ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗਦੇ ਹਨ, ਕਾਮ ਕ੍ਰੋਧ ਲੋਭ (ਆਦਿਕ ਵਿਕਾਰ) ਛੱਡਦੇ ਹਨ, ਉਹਨਾਂ ਉੱਤੇ ਗੁਰੂ-ਗੋਪਾਲ ਮਿਹਰਵਾਨ ਹੁੰਦਾ ਹੈ, ਉਹਨਾਂ ਨੂੰ ਆਪਣੀ ਉਹ ਨਾਮ-ਵਸਤੂ ਮਿਲ ਜਾਂਦੀ ਹੈ ਜਿਸ ਦੀ (ਅਨੇਕਾਂ ਜਨਮਾਂ ਤੋਂ) ਭਾਲ ਕਰਦੇ ਆ ਰਹੇ ਸਨ ॥੧॥
ਉਹਨਾਂ ਦੇ ਅੰਦਰੋਂ ਭਰਮ ਅਤੇ ਮੋਹ ਦੇ ਹਨੇਰੇ ਨਾਸ ਹੋ ਜਾਂਦੇ ਹਨ, ਮਾਇਆ ਦੇ ਮੋਹ ਦੀਆਂ ਫਾਹੀਆਂ ਟੁੱਟ ਜਾਂਦੀਆਂ ਹਨ, ਮਾਲਕ-ਪ੍ਰਭੂ ਉਹਨਾਂ ਨੂੰ ਸਭਨੀਂ ਥਾਈਂ ਵਿਆਪਕ ਦਿੱਸਦਾ ਹੈ, ਕੋਈ ਭੀ ਉਹਨਾਂ ਨੂੰ ਵੈਰੀ ਨਹੀਂ ਜਾਪਦਾ,
ਹੇ ਨਾਨਕ! ਜਿਹੜੇ ਮਨੁੱਖ ਸੰਤ ਜਨਾਂ ਦੀ ਚਰਨੀਂ ਲੱਗ ਕੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਉੱਤੇ ਮਾਲਕ-ਪ੍ਰਭੂ ਜੀ ਤ੍ਰੁੱਠ ਪੈਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਅਤੇ ਪਾਪ ਸਭ ਮੁੱਕ ਜਾਂਦੇ ਹਨ ॥੨॥੩॥੧੩੨॥
ਸਦਾ ਸਦਾ ਹੀ ਪਰਮਾਤਮਾ ਦਾ ਨਾਮ ਆਪਣੇ ਮੂੰਹੋਂ ਉਚਾਰਿਆ ਕਰ ਅਤੇ ਆਪਣੇ ਮਨ ਵਿਚ ਵਸਾਈ ਰੱਖ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਕੰਨੀਂ ਸੁਣਨਾ ਪ੍ਰਭੂ ਦੀ ਭਗਤੀ ਕਰਨੀ-ਇਹੀ ਹੈ ਅਨੇਕਾਂ ਪਾਪਾਂ ਨੂੰ ਦੂਰ ਕਰਨ ਲਈ ਕੀਤੇ ਹੋਏ ਪਛੁਤਾਵੇ-ਮਾਤ੍ਰ ਧਾਰਮਿਕ ਕਰਮ;
ਗੁਰੂ ਦੀ ਸਰਨੀ ਪਏ ਰਹਿਣਾ-ਇਹ ਉੱਦਮ ਹੋਰ ਹੋਰ (ਭੈੜੀਆਂ) ਆਦਤਾਂ (ਮਨ ਵਿਚੋਂ) ਦੂਰ ਕਰ ਦੇਂਦਾ ਹੈ ॥੧॥
ਸਦਾ ਸਦਾ ਪ੍ਰਭੂ-ਚਰਨਾਂ ਨਾਲ ਪਿਆਰ ਪਾਈ ਰੱਖਣਾ-ਇਹ ਜੀਵਨ ਨੂੰ ਬਹੁਤ ਹੀ ਪਵਿੱਤਰ ਬਣਾ ਦੇਂਦਾ ਹੈ।
ਪ੍ਰਭੂ-ਚਰਨਾਂ ਦੀ ਪ੍ਰੀਤ ਸੇਵਕ ਦੇ ਸਾਰੇ ਡਰ ਦੂਰ ਕਰਨ ਵਾਲੀ ਹੈ, ਸੇਵਕ ਦੇ ਸਾਰੇ ਪਾਪ ਵਿਕਾਰ ਸਾੜ ਦੇਂਦੀ ਹੈ।
ਪ੍ਰਭੂ ਦਾ ਨਾਮ ਸਿਮਰਨ ਵਾਲੇ ਅਤੇ ਸੁਣਨ ਵਾਲੇ ਵਿਕਾਰਾਂ ਤੋਂ ਬਚੇ ਰਹਿੰਦੇ ਹਨ, ਸੁਚੱਜੀ ਰਹਿਣੀ ਰੱਖਣ ਵਾਲੇ ਜੂਨਾਂ ਤੋਂ ਬਚ ਜਾਂਦੇ ਹਨ।
ਨਾਨਕ (ਸਾਰੀਆਂ ਵਿਚਾਰਾਂ ਦਾ ਇਹ) ਨਿਚੋੜ ਦੱਸਦਾ ਹੈ ਕਿ ਪਰਮਾਤਮਾ ਦਾ ਨਾਮ ਸਭ ਤੋਂ ਸ੍ਰੇਸ਼ਟ ਪਦਾਰਥ ਹੈ ॥੨॥੪॥੧੩੩॥
(ਹੇ ਭਾਈ!) ਹੋਰ ਸਾਰੇ ਆਹਰ ਛੱਡ ਕੇ (ਭੀ) ਸੰਤ ਜਨਾਂ ਪਾਸੋਂ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਭਗਤੀ ਮੰਗਦਾ ਰਿਹਾ ਕਰ ॥੧॥ ਰਹਾਉ ॥
ਪਿਆਰ ਨਾਲ ਪਰਮਾਤਮਾ ਦਾ ਧਿਆਨ ਧਰਿਆ ਕਰ, ਸਦਾ ਗੋਬਿੰਦ ਦੇ ਗੁਣ ਗਾਂਦਾ ਰਿਹਾ ਕਰ।
ਉਸ ਸਭ ਕੁਝ ਦੇ ਸਕਣ ਵਾਲੇ ਮਾਲਕ-ਪ੍ਰਭੂ ਤੋਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਰਿਹਾ ਕਰ ॥੧॥
ਪਰਮਾਤਮਾ ਦਾ ਨਾਮ ਸਾਰੇ ਸੁਖਾਂ ਦਾ ਸਾਰੀਆਂ ਖ਼ੁਸ਼ੀਆਂ ਦਾ, ਸਾਰੇ ਆਨੰਦਾਂ ਦਾ ਸੋਮਾ ਹੈ। ਹਰੇਕ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ ਦਾ ਨਾਮ ਸਿਮਰਿਆ ਕਰ, ਜਮਾਂ ਦਾ (ਭੀ) ਕੋਈ ਡਰ ਨਹੀਂ ਰਹਿ ਜਾਂਦਾ।
ਇਕ ਪਰਮਾਤਮਾ ਦੇ ਚਰਨਾਂ ਦੀ ਸਰਨ ਜਗਤ ਦੇ ਸਾਰੇ ਦੁੱਖ-ਕਲੇਸ਼ ਦੂਰ ਕਰਨ ਜੋਗੀ ਹੈ। (ਇਹ ਸਰਨ ਸਾਧ ਸੰਗਤ ਵਿਚ ਹੀ ਮਿਲਦੀ ਹੈ)
ਤੇ ਹੇ ਨਾਨਕ! ਸਾਧ ਸੰਗਤ ਬੇੜੀ ਵਾਂਗ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲੀ ਹੈ ॥੨॥੫॥੧੩੪॥
ਜਦੋਂ ਗੁਰੂ ਦਾ ਦਰਸਨ ਕਰ ਕੇ ਮੈਂ ਸੋਹਣੇ ਹਰੀ ਦੇ ਗੁਣ ਗਾਂਦਾ ਹਾਂ,
ਜਦੋਂ ਗੁਰੂ ਦੀ ਸੰਗਤ ਵਿਚ ਟਿਕ ਕੇ ਮੈਂ (ਪ੍ਰਭੂ ਦੇ ਚਰਨ) ਫੜਦਾ ਹਾਂ, ਤਾਂ (ਮੇਰਾ ਇਹ) ਮਨ (ਕਾਮਾਦਿਕ) ਪੰਜਾਂ (ਦੇ ਪੰਜੇ) ਤੋਂ ਨਿਕਲ ਜਾਂਦਾ ਹੈ ॥੧॥ ਰਹਾਉ ॥
(ਇਹ ਜੋ) ਦਿੱਸਦਾ ਜਗਤ (ਹੈ, ਇਸ ਵਿਚੋਂ) ਕੁਝ ਭੀ (ਕਿਸੇ ਦੇ) ਨਾਲ ਨਹੀਂ ਜਾਂਦਾ (ਇਸ ਵਾਸਤੇ ਇਸ ਦਾ) ਮਾਣ ਤੇ ਮੋਹ ਛੱਡ ਦੇਹ।
ਸਾਧ ਸੰਗਤ ਵਿਚ ਮਿਲ ਕੇ ਇਕ ਪਰਮਾਤਮਾ ਦੇ ਚਰਨਾਂ ਨਾਲ ਪ੍ਰੀਤ ਜੋੜ (ਇਸ ਤਰ੍ਹਾਂ ਜੀਵਨ) ਸੋਹਣਾ ਬਣ ਜਾਂਦਾ ਹੈ ॥੧॥
(ਹੇ ਭਾਈ!) ਮੈਂ ਗੁਣਾਂ ਦਾ ਖ਼ਜ਼ਾਨਾ ਪ੍ਰਭੂ ਲੱਭ ਲਿਆ ਹੈ, ਮੇਰੀ ਸਾਰੀ ਆਸ ਪੂਰੀ ਹੋ ਗਈ ਹੈ।
ਹੇ ਨਾਨਕ! ਗੁਰੂ ਨੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦੀ) ਕਰੜੀ ਗੰਢ ਖੋਹਲ ਦਿੱਤੀ ਹੈ, ਹੁਣ ਮੇਰੇ ਮਨ ਵਿਚ ਆਨੰਦ ਹੀ ਆਨੰਦ ਬਣ ਗਏ ਹਨ ॥੨॥੬॥੧੩੫॥
ਹੇ ਸਖੀ! ਮੇਰੀ ਜਿੰਦ ਮਨ ਵਿਚ ਵੈਰਾਗ ਵਾਲੀ ਹੁੰਦੀ ਜਾਂਦੀ ਹੈ।
(ਪ੍ਰਭੂ ਦਾ) ਦਰਸਨ ਕਰਨ ਦਾ ਜਤਨ ਕਰਦੀ ਕਰਦੀ ਮੇਰੀ ਜਿੰਦ (ਵੈਰਾਗਵਾਨ ਹੋ ਰਹੀ ਹੈ) ॥੧॥ ਰਹਾਉ ॥
ਹੇ ਸਖੀ! ਸੰਤ ਜਨਾਂ ਦੀ ਸੇਵਾ ਕਰ ਕੇ (ਸਾਧ ਸੰਗਤ ਦੀ ਬਰਕਤਿ ਨਾਲ) ਮੈਂ ਪਿਆਰੇ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ ਹੈ,
ਤੇ, ਉਸ ਆਨੰਦ-ਸਰੂਪ ਦਾ ਦਰਸਨ ਕਰ ਕੇ ਮੈਂ ਉਸ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲਿਆ ਹੈ ॥੧॥
ਹੇ ਸਖੀ! (ਜਗਤ ਦੇ) ਕੰਮ-ਧੰਧਿਆਂ ਦਾ ਸਾਰਾ ਮੋਹ ਛੱਡ ਕੇ ਮੈਂ ਪ੍ਰਭੂ ਦੀ ਸਰਨ ਪਈ ਰਹਿੰਦੀ ਹਾਂ।
ਹੇ ਨਾਨਕ! (ਜਿਸ ਗੁਰੂ ਦੀ ਕਿਰਪਾ ਨਾਲ) ਮਾਲਕ-ਪ੍ਰਭੂ ਜੀ (ਮੇਰੇ) ਗਲ ਨਾਲ ਆ ਲੱਗੇ ਹਨ, ਮੈਂ (ਉਸ) ਗੁਰੂ ਦੀ ਪ੍ਰਸੰਨਤਾ ਪ੍ਰਾਪਤ ਕਰਦੀ ਰਹਿੰਦੀ ਹਾਂ ॥੨॥੭॥੧੩੬॥
(ਮੇਰੇ ਮਨ ਦੀ ਹਾਲਤ) ਇਹੋ ਜਿਹੀ ਹੋ ਗਈ ਹੈ,
(ਤੇ, ਇਸ ਹਾਲਤ ਨੂੰ) ਦਇਆਲ ਪ੍ਰਭੂ (ਆਪ) ਜਾਣਦਾ ਹੈ ॥੧॥ ਰਹਾਉ ॥
(ਗੁਰੂ ਦੇ ਉਪਦੇਸ ਦੀ ਬਰਕਤਿ ਨਾਲ) ਮਾਤਾ ਪਿਤਾ (ਆਦਿਕ ਸੰਬੰਧੀਆਂ ਦਾ ਮੋਹ) ਛੱਡ ਕੇ ਮੈਂ ਆਪਣਾ ਮਨ ਸੰਤ ਜਨਾਂ ਦੇ ਹਵਾਲੇ ਕਰ ਦਿੱਤਾ ਹੈ,
ਮੈਂ (ਉੱਚੀ) ਜਾਤਿ ਕੁਲ ਜਨਮ (ਦਾ ਮਾਣ) ਛੱਡ ਦਿੱਤਾ ਹੈ, ਅਤੇ ਮੈਂ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਕਰਦਾ ਹਾਂ (ਆਪਣੀ ਕੁਲ ਆਦਿਕ ਨੂੰ ਸਾਲਾਹਣ ਦੇ ਥਾਂ) ॥੧॥
(ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਪ੍ਰੀਤ) ਲੋਕਾਂ ਨਾਲੋਂ ਕੁਟੰਬ ਨਾਲੋਂ ਟੁੱਟ ਗਈ ਹੈ, ਪ੍ਰਭੂ ਨੇ ਮੈਨੂੰ ਨਿਹਾਲ ਨਿਹਾਲ ਕਰ ਦਿੱਤਾ ਹੈ।
ਹੇ ਨਾਨਕ! ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਹੈ ਕਿ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ॥੨॥੮॥੧੩੭॥