ਜਿਨ੍ਹਾਂ ਪਦਾਰਥਾਂ ਦੇ ਇਕੱਠੇ ਕਰਦਿਆਂ (ਮਨੁੱਖ ਦੇ ਮਨ ਦੇ ਅਨੇਕਾਂ) ਵਿਕਾਰ ਪੈਦਾ ਹੁੰਦੇ ਰਹਿੰਦੇ ਹਨ,
(ਜਦੋਂ ਅੰਤ ਸਮਾ ਆਉਂਦਾ ਹੈ, ਤਾਂ) ਮੂਰਖ ਇਕ ਖਿਨ ਵਿਚ ਹੀ ਉਹਨਾਂ (ਪਦਾਰਥਾਂ) ਨੂੰ ਛੱਡ ਕੇ (ਇਥੋਂ) ਤੁਰ ਪੈਂਦਾ ਹੈ ॥੫॥
(ਪਰਮਾਤਮਾ ਦਾ ਸਿਮਰਨ ਭੁਲਾ ਕੇ ਮਨੁੱਖ) ਮਾਇਆ ਦੇ ਮੋਹ ਦੇ ਕਾਰਨ ਬਹੁਤ ਭਟਕਦਾ ਫਿਰਦਾ ਹੈ,
(ਪਿਛਲੇ) ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਮਨੁੱਖ ਹੋਰ ਉਹੋ ਜਿਹੇ ਹੀ) ਕਰਮ ਕਰੀ ਜਾਂਦਾ ਹੈ।
ਸਭ ਕੁਝ ਕਰਨ ਦੇ ਸਮਰੱਥ ਪਰਮਾਤਮਾ ਆਪ ਨਿਰਲੇਪ ਹੈ (ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ)।
ਪ੍ਰਭੂ ਉੱਤੇ ਨਾਹ ਤਾਂ (ਜੀਵਾਂ ਦੇ ਮਿਥੇ ਹੋਏ) ਪੁੰਨ ਕਰਮਾਂ (ਦੇ ਕੀਤੇ ਜਾਣ ਤੋਂ ਪੈਦਾ ਹੋਣ ਵਾਲੇ ਅਹੰਕਾਰ ਆਦਿਕ) ਦਾ ਅਸਰ ਹੁੰਦਾ ਹੈ, ਨਾਹ ਕਿਸੇ ਪਾਪ ਦੇ ਕਾਰਨ (ਭਾਵ, ਉਸ ਪ੍ਰਭੂ ਨੂੰ ਨਾਹ ਅਹੰਕਾਰ ਨਾਹ ਵਿਕਾਰ ਆਪਣੇ ਅਸਰ ਹੇਠ ਲਿਆ ਸਕਦਾ ਹੈ) ॥੬॥
ਹੇ ਦਇਆ ਦੇ ਸੋਮੇ ਗੋਬਿੰਦ! ਮੇਰੀ ਰੱਖਿਆ ਕਰ।
ਹੇ ਸਰਬ-ਵਿਆਪਕ! ਹੇ ਕਿਰਪਾਲ! ਮੈਂ ਤੇਰੀ ਸਰਨ ਆਇਆ ਹਾਂ।
ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ।
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣਾ ਨਾਮ ਬਖ਼ਸ਼ ॥੭॥
(ਹੇ ਪ੍ਰਭੂ!) ਤੂੰ (ਸਭ ਜੀਵਾਂ ਨੂੰ) ਪੈਦਾ ਕਰਨ ਵਾਲਾ ਹੈਂ, ਤੂੰ ਸਭ ਕੁਝ ਕਰਨ ਦੀ ਸਮਰਥਾ ਰੱਖਦਾ ਹੈਂ,
ਤੂੰ ਸਭ ਤੋਂ ਉੱਚਾ ਹੈਂ, ਤੂੰ ਬੜਾ ਬੇਅੰਤ ਹੈਂ,
ਮਿਹਰ ਕਰ (ਸਾਨੂੰ) ਆਪਣੇ ਲੜ ਨਾਲ ਲਾਈ ਰੱਖ।
ਹੇ ਨਾਨਕ! ਪ੍ਰਭੂ ਦੇ ਦਾਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ (ਅਤੇ ਇਉਂ ਅਰਜ਼ੋਈ ਕਰਦੇ ਰਹਿੰਦੇ ਹਨ) ॥੮॥੨॥
ਰਾਗ ਬਸੰਤੁ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਵਾਰ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪਰਮਾਤਮਾ ਦਾ ਨਾਮ ਸਿਮਰ ਕੇ ਆਤਮਕ ਜੀਵਨ ਵਾਲਾ ਬਣ ਜਾ (ਜਿਵੇਂ ਪਾਣੀ ਮਿਲਣ ਨਾਲ ਰੁੱਖ ਨੂੰ ਹਰਿਆਵਲ ਮਿਲ ਜਾਂਦੀ ਹੈ)।
(ਨਾਮ ਜਪਣ ਵਾਸਤੇ ਮਨੁੱਖਾ ਜਨਮ ਦਾ) ਇਹ ਸੋਹਣਾ ਸਮਾ (ਪੂਰਬਲੇ ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ) ਲਿਖੇ ਬਖ਼ਸ਼ਸ਼ ਦੇ ਲੇਖ ਦੇ ਉੱਘੜਨ ਨਾਲ ਹੀ ਮਿਲਦਾ ਹੈ।
(ਜਿਵੇਂ ਵਰਖਾ ਨਾਲ) ਜੰਗਲ ਬਨਸਪਤੀ ਸਾਰਾ ਜਗਤ ਖਿੜ ਪੈਂਦਾ ਹੈ, (ਤਿਵੇਂ ਉਸ ਮਨੁੱਖ ਦਾ ਲੂੰ ਲੂੰ ਖਿੜ ਪੈਂਦਾ ਹੈ ਜੋ) ਅੰਮ੍ਰਿਤ ਨਾਮ-ਰੂਪ ਫਲ ਹਾਸਲ ਕਰ ਲੈਂਦਾ ਹੈ।
ਗੁਰੂ ਨੂੰ ਮਿਲ ਕੇ (ਉਸ ਦੇ ਹਿਰਦੇ ਵਿਚ) ਸੁਖ ਪੈਦਾ ਹੁੰਦਾ ਹੈ, ਉਸ ਦੇ ਮਨ ਦੀ ਮੈਲ ਲਹਿ ਜਾਂਦੀ ਹੈ।
ਨਾਨਕ (ਭੀ) ਪ੍ਰਭੂ ਦਾ ਹੀ ਨਾਮ ਸਿਮਰਦਾ ਹੈ (ਤੇ ਜੋ ਮਨੁੱਖ ਸਿਮਰਦਾ ਹੈ ਉਸ ਨੂੰ) ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਭਟਕਣਾ ਨਹੀਂ ਪੈਂਦਾ ॥੧॥
ਜਿਸ ਮਨੁੱਖ ਨੇ (ਪ੍ਰਭੂ ਦਾ ਸਿਮਰਨ-ਰੂਪ) ਸੱਚੀ ਭੇਟਾ (ਪ੍ਰਭੂ ਦੀ ਹਜ਼ੂਰੀ ਵਿਚ) ਪੇਸ਼ ਕੀਤੀ ਹੈ, ਪ੍ਰਭੂ ਨੇ ਉਸ ਦੇ ਕਾਮਾਦਿਕ ਪੰਜੇ ਹੀ ਵੱਡੇ ਬਲੀ ਵਿਕਾਰ ਬੰਨ੍ਹ ਦਿੱਤੇ ਹਨ,
ਦਿਆਲ ਪ੍ਰਭੂ ਨੇ ਵਿਚ ਖਲੋ ਉਸ ਦੇ ਹਿਰਦੇ ਵਿਚ ਆਪਣੇ ਚਰਨ ਟਿਕਾਏ ਭਾਵ ਆਪ ਨਾਮ ਜਪਾਇਆ ਹੈ,
(ਜਿਸ ਕਰਕੇ) ਉਸ ਦੇ ਸਾਰੇ ਹੀ ਰੋਗ ਤੇ ਸਹਸੇ ਮਿਟ ਜਾਂਦੇ ਹਨ, ਉਹ ਸਦਾ ਪਵਿਤ੍ਰ-ਆਤਮਾ ਤੇ ਅਰੋਗ ਰਹਿੰਦਾ ਹੈ।
ਉਹ ਮਨੁੱਖ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਸ ਨੂੰ ਜਨਮ ਮਰਨ ਦਾ ਗੇੜ ਨਹੀਂ ਲਾਣਾ ਪੈਂਦਾ।
ਹੇ ਨਾਨਕ! ਜਿਸ ਪਰਮਾਤਮਾ ਤੋਂ ਉਹ ਪੈਦਾ ਹੋਇਆ ਸੀ (ਸਿਮਰਨ ਦੀ ਬਰਕਤਿ ਨਾਲ) ਉਸੇ ਦਾ ਰੂਪ ਹੋ ਜਾਂਦਾ ਹੈ ॥੨॥
(ਕੋਈ ਨਹੀਂ ਦੱਸ ਸਕਦਾ ਕਿ) ਪ੍ਰਭੂ ਕਿਥੋਂ ਪੈਦਾ ਹੁੰਦਾ ਹੈ ਕਿਥੇ ਰਹਿੰਦਾ ਹੈ ਤੇ ਕਿਥੇ ਲੀਨ ਹੋ ਜਾਂਦਾ ਹੈ।
ਸਾਰੇ ਜੀਵ ਖਸਮ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਕੋਈ ਭੀ (ਆਪਣੇ ਪੈਦਾ ਕਰਨ ਵਾਲੇ ਦੇ ਗੁਣਾਂ ਦਾ) ਮੁੱਲ ਨਹੀਂ ਪਾ ਸਕਦਾ।
ਜੋ ਜੋ ਉਸ ਪ੍ਰਭੂ ਦੇ ਗੁਣ ਉਚਾਰਦੇ ਹਨ ਚੇਤੇ ਕਰਦੇ ਹਨ ਸੁਣਦੇ ਹਨ ਉਹ ਭਗਤ ਸੋਹਣੇ (ਜੀਵਨ ਵਾਲੇ) ਹੋ ਜਾਂਦੇ ਹਨ।
ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ਸਭ ਦਾ ਮਾਲਕ ਹੈ, ਕੋਈ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਨਾਨਕ ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਾਂਦਾ ਹੈ, ਪੂਰੇ ਗੁਰੂ ਨੇ ਉਹ ਪ੍ਰਭੂ ਨੇੜੇ ਵਿਖਾ ਦਿੱਤਾ ਹੈ (ਅੰਦਰ ਵੱਸਦਾ ਵਿਖਾ ਦਿੱਤਾ ਹੈ) ॥੩॥੧॥
ਰਾਗ ਬਸੰਤੁ ਵਿੱਚ ਭਗਤਾਂ ਦੀ ਬਾਣੀ। (ਰਾਗ ਬਸੰਤ) ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਧਰਤੀ ਤੇ ਅਕਾਸ਼ (ਪਰਮਾਤਮਾ ਦੀ ਜੋਤ ਦੇ ਪ੍ਰਕਾਸ਼ ਨਾਲ) ਖਿੜੇ ਹੋਏ ਹਨ।
ਹਰੇਕ ਘਟ ਵਿਚ ਉਸ ਪਰਮਾਤਮਾ ਦਾ ਹੀ ਪ੍ਰਕਾਸ਼ ਹੈ ॥੧॥
(ਸਾਰੇ ਜਗਤ ਦਾ ਮਾਲਕ) ਜੋਤ-ਸਰੂਪ ਪਰਮਾਤਮਾ (ਆਪਣੇ ਬਣਾਏ ਜਗਤ ਵਿਚ) ਅਨੇਕ ਤਰ੍ਹਾਂ ਆਪਣਾ ਪ੍ਰਕਾਸ਼ ਕਰ ਰਿਹਾ ਹੈ।
ਮੈਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਭਰਪੂਰ (ਦਿੱਸਦਾ) ਹੈ ॥੧॥ ਰਹਾਉ ॥
ਦੂਜੀ ਗੱਲ (ਇਹ ਹੈ, ਨਿਰੀ ਧਰਤ ਅਕਾਸ਼ ਹੀ ਨਹੀਂ) ਚਾਰੇ ਵੇਦ ਵੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ,
ਸਿਮ੍ਰਿਤੀਆਂ ਤੇ ਮੁਸਲਮਾਨੀ ਧਰਮ-ਪੁਸਤਕ-ਇਹ ਸਾਰੇ ਭੀ ਪਰਮਾਤਮਾ ਦੀ ਜੋਤ ਨਾਲ ਪਰਗਟ ਹੋਏ ਹਨ ॥੨॥
ਜੋਗ-ਸਮਾਧੀ ਲਾਣ ਵਾਲਾ ਸ਼ਿਵ ਭੀ (ਪ੍ਰਭੂ ਦੀ ਜੋਤ ਦੀ ਬਰਕਤਿ ਨਾਲ) ਖਿੜਿਆ।
(ਮੁੱਕਦੀ ਗੱਲ ਇਹ ਕਿ) ਕਬੀਰ ਦਾ ਮਾਲਕ (-ਪ੍ਰਭੂ) ਸਭ ਥਾਂ ਇਕੋ ਜਿਹਾ ਖਿੜ ਰਿਹਾ ਹੈ ॥੩॥੧॥
ਪੰਡਿਤ ਲੋਕ ਪੁਰਾਨ (ਆਦਿਕ ਧਰਮ-ਪੁਸਤਕਾਂ) ਪੜ੍ਹ ਕੇ ਅਹੰਕਾਰੇ ਹੋਏ ਹਨ;
ਜੋਗੀ ਜੋਗ-ਸਾਧਨਾਂ ਦੇ ਮਾਣ ਵਿਚ ਮੱਤੇ ਹੋਏ ਹਨ,
ਸੰਨਿਆਸੀ (ਸੰਨਿਆਸ ਦੇ) ਅਹੰਕਾਰ ਵਿਚ ਡੁੱਬੇ ਹੋਏ ਹਨ;
ਤਪੀ ਲੋਕ ਇਸ ਵਾਸਤੇ ਮਸਤੇ ਹੋਏ ਹਨ ਕਿ ਉਹਨਾਂ ਨੇ ਤਪ ਦਾ ਭੇਤ ਪਾ ਲਿਆ ਹੈ ॥੧॥
ਸਭ ਜੀਵ (ਕਿਸੇ ਨਾ ਕਿਸੇ ਵਿਕਾਰ ਵਿਚ) ਮੱਤੇ ਪਏ ਹਨ, ਕੋਈ ਜਾਗਦਾ ਨਹੀਂ (ਦਿੱਸਦਾ)।
ਤੇ, ਇਹਨਾਂ ਜੀਵਾਂ ਦੇ ਅੰਦਰੋਂ ਹੀ (ਉੱਠ ਕੇ ਕਾਮਾਦਿਕ) ਚੋਰ ਇਹਨਾਂ ਦਾ (ਹਿਰਦਾ-ਰੂਪ) ਘਰ ਲੁੱਟ ਰਹੇ ਹਨ ॥੧॥ ਰਹਾਉ ॥
(ਜਗਤ ਵਿਚ ਕੋਈ ਵਿਰਲੇ ਵਿਰਲੇ ਜਾਗੇ, ਵਿਰਲੇ ਵਿਰਲੇ ਮਾਇਆ ਦੇ ਪ੍ਰਭਾਵ ਤੋਂ ਬਚੇ); ਜਾਗਦਾ ਰਿਹਾ ਸੁਕਦੇਵ ਰਿਸ਼ੀ ਤੇ ਅਕ੍ਰੂਰ ਭਗਤ;