ਰਾਗ ਗਉੜੀ-ਪੂਰਬੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ!) ਕਦੇ ਭੀ ਪਰਮਾਤਮਾ ਨੂੰ ਆਪਣੇ ਮਨ ਤੋਂ ਨਾਹ ਵਿਸਾਰ।
ਉਹ ਪਰਮਾਤਮਾ ਇਸ ਲੋਕ ਵਿਚ ਤੇ ਪਰਲੋਕ ਵਿਚ, ਸਭ ਜੀਵਾਂ ਨੂੰ ਸੁਖ ਦੇਣ ਵਾਲਾ ਹੈ, ਤੇ ਸਾਰੇ ਸਰੀਰਾਂ ਦੀ ਪਾਲਣਾ ਕਰਨ ਵਾਲਾ ਹੈ ॥੧॥ ਰਹਾਉ ॥
(ਹੇ ਭਾਈ! ਜੇਹੜਾ ਮਨੁੱਖ ਆਪਣੀ) ਜੀਭ ਨਾਲ ਉਸ ਪਰਮਾਤਮਾ ਦਾ ਨਾਮ ਚੇਤੇ ਕਰਦਾ ਹੈ, ਉਸ ਮਨੁੱਖ ਦੇ ਉਹ (ਪ੍ਰਭੂ) ਵੱਡੇ ਵੱਡੇ ਕਸ਼ਟ ਇਕ ਖਿਨ ਵਿਚ ਦੂਰ ਕਰ ਦੇਂਦਾ ਹੈ।
ਜੇਹੜੇ ਮਨੁੱਖ ਉਸ ਹਰੀ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰੋਂ ਉਹ ਹਰੀ (ਤ੍ਰਿਸ਼ਨਾ ਦੀ) ਬਲਦੀ ਅੱਗ ਬੁਝਾ ਦੇਂਦਾ ਹੈ, ਉਹ (ਵਿਕਾਰਾਂ ਦੀ ਅੱਗ ਵਲੋਂ) ਠੰਢੇ-ਠਾਰ ਹੋ ਜਾਂਦੇ ਹਨ, ਉਹਨਾਂ ਦੇ ਅੰਦਰ ਸ਼ਾਂਤੀ ਤੇ ਆਨੰਦ ਹੀ ਆਨੰਦ ਬਣ ਜਾਂਦੇ ਹਨ ॥੧॥
(ਹੇ ਭਾਈ! ਪਰਮਾਤਮਾ ਮਾਂ ਦੇ ਪੇਟ ਦੇ ਨਰਕ-ਕੁੰਡ ਤੋਂ ਬਚਾ ਲੈਂਦਾ ਹੈ। ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
ਪਰਮਾਤਮਾ ਦੇ ਸੋਹਣੇ ਚਰਨ ਮਨ ਵਿਚ ਆਰਾਧਿਆਂ ਉਹ ਮੌਤ ਦਾ ਸਹਮ ਦੂਰ ਕਰ ਦੇਂਦਾ ਹੈ ॥੨॥
(ਹੇ ਭਾਈ!) ਪਰਮਾਤਮਾ ਸਰਬ-ਵਿਆਪਕ ਹੈ, ਸਭ ਤੋਂ ਉੱਚਾ ਮਾਲਕ ਹੈ, ਅਪਹੁੰਚ ਹੈ, ਬੇਅੰਤ ਹੈ।
ਉਸ ਸੁਖਾਂ ਦੇ ਸਮੁੰਦਰ ਪ੍ਰਭੂ ਦੇ ਗੁਣ ਗਾਵਿਆਂ ਤੇ ਨਾਮ ਆਰਾਧਿਆਂ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਨਹੀਂ ਗਵਾ ਜਾਂਦਾ ॥੩॥
ਹੇ (ਮੈਂ) ਗੁਣ-ਹੀਣ ਦੇ ਦਾਤਾਰ! ਮੇਰਾ ਮਨ ਕਾਮ ਵਿਚ, ਕਰੋਧ ਵਿਚ, ਲੋਭ ਵਿਚ, ਮੋਹ ਵਿਚ ਫਸਿਆ ਪਿਆ ਹੈ।
ਹੇ ਨਾਨਕ! (ਅਰਦਾਸ ਕਰ ਤੇ ਆਖ)-ਮਿਹਰ ਕਰ, ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੪॥੧॥੧੩੮॥
ਰਾਗ ਗਉੜੀ-ਚੇਤੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਭਾਈ!) ਪਰਮਾਤਮਾ ਦੀ ਭਗਤੀ ਤੋਂ ਬਿਨਾ (ਹੋਰ ਕਿਸੇ ਤਰੀਕੇ ਨਾਲ) ਸੁਖ ਨਹੀਂ ਮਿਲ ਸਕਦਾ।
(ਇਸ ਵਾਸਤੇ) ਸਾਧ ਸੰਗਤਿ ਵਿਚ ਮਿਲ ਕੇ ਪਲ ਪਲ ਪਰਮਾਤਮਾ ਦਾ ਨਾਮ ਜਪ ਤੇ ਇਹ ਮਨੁੱਖਾ ਜਨਮ (ਦੀ ਬਾਜ਼ੀ) ਜਿੱਤ ਲੈ। ਇਹ (ਮਨੁੱਖਾ ਜਨਮ) ਇਕ ਐਸਾ ਰਤਨ ਹੈ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ (ਜੋ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ) ॥੧॥ ਰਹਾਉ ॥
(ਹੇ ਭਾਈ!) ਪੁੱਤਰ, ਧਨ, ਪਦਾਰਥ, ਇਸਤ੍ਰੀ ਦੇ ਲਾਡ-ਪਿਆਰ-ਅਨੇਕਾਂ ਲੋਕ-
ਇਹੋ ਜਿਹੇ ਮੌਜ-ਮੇਲੇ ਛੱਡ ਕੇ (ਇਥੋਂ) ਚਲੇ ਗਏ (ਤੇ ਚਲੇ ਜਾਣਗੇ) ॥੧॥
(ਹੇ ਭਾਈ!) ਵਧੀਆ ਘੋੜੇ, ਵਧੀਆ ਹਾਥੀ ਤੇ ਹਕੂਮਤ ਦੀਆਂ ਮੌਜਾਂ-
ਮੂਰਖ ਮਨੁੱਖ ਇਹਨਾਂ ਨੂੰ ਛੱਡ ਕੇ (ਆਖ਼ਿਰ) ਨੰਗਾ ਹੀ (ਇਥੋਂ) ਤੁਰ ਪੈਂਦਾ ਹੈ ॥੨॥
(ਹੇ ਭਾਈ! ਮਨੁੱਖ ਆਪਣੇ) ਸਰੀਰ ਨੂੰ ਅਤਰ ਤੇ ਚੰਦਨ (ਆਦਿਕ ਲਾ ਕੇ) ਮਾਣ ਕਰਦਾ ਹੈ,
(ਪਰ ਇਹ ਨਹੀਂ ਸਮਝਦਾ ਕਿ) ਉਹ ਸਰੀਰ (ਆਖ਼ਿਰ) ਮਿੱਟੀ ਵਿਚ ਰੁਲ ਜਾਂਦਾ ਹੈ ॥੩॥
(ਹੇ ਭਾਈ! ਮਾਇਆ ਦੇ) ਮੋਹ ਵਿਚ ਫਸਿਆ ਮਨੁੱਖ ਸਮਝਦਾ ਹੈ (ਕਿ ਪਰਮਾਤਮਾ ਕਿਤੇ) ਦੂਰ ਵੱਸਦਾ ਹੈ।
(ਪਰ) ਨਾਨਕ ਆਖਦਾ ਹੈ- ਪਰਮਾਤਮਾ ਸਦਾ (ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ॥੪॥੧॥੧੩੯॥
ਹੇ ਮਨ! ਪਰਮਾਤਮਾ ਦਾ ਨਾਮ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਆਸਰਾ ਹੈ।
ਇਹ ਸੰਸਾਰ ਸਹਿਮ-ਫ਼ਿਕਰਾਂ ਦੀਆਂ ਲਹਿਰਾਂ ਨਾਲ ਭਰਿਆ ਹੋਇਆ ਸਮੁੰਦਰ ਹੈ। ਗੁਰੂ ਜਹਾਜ਼ ਹੈ ਜੋ ਇਸ ਵਿਚੋਂ ਪਾਰ ਲੰਘਾਣ ਦੇ ਸਮਰੱਥ ਹੈ ॥੧॥ ਰਹਾਉ ॥
(ਹੇ ਭਾਈ! ਦੁਨੀਆ ਦੀ ਖ਼ਾਤਰ) ਝਗੜੇ-ਬਖੇੜੇ (ਇਕ ਐਸੀ) ਕਾਲਖ ਹੈ (ਜੋ ਮਨੁੱਖ ਦੇ ਮਨ ਵਿਚ ਮੋਹ ਦਾ) ਹਨੇਰਾ ਪੈਦਾ ਕਰਦੀ ਹੈ।
ਗੁਰੂ ਦਾ ਗਿਆਨ ਦੀਵਾ ਹੈ ਜੋ (ਮਨ ਵਿਚ ਉੱਚੇ ਆਤਮਕ ਜੀਵਨ ਦਾ) ਚਾਨਣ ਪੈਦਾ ਕਰਦਾ ਹੈ ॥੧॥
(ਹੇ ਭਾਈ!) ਮਾਇਆ (ਦੇ ਮੋਹ) ਦੀ ਜ਼ਹਰ (ਜਗਤ ਵਿਚ) ਬਹੁਤ ਸੰਘਣੀ ਖਿਲਰੀ ਹੋਈ ਹੈ।
ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰ ਕਰ ਕੇ ਹੀ (ਮਨੁੱਖ ਇਸ ਜ਼ਹਰ ਦੀ ਮਾਰ ਤੋਂ) ਬਚ ਸਕਦੇ ਹਨ ॥੨॥
(ਹੇ ਭਾਈ!) ਮਾਇਆ ਵਿਚ ਮਸਤ ਹੋਇਆ ਮਨੁੱਖ (ਮੋਹ ਦੀ ਨੀਂਦ ਵਿਚ) ਸੁੱਤਾ ਰਹਿੰਦਾ ਹੈ,
ਪਰ ਗੁਰੂ ਨੂੰ ਮਿਲਿਆਂ (ਮਨੁੱਖ ਮਾਇਆ ਦੀ ਖ਼ਾਤਰ) ਭਟਕਣ ਤੇ (ਦੁਨੀਆ ਦਾ) ਸਹਮ-ਡਰ ਦੂਰ ਕਰ ਲੈਂਦਾ ਹੈ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਇਕ ਪਰਮਾਤਮਾ ਦਾ ਧਿਆਨ ਧਰਿਆ ਹੈ,
ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਵੱਸਦਾ ਦਿੱਸ ਪਿਆ ਹੈ ॥੪॥੨॥੧੪੦॥
ਹੇ ਪ੍ਰਭੂ! ਸਿਰਫ਼ ਤੂੰ ਹੀ ਮੇਰਾ ਆਸਰਾ ਹੈਂ।
ਗੁਰੂ ਦੀ ਓਟ ਲੈ ਕੇ ਮੈਂ ਤੇਰੀ ਹੀ ਸੇਵਾ-ਭਗਤੀ ਕਰਦਾ ਹਾਂ ॥੧॥ ਰਹਾਉ ॥
ਹੇ ਪ੍ਰਭੂ! (ਹੋਰ ਹੋਰ) ਅਨੇਕਾਂ ਢੰਗਾਂ ਨਾਲ ਮੈਂ ਤੈਨੂੰ ਨਹੀਂ ਲੱਭ ਸਕਿਆ।
(ਹੁਣ) ਗੁਰੂ ਨੇ (ਮਿਹਰ ਕਰ ਕੇ ਮੈਨੂੰ) ਤੇਰਾ ਚਾਕਰ ਬਣਾ ਕੇ (ਤੇਰੀ ਚਰਨੀਂ) ਲਾ ਦਿੱਤਾ ਹੈ ॥੧॥
(ਹੇ ਪ੍ਰਭੂ! ਹੁਣ ਮੈਂ ਕਾਮਾਦਿਕ) ਪੰਜੇ ਝਗੜਾਲੂ ਵੈਰੀ ਮਾਰ ਮੁਕਾਏ ਹਨ,
ਗੁਰੂ ਦੀ ਮਿਹਰ ਨਾਲ ਮੈਂ (ਇਹਨਾਂ ਪੰਜਾਂ ਦੀ) ਫ਼ੌਜ ਕਾਬੂ ਕਰ ਲਈ ਹੈ ॥੨॥
(ਹੇ ਪ੍ਰਭੂ! ਜਿਸ ਮਨੁੱਖ ਨੂੰ) ਸਿਰਫ਼ ਤੇਰਾ ਨਾਮ ਬਖ਼ਸ਼ੀਸ਼ ਦੇ ਤੌਰ ਤੇ ਮਿਲ ਜਾਂਦਾ ਹੈ,
ਉਸ ਦੇ ਅੰਦਰ ਆਤਮਕ ਅਡੋਲਤਾ ਦੇ ਸੁਖ ਆਨੰਦ ਵੱਸ ਪੈਂਦੇ ਹਨ ॥੩॥