ਹੇ ਮੇਰੇ ਸਭ ਤੋਂ ਵੱਡੇ (ਮਾਲਕ)! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਜਗਤ ਦਾ ਰਚਨਹਾਰ ਹੈਂ,
ਹੇ ਮੇਰੇ ਗੋਬਿੰਦ! ਮੇਰਾ ਪਰਦਾ ਢੱਕ ਲੈ, ਮੈਂ ਪਾਪੀ ਤੇਰੇ ਚਰਨਾਂ ਦੀ ਸਰਨ ਆਇਆ ਹਾਂ ॥੧॥ ਰਹਾਉ ॥
ਜੋ ਕੁਝ ਮੈਂ ਨਿੱਤ ਕਰਦਾ ਰਹਿੰਦਾ ਹਾਂ, ਹੇ ਪ੍ਰਭੂ! ਉਹ ਤੂੰ ਸਭ ਕੁਝ ਜਾਣਦਾ ਹੈਂ ਅਤੇ ਵੇਖਦਾ ਹੈਂ, (ਇਹਨਾਂ ਕਰਤੂਤਾਂ ਤੋਂ) ਮੈਨੂੰ ਢੀਠ ਨੂੰ ਮੁੱਕਰਨ ਦੀ ਕੋਈ ਗੁੰਜੈਸ਼ ਨਹੀਂ, (ਫਿਰ ਭੀ ਮੈਂ ਕਰੀ ਭੀ ਜਾਂਦਾ ਹਾਂ, ਤੇ ਲੁਕਾਂਦਾ ਭੀ ਹਾਂ)।
ਹੇ ਪ੍ਰਭੂ! ਮੈਂ ਸੁਣਿਆ ਹੈ ਕਿ ਤੂੰ ਬੜੀ ਸਮਰੱਥਾ ਵਾਲਾ ਹੈਂ, ਤੇਰਾ ਨਾਮ ਕ੍ਰੋੜਾਂ ਪਾਪ ਦੂਰ ਕਰ ਸਕਦਾ ਹੈ (ਮੈਨੂੰ ਭੀ ਆਪਣਾ ਨਾਮ ਬਖ਼ਸ਼) ॥੧॥
ਹੇ ਪ੍ਰਭੂ! ਅਸਾਂ ਜੀਵ ਦਾ ਸੁਭਾਉ ਹੀ ਹੈ ਨਿੱਤ ਭੁੱਲਾਂ ਕਰਦੇ ਰਹਿਣਾ। ਤੇਰਾ ਮੁੱਢ-ਕਦੀਮਾਂ ਦਾ ਸੁਭਾਉ ਹੈ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣਾ।
ਹੇ ਤਰਸ ਦੇ ਸੋਮੇ! ਹੇ ਕਿਰਪਾਲ! ਹੇ ਕਿਰਪਾ ਦੇ ਖ਼ਜ਼ਾਨੇ! ਨਾਨਕ ਨੂੰ ਆਪਣਾ ਦਰਸਨ ਦੇਹ, ਤੇਰਾ ਦਰਸਨ ਉੱਚੇ ਆਤਮਕ ਜੀਵਨ ਦਾ ਦਰਜਾ ਬਖ਼ਸ਼ਣ ਵਾਲਾ ਹੈ ॥੨॥੨॥੧੧੮॥
ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ,
ਕਿ ਸੰਤਾਂ ਦੇ ਚਰਨਾਂ ਉਤੇ ਮੇਰਾ ਮੱਥਾ (ਸਿਰ) ਪਿਆ ਰਹੇ, ਮੇਰੀਆਂ ਅੱਖਾਂ ਵਿਚ ਸੰਤ ਜਨਾਂ ਦਾ ਦਰਸਨ ਟਿਕਿਆ ਰਹੇ, ਮੇਰੇ ਸਰੀਰ ਉਤੇ ਸੰਤਾਂ ਦੇ ਚਰਨਾਂ ਦੀ ਧੂੜ ਪਾਈ ਰੱਖੋ ॥੧॥ ਰਹਾਉ ॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰੋ-) ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ (ਸਦਾ) ਵੱਸਦਾ ਰਹੇ, ਹੇ ਹਰੀ! ਆਪਣਾ ਨਾਮ ਮੇਰੇ ਮਨ ਵਿਚ ਟਿਕਾਈ ਰੱਖ।
ਹੇ ਠਾਕੁਰ! (ਮੇਰੇ ਅੰਦਰੋਂ ਕਾਮਾਦਿਕ) ਪੰਜੇ ਚੋਰ ਕੱਢ ਦੇ, ਮੇਰੀ ਸਾਰੀ ਭਟਕਣਾ ਅੱਗ ਵਿਚ ਸਾੜ ਦੇ ॥੧॥
(ਹੇ ਪ੍ਰਭੂ! ਮੇਰੇ ਉਤੇ ਇਹ ਮੇਹਰ ਕਰ-) ਜੋ ਕੁਝ ਤੂੰ ਕਰਦਾ ਹੈਂ, ਉਸੇ ਨੂੰ (ਮੇਰਾ ਮਨ) ਚੰਗਾ ਮੰਨੇ। (ਹੇ ਪ੍ਰਭੂ! ਮੇਰੇ ਅੰਦਰੋਂ) ਵਿਤਕਰਿਆਂ ਦਾ ਚੰਗਾ ਲੱਗਣਾ ਕੱਢ ਦੇ।
ਹੇ ਪ੍ਰਭੂ! ਤੂੰ ਹੀ ਨਾਨਕ ਨੂੰ ਸਭ ਦਾਤਾਂ ਦੇਣ ਵਾਲਾ ਹੈਂ। (ਨਾਨਕ ਦੀ ਇਹ ਅਰਜ਼ੋਈ ਹੈ-) ਸੰਤਾਂ ਦੀ ਸੰਗਤਿ ਵਿਚ ਰੱਖ ਕੇ ਮੈਨੂੰ (ਨਾਨਕ ਨੂੰ ਕਾਮਾਦਿਕ ਤਸਕਰਾਂ ਤੋਂ) ਬਚਾ ਲੈ ॥੨॥੩॥੧੧੯॥
(ਹੇ ਪ੍ਰਭੂ! ਤੇਰੇ) ਸੇਵਕਾਂ ਪਾਸੋਂ ਮੈਂ ਇਹ ਸਿੱਖਿਆ ਮੰਗਦਾ ਹਾਂ,
ਕਿ ਤੇਰੇ ਹੀ ਚਰਨਾਂ ਦਾ ਧਿਆਨ, ਤੇਰਾ ਹੀ ਪ੍ਰੇਮ (ਮੇਰੇ ਅੰਦਰ ਬਣਿਆ ਰਹੇ)।
ਤੇਰੀ ਹੀ ਸੇਵਾ ਭਗਤੀ ਕਰਦਾ ਰਹਾਂ, ਤੇਰੇ ਹੀ ਚਰਨਾਂ ਵਿਚ ਜੁੜਿਆ ਰਹਾਂ ॥੧॥ ਰਹਾਉ ॥
(ਹੇ ਪ੍ਰਭੂ! ਤੇਰੇ ਸੇਵਕਾਂ ਪਾਸੋਂ ਮੈਂ ਇਹ ਦਾਨ ਮੰਗਦਾ ਹਾਂ ਕਿ ਤੇਰੇ) ਸੇਵਕਾਂ ਦੀ ਮੈਂ ਟਹਿਲ ਕਰਦਾ ਰਹਾਂ, ਤੇਰੇ ਸੇਵਕਾਂ ਨਾਲ ਹੀ ਮੇਰਾ ਬੋਲ-ਚਾਲ ਰਹੇ, ਮੇਰਾ ਮੇਲ-ਜੋਲ ਭੀ ਤੇਰੇ ਸੇਵਕਾਂ ਨਾਲ ਹੀ ਰਹੇ।
ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਮੇਰੇ ਮੂੰਹ-ਮੱਥੇ ਉਤੇ ਲੱਗਦੀ ਰਹੇ-ਇਹ ਚਰਨ-ਧੂੜ (ਮਾਇਆ ਦੀਆਂ) ਅਨੇਕਾਂ ਲਹਿਰਾਂ ਪੈਦਾ ਕਰਨ ਵਾਲੀਆਂ ਆਸਾਂ ਨੂੰ ਸ਼ਾਂਤ ਕਰ ਦੇਂਦੀ ਹੈ ॥੧॥
ਪਰਮਾਤਮਾ ਦੇ ਸੇਵਕ ਐਸੇ ਹਨ ਕਿ ਉਹਨਾਂ ਦੀ ਸੋਭਾ ਦਾਗ਼-ਹੀਨ ਹੁੰਦੀ ਹੈ, ਸੇਵਕਾਂ ਦੇ ਚਰਨ ਗੰਗਾ ਆਦਿਕ ਕ੍ਰੋੜਾਂ ਤੀਰਥਾਂ ਦੇ ਤੁੱਲ ਹਨ।
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਵਿਚ ਇਸ਼ਨਾਨ ਕਰ ਲਿਆ, ਉਸ ਦੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਦੂਰ ਹੋ ਜਾਂਦੇ ਹਨ ॥੨॥੪॥੧੨੦॥
ਹੇ ਪ੍ਰਭੂ! ਜਿਵੇਂ ਹੋ ਸਕੇ, ਤਿਵੇਂ (ਔਗੁਣਾਂ ਤੋਂ) ਮੇਰੀ ਰਾਖੀ ਕਰ।
ਹੇ ਪਾਰਬ੍ਰਹਮ! ਹੇ ਪਰਮੇਸਰ! ਹੇ ਸਤਿਗੁਰੂ! ਅਸੀਂ (ਜੀਵ) ਤੁਹਾਡੇ ਹਾਂ, ਤੁਸੀ ਸਾਡੇ ਪਾਲਣਹਾਰ ਪਿਤਾ ਹੋ ॥੧॥ ਰਹਾਉ ॥
ਹੇ ਪ੍ਰਭੂ! ਮੈਂ ਗੁਣ-ਹੀਨ ਵਿਚ ਕੋਈ ਭੀ ਗੁਣ ਨਹੀਂ ਹੈ, ਮੈਂ ਉਸ ਮੇਹਨਤ ਦੀ ਕਦਰ ਨਹੀਂ ਜਾਣ ਸਕਦਾ (ਜੋ ਤੂੰ ਅਸਾਂ ਜੀਵਾਂ ਦੀ ਪਾਲਣਾ ਵਾਸਤੇ ਕਰ ਰਿਹਾ ਹੈਂ)।
ਹੇ ਪ੍ਰਭੂ! ਤੂੰ ਕਿਹੋ ਜਿਹਾ ਹੈਂ ਅਤੇ ਕੇਡਾ ਵੱਡਾ ਹੈਂ-ਇਹ ਗੱਲ ਤੂੰ ਆਪ ਹੀ ਜਾਣਦਾ ਹੈਂ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰਾ ਹੀ ਦਿੱਤਾ ਹੋਇਆ ਸਰਮਾਇਆ ਹੈ ॥੧॥
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹੇ ਸਰਬ-ਵਿਆਪਕ ਮਾਲਕ! ਬਿਨਾ ਸਾਡੇ ਬੋਲਣ ਦੇ ਹੀ ਤੂੰ ਸਾਡਾ ਹਾਲ ਜਾਣਦਾ ਹੈਂ।
ਹੇ ਨਾਨਕ! (ਆਖ-) ਹੇ ਪ੍ਰਭੂ ਜੀ! ਮੇਹਰ ਦੀ ਨਿਗਾਹ ਨਾਲ ਮੇਰੇ ਵਲ ਤੱਕ, ਤਾ ਕਿ ਮੇਰਾ ਤਨ ਮੇਰਾ ਮਨ ਠੰਢਾ-ਠਾਰ ਹੋ ਜਾਏ ॥੨॥੫॥੧੨੧॥
ਹੇ ਪ੍ਰਭੂ! ਸਾਨੂੰ ਤੂੰ ਸਦਾ ਆਪਣੇ ਚਰਨਾਂ ਵਿਚ ਟਿਕਾਈ ਰੱਖ।
ਤੂੰ ਸਾਡਾ ਪਿਆਰਾ ਹੈਂ, ਤੂੰ ਸਾਡੇ ਮਨ ਨੂੰ ਖਿੱਚ ਪਾਣ ਵਾਲਾ ਹੈਂ। ਤੈਥੋਂ ਵਿਛੁੜ ਕੇ (ਅਸਾਂ ਜੀਵਾਂ ਦੀ) ਸਾਰੀ ਹੀ ਜ਼ਿੰਦਗੀ ਵਿਅਰਥ ਹੈ ॥੧॥ ਰਹਾਉ ॥
ਹੇ ਭਾਈ! ਮੇਰਾ ਪ੍ਰਭੂ ਨਿਖਸਮਿਆਂ ਦਾ ਖਸਮ ਹੈ, ਇਕ ਖਿਨ ਵਿਚ ਕੰਗਾਲ ਨੂੰ ਰਾਜਾ ਬਣਾ ਦੇਂਦਾ ਹੈ।
(ਤ੍ਰਿਸ਼ਨਾ ਦੀ) ਅੱਗ ਵਿਚ ਸੜਦਿਆਂ ਨੂੰ ਸੇਵਕ ਬਣਾ ਕੇ ਆਪ ਬਚਾ ਲੈਂਦਾ ਹੈ, ਆਪਣੇ ਬਣਾ ਕੇ ਹੱਥ ਦੇ ਕੇ, ਉਹਨਾਂ ਦੀ ਰੱਖਿਆ ਕਰਦਾ ਹੈ ॥੧॥
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਸ਼ਾਂਤੀ ਦੇਣ ਵਾਲਾ ਆਨੰਦ ਮਿਲ ਜਾਂਦਾ ਹੈ, ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ, (ਮਾਇਆ ਦੀ ਖ਼ਾਤਰ) ਸਾਰੀਆਂ ਭਟਕਣਾਂ ਮੁੱਕ ਜਾਂਦੀਆਂ ਹਨ।
ਹੇ ਨਾਨਕ! ਪਰਮਾਤਮਾ ਦੀ ਸੇਵਾ-ਭਗਤੀ ਹੀ ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ। (ਮਾਇਆ ਦੀ ਖ਼ਾਤਰ ਵਰਤੀ ਹੋਈ) ਹੋਰ ਸਾਰੀ ਚਤੁਰਾਈ (ਪ੍ਰਭੂ ਦੀ ਸੇਵਾ-ਭਗਤੀ ਦੇ ਸਾਹਮਣੇ) ਵਿਅਰਥ ਹੈ ॥੨॥੬॥੧੨੨॥