ਜੀਊਂਦੇ ਖਸਮ ਵਾਲੀ (ਗੁਰਮੁਖ ਜੀਵ-) ਇਸਤ੍ਰੀ (ਉਹ ਹੈ ਜੋ) ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ-
ਸਦਾ ਆਪਣੇ ਹਰੀ-ਖਸਮ (ਦੀ ਯਾਦ) ਦਾ ਆਨੰਦ ਮਾਣਦੀ ਹੈ।
ਉਹ ਸੁੰਦਰ ਨਾਰੀ ਬਹੁਤ ਸੋਹਣੇ ਰੂਪ ਵਾਲੀ ਤੇ ਸੋਭਾ ਵਾਲੀ ਹੈ।
ਹੇ ਨਾਨਕ! ਨਾਮ ਵਿਚ (ਜੁੜੀ ਹੋਣ ਕਰਕੇ) (ਗੁਰਮੁਖ) ਸੋਹਾਗਣ ਨੂੰ ਮੇਲਣਹਾਰ ਹਰੀ ਨੇ (ਆਪਣੇ ਵਿਚ) ਮਿਲਾ ਲਿਆ ਹੈ ॥੨॥
ਹੇ ਪ੍ਰਭੂ! ਸਭ ਜੀਵ ਤੇਰੀ (ਹੀ) ਸਿਫ਼ਤ-ਸਾਲਾਹ ਕਰਦੇ ਹਨ, ਜਿਸ ਤੂੰ (ਉਹਨਾਂ ਮਾਇਆ ਵਿਚ) ਫਸਿਆਂ ਨੂੰ ਕੱਢਿਆ ਹੈ।
ਹੇ ਹਰੀ! ਸਭ ਜੀਵ ਤੇਰੇ ਅੱਗੇ ਸਿਰ ਨਵਾਂਦੇ ਹਨ, ਜਿਸ ਤੂੰ (ਉਹਨਾਂ ਨੂੰ) ਪਾਪਾਂ ਤੋਂ ਬਚਾਇਆ ਹੈ।
ਹੇ ਹਰੀ! ਜਿਨ੍ਹਾਂ ਨੂੰ ਕਿਤੇ ਆਦਰ ਨਹੀਂ ਮਿਲਦਾ, ਤੂੰ ਉਹਨਾਂ ਦਾ ਮਾਣ ਬਣਦਾ ਹੈਂ। ਹੇ ਹਰੀ! ਤੂੰ ਸਭ ਤੋਂ ਵਧੀਕ ਡਾਢਾ ਹੈਂ।
(ਹੇ ਭਾਈ!) ਪ੍ਰਭੂ ਅਹੰਕਾਰੀਆਂ ਨੂੰ ਮਾਰ ਕੇ (ਭਾਵ, ਬਿਪਤਾ ਵਿਚ ਪਾ ਕੇ) ਨਿਵਾਉਂਦਾ ਹੈ, ਤੇ ਮੂਰਖ ਮਨਮੁਖਾਂ ਨੂੰ ਸਿੱਧੇ ਰਾਹੇ ਪਾਂਦਾ ਹੈ।
ਪ੍ਰਭੂ ਗਰੀਬ ਤੇ ਅਨਾਥ ਭਗਤਾਂ ਨੂੰ ਆਦਰ ਬਖ਼ਸ਼ਦਾ ਹੈ ॥੧੭॥
ਜੋ ਮਨੁੱਖ ਸਤਿਗੁਰੂ ਦੇ ਭਾਣੇ ਵਿਚ ਜੀਵਨ ਬਤੀਤ ਕਰਦਾ ਹੈ, ਉਸ ਦਾ (ਹਰੀ ਦੀ ਦਰਗਾਹ ਵਿਚ) ਬੜਾ ਆਦਰ ਹੁੰਦਾ ਹੈ।
ਪ੍ਰਭੂ ਦਾ ਉੱਤਮ ਨਾਮ ਉਸ ਦੇ ਮਨ ਵਿਚ ਘਰ ਕਰਦਾ ਹੈ (ਟਿਕਦਾ ਹੈ), ਤੇ ਕੋਈ (ਮਾਇਕ ਪਦਾਰਥ ਉੱਤਮ 'ਨਾਮ' ਦੇ ਸੰਸਕਾਰਾਂ ਨੂੰ ਉਸ ਦੇ ਹਿਰਦੇ ਵਿਚੋਂ) ਦੂਰ ਨਹੀਂ ਕਰ ਸਕਦਾ।
ਜਿਸ ਤੇ (ਹਰੀ ਆਪ) ਆਪਣੀ ਮਿਹਰ ਕਰੇ, ਉਸ ਨੂੰ ਉਸ ਮਿਹਰ ਸਦਕਾ (ਉੱਤਮ ਨਾਮ) ਪ੍ਰਾਪਤ ਹੁੰਦਾ ਹੈ।
(ਪਰ ਨਾਮ-ਪ੍ਰਾਪਤੀ ਦਾ ਕਾਰਨ, ਭਾਵ, ਭਾਣਾ ਮੰਨਣ ਦਾ ਉੱਦਮ, ਮਨੁੱਖ ਦੇ ਆਪਣੇ ਵੱਸ ਵਿਚ ਨਹੀਂ), ਹੇ ਨਾਨਕ! ਕੋਈ ਗੁਰਮੁਖ ਜੀਊੜਾ ਇਹ ਭੇਦ ਸਮਝਦਾ ਹੈ ਕਿ ਇਹ ਕਾਰਣ ਸਿਰਜਨਹਾਰ ਦੇ ਵੱਸ ਵਿਚ ਹੈ ॥੧॥
ਹੇ ਨਾਨਕ! ਜਿਨ੍ਹਾਂ ਨੇ ਹਰ ਰੋਜ਼ ਇਕ-ਰਸ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਾ ਹੈ,
ਖਸਮ ਪ੍ਰਭੂ ਦੀ ਦਾਸੀ ਮਾਇਆ ਉਹਨਾਂ ਦੇ ਅੱਗੇ ਕਾਰ ਕਮਾਂਦੀ ਹੈ (ਭਾਵ, ਉਹ ਬੰਦੇ ਮਾਇਆ ਦੇ ਪਿੱਛੇ ਨਹੀਂ ਫਿਰਦੇ, ਮਾਇਆ ਉਹਨਾਂ ਦੀ ਸੇਵਕ ਬਣਦੀ ਹੈ।)
(ਕਿਉਂਕਿ) ਸਵਾਰਣਵਾਲੇ (ਪ੍ਰਭੂ) ਦੇ ਹੁਕਮ ਵਿਚ ਪੂਰੇ (ਗੁਰੂ) ਨੇ ਉਹਨਾਂ ਨੂੰ ਪੂਰਨ ਕਰ ਦਿੱਤਾ ਹੈ (ਤੇ ਉਹ ਮਾਇਆ ਦੇ ਪਿੱਛੇ ਡੋਲਦੇ ਨਹੀਂ।)
ਸਤਿਗੁਰੂ ਦੀ ਕਿਰਪਾ ਨਾਲ ਜਿਸ ਨੇ (ਇਹ ਭੇਤ) ਸਮਝ ਲਿਆ ਹੈ, ਉਸ ਨੇ ਮੁਕਤੀ ਦਾ ਦਰ ਲੱਭ ਲਿਆ ਹੈ।
ਮਨਮੁਖ ਬੰਦੇ (ਪ੍ਰਭੂ ਦਾ) ਹੁਕਮ ਨਹੀਂ ਪਛਾਣਦੇ, (ਇਸ ਕਰਕੇ) ਉਹਨਾਂ ਨੂੰ ਜ਼ਾਲਮ ਜਮ ਦੰਡ ਦੇਂਦਾ ਹੈ।
ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਸਿਮਰਨ ਕੀਤਾ, ਉਹ ਸੰਸਾਰ-ਸਾਗਰ ਨੂੰ ਤਰ ਗਏ ਹਨ,
(ਕਿਉਂਕਿ ਸਤਿਗੁਰੂ ਨੇ) ਗੁਣਾਂ ਦੁਆਰਾ (ਭਾਵ, ਉਹਨਾਂ ਦੇ ਹਿਰਦੇ ਵਿਚ ਗੁਣ ਪਰਗਟ ਕਰ ਕੇ ਉਹਨਾਂ ਦੇ) ਸਾਰੇ ਅਉਗੁਣ ਮਿਟਾ ਦਿੱਤੇ ਹਨ। ਗੁਰੂ ਬੜਾ ਬਖ਼ਸ਼ਿੰਦ ਹੈ ॥੨॥
ਭਗਤ ਜਨਾਂ ਨੂੰ ਪ੍ਰਭੂ ਉੱਤੇ (ਇਹ) ਭਰੋਸਾ ਹੈ ਕਿ ਪ੍ਰਭੂ ਅੰਤਰਜਾਮੀ ਹੈ।
ਉਸ ਦੇ ਬਰਾਬਰ ਹੋਰ ਕੋਈ (ਹਿਰਦਿਆਂ ਦਾ) ਜਾਣੂ ਨਹੀਂ, (ਤੇ ਇਸੇ ਕਰਕੇ) ਪ੍ਰਭੂ ਨਿਆਂ ਦੀ ਵਿਚਾਰ ਕਰਦਾ ਹੈ।
ਜੇ (ਇਹ ਭਰੋਸਾ ਹੋਵੇ ਕਿ) ਪ੍ਰਭੂ ਅਨਿਆਉਂ ਨਾਲ ਨਹੀਂ ਮਾਰਦਾ, ਤਾਂ ਕੋਈ ਫ਼ਿਕਰ ਡਰ ਨਹੀਂ ਰਹਿੰਦਾ।
ਪ੍ਰਭੂ ਆਪ ਅਭੁੱਲ ਹੈ ਤੇ ਉਸ ਦਾ ਨਿਆਂ ਭੀ ਅਭੁੱਲ ਹੈ, (ਇਸ 'ਮਾਰ' ਦਾ ਸਦਕਾ ਹੀ) ਪਾਪੀ ਮਨੁੱਖ (ਪਾਪਾਂ ਵਲੋਂ) ਹਾਰਦਾ ਹੈ।
ਹੇ ਭਗਤ ਜਨੋ! ਨਿਰਮਾਣ ਹੋ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ, ਪ੍ਰਭੂ ਆਪਣੇ ਭਗਤਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ॥੧੮॥
(ਮਨ ਤਾਂਘਦਾ ਹੈ ਕਿ) ਆਪਣੇ ਪਿਆਰੇ ਨੂੰ (ਸਦਾ) ਮਿਲੀ ਰਹਾਂ, ਅੰਦਰ ਹਿਰਦੇ ਵਿਚ ਪਰੋ ਰੱਖਾਂ
ਅਤੇ ਸਤਿਗੁਰੂ ਦੇ ਲਾਏ ਪ੍ਰੇਮ ਵਿਚ ਸਦਾ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੀ ਰਹਾਂ।
(ਪਰ) ਹੇ ਨਾਨਕ! ਜਿਸ ਵਲ (ਉਹ ਪਿਆਰਾ ਪਿਆਰ ਨਾਲ) ਤੱਕਦਾ ਹੈ, ਉਸ ਨੂੰ (ਹੀ ਆਪਣੇ ਨਾਲ) ਮੇਲਦਾ ਹੈ, ਤੇ ਉਹੋ ਇਸਤ੍ਰੀ ਜੀਊਂਦੇ ਸਾਂਈ ਵਾਲੀ (ਅਖਵਾਉਂਦੀ ਹੈ) ॥੧॥
ਪ੍ਰਭੂ ਜਿਸ (ਜੀਵ) ਤੇ ਮਿਹਰ ਦੀ ਨਜ਼ਰ ਕਰਦਾ ਹੈ, ਉਹ (ਜੀਵ) ਸਤਿਗੁਰੂ ਦੀ ਦੱਸੀ ਕਾਰ ਕਰ ਕੇ ਪ੍ਰਭੂ ਨੂੰ ਮਿਲ ਪੈਂਦਾ ਹੈ।
ਹਰੀ ਨਾਮ ਦਾ ਸਿਮਰਨ ਕਰ ਕੇ ਜੀਵ ਮਨੁੱਖ (-ਸੁਭਾਵ) ਤੋਂ ਦੇਵਤਾ ਬਣ ਜਾਂਦੇ ਹਨ।
ਜਿਨ੍ਹਾਂ ਦੀ ਹਉਮੈ ਦੂਰ ਕਰ ਕੇ ਉਸ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਤੋਂ ਬਚ ਜਾਂਦੇ ਹਨ।
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਅਡੋਲ ਅਵਸਥਾ ਵਿਚ ਟਿਕਾ ਦਿੱਤਾ ॥੨॥
ਪ੍ਰਭੂ ਨੇ (ਭਗਤਾਂ ਜਨਾਂ ਤੋਂ) ਆਪ ਹੀ ਆਪਣੀ ਭਗਤੀ ਕਰਾ ਕੇ (ਭਗਤੀ ਦੀ ਬਰਕਤਿ ਨਾਲ ਉਹਨਾਂ ਨੂੰ ਆਪਣੀ) ਵਡਿਆਈ ਵਿਖਾਲੀ ਹੈ।
ਪ੍ਰਭੂ (ਭਗਤਾਂ ਦੇ ਹਿਰਦੇ ਵਿਚ) ਆਪਣਾ ਭਰੋਸਾ ਆਪ (ਉਤਪੰਨ) ਕਰਦਾ ਹੈ ਤੇ ਉਹਨਾਂ ਤੋਂ ਆਪ ਹੀ ਸੇਵਾ ਉਸ ਨੇ ਕਰਾਈ ਹੈ।