ਜਿੱਥੇ (ਸਾਧ ਸੰਗਤ ਵਿਚ) ਸ੍ਰਿਸ਼ਟੀ ਦੇ ਰੱਖਿਅਕ ਖਸਮ-ਪ੍ਰਭੂ ਦੇ ਭਗਤ-ਜਨ (ਰਹਿੰਦੇ ਹਨ)।
(ਉਥੇ ਸਾਧ ਸੰਗਤ ਵਿਚ ਜਿਹੜੇ ਮਨੁੱਖ ਟਿਕਦੇ ਹਨ, ਉਹਨਾਂ ਉੱਤੇ) ਜਗਤ-ਰੱਖਿਅਕ ਪ੍ਰਭੂ ਜੀ ਬਹੁਤ ਤ੍ਰੁੱਠਦੇ ਹਨ,
(ਉਹਨਾਂ ਦੇ) ਅਨੇਕਾਂ ਜਨਮਾਂ ਦੇ ਬੇ-ਥਵ੍ਹੇ-ਪਨ ਮਿਟ ਜਾਂਦੇ ਹਨ ॥੫॥
(ਉਸ ਨੇ, ਮਾਨੋ, ਅਨੇਕਾਂ) ਹੋਮ ਜੱਗ (ਕਰ ਲਏ। ਉਸ ਨੇ, ਮਾਨੋ,) ਉਲਟੇ ਲਟਕ ਕੇ ਤਪ (ਕਰ ਲਏ। ਉਸ ਨੇ, ਮਾਨੋ, ਦੇਵ) ਪੂਜਾ (ਕਰ ਲਈ),
(ਉਸ ਨੇ ਮਾਨੋ) ਕ੍ਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ,
(ਸਾਧ ਸੰਗਤ ਦੀ ਬਰਕਤਿ ਨਾਲ ਜਿਹੜਾ ਮਨੁੱਖ) ਪਰਮਾਤਮਾ ਦੇ ਸੋਹਣੇ ਚਰਨ ਨਿਮਖ ਨਿਮਖ (ਹਰ ਵੇਲੇ) ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ,
ਉਹ ਮਨੁੱਖ ਗੋਬਿੰਦ ਦਾ ਨਾਮ ਜਪਦਿਆਂ (ਅਪਣੇ) ਸਾਰੇ ਕੰਮ ਸੰਵਾਰ ਲੈਂਦਾ ਹੈ ॥੬॥
(ਸਾਧ ਸੰਗਤ ਦੀ ਬਰਕਤਿ ਨਾਲ ਇਹ ਸਮਝ ਆ ਜਾਂਦੀ ਹੈ ਕਿ) ਪਰਮਾਤਮਾ ਦਾ ਟਿਕਾਣਾ ਬਹੁਤ ਹੀ ਉੱਚਾ ਹੈ (ਬਹੁਤ ਹੀ ਉੱਚਾ ਆਤਮਕ ਜੀਵਨ ਹੀ ਉਸ ਦੇ ਚਰਨਾਂ ਨਾਲ ਮਿਲਾ ਸਕਦਾ ਹੈ)।
ਪ੍ਰਭੂ ਦੇ ਭਗਤ ਆਤਮਕ ਅਡੋਲਤਾ ਵਿਚ (ਉਸ ਪ੍ਰਭੂ ਵਿਚ) ਸੁਰਤ ਜੋੜੀ ਰੱਖਦੇ ਹਨ।
ਉਸ ਪ੍ਰਭੂ ਦੇ ਦਾਸਾਂ ਦੇ ਦਾਸਾਂ ਦੀ ਚਰਨ-ਧੂੜ ਮੈਂ (ਭੀ) ਲੋਚਦਾ ਰਹਿੰਦਾ ਹਾਂ,
ਜਿਹੜਾ ਪ੍ਰਭੂ-ਪ੍ਰੀਤਮ ਸਾਰੀਆਂ ਤਾਕਤਾਂ ਦਾ ਮਾਲਕ ਹੈ ਜੋ ਸਭ ਥਾਈਂ ਮੌਜੂਦ ਹੈ ॥੭॥
ਹੇ ਪ੍ਰਭੂ! ਤੂੰ ਹੀ ਮੇਰੀ ਮਾਂ ਹੈਂ ਮੇਰਾ ਪਿਉ ਹੈਂ ਪ੍ਰੀਤਮ ਹੈਂ ਮੇਰੇ ਹਰ ਵੇਲੇ ਨੇੜੇ ਰਹਿੰਦਾ ਹੈਂ।
ਹੇ ਪ੍ਰਭੂ! ਤੂੰ ਹੀ ਮੇਰਾ ਮਿੱਤਰ ਹੈਂ, ਮੇਰਾ ਸੱਜਣ ਹੈਂ, ਮੈਨੂੰ ਤੇਰਾ ਹੀ ਸਹਾਰਾ ਹੈ।
ਹੇ ਪ੍ਰਭੂ! ਆਪਣੇ ਦਾਸਾਂ ਨੂੰ (ਉਹਨਾਂ ਦਾ) ਹੱਥ ਫੜ ਕੇ ਤੂੰ ਆਪਣੇ ਬਣਾ ਲੈਂਦਾ ਹੈਂ।
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰਾ ਦਾਸ) ਨਾਨਕ (ਤੇਰਾ ਨਾਮ) ਜਪ ਕੇ (ਹੀ) ਆਤਮਕ ਜੀਵਨ ਹਾਸਲ ਕਰ ਰਿਹਾ ਹੈ ॥੮॥੩॥੨॥੭॥੧੨॥
ਰਾਗ ਪ੍ਰਭਾਤੀ/ਬਿਭਾਗ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਉਸ ਮਨੁੱਖ ਦਾ) ਇਹ ਤੌਖਲਾ ਮੁੱਕ ਜਾਂਦਾ ਹੈ ਕਿ ਜਨਮ ਮਰਨ ਦੇ ਗੇੜ ਵਿਚ ਪੈਣਾ ਪਏਗਾ,
ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ (ਉਸ ਦੇ ਅੰਦਰ) ਆਤਮਕ ਅਡੋਲਤਾ ਦਾ ਪ੍ਰਕਾਸ਼ ਕਰ ਦੇਂਦਾ ਹੈ ॥੧॥
(ਉਸ ਮਨੁੱਖ ਦੇ ਅੰਦਰ) ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਤੇ (ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ) ਹਨੇਰਾ ਮਿਟ ਜਾਂਦਾ ਹੈ,
ਜਿਸ ਮਨੁੱਖ ਨੂੰ (ਪ੍ਰਭੂ ਦੇ ਨਾਮ ਵਿਚ) ਸੁਰਤ ਜੋੜਦਿਆਂ ਜੋੜਦਿਆਂ ਨਾਮ ਰਤਨ ਲੱਭ ਪੈਂਦਾ ਹੈ ॥੧॥ ਰਹਾਉ ॥
ਜਿਸ ਮਨ ਵਿਚ (ਪ੍ਰਭੂ ਦੇ ਮੇਲ ਦਾ) ਅਨੰਦ ਬਣ ਜਾਏ ਤੇ (ਦੁਨੀਆ ਵਾਲਾ) ਦੁੱਖ ਕਲੇਸ਼ ਨਾਸ ਹੋ ਜਾਏ,
ਉਹ ਮਨ (ਪ੍ਰਭੂ-ਚਰਨਾਂ ਵਿਚ) ਜੁੜਨ ਦੀ ਬਰਕਤਿ ਨਾਲ ਮੋਤੀ (ਵਰਗਾ ਕੀਮਤੀ) ਬਣ ਕੇ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ ॥੨॥
ਹੇ ਪ੍ਰਭੂ! ਜਗਤ ਵਿਚ ਜੋ ਕੁਝ ਹੋ ਰਿਹਾ ਹੈ ਤੇਰੀ ਰਜ਼ਾ ਹੋ ਰਹੀ ਹੈ,
(ਤੇਰੇ ਨਾਮ ਵਿਚ ਸੁਰਤ ਜੋੜਦਿਆਂ ਜੋੜਦਿਆਂ) ਜਿਸ ਮਨੁੱਖ ਨੂੰ ਇਹ ਸੂਝ ਪੈ ਜਾਂਦੀ ਹੈ, ਉਹ ਮਨੁੱਖ ਸਦਾ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ (ਉਸ ਨੂੰ ਕਦੇ ਕੋਈ ਤੌਖਲਾ ਨਹੀਂ ਹੁੰਦਾ) ॥੩॥
ਕਬੀਰ ਆਖਦਾ ਹੈ ਕਿ ਉਸ ਮਨੁੱਖ ਦੇ ਪਾਪ ਨਾਸ ਹੋ ਜਾਂਦੇ ਹਨ,
ਉਸ ਦਾ ਮਨ ਜਗਤ-ਦੇ-ਜੀਵਨ ਪ੍ਰਭੂ ਵਿਚ ਮਗਨ ਰਹਿੰਦਾ ਹੈ ॥੪॥੧॥
ਜੇ (ਉਹ) ਇਕ ਖ਼ੁਦਾ (ਸਿਰਫ਼) ਕਾਹਬੇ ਵਿਚ ਵੱਸਦਾ ਹੈ ਤਾਂ ਬਾਕੀ ਦਾ ਮੁਲਕ ਕਿਸ ਦਾ (ਕਿਹਾ ਜਾਏ)? (ਸੋ, ਮੁਸਲਮਾਨ ਦਾ ਇਹ ਅਕੀਦਾ ਠੀਕ ਨਹੀਂ ਹੈ)।
ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਸਮਝਦਾ ਹੈ; (ਇਸ ਤਰ੍ਹਾਂ ਹਿੰਦੂ ਮੁਸਲਮਾਨ) ਦੋਹਾਂ ਵਿਚੋਂ ਕਿਸੇ ਨੇ ਪਰਮਾਤਮਾ ਨੂੰ ਨਹੀਂ ਵੇਖਿਆ ॥੧॥
ਹੇ ਅੱਲਾਹ! ਹੇ ਰਾਮ! (ਮੈਂ ਤੈਨੂੰ ਇਕ ਹੀ ਜਾਣ ਕੇ) ਤੇਰਾ ਨਾਮ ਸਿਮਰ ਕੇ ਜੀਵਾਂ (ਆਤਮਕ ਜੀਵਨ ਹਾਸਲ ਕਰਾਂ)
ਹੇ ਸਾਈਂ! ਤੂੰ ਮੇਰੇ ਉੱਤੇ ਮਿਹਰ ਕਰ ॥੧॥ ਰਹਾਉ ॥
(ਹਿੰਦੂ ਆਖਦਾ ਹੈ ਕਿ) ਹਰੀ ਦਾ ਨਿਵਾਸ ਦੱਖਣ ਦੇਸ ਵਿਚ (ਜਗਨ ਨਾਥ ਪੁਰੀ ਵਿਚ) ਹੈ, ਮੁਸਲਮਾਨ ਆਖਦਾ ਹੈ ਕਿ ਖ਼ੁਦਾ ਦਾ ਘਰ ਪੱਛਮ ਵਲ (ਕਾਹਬੇ ਵਿਚ) ਹੈ।
(ਪਰ ਹੇ ਸੱਜਣ!) ਆਪਣੇ ਦਿਲ ਵਿਚ (ਰੱਬ ਨੂੰ) ਭਾਲ, ਸਿਰਫ਼ ਦਿਲ ਵਿਚ ਹੀ ਲੱਭ, ਇਹ ਦਿਲ ਹੀ ਉਸ ਦਾ ਨਿਵਾਸ ਥਾਂ ਹੈ, ਉਸ ਦਾ ਮੁਕਾਮ ਹੈ ॥੨॥
ਬ੍ਰਾਹਮਣ ਚੌਵੀ ਇਕਾਦਸ਼ੀਆਂ (ਦੇ ਵਰਤ ਰੱਖਣ ਦੀ ਆਗਿਆ) ਕਰਦੇ ਹਨ, ਕਾਜ਼ੀ ਰਮਜ਼ਾਨ ਦੇ ਮਹੀਨੇ (ਰੋਜ਼ੇ ਰੱਖਣ ਦੀ ਹਿਦਾਇਤ) ਕਰਦੇ ਹਨ।
ਇਹ ਲੋਕ (ਬਾਕੀ ਦੇ) ਗਿਆਰਾਂ ਮਹੀਨੇ ਲਾਂਭੇ ਹੀ ਰੱਖ ਦੇਂਦੇ ਹਨ, ਤੇ (ਕੋਈ) ਖ਼ਜ਼ਾਨਾ ਇੱਕੋ ਹੀ ਮਹੀਨੇ ਵਿਚੋਂ ਲੱਭਦੇ ਹਨ ॥੩॥
(ਜੇ ਦਿਲ ਵਿਚ ਫ਼ਰੇਬ ਹੈ) ਤਾਂ ਨਾਹ ਤਾਂ ਉਡੀਸੇ ਜਗਨ ਨਾਥ ਪੁਰੀ ਵਿਚ ਇਸ਼ਨਾਨ ਕਰਨ ਦਾ ਕੋਈ ਲਾਭ ਹੈ, ਨਾਹ ਮਸੀਤ ਵਿਚ ਜਾ ਕੇ ਸਿਜਦਾ ਕਰਨ ਦਾ ਫ਼ਾਇਦਾ ਹੈ।
(ਅਸਲ ਗੱਲ ਇਹ ਹੈ ਕਿ) ਜੇ ਦਿਲ ਵਿਚ ਠੱਗੀ ਫ਼ਰੇਬ ਵੱਸਦਾ ਹੈ, (ਤਾਂ) ਨਾਹ ਨਮਾਜ਼ ਪੜ੍ਹਨ ਦਾ ਲਾਭ ਹੈ, ਨਾਹ ਹੀ ਕਾਹਬੇ ਦਾ ਹੱਜ ਕਰਨ ਦਾ ਕੋਈ ਗੁਣ ਹੈ ॥੪॥
ਹੇ ਪ੍ਰਭੂ! ਇਹ ਸਾਰੇ ਇਸਤ੍ਰੀ ਮਰਦ ਜੋ ਤੂੰ ਪੈਦਾ ਕੀਤੇ ਹਨ, ਇਹ ਸਭ ਤੇਰਾ ਹੀ ਰੂਪ ਹਨ (ਤੂੰ ਹੀ ਆਪ ਇਹਨਾਂ ਵਿਚ ਵੱਸਦਾ ਹੈਂ)।
ਤੂੰ ਹੀ, ਹੇ ਪ੍ਰਭੂ! ਅੱਲਾਹ ਹੈਂ ਤੇ ਰਾਮ ਹੈਂ। ਮੈਂ ਕਬੀਰ ਤੇਰਾ ਅੰਞਾਣ ਬੱਚਾ ਹਾਂ, (ਤੇਰੇ ਭੇਜੇ ਹੋਏ) ਅਵਤਾਰ ਪੈਗ਼ੰਬਰ ਮੈਨੂੰ ਸਭ ਆਪਣੇ ਦਿੱਸਦੇ ਹਨ ॥੫॥
ਕਬੀਰ ਆਖਦਾ ਹੈ ਕਿ ਹੇ ਨਰ ਨਾਰੀਓ! ਸੁਣੋ, ਇਕ ਪਰਮਾਤਮਾ ਦੀ ਸ਼ਰਨ ਪਵੋ (ਉਹੀ ਅੱਲਾਹ ਹੈ, ਉਹੀ ਰਾਮ ਹੈ)।
ਹੇ ਬੰਦਿਓ! ਸਿਰਫ਼ ਨਾਮ ਜਪੋ, ਯਕੀਨ ਨਾਲ ਜਾਣੋ, ਤਾਂ ਹੀ (ਸੰਸਾਰ-ਸਾਗਰ ਤੋਂ) ਤਰ ਸਕੋਗੇ ॥੬॥੨॥
ਸਭ ਤੋਂ ਪਹਿਲਾਂ ਖ਼ੁਦਾ ਦਾ ਨੂਰ ਹੀ ਹੈ ਜਿਸ ਨੇ (ਜਗਤ) ਪੈਦਾ ਕੀਤਾ ਹੈ, ਇਹ ਸਾਰੇ ਜੀਅ-ਜੰਤ ਰੱਬ ਦੀ ਕੁਦਰਤ ਦੇ ਹੀ ਬਣਾਏ ਹੋਏ ਹਨ।
ਇਕ ਪ੍ਰਭੂ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। (ਤਾਂ ਫਿਰ ਕਿਸੇ ਜਾਤ ਮਜ਼ਹਬ ਦੇ ਭੁਲੇਖੇ ਵਿਚ ਪੈ ਕੇ) ਕਿਸੇ ਨੂੰ ਚੰਗਾ ਤੇ ਕਿਸੇ ਨੂੰ ਮੰਦਾ ਨਾਹ ਸਮਝੋ ॥੧॥