ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ,
(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ),
(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ॥੧॥
ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ,
ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ।
ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ,
ਉਹ ਆਤਮਕ ਜੀਵਨ ਦੇ ਮਾਲਕ ਬਣ ਗਏ।
ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੁੰਦਾ ਹੈ,
ਹੇ ਨਾਨਕ! ਉਹ ਉਸ ਦਾ ਭਗਤ ਬਣਦਾ ਹੈ ॥੨॥੭॥੧੬੩॥੨੩੨॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।
ਮੈਂ ਇਸ (ਮਨੁੱਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ),
ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ॥੧॥ ਰਹਾਉ ॥
ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ।
ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ॥੧॥
(ਲੋਭ ਵਿਚ ਫਸਿਆ ਹੋਇਆ) ਇਹ ਜੀਵ ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ।
ਹੇ ਨਾਨਕ! (ਆਖ-ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ ॥੨॥੧॥੨੩੩॥
ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਭਰਥਰੀ ਜੋਗੀ ਕਿਸੇ ਪਹਾੜ ਦੇ ਟਿੱਲੇ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਤੇ ਇਸ ਨੂੰ ਪੁੰਨ ਕਰਮ ਸਮਝਦਾ ਹੈ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ ਸਤਸੰਗ ਸਰੋਵਰ ਵਿਚ ਆਤਮਕ ਇਸ਼ਨਾਨ ਕਰਦਾ ਹੈ,
ਅਤੇ ਜੋ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,
ਉਹ ਮਨੁੱਖ ਉੱਚੀ ਆਤਮਕ ਅਵਸਥਾ ਵਿਚ ਪਹੁੰਚਦਾ ਹੈ, ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹੈ,
ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ॥੧॥
ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ,
(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ॥੧॥ ਰਹਾਉ ॥
(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ,
ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,
ਉਹ ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ)।
(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੨॥
(ਹੇ ਜੋਗੀ!) ਜੇਹੜਾ ਮਨੁੱਖ ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ),
ਅਤੇ ਜੋ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,
ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ।
(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੁੰਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ॥੩॥
(ਹੇ ਜੋਗੀ!) ਜੋ ਮਨੁੱਖ ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਾਂਦਾ ਹੈ,
ਅਤੇ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਤੇ, ਮਾਨੋ, ਐਸੀ ਸੁਆਹ ਪਿੰਡੇ ਤੇ ਮਲਦਾ ਹੈ,
ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ, ਸਮਝੋ ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ।
ਐਸਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਦਾ ਇਹ ਵਾਜਾ ਵਜਾਂਦਾ ਰਹਿੰਦਾ ਹੈ ॥੪॥
(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ,
ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,
ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,
ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ॥੫॥
(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;
ਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,
ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,
ਉਹ ਮਨੁੱਖ ਉਸ 'ਨਾਥ' ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ॥੬॥
(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ,
ਤੇ ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ, ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ,
(ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ।
ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ॥੭॥
ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,