦਾ ਆਪਣਾ ਕੀਤਾ ਕੁਝ ਨਹੀਂ ਹੋ ਸਕਦਾ।
ਜਦੋਂ ਪ੍ਰਭੂ ਦੀ ਰਜ਼ਾ ਹੁੰਦੀ ਹੈ (ਜੀਵ ਨੂੰ) ਗੁਰੂ ਮਿਲਦਾ ਹੈ (ਤੇ, ਗੁਰੂ ਦੀ ਮਿਹਰ ਨਾਲ) ਇਹ ਪ੍ਰਭੂ ਦੇ ਨਾਮ ਨੂੰ ਹੀ ਸਿਮਰਦਾ ਹੈ ॥੩॥
ਹੇ ਅੰਞਾਣ! (ਇਹ ਤੇਰਾ ਸਰੀਰ ਰੇਤ ਦੇ ਘਰ ਸਮਾਨ ਹੈ) ਤੂੰ ਰੇਤ ਦੇ ਘਰ ਵਿਚ ਵੱਸਦਾ ਹੈਂ, ਤੇ ਇਸ ਸਰੀਰ ਉੱਤੇ ਮਾਣ ਕਰਦਾ ਹੈਂ।
ਕਬੀਰ ਆਖਦਾ ਹੈ- ਜਿਨ੍ਹਾਂ ਬੰਦਿਆਂ ਨੇ ਪ੍ਰਭੂ ਦਾ ਸਿਮਰਨ ਨਹੀਂ ਕੀਤਾ, ਉਹ ਬੜੇ ਬੜੇ ਸਿਆਣੇ ਭੀ (ਸੰਸਾਰ-ਸਮੁੰਦਰ) ਵਿਚ ਡੁੱਬ ਗਏ ॥੪॥੪॥
(ਅਹੰਕਾਰ ਵਿਚ) ਵਿੰਗੀ ਪੱਗ ਬੰਨ੍ਹਦਾ ਹੈ, ਆਕੜ ਕੇ ਤੁਰਦਾ ਹੈ, ਪਾਨ ਦੇ ਬੀੜੇ ਖਾਂਦਾ ਹੈ,
(ਤੇ ਆਖਦਾ ਹੈ ਕਿ) ਮੇਰਾ ਕੰਮ ਹੈ ਹਕੂਮਤ ਕਰਨੀ, ਪਰਮਾਤਮਾ ਨਾਲ ਪਿਆਰ ਜਾਂ ਪ੍ਰਭੂ ਦੀ ਭਗਤੀ ਦੀ ਮੈਨੂੰ ਕੋਈ ਲੋੜ ਨਹੀਂ ॥੧॥
ਮਨੁੱਖ ਅਹੰਕਾਰ ਵਿਚ (ਆ ਕੇ) ਪਰਮਾਤਮਾ ਨੂੰ ਭੁਲਾ ਦੇਂਦਾ ਹੈ।
ਸੋਨਾ ਤੇ ਬੜੀ ਸੁਹਣੀ ਇਸਤ੍ਰੀ ਵੇਖ ਵੇਖ ਕੇ ਇਹ ਮੰਨ ਬੈਠਦਾ ਹੈ ਕਿ ਇਹ ਸਦਾ ਰਹਿਣ ਵਾਲੇ ਹਨ ॥੧॥ ਰਹਾਉ ॥
(ਮਾਇਆ ਦਾ) ਲਾਲਚ, ਝੂਠ, ਵਿਕਾਰ, ਬੜਾ ਅਹੰਕਾਰ-ਇਹਨੀਂ ਗੱਲੀਂ ਹੀ (ਸਾਰੀ) ਉਮਰ ਗੁਜ਼ਰ ਜਾਂਦੀ ਹੈ।
ਕਬੀਰ ਆਖਦਾ ਹੈ ਕਿ ਆਖ਼ਰ ਉਮਰ ਮੁੱਕਣ ਤੇ ਮੌਤ (ਸਿਰ ਤੇ) ਆ ਹੀ ਅੱਪੜਦੀ ਹੈ ॥੨॥੫॥
ਮਨੁੱਖ (ਜੇ ਰਾਜਾ ਭੀ ਬਣ ਜਾਏ ਤਾਂ ਭੀ) ਥੋੜ੍ਹੇ ਹੀ ਦਿਨ ਰਾਜ ਮਾਣ ਕੇ ਇੱਥੋਂ) ਤੁਰ ਪੈਂਦਾ ਹੈ।
ਜੇ ਇਤਨਾ ਧਨ ਭੀ ਜੋੜ ਲਏ ਕਿ ਗੰਢਾਂ ਬੰਨ੍ਹ ਲਏ, ਜ਼ਮੀਨ ਵਿਚ ਦੱਬ ਰੱਖੇ, ਤਾਂ ਭੀ ਕੋਈ ਚੀਜ਼ (ਅੰਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੧॥ ਰਹਾਉ ॥
(ਜਦੋਂ ਮਰ ਜਾਂਦਾ ਹੈ ਤਾਂ) ਘਰ ਦੀ ਦਲੀਜ਼ ਉੱਤੇ ਬੈਠੀ ਵਹੁਟੀ ਰੋਂਦੀ ਹੈ, ਬਾਹਰਲੇ ਬੂਹੇ ਤਕ ਉਸ ਦੀ ਮਾਂ (ਉਸ ਦੇ ਮੁਰਦਾ ਸਰੀਰ ਦਾ) ਸਾਥ ਕਰਦੀ ਹੈ,
ਮਸਾਣਾਂ ਤਕ ਹੋਰ ਲੋਕ ਤੇ ਪਰਵਾਰ ਦੇ ਬੰਦੇ ਜਾਂਦੇ ਹਨ। ਪਰ ਜਿੰਦ ਇਕੱਲੀ ਹੀ ਜਾਂਦੀ ਹੈ ॥੧॥
ਉਹ (ਆਪਣੇ) ਪੁੱਤਰ, ਧਨ, ਨਗਰ ਸ਼ਹਿਰ ਮੁੜ ਕਦੇ ਆ ਕੇ ਨਹੀਂ ਵੇਖ ਸਕਦਾ।
ਕਬੀਰ ਆਖਦਾ ਹੈ ਕਿ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ? (ਸਿਮਰਨ ਤੋਂ ਬਿਨਾ) ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥੬॥
ਰਾਗ ਕੇਦਾਰਾ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜੇ ਕੋਈ ਮਨੁੱਖ ਉੱਚੀ ਬ੍ਰਾਹਮਣ ਕੁਲ ਦਾ ਹੋਵੇ, ਤੇ, ਨਿੱਤ ਛੇ ਕਰਮ ਕਰਦਾ ਹੋਵੇ; ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਨਹੀਂ,
ਜੇ ਉਸ ਨੂੰ ਪ੍ਰਭੂ ਦੇ ਸੋਹਣੇ ਚਰਨਾਂ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਤਾਂ ਉਹ ਚੰਡਾਲ ਦੇ ਬਰਾਬਰ ਹੈ, ਚੰਡਾਲ ਵਰਗਾ ਹੈ ॥੧॥
ਹੇ ਮੇਰੇ ਗ਼ਾਫ਼ਲ ਮਨ! ਪ੍ਰਭੂ ਨੂੰ ਸਿਮਰ।
ਹੇ ਮਨ! ਤੂੰ ਬਾਲਮੀਕ ਵਲ ਕਿਉਂ ਨਹੀਂ ਵੇਖਦਾ?
ਇਕ ਨੀਵੀਂ ਜਾਤ ਤੋਂ ਬੜੇ ਵੱਡੇ ਦਰਜੇ ਉੱਤੇ ਅੱਪੜ ਗਿਆ-ਇਹ ਵਡਿਆਈ ਪਰਮਾਤਮਾ ਦੀ ਭਗਤੀ ਦੇ ਕਾਰਨ ਹੀ ਸੀ ॥੧॥ ਰਹਾਉ ॥
(ਬਾਲਮੀਕ) ਕੁੱਤਿਆਂ ਦਾ ਵੈਰੀ ਸੀ, ਸਭ ਲੋਕਾਂ ਨਾਲੋਂ ਚੰਡਾਲ ਸੀ, ਪਰ ਉਸ ਨੇ ਪ੍ਰਭੂ ਨਾਲ ਪਿਆਰ ਕੀਤਾ।
ਵਿਚਾਰਾ ਜਗਤ ਉਸ ਦੀ ਕੀਹ ਵਡਿਆਈ ਕਰ ਸਕਦਾ ਹੈ? ਉਸ ਦੀ ਸੋਭਾ ਤ੍ਰਿਲੋਕੀ ਵਿਚ ਖਿੱਲਰ ਗਈ ॥੨॥
ਅਜਾਮਲ, ਪਿੰਗਲਾ, ਸ਼ਿਕਾਰੀ, ਕੁੰਚਰ-ਇਹ ਸਾਰੇ (ਮੁਕਤ ਹੋ ਕੇ) ਪ੍ਰਭੂ-ਚਰਨਾਂ ਵਿਚ ਜਾ ਅੱਪੜੇ।
ਹੇ ਰਵਿਦਾਸ! ਜੇ ਅਜਿਹੀ ਭੈੜੀ ਮੱਤ ਵਾਲੇ ਤਰ ਗਏ ਤਾਂ ਤੂੰ (ਇਸ ਸੰਸਾਰ-ਸਾਗਰ ਤੋਂ) ਕਿਉਂ ਨ ਪਾਰ ਲੰਘੇਂਗਾ? ॥੩॥੧॥