ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ॥੧੭॥
(ਹੇ ਪ੍ਰਭੂ! ਮੇਰੇ ਅੰਦਰੋਂ) ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਮਸਤੀ ਤੇ ਭੈੜੀਆਂ ਵਾਸ਼ਨਾ ਦੂਰ ਕਰ!
ਹੇ ਮੇਰੇ ਪ੍ਰਭੂ! ਰੱਖਿਆ ਕਰ! ਨਾਨਕ ਤੇਰੇ ਤੋਂ ਸਦਾ ਬਲਹਾਰੀ ਹੈ ॥੧॥
ਖਾਂਦਿਆਂ ਖਾਂਦਿਆਂ ਮੂੰਹ (ਭੀ) ਘਸ ਗਿਆ ਤੇ ਪਹਿਨਦਿਆਂ ਸਾਰਾ ਸਰੀਰ ਹੀ ਲਿੱਸਾ ਹੋ ਗਿਆ (ਭਾਵ, ਇਹਨ੍ਹਾਂ ਆਹਰਾਂ ਵਿੱਚ ਜੀਵਨ ਲੰਘ ਗਿਆ),
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿਚ ਨਾਹ ਬਣਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੨॥
(ਹੇ ਪ੍ਰਭੂ! ਜਗਤ ਵਿਚ) ਉਸੇ ਤਰ੍ਹਾਂ ਵਰਤਾਰਾ ਵਰਤਦਾ ਹੈ ਜਿਵੇਂ ਤੇਰਾ ਹੁਕਮ ਹੁੰਦਾ ਹੈ।
ਜਿਥੇ ਜਿਥੇ ਤੂੰ ਆਪ (ਜੀਵਾਂ ਨੂੰ) ਰੱਖਦਾ ਹੈਂ, ਓਥੇ ਹੀ (ਜੀਵ) ਜਾ ਖਲੋਂਦੇ ਹਨ।
ਜੋ ਜੀਵ ਤੇਰੇ ਨਾਮ ਦੇ ਪਿਆਰ ਵਿਚ (ਰਹਿੰਦੇ) ਹਨ ਉਹ ਭੈੜੀ ਮੱਤ ਧੋ ਲੈਂਦੇ ਹਨ,
ਤੇ, ਹੇ ਨਿਰੰਕਾਰ! ਤੈਨੂੰ ਸਿਮਰ ਸਿਮਰ ਕੇ ਭਟਕਣਾ ਤੇ ਡਰ ਦੂਰ ਕਰ ਲੈਂਦੇ ਹਨ।
ਜੋ ਮਨੁੱਖ ਤੇਰੇ ਪਿਆਰ ਵਿਚ ਰੰਗੇ ਜਾਂਦੇ ਹਨ ਉਹ ਜੂਨਾਂ ਵਿਚ ਨਹੀਂ ਪਾਏ ਜਾਂਦੇ,
ਅੰਦਰ ਬਾਹਰ (ਹਰ ਥਾਂ) ਉਹ ਇਕ (ਤੈਨੂੰ ਹੀ) ਅੱਖਾਂ ਨਾਲ ਵੇਖਦੇ ਹਨ।
ਜਿਨ੍ਹਾਂ ਨੇ ਪ੍ਰਭੂ ਦਾ ਹੁਕਮ ਪਛਾਣਿਆ ਹੈ ਉਹ ਕਦੇ ਪਛੁਤਾਂਦੇ ਨਹੀਂ,
ਤੇ, ਹੇ ਨਾਨਕ! ਪ੍ਰਭੂ ਦਾ ਨਾਮ-ਰੂਪ ਬਖ਼ਸ਼ੀਸ਼ (ਸਦਾ ਆਪਣੇ) ਮਨ ਵਿਚ ਪਰੋਈ ਰੱਖਦੇ ਹਨ ॥੧੮॥
ਜਿਤਨਾ ਚਿਰ ਜੀਊਂਦਾ ਰਿਹਾ ਰੱਬ ਨੂੰ ਯਾਦ ਨਾਹ ਕੀਤਾ, ਮਰ ਗਿਆ ਤਾਂ ਮਿੱਟੀ ਵਿਚ ਰਲ ਗਿਆ;
ਤੇ, ਹੇ ਨਾਨਕ! ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਗੰਦੇ ਮਨੁੱਖ ਨੇ ਦੁਨੀਆ ਨਾਲ ਹੀ (ਜੀਵਨ ਅਜਾਈਂ) ਗੁਜ਼ਾਰ ਦਿੱਤਾ ॥੧॥
ਜਿਸ ਨੇ ਜੀਊਂਦਿਆਂ (ਸਾਰੀ ਉਮਰ) ਪਰਮਾਤਮਾ ਨੂੰ ਯਾਦ ਰੱਖਿਆ, ਤੇ ਮਰਨ ਵੇਲੇ ਭੀ ਪ੍ਰਭੂ ਦੇ ਪਿਆਰ ਵਿਚ ਰਿਹਾ,
ਹੇ ਨਾਨਕ! ਉਸ ਨੇ ਇਹ ਮਨੁੱਖਾ ਜੀਵਨ-ਰੂਪ ਅਮੋਲਕ ਚੀਜ਼ (ਸੰਸਾਰ-ਸਮੁੰਦਰ ਵਿਚ ਰੁੜ੍ਹਨੋਂ) ਬਚਾ ਲਈ ਹੈ ॥੨॥
ਪਰਮਾਤਮਾ ਸਦਾ ਤੋਂ ਹੀ ਆਪ (ਸਭ ਦੀ) ਰੱਖਿਆ ਕਰਦਾ ਆਇਆ ਹੈ।
ਉਸ ਕਰਤਾਰ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਉਹ ਹਰ ਥਾਂ ਮੌਜੂਦ ਹੈ।
ਕੋਈ ਥਾਂ ਉਸ ਤੋਂ ਖ਼ਾਲੀ ਨਹੀਂ; ਹਰੇਕ ਇਕ ਸਰੀਰ ਵਿਚ ਆਪੇ ਹੀ ਮੌਜੂਦ ਹੈ।
ਸਭ ਜੀਵਾਂ ਤੇ ਮੇਹਰ ਕਰਦਾ ਹੈ, ਸਭ ਕੁਝ ਕਰਨ-ਜੋਗਾ ਹੈ, ਉਹ ਆਪ ਹੀ (ਜੀਵਾਂ ਪਾਸੋਂ ਸਿਮਰਨ ਦੀ) ਕਮਾਈ ਕਰਾਂਦਾ ਹੈ।
ਜਿਨ੍ਹਾਂ ਬੰਦਿਆਂ ਦੇ ਮਨ ਵਿਚ (ਪ੍ਰਭੂ) ਆ ਵੱਸਦਾ ਹੈ ਉਹ ਸਦਾ ਸੁਖੀ ਰਹਿੰਦੇ ਹਨ।
(ਪ੍ਰਭੂ) ਆਪ ਹੀ ਜਗਤ ਪੈਦਾ ਕਰ ਕੇ ਆਪ ਹੀ ਇਸ ਦੀ ਪਾਲਣਾ ਕਰ ਰਿਹਾ ਹੈ।
ਉਹ ਬੇਅੰਤ ਹੈ, ਅਪਾਰ ਹੈ, ਸਭ ਕੁਝ ਆਪ ਹੀ ਆਪ ਹੈ।
ਹੇ ਨਾਨਕ! (ਜਿਸ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ ॥੧੯॥
(ਵਿਘਨਾਂ ਵਿਕਾਰਾਂ ਤੋਂ) ਪਰਮੇਸਰ ਨੇ ਆਪ ਸਦਾ ਹੀ (ਸ਼ੁਰੂ ਤੋਂ ਲੈ ਕੇ ਹੁਣ ਤਕ, ਆਪਣੇ ਸੇਵਕ ਨੂੰ) ਬਚਾਇਆ ਹੈ।
ਸਤਿਗੁਰੂ ਨੇ ਪ੍ਰਭੂ ਨਾਮ ਦਿੱਤਾ ਹੈ ਤੇ ਸੇਵਕ ਨੇ ਨਾਮ-ਅੰਮ੍ਰਿਤ ਚੱਖਿਆ ਹੈ,
ਤੇ (ਉਸ ਨੂੰ) ਅਮੋਲਕ ਸਤ-ਸੰਗ (ਮਿਲਿਆ ਹੈ, ਜਿਥੇ) ਹਰ ਵੇਲੇ (ਉਹ ਸੇਵਕ) ਹਰੀ ਦੇ ਗੁਣ ਚੇਤੇ ਕਰਦਾ ਹੈ।
ਇੰਜ ਉਸ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ (ਭਾਵ, ਸਾਰੀਆਂ ਵਾਸ਼ਨਾਂ ਮਿਟ ਜਾਂਦੀਆਂ ਹਨ, ਤੇ) ਉਹ ਜੂਨਾਂ ਵਿਚ ਨਹੀਂ ਭਟਕਦਾ।
ਪਰ ਇਹ ਸਾਰੀ ਮੇਹਰ ਕਰਤਾਰ ਦੇ ਹੱਥ ਵਿਚ ਹੈ, ਜੋ ਉਹੀ ਆਪ (ਆਪਣੇ ਲਈ ਸਿਮਰਨ ਦਾ) ਵਸੀਲਾ ਪੈਦਾ ਕਰਦਾ ਹੈ।
ਨਾਨਕ ਇਹ ਦਾਨ ਮੰਗਦਾ ਹੈ ਕਿ (ਨਾਨਕ ਭੀ) ਸੰਤਾਂ ਦੀ ਚਰਨ-ਧੂੜ ਲੈ ਕੇ (ਭਾਵ, ਸਾਧ ਸੰਗਤ ਵਿਚ ਰਹਿ ਕੇ, ਇਸ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏ ॥੧॥
ਉਸ (ਪ੍ਰਭੂ) ਨੂੰ (ਆਪਣੇ) ਮਨ ਵਿਚ ਵਸਾ ਜਿਸ ਨੇ (ਤੈਨੂੰ) ਪੈਦਾ ਕੀਤਾ ਹੈ।
ਜਿਸ ਮਨੁੱਖ ਨੇ ਖਸਮ (-ਪ੍ਰਭੂ) ਨੂੰ ਸਿਮਰਿਆ ਹੈ ਉਸ ਨੇ ਸੁਖ ਪਾਇਆ ਹੈ,
ਤੇ ਉਸ ਗੁਰਮੁਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ, ਉਸ ਦੀ ਜ਼ਿੰਦਗੀ ਕਾਮਯਾਬ ਹੋ ਗਈ ਹੈ।
ਖਸਮ (ਪ੍ਰਭੂ ਨੇ) ਜੋ ਹੁਕਮ ਦਿੱਤਾ, ਉਸ ਹੁਕਮ ਨੂੰ ਸਮਝ ਕੇ ਉਹ (ਗੁਰਮੁਖ) ਸਦਾ ਖਿੜਿਆ ਰਹਿੰਦਾ ਹੈ।
ਜਿਸ ਮਨੁੱਖ ਤੇ ਪ੍ਰਭੂ ਆਪ ਮੇਹਰਵਾਨ ਹੋਇਆ ਹੈ ਉਹ ਭਟਕਣਾ ਵਿਚ ਨਹੀਂ ਪੈਂਦਾ।
ਖਸਮ (-ਪ੍ਰਭੂ) ਨੇ ਜੋ ਕੁਝ ਉਸ ਨੂੰ ਦਿੱਤਾ, ਉਹ ਉਸ ਨੂੰ ਸੁਖ ਹੀ ਪ੍ਰਤੀਤ ਹੋਇਆ ਹੈ।
ਹੇ ਨਾਨਕ! ਜਿਸ ਮਨੁੱਖ ਤੇ ਮਿੱਤਰ (ਪ੍ਰਭੂ) ਮੇਹਰਵਾਨ ਹੁੰਦਾ ਹੈ ਉਸ ਨੂੰ ਆਪਣੇ ਹੁਕਮ ਦੀ ਸੂਝ ਬਖ਼ਸ਼ਦਾ ਹੈ,
ਪਰ, ਜਿਸ ਜਿਸ ਜੀਵ ਨੂੰ ਭੁੱਲ ਵਿਚ ਪਾਂਦਾ ਹੈ ਉਹ ਨਿੱਤ ਮੁੜ ਮੁੜ ਮਰਦੇ ਜੰਮਦੇ ਰਹਿੰਦੇ ਹਨ ॥੨॥
(ਗੁਰਮੁਖਾਂ ਦੀ) ਨਿੰਦਿਆ ਕਰਨ ਵਾਲਿਆਂ ਨੂੰ ਪ੍ਰਭੂ ਝੱਟ-ਪੱਟ ਹੀ ਮਾਰ ਦਿਤਾ ਹੈ ਤੇ ਇਕ ਪਲ ਵੀ ਟਿਕਣ ਨਹੀਂ ਦਿਤਾ (ਇਕ ਪਲ ਭਰ ਭੀ ਸ਼ਾਂਤੀ ਨਹੀਂ ਕਰਨ ਦਿੱਤੀ)।
ਪ੍ਰਭੂ ਜੀ ਆਪਣੇ ਦਾਸਾਂ ਦਾ ਦੁੱਖ ਸਹਾਰ ਨਹੀਂ ਸਕਦੇ (ਭਾਵ, ਪ੍ਰਭੂ ਦੀ ਬੰਦਗੀ ਕਰਨ ਵਾਲਿਆਂ ਨੂੰ ਕੋਈ ਦੁੱਖ ਵਿਕਾਰ ਨਹੀਂ ਪੋਂਹਦਾ), ਪਰ ਨਿੰਦਕਾਂ ਨੂੰ ਪ੍ਰਭੂ ਨੇ ਜੂਨ ਵਿਚ ਪਾ ਦਿੱਤਾ ਹੈ।