ਹੇ (ਮੇਰੀ) ਮਾਂ! ਮੈਂ ਤਾਂ ਪ੍ਰਭੂ ਦੇ ਚਰਨਾਂ ਵਿਚ ਪੂਰਨ ਤੌਰ ਤੇ ਮਸਤ ਰਹਿੰਦੀ ਹਾਂ।
ਉਸ ਇੱਕ ਤੋਂ ਬਿਨਾ ਮੈਂ ਕਿਸੇ ਹੋਰ ਨੂੰ ਜਾਣਦੀ-ਪਛਾਣਦੀ ਹੀ ਨਹੀਂ, (ਆਪਣੇ ਅੰਦਰੋਂ) ਹੋਰ ਦਾ ਪਿਆਰ ਮੈਂ ਸਾਰਾ ਸਾੜ ਚੁਕੀ ਹਾਂ ॥੧॥ ਰਹਾਉ ॥
ਹੇ ਮਾਂ! ਪ੍ਰਭੂ ਨੂੰ ਭੁਲਾ ਕੇ ਹੋਰ ਜਿਹੜੇ ਜਿਹੜੇ ਕੰਮ ਕਰੀਦੇ ਹਨ, ਉਹ ਸਾਰੇ ਮਾਇਆ (ਦੇ ਮੋਹ) ਦੇ ਖੂਹ ਵਿਚ ਸੁੱਟਦੇ ਹਨ।
ਹੇ ਮਾਂ! ਮੇਰਾ ਮਨ ਤਾਂ ਗੋਪਾਲ ਦੇ ਦਰਸਨ ਦੀ ਤਾਂਘ ਵਿਚ ਮਗਨ ਰਹਿੰਦਾ ਹੈ। ਮੈਨੂੰ ਉਸ ਨੇ ਨਰਕਾਂ ਤੋ ਖਿੱਚ ਕੇ ਕੱਢ ਲਿਆ ਹੈ ॥੧॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਾਰੇ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ, (ਉਸ ਦੇ ਅੰਦਰੋਂ) ਹਉਮੈ ਦਾ ਰੌਲਾ ਮੁੱਕ ਜਾਂਦਾ ਹੈ।
ਹੇ ਦਾਸ ਨਾਨਕ! ਜਿਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਉਹਨਾਂ ਦਾ ਤਨ (ਇਉਂ) ਹਰਾ-ਭਰਾ ਹੋ ਜਾਂਦਾ ਹੈ (ਜਿਵੇਂ ਮੀਂਹ ਪੈਣ ਨਾਲ) ਜੂਹ (ਘਾਹ ਨਾਲ ਹਰੀ ਹੋ ਜਾਂਦੀ ਹੈ) ॥੨॥੯੫॥੧੧੮॥
ਕੱਚ (-ਸਮਾਨ ਮਾਇਆ ਦੀ ਖ਼ਾਤਰ) ਸਾਰੀਆਂ ਦੌੜਾਂ-ਭੱਜਾਂ ਵਿਅਰਥ ਜਾਂਦੀਆਂ ਹਨ।
ਸਾਧ ਸੰਗਤ ਵਿਚ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜਗਤ ਵਿਚ ਇਹੀ ਕੰਮ ਸ੍ਰੇਸ਼ਟ ਹੈ ॥੧॥ ਰਹਾਉ ॥
ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖ (ਇਸ ਦੀ ਬਰਕਤਿ ਨਾਲ) ਨਾਹ ਇਸ ਲੋਕ ਵਿਚ ਨਾਹ ਪਰਲੋਕ ਵਿਚ ਕਿਤੇ ਭੀ ਨਹੀਂ ਡੋਲੇਂਗਾ।
ਜਿਸ ਮਨੁੱਖ ਨੂੰ ਕਿਸਮਤ ਨਾਲ ਗੁਰੂ ਦੇ ਚਰਨਾਂ ਦਾ ਜਹਾਜ਼ ਮਿਲ ਜਾਂਦਾ ਹੈ, ਉਹ ਸੰਸਾਰ (ਸਮੁੰਦਰ) ਤੋਂ ਪਾਰ ਲੰਘ ਜਾਂਦਾ ਹੈ ॥੧॥
ਜਿਹੜਾ ਪ੍ਰਭੂ ਜਲ ਵਿਚ ਥਲ ਵਿਚ ਆਕਾਸ਼ ਵਿਚ ਭਰਪੂਰ ਹੈ, ਜੋ ਸਭ ਜੀਵਾਂ ਦਾ ਖਸਮ ਹੈ, ਜੋ, ਬੇਅੰਤ ਹੈ,
ਹੇ ਨਾਨਕ! ਉਸ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦਾ ਰਿਹਾ ਕਰ, (ਹਰਿ-ਨਾਮ-ਜਲ ਦੇ ਟਾਕਰੇ ਤੇ) ਹੋਰ ਸਾਰੇ ਰਸ ਕੌੜੇ ਹਨ ॥੨॥੯੬॥੧੧੯॥
ਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,
ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥
ਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।
ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥
(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।
ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥
ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦੇ ਚਾਹਵਾਨ ਰਹਿੰਦੇ ਹਨ।
ਆਪਣੇ ਮਨ ਦੀ ਰਾਹੀਂ, ਤਨ ਦੀ ਰਾਹੀਂ ਬਚਨ ਦੀ ਰਾਹੀਂ ਉਹ ਸਦਾ ਇਹੀ ਸੁਖ ਲੋੜਦੇ ਹਨ ਕਿ ਕਦੋਂ ਆਪਣੀਆਂ ਅੱਖਾਂ ਨਾਲ ਪਰਮਾਤਮਾ ਦਾ ਦਰਸਨ ਕਰਾਂਗੇ ॥੧॥ ਰਹਾਉ ॥
ਹੇ ਪਾਰਬ੍ਰਹਮ! ਹੇ ਮਾਲਕ-ਪ੍ਰਭੂ! ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਤੂੰ ਕਿਹੋ ਜਿਹਾ ਹੈਂ-ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ।
(ਪਰ ਤੇਰੇ ਸੰਤ ਜਨਾਂ ਦਾ) ਮਨ ਤੇਰੇ ਸੋਹਣੇ ਚਰਨਾਂ ਦੀ ਪ੍ਰੀਤ ਵਿਚ ਪ੍ਰੋਇਆ ਰਹਿੰਦਾ ਹੈ। ਇਸ ਪ੍ਰੀਤ ਨੂੰ ਹੀ ਉਹ (ਜਗਤ ਦਾ) ਸਾਰਾ ਧਨ-ਪਦਾਰਥ ਸਮਝ ਕੇ ਆਪਣੇ ਅੰਦਰ ਟਿਕਾਈ ਰੱਖਦੇ ਹਨ ॥੧॥
ਵੇਦ ਪੁਰਾਣ ਸਿੰਮ੍ਰਿਤੀਆਂ (ਆਦਿਕ ਧਰਮ-ਪੁਸਤਕਾਂ ਦਾ ਪਾਠ) ਸੰਤ ਜਨ, ਆਪਣੀ ਜੀਭ ਨਾਲ ਇਹੀ ਸਿਫ਼ਤ-ਸਾਲਾਹ ਦੀ ਬਾਣੀ ਹੀ ਉਚਾਰਦੇ ਹਨ।
ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰ ਕੇ (ਹੀ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਇਸ ਤੋਂ ਬਿਨਾ ਕੋਈ ਹੋਰ ਦੂਜੀ ਗੱਲ ਵਿਅਰਥ ਹੈ ॥੨॥੯੮॥੧੨੧॥
ਹੇ ਮਾਇਆ! ਤੂੰ ਮੱਖੀ ਹੈਂ, ਪਰਮਾਤਮਾ ਦੀ ਪੈਦਾ ਕੀਤੀ ਹੋਈ ਮੱਖੀ (ਦੇ ਸੁਭਾਵ ਵਾਲੀ)।
(ਜਿਵੇਂ ਮੱਖੀ ਸਦਾ ਗੰਦ ਉਤੇ ਬੈਠਦੀ ਹੈ, ਤਿਵੇਂ) ਜਿੱਥੇ ਵਿਕਾਰਾਂ ਦੀ ਬੋ ਹੁੰਦੀ ਹੈ ਤੂੰ ਉਥੇ ਬੈਠਦੀ ਹੈਂ, ਤੂੰ ਸਦਾ ਵਿਕਾਰਾਂ ਦਾ ਨਸ਼ਾ ਹੀ ਚੱਖਦੀ ਰਹਿੰਦੀ ਹੈਂ ॥੧॥ ਰਹਾਉ ॥
ਹੇ ਮਾਇਆ! ਅਸਾਂ ਆਪਣੀ ਅੱਖੀਂ ਤੇਰਾ ਇਹ ਹਾਲ ਵੇਖਿਆ ਹੈ ਕਿ ਤੂੰ ਕਿਸੇ ਭੀ ਇੱਕ ਥਾਂ ਤੇ ਟਿਕਦੀ ਨਹੀਂ ਹੈਂ।
ਸੰਤਾਂ ਤੋਂ ਬਿਨਾ ਤੂੰ ਕਿਸੇ ਨੂੰ (ਖ਼ੁਆਰ ਕਰਨੋਂ) ਛੱਡਿਆ ਨਹੀਂ (ਉਹ ਭੀ ਇਸ ਵਾਸਤੇ ਬਚਦੇ ਹਨ ਕਿ) ਸੰਤ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ ॥੧॥
ਹੇ ਮਾਇਆ! (ਜਗਤ ਦੇ ਸਾਰੇ ਹੀ) ਜੀਵ ਤੂੰ ਆਪਣੇ ਵੱਸ ਵਿਚ ਕੀਤੇ ਹੋਏ ਹਨ, ਸੰਤਾਂ ਤੋਂ ਬਿਨਾ ਕਿਸੇ ਭੀ ਹੋਰ ਨੇ ਇਹ ਗੱਲ ਨਹੀਂ ਸਮਝੀ।
ਹੇ ਨਾਨਕ! ਪਰਮਾਤਮਾ ਦਾ ਸੰਤ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੇ ਰੰਗ) ਵਿਚ ਰੰਗਿਆ ਰਹਿੰਦਾ ਹੈ, ਸੰਤ (ਗੁਰੂ ਦੇ) ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾ ਕੇ ਸਦਾ-ਥਿਰ ਪ੍ਰਭੂ ਦਾ ਦਰਸ਼ਨ ਕਰਦਾ ਰਹਿੰਦਾ ਹੈ ॥੨॥੯੯॥੧੨੨॥
ਹੇ ਮਾਂ! ਪਰਮਾਤਮਾ ਦਾ ਨਾਮ ਜਪਦਿਆਂ (ਜਿਨ੍ਹਾਂ ਵਡ-ਭਾਗੀਆਂ ਦੀ) ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਮੋਹ ਦੀ ਫਾਹੀ ਕੱਟੀ ਗਈ,
ਉਹਨਾਂ ਸਾਰੇ ਸੁਖ ਮਾਣ ਲਏ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਦੇ ਮੋਹ ਤੋਂ) ਉਪਰਾਮ ਰਹਿੰਦੇ ਹਨ ॥੧॥ ਰਹਾਉ ॥