ਤੇ ਪੈਰਾਂ ਨਾਲ ਮੈਂ ਪਰਮਾਤਮਾ ਦੇ ਰਸਤੇ ਉਤੇ ਚੱਲ ਰਿਹਾ ਹਾਂ ॥੧॥
(ਹੇ ਮੇਰੇ ਮਨ! ਮਨੁੱਖਾ ਜਨਮ ਦਾ ਇਹ) ਸੋਹਣਾ ਸਮਾਂ (ਤੈਨੂੰ ਮਿਲਿਆ ਹੈ।
ਇਹ ਮਨੁੱਖਾ ਜਨਮ ਹੀ ਪਰਮਾਤਮਾ ਦੇ) ਸਿਮਰਨ ਦਾ ਵੇਲਾ ਹੈ, (ਇਸ ਮਨੁੱਖਾ ਜਨਮ ਵਿਚ ਹੀ ਪਰਮਾਤਮਾ ਦਾ ਨਾਮ ਸਿਮਰਦਿਆਂ (ਸੰਸਾਰ ਦੇ ਅਨੇਕਾਂ) ਡਰਾਂ ਤੋਂ ਪਾਰ ਲੰਘ ਸਕੀਦਾ ਹੈ ॥੧॥ ਰਹਾਉ ॥
(ਹੇ ਭਾਈ! ਤੂੰ ਭੀ) ਆਪਣੀਆਂ ਅੱਖਾਂ ਨਾਲ ਗੁਰਮੁਖਾਂ ਦਾ ਦਰਸਨ ਕਰ,
(ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਆਪਣੇ ਮਨ ਵਿਚ ਅਬਿਨਾਸੀ ਪਰਮਾਤਮਾ ਦੇ ਸਿਮਰਨ ਦਾ ਲੇਖ ਲਿਖਦਾ ਰਹੁ ॥੨॥
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਜਾ ਕੇ ਤੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਸੁਣਿਆ ਕਰ,
ਤੇ ਇਸ ਤਰ੍ਹਾਂ ਜਨਮ ਮਰਨ ਵਿਚ ਪਾਣ ਵਾਲੀ ਆਤਮਕ ਮੌਤ ਦਾ ਡਰ (ਆਪਣੇ ਅੰਦਰੋਂ) ਦੂਰ ਕਰ ਲੈ ॥੩॥
ਪਰਮਾਤਮਾ ਦੇ ਸੋਹਣੇ ਚਰਨ ਆਪਣੇ ਹਿਰਦੇ ਵਿਚ ਟਿਕਾਈ ਰੱਖ।
ਹੇ ਨਾਨਕ! (ਆਖ-ਹੇ ਭਾਈ!) ਇਹ ਮਨੁੱਖਾ ਸਰੀਰ ਬੜੀ ਮੁਸ਼ਕਲ ਨਾਲ ਮਿਲਿਆ ਹੈ, ਇਸ ਨੂੰ (ਸਿਮਰਨ ਦੀ ਬਰਕਤਿ ਨਾਲ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾ ਲੈ ॥੪॥੫੧॥੧੨੦॥
(ਪਰ ਨਾਮ ਸਿਮਰਨਾ ਭੀ ਜੀਵਾਂ ਦੇ ਆਪਣੇ ਵੱਸ ਦੀ ਗੱਲ ਨਹੀਂ) ਜਿਸ ਮਨੁੱਖ ਉਤੇ ਪਰਮਾਤਮਾ ਆਪਣੀ ਮਿਹਰ ਕਰਦਾ ਹੈ,
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਹੈ ॥੧॥
(ਹੇ ਭਾਈ!) ਪਰਮਾਤਮਾ ਨੂੰ ਭੁਲਾਇਆਂ (ਦੁਨੀਆ ਦਾ) ਸਹਮ-ਦੁੱਖ (ਆਪਣਾ) ਜ਼ੋਰ ਪਾ ਲੈਂਦਾ ਹੈ,
(ਪਰ ਪ੍ਰਭੂ ਦਾ) ਨਾਮ ਸਿਮਰਿਆਂ ਹਰੇਕ ਭਟਕਣਾ ਦੂਰ ਹੋ ਜਾਂਦੀ ਹੈ, ਹਰੇਕ ਕਿਸਮ ਦਾ ਡਰ ਨੱਠ ਜਾਂਦਾ ਹੈ ॥੧॥ ਰਹਾਉ ॥
(ਪ੍ਰਭੂ ਦੀ ਕਿਰਪਾ ਨਾਲ ਜੇਹੜਾ ਮਨੁੱਖ) ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਗਾਂਦਾ ਹੈ,
(ਕੋਈ) ਦੁੱਖ ਉਸ ਮਨੁੱਖ ਦੇ ਨੇੜੇ ਨਹੀਂ ਢੁੱਕਦਾ ॥੨॥
(ਹੇ ਭਾਈ!) ਪਰਮਾਤਮਾ ਦੀ ਸੇਵਾ-ਭਗਤੀ ਕਰਦਿਆਂ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,
(ਕਿਉਂਕਿ) ਉਸ ਮਨੁੱਖ ਨੂੰ ਮਾਇਆ (ਦੀ ਤ੍ਰਿਸ਼ਨਾ ਦੀ) ਅੱਗ ਨਹੀਂ ਪੋਹ ਸਕਦੀ (ਉਸ ਦੇ ਆਤਮਕ ਜੀਵਨ ਨੂੰ ਸਾੜ ਨਹੀਂ ਸਕਦੀ) ॥੩॥
ਦਇਆ ਦੇ ਘਰ ਪਰਮਾਤਮਾ ਦਾ ਨਾਮ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਤੇ ਮੂੰਹ ਵਿਚ ਵੱਸ ਪੈਂਦਾ ਹੈ,
ਹੇ ਨਾਨਕ! ਉਸ ਮਨੁੱਖ ਨੇ (ਆਪਣੇ ਮਨ ਵਿਚੋਂ ਮਾਇਆ ਦੇ ਮੋਹ ਦੇ) ਹੋਰ ਸਾਰੇ ਜੰਜਾਲ ਲਾਹ ਦਿੱਤੇ ਹੁੰਦੇ ਹਨ ॥੪॥੫੨॥੧੨੧॥
ਇਹ ਖ਼ਿਆਲ ਛੱਡ ਦੇ ਕਿ ਤੂੰ ਬੜਾ ਸਿਆਣਾ ਤੇ ਚਤੁਰ ਹੈਂ (ਤੇ ਜੀਵਨ-ਮਾਰਗ ਨੂੰ ਆਪ ਹੀ ਸਮਝ ਸਕਦਾ ਹੈਂ)
(ਹੇ ਭਾਈ! ਤੂੰ) ਪੂਰੇ ਗੁਰੂ ਦਾ ਆਸਰਾ ਲੈ ॥੧॥
(ਹੇ ਭਾਈ!) ਪਰਮਾਤਮਾ ਦੇ ਗੁਣ ਗਾ ਕੇ ਉਸ ਨੂੰ ਸੁਖ (ਹੀ ਸੁਖ) ਮਿਲਦੇ ਹਨ ਤੇ ਉਸ ਦੇ ਸਾਰੇ ਦੇ (ਸਾਰੇ) ਦੁੱਖ ਦੂਰ ਹੋ ਜਾਂਦੇ ਹਨ,
ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ (ਤੇ ਗੁਰੂ ਦੀ ਮਿਹਰ ਨਾਲ ਜੋ ਪ੍ਰਭੂ-ਚਰਨਾਂ ਵਿਚ) ਸੁਰਤ ਜੋੜਦਾ ਹੈ ॥੧॥ ਰਹਾਉ ॥
(ਹੇ ਭਾਈ!) ਗੁਰੂ ਨੇ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਮੰਤ੍ਰ ਦਿੱਤਾ ਹੈ,
(ਉਸ ਮੰਤ੍ਰ ਦੀ ਬਰਕਤਿ ਨਾਲ ਉਸ ਦੇ ਸਾਰੇ) ਝੋਰੇ ਮਿਟ ਗਏ ਹਨ ਉਸ ਦੀ (ਹਰੇਕ ਕਿਸਮ ਦੀ) ਚਿੰਤਾ ਲਹਿ ਗਈ ਹੈ ॥੨॥
(ਹੇ ਭਾਈ!) ਦਇਆ ਦੇ ਸੋਮੇ ਗੁਰੂ ਨੂੰ ਮਿਲਿਆਂ ਆਤਮਕ ਖੁਸ਼ੀਆਂ ਪੈਦਾ ਹੋ ਜਾਂਦੀਆਂ ਹਨ,
ਗੁਰੂ ਕਿਰਪਾ ਕਰ ਕੇ (ਮਨੁੱਖ ਦੇ ਅੰਦਰੋਂ) ਆਤਮਕ ਮੌਤ ਲਿਆਉਣ ਵਾਲੀਆਂ ਮਾਇਆ ਦੇ ਮੋਹ ਦੀਆਂ ਫਾਹੀਆਂ ਕੱਟ ਦੇਂਦਾ ਹੈ ॥੩॥
ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ,
ਉਸ ਗੁਰੂ ਦੀ ਬਰਕਤਿ ਨਾਲ (ਉਸ ਮਨੁੱਖ ਉਤੇ) ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ ॥੪॥੫੩॥੧੨੨॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ) ਪੂਰੇ ਗੁਰੂ ਨੇ ਆਪ ਉਸ ਨੂੰ (ਸਦਾ ਕਾਮਾਦਿਕ ਵੈਰੀਆਂ ਤੋਂ) ਬਚਾ ਲਿਆ ਹੈ,
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹਨਾਂ ਦਾ) ਸੇਕ ਲੱਗਦਾ ਹੀ ਰਹਿੰਦਾ ਹੈ ॥੧॥
ਹੇ ਮੇਰੇ ਮਿੱਤਰੋ! ਸਦਾ (ਆਪਣੇ) ਗੁਰੂ ਨੂੰ ਚੇਤੇ ਰੱਖੋ,
(ਗੁਰੂ ਦਾ ਉਪਦੇਸ਼ ਚੇਤੇ ਰੱਖਿਆਂ) ਤੁਹਾਡੇ ਮੂੰਹ ਪਰਮਾਤਮਾ ਦੀ ਦਰਗਾਹ ਵਿਚ ਰੌਸ਼ਨ ਹੋਣਗੇ ॥੧॥ ਰਹਾਉ ॥
(ਹੇ ਭਾਈ! ਤੂੰ ਆਪਣੇ) ਹਿਰਦੇ ਵਿਚ ਗੁਰੂ ਦੇ ਚਰਨ ਵਸਾਈ ਰੱਖ।
(ਗੁਰੂ ਤੇਰੇ ਸਾਰੇ) ਦੁੱਖ-ਕਲੇਸ਼ ਨਾਸ ਕਰੇਗਾ (ਕਾਮਾਦਿਕ ਤੇਰੇ ਸਾਰੇ) ਵੈਰੀਆਂ ਨੂੰ ਮਾਰ ਮੁਕਾਏਗਾ (ਤੇਰੇ ਉਤੇ ਦਬਾਉ ਪਾਣ ਵਾਲੀ ਮਾਇਆ-) ਚੁੜੇਲ ਨੂੰ ਮੁਕਾ ਦੇਵੇਗਾ ॥੨॥
ਹੇ ਭਾਈ! ਗੁਰੂ ਦਾ ਸ਼ਬਦ ਹੀ ਤੇਰੇ ਨਾਲ (ਸਦਾ ਸਾਥ ਨਿਬਾਹੁਣ ਵਾਲਾ) ਸਾਥੀ ਹੈ।
(ਗੁਰੂ ਦਾ ਸ਼ਬਦ ਹਿਰਦੇ ਵਿਚ ਪ੍ਰੋ ਰੱਖਿਆਂ) ਸਾਰੇ ਲੋਕ ਦਇਆਵਾਨ ਹੋ ਜਾਂਦੇ ਹਨ ॥੩॥
ਜਦੋਂ ਪੂਰੇ ਗੁਰੂ ਨੇ (ਮੇਰੇ ਉਤੇ) ਮਿਹਰ ਕੀਤੀ,
ਨਾਨਕ ਆਖਦਾ ਹੈ-ਤਾਂ ਮੇਰੀ ਜੀਵਨ-ਘਾਲ ਸਫਲ ਹੋ ਗਈ (ਕਾਮਾਦਿਕ ਵੈਰੀ ਮੇਰੇ ਉੱਤੇ ਹੱਲਾ ਕਰਨੋਂ ਹਟ ਗਏ) ॥੪॥੫੪॥੧੨੩॥
ਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ,
ਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ ॥੧॥
ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ)।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ ॥੧॥ ਰਹਾਉ ॥
(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ।
ਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ ॥੨॥
(ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ।
ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿਚ ਆਉਣਾ ਵਿਅਰਥ ਹੀ ਜਾਂਦਾ ਹੈ ॥੩॥
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
ਉਹ ਸਾਧ ਸੰਗਤਿ ਵਿਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ ॥੪॥੫੫॥੧੨੪॥